ਔਰੰਗਜ਼ੇਬ ਬਾਰੇ ਅਮਰੀਕੀ ਇਤਿਹਾਸਕਾਰ ਔਡਰੇਅ ਟਰੁਸ਼ਕਾ ਦੀ ਕਿਤਾਬ

  • ਕਿਤਾਬ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਦੋ ਕੁ ਸਤਰਾਂ ਹਨ। ਲੇਖਿਕਾ ਮੁਤਾਬਿਕ ਸ਼ਾਹੀ ਰਿਕਾਰਡ ਵਿੱਚ ਨੌਵੇਂ ਗੁਰੂ ਨੂੰ ‘ਸਜ਼ਾ’ ਦਾ ਜ਼ਿਕਰ ਸਿਰਫ਼ ਇੱਕ ਸਤਰ ਦਾ ਹੈ। ਕਿਤਾਬ ਇਹ ਵੀ ਸੰਕੇਤ ਨਹੀਂ ਦਿੰਦੀ ਕਿ ਉਸ ਸਮੇਂ ਔਰੰਗਜ਼ੇਬ ਕਿੱਥੇ ਸੀ।
  • ਦਾਰਾ ਸ਼ਿਕੋਹ ਆਪਣੇ ਪਿਤਾ ਸ਼ਾਹਜਹਾਂ ਦੀ ਸਭ ਤੋਂ ਪਸੰਦੀਦਾ ਔਲਾਦ ਸੀ। ਉਹ ਤੇ ਉਸ ਦੀ ਭੈਣ ਜਹਾਂ ਆਰਾ ਜਜ਼ਬਾਤੀ ਤੌਰ ’ਤੇ ਪਿਤਾ ਦੇ ਸਭ ਤੋਂ ਕਰੀਬ ਸਨ। ਇਸ ਕਿਸਮ ਦਾ ਸਨੇਹ ਔਰੰਗਜ਼ੇਬ ਦੇ ਕਦੇ ਵੀ ਹਿੱਸੇ ਨਹੀਂ ਆਇਆ। ਉਹ ਖ਼ੁਦ ਨੂੰ ਪਿਤਾ ਵੱਲੋਂ ‘ਦੁਤਕਾਰਿਆ ਬੱਚਾ’ ਮਹਿਸੂਸ ਕਰਦਾ ਸੀ ਅਤੇ ਇਸੇ ਜਜ਼ਬੇ ਨੇ ਉਸ ਅੰਦਰ ਦਾਰਾ ਸ਼ਿਕੋਹ ਪ੍ਰਤੀ ਤਿੱਖੀ ਨਫ਼ਰਤ ਤੇ ਹਿਕਾਰਤ ਪੈਦਾ ਕੀਤੀ।

ਇਤਿਹਾਸ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਹ ‘ਬੇਸਬਰ ਮੁਨਸਿਫ਼’ ਹੈ। ਬਹੁਤੀ ਵਾਰ ਇਹ ਮੁਨਸਿਫ਼ ਜਲਦਬਾਜ਼ੀ ਨਾਲ ਫ਼ੈਸਲੇ ਸੁਣਾਉਂਦਾ ਹੈ, ਸਮਾਂ ਗੁਜ਼ਰਨ ਤੇ ਸੋਚ ਬਦਲਣ ਦੀ ਉਡੀਕ ਨਹੀਂ ਕਰਦਾ। ਇਹ ਵੀ ਮੰਨਿਆ ਜਾਂਦਾ ਹੈ ਕਿ ਅਜਿਹੇ ਬਹੁਤੇ ਫ਼ੈਸਲੇ, ਅਮੂਮਨ, ਜੁਰਮ ਦੀ ਸ਼ਿੱਦਤ ਨਾਲੋਂ ਕਿਤੇ ਵੱਧ ਸਖ਼ਤ ਹੁੰਦੇ ਹਨ। ਇਸੇ ਹੀ ਪ੍ਰਸੰਗ ਵਿੱਚ ਹੁਣ ਇਹ ਖ਼ਿਆਲ ਜ਼ੋਰ ਫੜਦਾ ਜਾ ਰਿਹਾ ਹੈ ਕਿ ਚੰਗੇਜ਼ ਖ਼ਾਨ, ਤੈਮੂਰ ਸ਼ਾਹ ਜਾਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਵਰਗੇ ‘ਖਲਨਾਇਕਾਂ’ ਦੇ ਇਤਿਹਾਸ ਵੱਲੋਂ ਉਸਾਰੇ ਅਕਸ ਦੀ ਪੁਨਰ-ਸਮੀਖਿਆ ਹੋਣੀ ਚਾਹੀਦੀ ਹੈ। ਇਸੇ ਹੀ ਸੰਕਲਪ ਵਿੱਚੋਂ ਉਪਜੀ ਹੈ ਅਮਰੀਕੀ ਇਤਿਹਾਸਕਾਰ ਔਡਰੇਅ ਟਰੁਸ਼ਕਾ (Audrey Truschke) ਦੀ ਕਿਤਾਬ ‘ਔਰੰਗਜ਼ੇਬ : ਦਿ ਮੈਨ ਐਂਡ ਦਿ ਮਿੱਥ’ (ਸਟੈਨਫਰਡ ਯੂਨੀਵਰਸਿਟੀ ਪ੍ਰੈੱਸ; 213 ਪੰਨੇ)। ਭਾਰਤ ਵਿੱਚ ਇਸ ਕਿਤਾਬ ਦਾ ਪਹਿਲਾ ਐਡੀਸ਼ਨ ਪੈਂਗੁਇਨ-ਵਾਈਕਿੰਗ ਵੱਲੋਂ 2017 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਉਦੋਂ ਇਹ ਕਾਫ਼ੀ ਚਰਚਾ ਵਿੱਚ ਰਹੀ ਸੀ। ਹੁਣ ਇਸ ਦਾ ਸੋਧਿਆ ਹੋਇਆ ਅਤੇ ਵੱਧ ਪੰਨਿਆਂ ਵਾਲਾ ਐਡੀਸ਼ਨ ਅਮਰੀਕਾ ਵਿੱਚ ਪ੍ਰਕਾਸ਼ਿਤ ਹੋਇਆ ਹੈ; ਵੱਖਰੇ ਉਪ-ਸਿਰਲੇਖ ਨਾਲ। ਭਾਰਤ ਵਿੱਚ ਅਜੇ ਇਸ ਦਾ ਡਿਜੀਟਲ (ਕਿੰਡਲ) ਐਡੀਸ਼ਨ ਹੀ ਉਪਲਬਧ ਹੈ।

ਔਡਰੇਅ ਟਰੁਸ਼ਕਾ ਨੇਵਾਰਕ, ਨਿਊ ਜਰਸੀ (ਅਮਰੀਕਾ) ਦੀ ਰੱਟਗਜ਼ ਯੂਨੀਵਰਸਿਟੀ ਵਿੱਚ ਇਤਿਹਾਸ ਦੀ ਐਸੋਸੀਏਟ ਪ੍ਰੋਫੈਸਰ ਹੈ। ‘ਔਰੰਗਜ਼ੇਬ’, ਉਸ ਦੀ ਮੱਧ-ਯੁੱਗੀ ਭਾਰਤੀ ਇਤਿਹਾਸ ਬਾਰੇ ਦੂਜੀ ਕਿਤਾਬ ਹੈ; ਪਹਿਲੀ ਕਿਤਾਬ ਮੁਗ਼ਲ ਦਰਬਾਰਾਂ ਵਿੱਚ ਸੰਸਕ੍ਰਿਤ ਦੇ ਮੁਕਾਮ ਬਾਬਤ ਸੀ। ਉਸ ਵਿੱਚ ਉਸ ਨੇ ਦਰਸਾਇਆ ਸੀ ਕਿ ਮੁਗ਼ਲ ਬਾਦਸ਼ਾਹਾਂ ਨੇ ਸੰਸਕ੍ਰਿਤ ਦੀਆਂ ਕਲਾਸਿਕ ਪੁਸਤਕਾਂ ਤੇ ਗਰੰਥਾਂ ਦਾ ਅਰਬੀ-ਫ਼ਾਰਸੀ ਵਿੱਚ ਅਨੁਵਾਦ ਕਰਵਾ ਕੇ ਮੱਧ-ਪੂਰਬ, ਮੱਧ ਏਸ਼ੀਆ ਤੇ ਅੱਗੇ ਯੂਰੋਪ ਵਿੱਚ ਇਨ੍ਹਾਂ ਦਾ ਅਧਿਐਨ ਸੰਭਵ ਬਣਾਇਆ ਅਤੇ ਉਸ ਅਧਿਐਨ ਤੋਂ ਅਕਾਦਮਿਕ ਜਗਤ ਨੂੰ ਕੀ-ਕੀ ਫ਼ਾਇਦਾ ਹੋਇਆ। ਔਰੰਗਜ਼ੇਬ ਬਾਰੇ ਉਸ ਦਾ ਠੋਸ ਮੱਤ ਹੈ ਕਿ ਇਸ ਛੇਵੇਂ ਮੁਗ਼ਲ ਬਾਦਸ਼ਾਹ ਦੀ ਮੌਤ ਤੋਂ ਬਾਅਦ ਮੁਗ਼ਲ ਸਾਮਰਾਜ ਜੇਕਰ ਵਿਖੰਡਿਤ ਨਾ ਹੁੰਦਾ ਤਾਂ ਸ਼ਾਇਦ ਸਾਡੀਆਂ ਨਜ਼ਰਾਂ ਵਿੱਚ ਉਸ ਦਾ ਰੁਤਬਾ ਸਿਤਮਗਰ ਜਾਂ ਜਰਵਾਣੇ ਵਾਲਾ ਨਹੀਂ ਸੀ ਹੋਣਾ। ਕਿਤਾਬ ਅੰਦਰਲੇ ਕੁਝ ਅਹਿਮ ਨੁਕਤੇ ਇਸ ਤਰ੍ਹਾਂ ਹਨ:

* ਪੰਜਵੇਂ ਮੁਗ਼ਲ ਬਾਦਸ਼ਾਹ ਸ਼ਾਹ ਜਹਾਂ ਤੇ ਉਸ ਦੀ ਮਹਿਬੂਬ ਬੇਗ਼ਮ, ਮੁਮਤਾਜ਼ ਮਹਿਲ ਦੇ 14 ਬੱਚੇ ਪੈਦਾ ਹੋਏ ਜਿਨ੍ਹਾਂ ਵਿੱਚੋਂ ਸੱਤ ਜ਼ਿੰਦਾ ਬਚੇ। 14ਵੇਂ ਬੱਚੇ (ਗੌਹਰਆਰਾ ਬਾਨੋ) ਦੇ ਜਨਮ ਸਮੇਂ ਮੁਮਤਾਜ਼ ਦੀ ਮੌਤ ਹੋ ਗਈ। ਸੱਤ ਬੱਚਿਆਂ ਵਿੱਚੋਂ ਤਿੰਨ ਬੇਟੀਆਂ ਸਨ- ਜਹਾਂ ਆਰਾ, ਰੌਸ਼ਨ ਆਰਾ ਤੇ ਗੌਹਰ ਆਰਾ ਅਤੇ ਚਾਰ ਬੇਟੇ- ਦਾਰਾ ਸ਼ਿਕੋਹ, ਔੰਰੰਗਜ਼ੇਬ, ਸ਼ਾਹ ਸ਼ੁਜਾਹ ਤੇ ਮੁਰਾਦ ਬਖ਼ਸ਼।

* ਮੁਮਤਾਜ਼ ਤੋਂ ਇਲਾਵਾ ਸ਼ਾਹ ਜਹਾਂ ਦੀਆਂ ਹੋਰ ਵੀ ਬੇਗ਼ਮਾਂ ਸਨ, ਪਰ ਮੁਮਤਾਜ਼ ਦੇ ਪਿਤਾ (ਅਤੇ ਨੂਰ ਜਹਾਂ ਦੇ ਭਰਾ) ਆਸਿਫ਼ ਖ਼ਾਨ ਨੇ ਆਪਣਾ ਦਬਦਬਾ ਵਰਤਦਿਆਂ ਇਹ ਯਕੀਨੀ ਬਣਾਇਆ ਕਿ ਅੱਵਲ ਤਾਂ ਕੋਈ ਹੋਰ ਬੇਗ਼ਮ ਹਾਮਲਾ ਹੋਵੇ ਹੀ ਨਾ; ਅਤੇ ਜੇਕਰ ਕਿਸੇ ਦੇ ਹਮਲ ਠਹਿਰ ਜਾਂਦਾ ਸੀ ਤਾਂ ਇਹ ਗਿਰਵਾ ਦਿੱਤਾ ਜਾਂਦਾ ਸੀ। ਮੁਮਤਾਜ਼ ਵੀ ਸ਼ਾਹ ਜਹਾਂ ਦਾ ਵਿਸਾਹ ਨਹੀਂ ਸੀ ਖਾਂਦੀ। ਉਹ ਜੰਗੀ ਮੁਹਿੰਮਾਂ ਵੇਲੇ ਵੀ ਸ਼ਾਹ ਜਹਾਂ ਦੇ ਨਾਲ ਰਹਿੰਦੀ ਸੀ।

* ਦਾਰਾ ਸ਼ਿਕੋਹ ਆਪਣੇ ਪਿਤਾ ਦੀ ਸਭ ਤੋਂ ਪਸੰਦੀਦਾ ਔਲਾਦ ਸੀ। ਉਹ ਤੇ ਉਸ ਦੀ ਭੈਣ ਜਹਾਂ ਆਰਾ ਜਜ਼ਬਾਤੀ ਤੌਰ ’ਤੇ ਪਿਤਾ ਦੇ ਸਭ ਤੋਂ ਕਰੀਬ ਸਨ। ਇਸ ਕਿਸਮ ਦਾ ਸਨੇਹ ਔਰੰਗਜ਼ੇਬ ਦੇ ਕਦੇ ਵੀ ਹਿੱਸੇ ਨਹੀਂ ਆਇਆ। ਉਹ ਖ਼ੁਦ ਨੂੰ ਪਿਤਾ ਵੱਲੋਂ ‘ਦੁਤਕਾਰਿਆ ਬੱਚਾ’ ਮਹਿਸੂਸ ਕਰਦਾ ਸੀ ਅਤੇ ਇਸੇ ਜਜ਼ਬੇ ਨੇ ਉਸ ਅੰਦਰ ਦਾਰਾ ਸ਼ਿਕੋਹ ਪ੍ਰਤੀ ਤਿੱਖੀ ਨਫ਼ਰਤ ਪੈਦਾ ਕੀਤੀ।

* ਦਾਰਾ ਸ਼ਿਕੋਹ ਨਾ ਚੰਗਾ ਲੜਾਕੂ ਸੀ ਤੇ ਨਾ ਹੀ ਕੁਸ਼ਲ ਪ੍ਰਸ਼ਾਸਕ। ਉਹ ਸੁਭਾਅ ਤੇ ਸੁਹਜ ਪੱਖੋਂ ਸੂਫ਼ੀ ਅਤੇ ਬੌਧਿਕ ਪੱਖੋਂ ਵਿਦਵਾਨ ਤੇ ਸੁਪਨਸਾਜ਼ ਸੀ। ਹਜ਼ਰਤ ਸਾਈਂ ਮੀਆਂ ਮੀਰ ਦਾ ਉਹ ਪੈਰੋਕਾਰ ਸੀ। ਔਰੰਗਜ਼ੇਬ ਯੁੱਧ ਕੌਸ਼ਲ ਦਾ ਮਾਹਿਰ ਸੀ, ਰਾਜ ਪ੍ਰਬੰਧ ਉੱਤੇ ਵੀ ਉਸ ਦੀ ਪੂਰੀ ਪਕੜ ਸੀ। ਉਹ ਜੰਗਾਂ ਜਿੱਤਣ ਵਿੱਚ ਯਕੀਨ ਰੱਖਦਾ ਸੀ, ਹਾਰ ਉਸ ਨੂੰ ਹਜ਼ਮ ਨਹੀਂ ਸੀ ਹੁੰਦੀ। ਵਿੱਦਿਆ ਦਾ ਉਹ ਕਦਰਦਾਨ ਸੀ, ਵਿਦਵਤਾ ਦਾ ਨਹੀਂ। ਉਹ ਪਹਿਲਾ ਅਜਿਹਾ ਮੁਗ਼ਲ ਬਾਦਸ਼ਾਹ ਸੀ ਜਿਸ ਨੇ ਆਪਣੇ ਜੀਵਨ ਕਾਲ ਨੂੰ ਕਲਮਬੰਦ ਕਰਨ ਜਾਂ ਕਰਵਾਉਣ ਦਾ ਯਤਨ ਨਹੀਂ ਕੀਤਾ। ਬਾਬਰ ਵੱਲੋਂ ਸਵੈ-ਲਿਖਤ ‘ਬਾਬਰਨਾਮਾ’, ਗੁਲਬਦਨ ਬੇਗ਼ਮ ਵੱਲੋਂ ਲਿਖੇ ‘ਹਮਾਯੂੰਨਾਮਾ’, ਅਕਬਰ ਵੱਲੋਂ ਲਿਖਵਾਏ ‘ਅਕਬਰਨਾਮਾ’, ਜਹਾਂਗੀਰ ਲਿਖਤ ‘ਤੁਜ਼ਕ-ਏ-ਜਹਾਂਗੀਰੀ’ ਅਤੇ ਸ਼ਾਹਜ਼ਹਾਂ ਵੱਲੋਂ ਲਿਖਵਾਏ ‘ਪਾਦਸ਼ਾਹਨਾਮਾ’ ਤੋਂ ਉਲਟ ਔਰੰਗਜ਼ੇਬ ਨੇ ਆਪਣੀ ਜੀਵਨ ਕਥਾ ਖ਼ੁਦ ਨਹੀਂ ਲਿਖਵਾਈ। ਉਸ ਬਾਰੇ ਇੱਕ ਕਿਤਾਬ ‘ਮਾਅਸਿਰ-ਏ-ਆਲਮਗੀਰੀ’ 1697 ਵਿੱਚ ਅਵੱਸ਼ ਲਿਖੀ ਗਈ, ਪਰ ਉਦੋਂ ਤੱਕ ਉਸ ਦਾ ਜਾਬਰ ਬਾਦਸ਼ਾਹ ਵਾਲਾ ਅਕਸ ਆਮ ਲੋਕਾਂ ਦੇ ਮਨਾਂ ਵਿੱਚ ਘਰ ਕਰ ਚੁੱਕਾ ਸੀ।

* 88 ਵਰ੍ਹਿਆਂ ਤੋਂ ਵੱਧ ਉਮਰ ਭੋਗ ਕੇ ਮਰਿਆ ਔਰੰਗਜ਼ੇਬ (1618-1707)। ਬਹੁਤ ਦਲੇਰ ਸੀ ਉਹ। 1633 ਵਿੱਚ ਭੂਤਰੇ ਹਾਥੀ ਨੂੰ ਪਛਾੜਨ ਦੀ ਘਟਨਾ ਨੇ ਉਸ ਨੂੰ ਦੰਦ-ਕਥਾਵਾਂ ਦਾ ਪਾਤਰ ਬਣਾਇਆ। ਬਲਖ਼, ਗੁਜਰਾਤ ਤੇ ਦੱਖਣ ਦਾ ਉਹ ਸੂਬੇਦਾਰ ਰਿਹਾ। ਕਿਤੋਂ ਵੀ ਉਸ ਖ਼ਿਲਾਫ਼ ਇੱਕ ਵੀ ਸ਼ਿਕਾਇਤ ਸ਼ਾਹ ਜਹਾਂ ਤਕ ਨਹੀਂ ਪਹੁੰਚੀ। ਇਨ੍ਹਾਂ ਸਮਿਆਂ ਦੌਰਾਨ ਕਿਤੇ ਵੀ ਉਸ ਨੇ ਕੋਈ ਪ੍ਰਸ਼ਾਸਨਿਕ ਵਧੀਕੀ ਨਹੀਂ ਕੀਤੀ। ਪਿਤਾ ਅਤੇ ਵੱਡੇ ਭਰਾ ਦਾਰਾ ਤੋਂ ਉਲਟ ਉਹ ਪੱਕਾ ਪੰਜ-ਨਮਾਜ਼ੀ ਸੀ; ਇਸਲਾਮੀ ਅਕੀਦਿਆਂ ਦਾ ਪਾਬੰਦ, ਨਾ ਸ਼ਰਾਬ ਪੀਂਦਾ ਸੀ, ਨਾ ਕੋਈ ਹੋਰ ਨਸ਼ਾ ਕਰਦਾ ਸੀ। ਸਾਦਗੀ ਪਸੰਦ ਸੀ, ਸ਼ਾਹੀ ਅਡੰਬਰਾਂ ਵਿੱਚ ਹਿੱਸਾ ਨਹੀਂ ਸੀ ਲੈਂਦਾ। ਸੁਭਾਅ ਦਾ ਸਖ਼ਤ ਸੀ, ਪਰ ਬਹੁਤੀ ਵਾਰ ਉਸ ਦੀ ਪਹੁੰਚ ਅਮਲੀ ਹੁੰਦੀ ਸੀ; ਫ਼ੈਸਲਾ ਲੈਣ ਤੋਂ ਪਹਿਲਾਂ ਦੂਜੇ ਦਾ ਪੱਖ ਸੁਣਦਾ ਸੀ।

* 1658 ਵਿੱਚ ਜਦੋਂ ਸ਼ਾਹ ਜਹਾਂ ਸਖ਼ਤ ਬਿਮਾਰ ਹੋਇਆ ਤਾਂ ਚਾਰੋ ਭਰਾ ਸ਼ਹਿਨਸ਼ਾਹੀ ਦੇ ਦਾਅਵੇਦਾਰ ਬਣ ਉੱਭਰੇ। ਪਿਤਾ ਨੇ ਦਾਰਾ ਸ਼ਿਕੋਹ ਨੂੰ ਆਪਣੇ ਕੋਲ ਆਗਰਾ ਰੱਖਿਆ ਹੋਇਆ ਸੀ। ਔਰੰਗਜ਼ੇਬ ਦੱਖਣ ਵਿੱਚ ਸੀ। ਉਸ ਨੇ ਪਹਿਲਾਂ ਮੁਰਾਦ ਬਖ਼ਸ਼ ਨੂੰ ਗੰਢਿਆ। ਫਿਰ ਮਿਰਜ਼ਾ ਰਾਜਾ ਜੈ ਸਿੰਘ ਤੇ ਹੋਰ ਰਾਜਪੂਤ ਰਾਣਿਆਂ ਨੂੰ। ਮੀਰ ਜੁਮਲਾ ਤੇ ਜਾਫ਼ਰ ਖ਼ਾਨ ਵਰਗੇ ਕਾਬਲ ਜਰਨੈਲ ਵੀ ਉਸ ਦਾ ਸਾਥ ਦੇਣ ਲਈ ਤਿਆਰ ਹੋ ਗਏ। ਸ਼ੁਜਾਹ ਨੂੰ ਦਾਰਾ ਸ਼ਿਕੋਹ ਨੇ ਪਛਾੜ ਕੇ ਅਰਾਕਾਨ ਪਹਾੜੀਆਂ (ਬਰਮਾ) ਵੱਲ ਭੱਜਣ ਲਈ ਮਜਬੂਰ ਕਰ ਦਿੱਤਾ, ਪਰ ਸਾਮੂਗੜ੍ਹ ਦੀ ਜੰਗ ਵਿੱਚ ਉਹ ਖ਼ੁਦ ਔਰੰਗਜ਼ੇਬ ਤੇ ਮੁਰਾਦ ਦੀਆਂ ਫ਼ੌਜਾਂ ਹੱਥੋਂ ਹਾਰ ਗਿਆ। ਔਰੰਗਜ਼ੇਬ ਨੇ ਆਗਰਾ ਤੇ ਦਿੱਲੀ ਉੱਤੇ ਕਬਜ਼ਾ ਕੀਤਾ, ਸ਼ਾਹ ਜਹਾਂ ਨੂੰ ਆਗਰਾ ਦੇ ਕਿਲੇ ਵਿੱਚ ਕੈਦ ਕੀਤਾ, ਦਾਰਾ ਨੂੰ ਲਾਹੌਰ ਤੋਂ ਕਾਬੂ ਕਰਵਾ ਕੇ ਦਿੱਲੀ ਲਿਆਂਦਾ, ਸਰੇ-ਬਾਜ਼ਾਰ ਬੇਇਜ਼ਤ ਕੀਤਾ ਅਤੇ ਫਿਰ ਉਸ ਦਾ ਸਿਰ-ਕਲਮ ਕਰ ਕੇ ਇਹ ‘ਤੋਹਫ਼ੇ’ ਵਜੋਂ ਪਿਤਾ ਅੱਗੇ ਪੇਸ਼ ਕੀਤਾ। ਇਨ੍ਹਾਂ ਘਟਨਾਵਾਂ ਨੇ ਔਰੰਗਜ਼ੇਬ ਦਾ ਜਾਬਰ ਵਾਲਾ ਅਕਸ ਲੋਕ ਮਨਾਂ ਵਿੱਚ ਉਸਾਰਨਾ ਹੀ ਸੀ। ਦਾਰਾ ਸ਼ਿਕੋਹ ਦੀ ਜਾਨ ਲੈਣ ਮਗਰੋਂ ਔਰੰਗਜ਼ੇਬ ਨੇ ਮੁਰਾਦ ਬਖ਼ਸ਼ ਨੂੰ ਵੀ ਨਹੀਂ ਬਖ਼ਸ਼ਿਆ। ਉਸ ਨੂੰ ਮਰਵਾਉਣ ਵਿੱਚ ਸ਼ਰਾਬ ਪੀਣ ਦੀ ਉਸ ਦੀ ਲਤ ਮੁੱਖ ਵਸੀਲਾ ਬਣੀ।

 

ਔਡਰੇਅ ਟਰੁਸ਼ਕਾ ਦੀ ਕਿਤਾਬ ਦਾ ਸਰਵਰਕ।

 

* ਦੋ ਵਾਰ ਤਾਜਪੋਸ਼ੀ ਹੋਈ ਔਰੰਗਜ਼ੇਬ ਦੀ। ਪਹਿਲੀ ਵਾਰ 1658 ਵਿੱਚ ਦਿੱਲੀ ’ਤੇ ਕਬਜ਼ੇ ਮਗਰੋਂ ਸਾਦਾ ਜੇਹੀ ਰਸਮ ਵਜੋਂ;

ਅਤੇ ਫਿਰ ਦਾਰਾ ਸ਼ਿਕੋਹ ਤੇ ਮੁਰਾਦ ਨਾਲ ‘ਨਿਪਟਣ’ ਮਗਰੋਂ 1659 ਵਿੱਚ ਪੂਰੀ ਸ਼ਾਨੋ-ਸ਼ੌਕਤ ਨਾਲ। ਔਡਰੇਅ ਟਰੁਸ਼ਕਾ ਅਨੁਸਾਰ ਔਰੰਗਜ਼ੇਬ ਨੇ ਇਨਸਾਫ਼ਪਸੰਦ ਹੁਕਮਰਾਨ ਸਾਬਤ ਹੋਣ ਦੇ ਸੰਜੀਦਾ ਯਤਨ ਕੀਤੇ, ਸ਼ਾਹੀ ਜੀਵਨ ਨੂੰ ਸਾਦਾ ਬਣਾਉਣ ਤੇ ਟੈਕਸ ਪ੍ਰਣਾਲੀ ਨੂੰ ਵੀ ਸਰਲ ਬਣਾਉਣ ਦੇ ਉਪਾਅ ਕੀਤੇ ਅਤੇ ਉਹ ਨੀਤੀਆਂ ਬਣਾਈਆਂ ਜੋ ਸਮੁੱਚੇ ਸਮਾਜ ਤੇ ਸਮੁੱਚੇ ਸਾਮਰਾਜ ਲਈ ਹਿਤਕਾਰੀ ਸਾਬਤ ਹੋਣ। ਪੂਰੇ ਸਾਮਰਾਜ ਵਿੱਚ ਨਸ਼ਾਬੰਦੀ ਲਾਗੂ ਕੀਤੀ ਗਈ।

* ਕਿਉਂਕਿ ਔਰੰਗਜ਼ੇਬ, ਦਾਰਾ ਸ਼ਿਕੋਹ ਦੀਆਂ ਆਦਤਾਂ ਤੇ ਅਕੀਦਿਆਂ ਨੂੰ ਨਫ਼ਰਤ ਕਰਦਾ ਸੀ, ਇਸ ਲਈ ਬਾਦਸ਼ਾਹ ਬਣਨ ਮਗਰੋਂ ਉਸ ਨੇ ਗੀਤ-ਸੰਗੀਤ, ਸੂਫ਼ੀਆਂ ਤੇ ਸ਼ਾਇਰਾਂ ਦੀਆਂ ਮਹਿਫ਼ਿਲਾਂ ਉੱਤੇ ਮੁਕੰਮਲ ਪਾਬੰਦੀ ਲਾ ਦਿੱਤੀ। ਅਜਿਹੇ ਕਦਮਾਂ ਨੂੰ ਸੁੰਨੀ ਕੱਟੜਪੰਥੀਆਂ ਤੋਂ ਹੁੰਗਾਰਾ ਮਿਲਣਾ ਸੁਭਾਵਿਕ ਸੀ।

ਇਸ ਹੁੰਗਾਰੇ ਨੇ ਔਰੰਗਜ਼ੇਬ ਨੂੰ ਇਸ ਹਕੀਕਤ ਤੋਂ ਦੂਰ ਕਰ ਦਿੱਤਾ ਕਿ ਪਾਬੰਦੀਆਂ ਦੀ ਇੰਤਹਾ, ਲੋਕਾਈ ਵਿੱਚ ਨਾਖੁਸ਼ੀ ਤੇ ਬੇਚੈਨੀ ਪੈਦਾ ਕਰ ਸਕਦੀ ਹੈ। ਇਹੋ ਵਰਤਾਰਾ ਔਰੰਗਜ਼ੇਬ ਖ਼ਿਲਾਫ਼ ਵਾਪਰਨਾ ਸੁਭਾਵਿਕ ਹੀ ਸੀ।

* ਔਡਰੇਅ ਟਰੁਸ਼ਕਾ ਮੁਤਾਬਿਕ ਔਰੰਗਜ਼ੇਬ ਦੀ ਜ਼ਿੰਦਗੀ ਦੇ ਚਾਰ ਪੜਾਅ ਸਨ। ਪਹਿਲਾ ਪੜਾਅ 17 ਵਰ੍ਹਿਆਂ ਦੀ ਉਮਰ ਤੱਕ ਦਾ ਸੀ ਜਦੋਂ ਉਹ ਪਿਤਾ ਦੇ ਦਰਬਾਰ ਵਿੱਚ ਰਿਹਾ ਅਤੇ ਉਹ ਸਾਰੇ ਹੁਨਰ ਹਾਸਿਲ ਕੀਤੇ ਜੋ ਕਿਸੇ ਮੁਗ਼ਲ ਸ਼ਹਿਜ਼ਾਦੇ ਵਿੱਚ ਹੋਣੇ ਚਾਹੀਦੇ ਹਨ। ਦੂਜਾ 1635 ਤੋਂ 1657 ਤੱਕ ਦੇ ਵਰ੍ਹਿਆਂ ਦਾ ਸੀ ਜਦੋਂ ਬਲਖ਼, ਗੁਜਰਾਤ ਤੇ ਦੱਖਣ ਦੇ ਸੂਬਿਆਂ ਦੇ ਹਾਕਮ ਵਜੋਂ ਉਸ ਨੇ ਆਪਣੀ ਇੰਤਜ਼ਾਮਿਆਤੀ ਕਾਬਲੀਅਤ ਦਰਸਾਈ, ਪਰ ਪਿਤਾ ਤੋਂ ਉਸ ਤਰਜ਼ ਦੀ ਤਾਰੀਫ਼ ਨਾ ਖੱਟ ਸਕਿਆ ਜੋ ਦਾਰਾ ਸ਼ਿਕੋਹ ਦੇ ਹਿੱਸੇ ਆਉਂਦੀ ਰਹੀ। 1657 ਤੋਂ 1681 ਤੱਕ ਦਾ ਸਮਾਂ ਸ਼ਾਹ ਜਹਾਂ ਦੇ ਬਿਮਾਰ ਹੋਣ ’ਤੇ ਭਰਾ-ਮਾਰੂ ਜੰਗਾਂ, ਉਨ੍ਹਾਂ ਤੋਂ ਉਪਜੇ ਖ਼ੂਨ-ਖਰਾਬੇ ਅਤੇ ਹਿੰਦ ਦੀ ਬਾਦਸ਼ਾਹਤ ਉੱਤੇ ਪਕੜ ਮਜ਼ਬੂਤ ਕਰਨ ਦਾ ਰਿਹਾ। ਟਰੁਸ਼ਕਾ ਅਨੁਸਾਰ ‘‘ਇਹ ਇੱਕ ਮਿੱਥ ਹੈ ਕਿ ਇਕੱਲਾ ਔਰੰਗਜ਼ੇਬ ਹੀ ਜਾਬਰ ਸੀ। ਅਸਲੀਅਤ ਇਹ ਹੈ ਕਿ ਸਾਰੇ ਭਰਾ (ਤੇ ਭੈਣਾਂ ਵੀ) ਇੱਕੋ ਜਿੰਨੇ ‘ਖ਼ੂੰਖਾਰ’ ਸਨ। ਸਾਰੇ ਤਾਕਤ ਹਥਿਆਉਣ ਵਾਸਤੇ ਹਰ ਹਰਬਾ ਵਰਤਣ ਦੀ ਤਾਕ ਵਿੱਚ ਸਨ।’’ ਹਿੰਦ ਦੀ ਹੁਕਮਰਾਨੀ ਉੱਤੇ ਪੂਰੀ ਤਰ੍ਹਾਂ ਗ਼ਾਲਬ ਹੋਣ ਤੋਂ 22 ਸਾਲ ਬਾਅਦ 1681 ਵਿੱਚ ਔੰਰੰਗਜ਼ੇਬ ਨੇ ਦੱਖਣ ਵੱਲ ਰੁਖ਼ ਕੀਤਾ। ਟੀਚਾ ਇੱਕੋ ਸੀ; ਮੁਗ਼ਲੀਆ ਹਿੰਦ ਦਾ ਵਿਸਤਾਰ ਦੱਖਣੀ ਭਾਰਤ ਦੇ ਆਖ਼ਰੀ ਸਿਰੇ ਤੱਕ ਕਰਨਾ।

* ਬਾਦਸ਼ਾਹ ਬਣਨ ਮਗਰੋਂ ਔੰਰੰਗਜ਼ੇਬ ਨੇ ਜ਼ਿੰਦਗੀ ਦੇ 26 ਵਰ੍ਹੇ ਦੱਖਣ ਵਿੱਚ ਬਿਤਾਏ; ਗੋਲਕੰਡਾ, ਬੀਜਾਪੁਰ, ਗੁਲਬਰਗਾ ਤੇ ਹੋਰ ਦੱਖਣੀ ਰਿਆਸਤਾਂ ਨੂੰ ਆਪਣੇ ਸਾਮਰਾਜ ਦਾ ਹਿੱਸਾ ਬਣਾਉਣ ਵਾਸਤੇ। ਉਸ ਦੀ ਮੌਤ ਵੀ ਅਹਿਮਦਨਗਰ ਵਿੱਚ ਹੋਈ। ਉੱਥੋਂ ਨੇੜੇ ਖੁਲਨਾਬਾਦ (ਮਹਾਰਾਸ਼ਟਰ) ਵਿੱਚ ਉਸ ਨੂੰ ਦਫ਼ਨ ਕੀਤਾ ਗਿਆ।

* ਟਰੁਸ਼ਕਾ ਦਾ ਦਾਅਵਾ ਹੈ ਕਿ ਔੰਰੰਗਜ਼ੇਬ ਤੁਅੱਸਬੀ ਜ਼ਰੂਰ ਸੀ, ਪਰ ਹਿੰਦੂਆਂ ਦੇ ਖ਼ੂਨ ਦਾ ਪਿਆਸਾ ਨਹੀਂ ਸੀ। ਉਸ ਨੇ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਉਣ ਦਾ ਫ਼ਰਮਾਨ ਕਦੇ ਵੀ ਜਾਰੀ ਨਹੀਂ ਕੀਤਾ। ਇਹ ਫ਼ਰਮਾਨ ਦਿੱਲੀ ਤੋਂ ਉਸ ਦੀ ਗ਼ੈਰਹਾਜ਼ਰੀ ਦੌਰਾਨ ਸੁੰਨੀ ਮੁਲਾਣੇ ਜਾਰੀ ਕਰਦੇ ਰਹੇ। ਅਸਲੀਅਤ ਤਾਂ ਇਹ ਹੈ ਕਿ ਮੁਗ਼ਲ ਕਾਲ ਦੌਰਾਨ ਸ਼ਾਹੀ ਨੌਕਰੀਆਂ ਵਿੱਚ ਹਿੰਦੂਆਂ ਦੀ ਸਭ ਤੋਂ ਵੱਧ ਤਾਦਾਦ (31.6 ਫ਼ੀਸਦੀ) ਔਰੰਗਜ਼ੇਬ ਵੇਲੇ ਰਹੀ। ਜੇ ਉਸ ਨੇ ਆਪਣੀ ਫ਼ੌਜ ਵਿੱਚੋਂ ਰਾਜਪੂਤਾਂ ਦੀ ਨਫ਼ਰੀ ਘਟਾਈ ਤਾਂ ਮਰਾਠਿਆਂ ਦੀ ਗਿਣਤੀ ਵਧਾਈ ਵੀ। ਧਾਨਾਜੀ ਜਾਧਵ, ਮੇਲਗਿਰੀ ਪੰਡਿਤ, ਮਾਹਲਾਜੀ ਖਰਗੜੇ ਉਹ ਮਰਾਠਾ ਜਰਨੈਲ ਸਨ ਜੋ ਕਿ ਸ਼ਿਵਾਜੀ ਭੋਸਲੇ ਦੇ ਖ਼ਿਲਾਫ਼ ਲੜਾਈਆਂ ਵਿੱਚ ਔਰੰਗਜ਼ੇਬ ਦੀ ਤਰਫ਼ੋਂ ਲੜਦੇ ਰਹੇ।

* ਟਰੁਸ਼ਕੇ ਇੱਕ ਹੋਰ ਅਮਰੀਕੀ ਇਤਿਹਾਸਕਾਰ ਰਿਚਰਡ ਈਟਨ ਵੱਲੋਂ ਕੀਤੀ ਖੋਜ ਦੇ ਹਵਾਲੇ ਨਾਲ ਲਿਖਦੀ ਹੈ ਕਿ ਔਰੰਗਜ਼ੇਬ ਨੇ ਆਪਣੇ ਸਮੁੱਚੇ ਰਾਜਕਾਲ ਦੌਰਾਨ ਇੱਕ ਦਰਜਨ ਤੋਂ ਵੱਧ ਮੰਦਿਰ ਨਹੀਂ ਢਾਹੇ। ਉਹ ਕਹਿੰਦੀ ਹੈ ਕਿ ਕਾਸ਼ੀ ਦਾ ਵਿਸ਼ਵਨਾਥ ਮੰਦਿਰ ਢਾਹ ਕੇ ਉਸ ਦੀ ਥਾਂ ਗਿਆਨਵਾਪੀ ਮਸਜਿਦ ਦੀ ਉਸਾਰੀ ਜਾਂ ਮਥੁਰਾ ਦਾ ਕੇਸ਼ਵਦੇਵ ਮੰਦਿਰ ਢਾਹ ਕੇ ਉੱਥੇ ਈਦਗਾਹ ਵੀ ਉਸਾਰੀ ਦੇ ਕਾਰਨ ਰਾਜਸੀ ਸਨ, ਮਜ਼ਹਬੀ ਤੁਅੱਸਬ ਨਹੀਂ। ਉਹ ਇਹ ਵੀ ਦਾਅਵਾ ਕਰਦੀ ਹੈ ਕਿ ਔੰਰੰਗਜ਼ੇਬ ਨੇ ਉਜੈਨ ਦੇ ਮਹਾਕਾਲੇਸ਼ਵਰ ਮੰਦਿਰ, ਚਿਤ੍ਰਕੂਟ ਦੇ ਬਾਲਾਜੀ ਮੰਦਿਰ, ਗੁਹਾਟੀ ਦੇ ਉਮਾਨੰਦ ਮੰਦਿਰ ਤੇ ਡੇਹਰਾਦੂਨ ਦੇ ਗੁਰਦੁਆਰਾ ਬਾਬਾ ਰਾਮ ਰਾਏ ਸਮੇਤ ਦਰਜਨਾਂ ਗ਼ੈਰ-ਇਸਲਾਮੀ ਤੀਰਥਾਂ ਦੀ ਉਸਾਰੀ ਜਾਂ ਪੁਨਰ-ਉਸਾਰੀ ਲਈ ਮੋਟੀਆਂ ਮਾਇਕ ਗਰਾਂਟਾਂ ਦਿੱਤੀਆਂ। ਹਿੰਦੂਆਂ ਉੱਤੇ ਜਜ਼ੀਆ ਵੀ ਉਸ ਨੇ 1676 ਵਿੱਚ ਲਾਗੂ ਕੀਤਾ, ਮਜ਼ਹਬੀ ਤੁਅੱਸਬ ਕਾਰਨ ਨਹੀਂ, ਆਰਥਿਕ ਸੰਕਟ ਉੱਤੇ ਕਾਬੂ ਪਾਉਣ ਵਾਸਤੇ।

* ਉਹ ਇਹ ਵੀ ਦਾਅਵਾ ਕਰਦੀ ਹੈ ਕਿ ਜੇਕਰ ਔਰੰਗਜ਼ੇਬ ਕੱਟੜ ਤੁਅੱਸਬੀ ਹੁੰਦਾ ਤਾਂ ਉਸ ਦੀਆਂ ਤਿੰਨੋਂ ਬੀਵੀਆਂ ਸੁੰਨੀ ਤੇ ਨਮਾਜ਼ੀ ਮੁਸਲਮਾਨ ਹੋਣੀਆਂ ਸਨ। ਪਰ ਅਜਿਹਾ ਕੁਝ ਵੀ ਨਹੀਂ ਸੀ। ਲੜਕਪਨ ਵਿੱਚ ਉਸ ਦਾ ਪਿਆਰ ਹਿੰਦੂ ਤਵਾਇਫ਼ ਹੀਰਾਬਾਈ ਸੀ ਜਿਸ ਨੂੰ ਉਹ ਬੁਰਹਾਨਪੁਰ ਦੇ ਸ਼ਾਹੀ ਬਾਗ ਵਿੱਚੋਂ ਅੰਬ ਤੋੜਦਿਆਂ ਦੇਖ ਕੇ ਉਸ ਉੱਤੇ ਫ਼ਿਦਾ ਹੋ ਗਿਆ (ਉਹ ਜ਼ੈਨਾਬਾਦੀ ਮਹਿਲ ਦੇ ਨਾਂ ਨਾਲ ਵੀ ਜਾਣੀ ਜਾਂਦੀ ਸੀ)। ਉਸ ਦੀ ਪਹਿਲੀ ਬੀਵੀ ਦਿਲਰਸ ਬਾਨੋ, ਸ਼ੀਆ ਮੁਸਲਮਾਨ ਸੀ। ਉਸ ਦੀ ਜ਼ੱਦ ਇਰਾਨ ਦੇ ਸਫ਼ਵੀ ਸ਼ਾਹੀ ਘਰਾਣੇ ਨਾਲ ਜੁੜੀ ਹੋਈ ਸੀ। 1637 ਵਿੱਚ ਵਿਆਹ ਤੋਂ ਲੈ ਕੇ 1657 ਵਿੱਚ ਮੌਤ ਹੋਣ ਤੱਕ ਦਿਲਰਸ ਬਾਨੋ ਬੇਗ਼ਮ ਸ਼ੀਆ ਹੀ ਰਹੀ। ਉਸ ਦੇ ਅਸਰ ਕਾਰਨ ਔਰੰਗਜ਼ੇਬ ਦੀ ਵੱਡੀ ਬੇਟੀ ਜ਼ੇਬੂਨਿਸਾ ਬਾਨੋ ਵੀ ਸ਼ੀਆ ਮੱਤ ਦੀ ਧਾਰਨੀ ਰਹੀ। ਦੂਜੀ ਬੀਵੀ ਨਵਾਬ ਬਾਈ ਖ਼ੁਦ ਨੂੰ ਸੱਯਦ ਦੱਸਦੀ ਸੀ ਪਰ ਉਹ ਰਾਜੌਰੀ ਦੇ ਰਾਜਾ ਤਾਜੂਦੀਨ ਦੀ ਧੀ ਸੀ। ਤਾਜੂਦੀਨ ਦਾ ਸਹੁਰਾ ਪਰਿਵਾਰ ਭਾਵੇਂ ਸੂਫ਼ੀ ਸੀ, ਪਰ ਉਸ ਦੇ ਆਪਣੇ ਵਡੇਰੇ ਤਾਂ ਹਿੰਦੂ ਸਨ। ਔੰਰੰਗਜ਼ੇਬ ਦੀ ਨਵਾਬ ਬਾਈ ਨਾਲ ਕਦੇ ਵੀ ਬਹੁਤੀ ਬਣੀ ਨਹੀਂ। ਉਹ ਦਿਲਰਸ ਬਾਨੋ ਬੇਗ਼ਮ ਦੀ ਬੇਵਕਤੀ ਮੌਤ ਤੋਂ ਬਾਅਦ ਵੀ ਔੰਰੰਗਜ਼ੇਬ ਤੋਂ ਅਲਹਿਦਾ ਰਹਿੰਦੀ ਰਹੀ। ਉਹ ਦੋ ਪੁੱਤਰਾਂ ਮਿਰਜ਼ਾ ਮੁਹੰਮਦ ਸੁਲਤਾਨ ਤੇ ਮੁਅੱਜ਼ਮ ਉਰਫ਼ ਸ਼ਾਹ ਆਲਮ ਦੀ ਮਾਂ ਸੀ। ਮੁਅੱਜ਼ਮ ਨੇ 1707 ਵਿੱਚ ਪਿਤਾ ਦੀ ਮੌਤ ਮਗਰੋਂ ਬਹਾਦਰ ਸ਼ਾਹ ਦੇ ਨਾਮ ਨਾਲ ਹਿੰਦ ਦਾ ਤਾਜ ਵੀ ਸੰਭਾਲਿਆ, ਪਰ ਔੰਰੰਗਜ਼ੇਬ ਨੇ ਆਪਣੇ ਜਿਊਂਦੇ ਜੀਅ ਕਦੇ ਵੀ ਇਨ੍ਹਾਂ ਦੋਵਾਂ ਪੁੱਤਰਾਂ ਉੱਪਰ ਬਹੁਤਾ ਲਾਡ-ਦੁਲਾਰ ਨਹੀਂ ਲੁਟਾਇਆ। ਬਾਦਸ਼ਾਹ ਦੀ ਤੀਜੀ ਬੀਵੀ ਉਦੈਪੁਰੀ ਮਹਿਲ ਦੇ ਨਾਮ ਨਾਲ ਜਾਣੀ ਜਾਂਦੀ ਹੈ। ਉਸ ਨੂੰ ਅਰਜ਼ਾਨੀ ਬੇਗ਼ਮ ਵੀ ਕਿਹਾ ਜਾਂਦਾ ਹੈ। ਉਹ ਕਾਕੇਸ਼ਿਆਈ ਮੁਲਕ ਜਾਰਜੀਆ ਤੋਂ ਲਿਆਂਦੀ ਗਈ ਗ਼ੁਲਾਮ ਸੀ ਜਿਸ ਨੂੰ ਦਾਰਾ ਸ਼ਿਕੋਹ ਨੇ ਆਪਣੀ ਰਖੇਲ ਬਣਾਇਆ। ਦਿਲਰਸ ਬਾਨੋ ਬੇਗ਼ਮ ਦੇ ਇੰਤਕਾਲ ਮਗਰੋਂ ਔਰੰਗਜ਼ੇਬ ਨੇ ਉਸ ਨਾਲ ਨਿਕਾਹ ਕਰ ਲਿਆ। ਉਹ ਦੱਖਣ ਵਿੱਚ ਮੁਹਿੰਮਾਂ ਦੌਰਾਨ ਔਰੰਗਜ਼ੇਬ ਦੇ ਨਾਲ ਹੀ ਰਹੀ। ਸ਼ਹਿਜ਼ਾਦਾ ਕਾਮ ਬਖ਼ਸ਼ ਉਸ ਦਾ ਹੀ ਬੇਟਾ ਸੀ। ਬਾਦਸ਼ਾਹ ਦੇ ਫ਼ੌਤ ਹੋਣ ’ਤੇ ਉਹ ਏਨੀ ਗ਼ਮਜ਼ਦਾ ਹੋ ਗਈ ਕਿ ਚਾਰ ਮਹੀਨੇ ਬਾਅਦ ਦਮ ਤੋੜ ਗਈ।

* ਟਰੁਸ਼ਕਾ ਦਾ ਇਹ ਵੀ ਦਾਅਵਾ ਹੈ ਕਿ ਉਮਰ ਢਲਣ ’ਤੇ ਔਰੰਗਜ਼ੇਬ ਦੇ ਅੰਦਰ ਇਹ ਅਹਿਸਾਸ ਪਕੇਰਾ ਹੁੰਦਾ ਗਿਆ ਕਿ ਉਸ ਨੇ ਆਪਣੇ ਪਿਤਾ ਜਾਂ ਭਰਾਵਾਂ ਨਾਲ ਅਨਿਆਂ ਕੀਤਾ। ਇਸ ਦੀ ਭਰਪਾਈ ਖ਼ਾਤਿਰ ਉਸ ਨੇ ਦਾਰਾ ਸ਼ਿਕੋਹ ਦੇ ਬੇਟੇ ਸਿਫ਼ਿਰ ਸ਼ਿਕੋਹ ਨੂੰ ਕੈਦਖ਼ਾਨੇ ਵਿਚੋਂ ਕੱਢ ਕੇ ਉਸ ਦਾ ਵਿਆਹ ਆਪਣੀ ਧੀ ਜ਼ੁਬੁਕਤਨਿਸਾ ਨਾਲ ਕੀਤਾ। ਸ਼ਹਿਜ਼ਾਦਾ ਆਜ਼ਮ ਦਾ ਨਿਕਾਹ ਦਾਰਾ ਸ਼ਿਕੋਹ ਦੀ ਬੇਟੀ ਜਹਾਂਜ਼ੇਬ ਬਾਨੋ ਨਾਲ ਕਰਵਾਇਆ ਗਿਆ। ਇੰਜ ਹੀ, ਬਾਦਸ਼ਾਹ ਨੇ ਆਪਣੇ ਸਭ ਤੋਂ ਛੋਟੇ ਤੇ ਲਾਡਲੇ ਬੇਟੇ, ਸੁਲਤਾਨ ਮੁਹੰਮਦ ਅਕਬਰ ਦਾ ਵਿਆਹ ਪੂਰੀ ਸ਼ਾਨੋ ਸ਼ੌਕਤ ਨਾਲ ਦਾਰਾ ਸ਼ਿਕੋਹ ਦੀ ਪੋਤੀ ਸ਼ਹਿਜ਼ਾਦੀ ਸਲੀਮਾ ਨਾਲ ਕੀਤਾ।

ਕਿਤਾਬ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਦੋ ਕੁ ਸਤਰਾਂ ਹਨ। ਲੇਖਿਕਾ ਮੁਤਾਬਿਕ ਸ਼ਾਹੀ ਰਿਕਾਰਡ ਵਿੱਚ ਨੌਵੇਂ ਗੁਰੂ ਨੂੰ ‘ਸਜ਼ਾ’ ਦਾ ਜ਼ਿਕਰ ਸਿਰਫ਼ ਇੱਕ ਸਤਰ ਦਾ ਹੈ। ਕਿਤਾਬ ਇਹ ਵੀ ਸੰਕੇਤ ਨਹੀਂ ਦਿੰਦੀ ਕਿ ਉਸ ਸਮੇਂ ਔਰੰਗਜ਼ੇਬ ਕਿੱਥੇ ਸੀ। ਇਨ੍ਹਾਂ ਤੱਤਾਂ-ਤੱਥਾਂ ਦੀ ਰੌਸ਼ਨੀ ਵਿੱਚ ਕਿਤਾਬ ਪਾਠਕ ਨੂੰ ਇਹ ਸਵਾਲ ਕਰਦੀ ਹੈ ਕਿ ਮੋਹੀਉਦੀਨ ਮੁਹੰਮਦ ਔੰਰੰਗਜ਼ੇਬ ਕੀ ਸਚਮੁੱਚ ਹੀ ਮਹਾਂ ਤੁਅੱਸਬੀ ਜਾਂ ਮਹਾਂਪਾਪੀ ਸੀ? ਕਿਤਾਬ ਔੰਰੰਗਜ਼ੇਬ ਨੂੰ ਨਾਇਕ ਵਜੋਂ ਪੇਸ਼ ਨਹੀਂ ਕਰਦੀ, ਪਰ ਉਸ ਦੇ ਅਕਸ ਦੀ ਪੁਨਰ-ਉਸਾਰੀ ਵਾਲੀ ਦਲੀਲ ਪੂਰੀ ਸ਼ਿੱਦਤ ਨਾਲ ਸਿਰਜਦੀ ਹੈ। ਇਹੋ ਹੀ ਇਸ ਦਾ ਅਸਲ ਹਾਸਿਲ ਹੈ।

Related Posts

ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਫਾਇਰਿੰਗ, ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ : Sukhbir badal

ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗੇਟ ਦੇ ਬਾਹਰ ਫਾਇਰਿੰਗ, ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼, ਹਮਲਾਵਰ ਦਲ ਖਾਲਸਾ ਨਾਲ ਜੁੜੀਆਂ ਹੋਇਆ

ਪੰਜਾਬ ਦੀ ਬਰਬਾਦੀ ਲਈ ਕੌਣ ਜ਼ਿੰਮੇਵਾਰ, Drone ਵਾਕਿਆ ਹੀ Punjab ਲਈ ਘਾਤਕ || Arbide World ||

ਪੰਜਾਬ ਦੀ ਬਰਬਾਦੀ ਲਈ ਕੌਣ ਜ਼ਿੰਮੇਵਾਰ, Drone ਵਾਕਿਆ ਹੀ Punjab ਲਈ ਘਾਤਕ || Arbide World || #arbideworld #punjab #arbidepunjab #punjabpolice #sukhchainsinghgill Join this channel to get access to perks: https://www.youtube.com/channel/UC6czbie57kwqNBN-VVJdlqw/join…

Leave a Reply

Your email address will not be published. Required fields are marked *

This site uses Akismet to reduce spam. Learn how your comment data is processed.