
-ਸੁਖਵੀਰ ਜੋਗਾ
ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਦਵਿੰਦਰ ਪਾਲ ਦਾ ਨਾਮ ਉਹਨਾਂ ਚੋਣਵੇਂ ਪੱਤਰਕਾਰਾਂ ਵਿਚ ਆਉਂਦਾ ਹੈ ਜਿਨ੍ਹਾਂ ਨੇ ਹਮੇਸ਼ਾ ਸੱਚ ਨੂੰ ਜਿਉਂਦਾ ਰੱਖਣ ਲਈ ਪਹਿਰੇਦਾਰੀ ਕੀਤੀ ਹੈ। ਅਜੋਕਾ ਮੀਡੀਆ ਜਦੋਂ ਪੱਤਰਕਾਰੀ ਦੇ ਖੇਤਰ ਦੀਆਂ ਸਭ ਕਦਰਾਂ-ਕੀਮਤਾਂ ਨੂੰ ਭੁੱਲ ਕੇ ਸਿਰਫ਼ ਨਿੱਜੀ ਵਪਾਰਕ ਫਾਇਦਿਆਂ ਨੂੰ ਪਹਿਲ ਦਿੰਦਾ ਹੈ, ਕੋਝੇ ਹੱਥ ਕੰਢੇ ਅਪਣਾਕੇ ਭ੍ਰਿਸ਼ਟਾਚਾਰ ਕਰਨਾ ਆਪਣਾ ਹੱਕ ਸਮਝਦਾ ਹੈ, ਮੁਕਾਬਲੇ ਬਾਜ਼ੀ ਵਿਚੋਂ ਮੋਹਰੀ ਬਣਨ ਲਈ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਦਾ ਹੈ, ਅਜਿਹੇ ਸਮੇਂ ਦਵਿੰਦਰ ਪਾਲ ਜਿਹੇ ਲੋਕ-ਪੱਖੀ ਕਲਮਕਾਰਾਂ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ। ਲੋਕਤੰਤਰ ਦੇ ਚੌਥੇ ਥੰਮ ਦੀਆਂ ਨੀਹਾਂ ਦੀ ਮਜ਼ਬੂਤੀ ਨੂੰ ਬਰਕਰਾਰ ਰੱਖਣ ਲਈ ਉਸ ਨੇ ਸਵੈ ਜਾਬਤੇ ਅਧੀਨ ਉਂਗਲੀ ਟੇਢੀ ਕਰਨ ਵਾਲਾ ਰਾਹ ਨਹੀਂ ਚੁਣਿਆ। ਇਹੋ ਉਸ ਦੀ ਕਾਮਯਾਬੀ ਦਾ ਰਾਜ ਹੈ ਜਿਸ ਕਾਰਨ ਉਹ ਇੱਕ ਛੋਟੇ ਜਿਹੇ ਕਸਬੇ ਤੋਂ ਪੱਤਰਕਾਰੀ ਦੀ ਸ਼ੁਰੂਆਤ ਕਰਕੇ, ਨਿਰੰਤਰ ਮਿਹਨਤ ਨਾਲ ਅੱਗੇ ਵਧਦਾ ਗਿਆ ਤੇ ਆਪਣਾ ਨਾਮ ਪੰਜਾਬ ਦੇ ਅਹਿਮ ਪੱਤਰਕਾਰਾਂ ਦੀ ਸੂਚੀ ਵਿਚ ਸ਼ਾਮਿਲ ਕਰਾਉਣ ਤੋਂ ਇਲਾਵਾ ਟ੍ਰਿਬਿਊਨ ਗਰੁੱਪ ਦੀ ਚੰਡੀਗਡ਼੍ਹ ਦੀ ਟੀਮ ਵਿਚ ਸ਼ਾਮਿਲ ਹੋਣ ਦੇ ਯੋਗ ਵੀ ਬਣਿਆ।
‘‘ਤੂਫ਼ਾਨ ਤੋਂ ਪਹਿਲਾਂ” ਦਵਿੰਦਰ ਦਾ ਪਹਿਲਾ ਲੇਖ ਸੰਗ੍ਰਿਹ ਹੈ ਜਿਸ ਨੂੰ ਯੂਨੀਸਟਾਰ ਬੁੱਕਸ ਵੱਲੋਂ 2007 ਵਿਚ ਪੰਜਾਬੀ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਗਿਆ। ਆਪਣੇ ਪੱਤਰਕਾਰੀ ਦੇ ਕਿੱਤੇ ਵਿਚ ਵਿਚਰਦਿਆਂ ਵੱਖ-ਵੱਖ ਮੌਕਿਆਂ ਤੇ ਲਿਖੇ ਉਸ ਦੇ ਇਨ੍ਹਾਂ ਲੇਖਾਂ ਵਿਚ ਉਠਾਏ ਸਵਾਲ ਅੱਜ ਦੇ ਸੰਦਰਭ ਵਿਚ ਵੀ ਉਨ੍ਹੇ ਹੀ ਸਾਰਥਿਕ ਹਨ। ਕਿਉਂਕਿ ਅੱਜ ਵੀ ਨਾ ਇੱਥੋਂ ਦਾ ਸਿਸਟਮ ਬਦਲਿਆ ਹੈ ਤੇ ਨਾ ਹੀ ਲੋਕਾਂ ਦਾ ਜ਼ਿੰਦਗੀ ਜਿਉਣ ਦਾ ਢੰਗ ਤੇ ਜੀਵਨ ਪੱਧਰ ਤਬਦੀਲ ਹੋਇਆ ਹੈ।
ਪੁਸਤਕ ਦੇ ਸਿਰਲੇਖ ਅਧੀਨ ਲੇਖ ‘‘ਤੂਫ਼ਾਨ ਤੋਂ ਪਹਿਲਾਂ” ਵਿਚ ਉਸ ਨੇ ਸਾਡੇ ਦੇਸ਼ ਖਾਸ ਕਰਕੇ ਪੰਜਾਬ ਦੇ ਸਮੁੱਚੇ ਹਾਲਾਤਾਂ ਦਾ ਵਿਸ਼ਲੇਸ਼ਣ ਕੀਤਾ ਹੈ ਤੇ ਦਰਸਾਇਆ ਹੈ ਕਿ ਕਿਵੇਂ ਇੱਥੋਂ ਦੇ ਹਾਲਾਤ ਦਿਨੋਂ-ਦਿਨ ਅਸੁਖਾਵੇਂਪਣ ਵੱਲ ਵਧ ਰਹੇ ਹਨ। ਵਿਕਾਸ, ਤਰੱਕੀ ਦੇ ਦਾਅਵਿਆਂ-ਨਾਹਰਿਆਂ ਦੇ ਵਿਚ ਸਮਾਜ ਦਾ ਹਰ ਵਰਗ ਦੁਖੀ ਹੈ ਤੇ ਲੋਕਾਂ ਦੇ ਮਨਾਂ ਵਿਚ ਜਵਾਲਾਮੁਖੀ ਰਿੱਝ ਰਹੇ ਹਨ, ਜੋ ਕਦੇ ਵੀ ਫਟ ਸਕਦੇ ਹਨ। ਜਿਸ ਕਾਰਨ ਮਾਹੌਲ ਇੱਕ ਭਿਆਨਕ ਤੂਫ਼ਾਨ ਤੋਂ ਪਹਿਲਾਂ ਜਿਹੀ ਅਸਥਾਈ ਸ਼ਾਂਤੀ ਦਾ ਭੁਲੇਖਾ ਪਾ ਰਿਹਾ ਹੈ। ਸਮਾਂ ਰਹਿੰਦੇ ਜੇਕਰ ਇੱਥੋਂ ਦੇ ਕਾਬਜ਼ਕਾਰ ਰਾਜਨੀਤੀਵਾਨ ਸੁਚੇਤ ਨਾ ਹੋਏ ਤਾਂ ਲੋਕ ਤਾਕਤ ਅੱਗੇ ਉਨ੍ਹਾਂ ਨੇ ਟਿਕ ਨਹੀਂ ਸਕਣਾ।
ਬਾਕੀ ਗਿਆਰਾਂ ਲੇਖਾਂ ਵਿਚ ਵੀ ਉਸ ਨੇ ਵੱਖ-ਵੱਖ ਮੁੱਦਿਆਂ ਨੂੰ ਛੋਹ ਕੇ ਸਵਾਲ ਖਡ਼੍ਹੇ ਕੀਤੇ ਹਨ, ਜਿੰਨ੍ਹਾਂ ਦਾ ਜਵਾਬ ਸਮੇਂ ਦੇ ਹਾਕਮਾਂ ਦੇ ਨਾਲ-ਨਾਲ ਬੁੱਧੀਜੀਵੀ ਵਰਗ ਅਤੇ ਆਮ ਲੋਕਾਂ ਨੂੰ ਵੀ ਦੇਣਾ ਬਣਦਾ ਹੈ। ‘‘ਧਰਤੀ ਪੁੱਛੇ ਅਸਮਾਨ ਤੋਂ : ਕਿੱਥੇ ਹੈ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ” ਵਿਚ ਦੇਸ਼ ਦੀ ਆਜ਼ਾਦੀ ਦੇ ਦਹਾਕਿਆਂ ਦੀ ਹੋ ਜਾਣ ਦੇ ਬਾਵਜੂਦ ਆਮ ਮਜ਼ਦੂਰ, ਕਿਸਾਨ ਮਿਹਨਤਕਸ਼ਾਂ ਦੀ ਜ਼ਿੰਦਗੀ ਵਿਚ ਕੋਈ ਵੀ ਸੁਖਾਵਾਂ ਪਰਿਵਰਤਨ ਨਾ ਆਉਣ ਦੇ ਕਾਰਨਾਂ ਦੀ ਪਡ਼ਚੋਲ ਕੀਤੀ ਹੈ। ਉਸ ਨੇ ਸਿੱਟਾ ਕੱਢਿਆ ਹੈ ਕਿ ਭਗਤ ਸਿੰਘ ਦੀ ਸੋਚ ਅਨੁਸਾਰ ਗੋਰਿਆਂ ਨੂੰ ਕੱਢ ਕੇ ਸੱਤਾ ਕਾਲਿਆਂ ਦੇ ਹੱਥ ਸੌਂਪ ਦੇਣ ਨਾਲ ਕੋਈ ਫ਼ਰਕ ਪੈਣਾ ਵੀ ਨਹੀਂ ਸੀ। ਹਾਂ ਜੇਕਰ ਇੱਥੋਂ ਦਾ ਮਾਡ਼ਾ ਸਿਸਟਮ ਤਬਦੀਲ ਹੋ ਜਾਵੇ ਤਾਂ ਸਭ ਕੁੱਝ ਸੰਭਵ ਹੈ।
ਇਸੇ ਤਰ੍ਹਾਂ ‘‘ਸ਼ਹੀਦੀ, ਸੌਡ਼ੀ ਰਾਜਨੀਤੀ ਤੇ ਮਨੁੱਖਤਾ” ਲੇਖ ਵਿਚ ਉਸ ਨੇ ਜੰਮੂ-ਕਸ਼ਮੀਰ ਸਮੇਤ ਸਮੁੱਚੇ ਹਿੰਸਾਗ੍ਰਸਤ ਇਲਾਕਿਆਂ ਦਾ ਮੁਲਾਂਕਣ ਕੀਤਾ ਹੈ ਤੇ ਸਵਾਲ ਉਠਾਇਆ ਹੈ ਕਿ ਸ਼ਹੀਦ, ਆਪਣੇ ਹੱਕਾਂ ਲਈ ਲਡ਼ਨ ਵਾਲੇ ਲੋਕ ਜੋ ਸੌਡ਼ੀ ਰਾਜਨੀਤੀ ਦੇ ਕਾਰਨ ਮੋਤ ਦਾ ਸ਼ਿਕਾਰ ਹੁੰਦੇ ਹਨ, ਉਹ ਹਨ ਜਾਂ ਫਿਰ ਉਹ ਸੁਰੱਖਿਆ ਫੌਜਾਂ ਦੇ ਜਵਾਨ ਸ਼ਹੀਦ ਹਨ ਜਿੰਨ੍ਹਾਂ ਨੂੰ ਰਾਜਨੀਤੀਵਾਨਾਂ ਨੇ ਆਪਣੇ ਅੰਦਰੂਨੀ ਖੇਤਰਾਂ ਵਿਚ ਹੀ ਤਾਇਨਾਤ ਕਰਕੇ ਕੁੱਝ ਵੀ ਕਰਦੇ ਰਹਿਣ ਦੀ ਦਿੱਤੀ ਖੁੱਲ੍ਹ ਅਧੀਨ ਲੋਕ ਰੋਹ ਦਾ ਸ਼ਿਕਾਰ ਹੋਣਾ ਪੈਂਦਾ ਹੈ।
‘‘ਦਰਪਣ ਕਰੇ ਸੁਆਲ : ਇਹ ਲੋਕਤੰਤਰ ਹੈ ਜਾਂ ਪੁਲਸਤੰਤਰ” ਵਿਚ ਉਸ ਨੇ ਹਵਾਲੇ ਦੇ ਕੇ ਦਰਸਾਇਆ ਹੈ ਕਿ ਦੇਸ਼ ਦੀ ਪੁਲੀਸ ਸਾਡੇ ਲੋਕਾਂ ਦੀ ਰਾਖੀ ਨਹੀਂ ਬਲਕਿ ਉਨ੍ਹਾਂ ਦੀ ਲੁੱਟ-ਖਸੁੱਟ ਅਤੇ ਗੁੰਡਾਗਰਦੀ ਕਰ ਰਹੀ ਹੈ। ਇਹ ਹੱਕ ਉਨ੍ਹਾਂ ਨੂੰ ਆਪਣੇ ਸੌਡ਼ੇ ਹਿੱਤਾਂ ਦੀ ਪੂਰਤੀ ਲਈ ਇੱਥੋਂ ਦੀਆਂ ਰਾਜ ਕਰ ਰਹੀਆਂ ਧਿਰਾਂ ਨੇ ਦਿੱਤੇ ਹਨ। ਆਮ ਲੋਕ ਪਿਸ ਰਹੇ ਹਨ।
‘‘ਵਧਦੇ ਮੌਤ ਹਾਦਸੇ : ਫੈਲਦਾ ਡੇਰਾ ਸਭਿਆਚਾਰ” ਲੇਖ ਰਾਹੀਂ ਦਵਿੰਦਰ ਨੇ ਦਿਨੋਂ-ਦਿਨ ਡੇਰਿਆਂ ਅਤੇ ਹੋਰ ਧਾਰਮਿਕ ਸਥਾਨਾਂ ਉੱਤੇ ਲੋਕਾਂ ਦੀ ਵਧ ਰਹੀ ਭੀਡ਼ ਪ੍ਰਤੀ ਆਪਣੀ ਚਿੰਤਾ ਦਾ ਇਜ਼ਹਾਰ ਕੀਤਾ ਹੈ, ਕਿ ਇੱਥੇ ਮਚਦੀਆਂ ਭਗਦਡ਼ਾਂ ਅਤੇ ਰਸਤੇ ਵਿਚ ਹੁੰਦੇ ਹਾਦਸਿਆਂ ਵਿਚ ਹੁੰਦੀਆਂ ਅਣਗਿਣਤ ਮੌਤਾਂ ਦੇ ਬਾਵਜੂਦ, ਉੱਥੇ ਜਾਣ ਵਾਲਿਆਂ ਦੀ ਗਿਣਤੀ ਘਟ ਨਹੀਂ ਰਹੀ। ਜੋ ਵਿਗਿਆਨ ਦੇ ਯੁੱਗ ਵਿਚ ਲੋਕਾਂ ਮਨਾਂ ਅੰਦਰ ਵਧ ਰਹੀ ਰੂਡ਼੍ਹੀਵਾਦੀ ਸੋਚ ਦਾ ਪ੍ਰਮਾਣ ਹੈ। ਲੋਕ ਆਪਣੇ ਮੁੱਢਲੀਆਂ ਮਸਲਿਆਂ ਦੇ ਅਸਲੀ ਕਾਰਨਾਂ ਤੋਂ ਭਟਕ ਕੇ ਸਭ ਕੁੱਝ ਪ੍ਰਮਾਤਮਾ ਦੀ ਦੇਣ ਕਹਿ ਕੇ ਸਬਰ ਕਰਨ ਵੱਲ ਮੁਡ਼ ਗਏ ਹਨ, ਜਿਸ ਕਰਕੇ ਰਾਜਨੀਤਿਕ ਧਿਰਾਂ ਲਈ ਅਜਿਹੀਆਂ ਵੋਟਾਂ ਨੂੰ ਆਪਣੇ ਹੱਕ ਵਿਚ ਭੁਗਤਾਉਣਾ ਲੋਕਤੰਤਰ ਲਈ ਸਭ ਤੋਂ ਵੱਡੀ ਮਾਰ ਹੈ।
‘‘ਕਸ਼ਮੀਰ ਗਣਰਾਜ ਦੀ ਯੋਜਨਾ ਅਤੇ ਗ਼ਦਰ ਲਹਿਰ” ਇਹ ਇਤਿਹਾਸਿਕ ਲੇਖ ਹੈ। ਜਿਸ ਵਿਚ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਵੱਲੋਂ ਆਪਣੇ ਮੁਲਕ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਾਉਣ ਲਈ ਉਸਾਰੀ ਗਈ ਗ਼ਦਰ ਲਹਿਰ ਦੇ ਮਨੋਰਥਾਂ ਬਾਰੇ ਚਾਨਣਾ ਪਾਇਆ ਗਿਆ ਹੈ। ਪੂਰੇ ਹਿੰਦੁਸਤਾਨ ਨੂੰ ਇੱਕ ਝਟਕੇ ਨਾਲ ਅੰਗਰੇਜ਼ਾਂ ਤੋਂ ਖੋਹਣ ਦੀ ਬਜਾਏ ਉਨ੍ਹਾਂ ਇਕੱਲੀ-ਇਕੱਲੀ ਰਿਆਸਤ ਨੂੰ ਆਜ਼ਾਦ ਕਰਾਉਣ ਦੀ ਯੋਜਨਾ ਬਣਾਈ। ਸ਼ੁਰੂਆਤ ਕਸ਼ਮੀਰ ਗਣਰਾਜ ਦੀ ਸਥਾਪਤੀ ਤੋਂ ਕਰਨ ਦੀ ਸੀ।
ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਫਲਸਫ਼ੇ ਬਾਰੇ ਵਧੀਆ ਢੰਗ ਨਾਲ ਚਾਨਣਾ ਪਾਉਣ ਤੋਂ ਇਲਾਵਾ ਭਵਿੱਖ ਵਿਚ ਅਮਰ ਸ਼ਹੀਦ ਭਗਤ ਸਿੰਘ ਦੇ ਵੱਖ-ਵੱਖ ਸਮਾਜਿਕ ਪੱਖਾਂ ਤੇ ਵਿਚਾਰ ਅਤੇ ਭਵਿੱਖ ਵਿਚ ਉਹਨਾਂ ਦੀ ਲੋਡ਼ ਵੀ ਦਰਸਾਈ ਹੈ।
‘‘ਮਾਰਦਾ ਦਮਾਮੇ ਜੱਟ… ਕਿੱਥੇ ਹੈ?”, ‘‘ਘਰ ਬਣੇ ਸਮਸ਼ਾਨ : ਕਰਜ਼ਿਆਂ ਮਾਰੀ ਵਿਸਾਖੀ”, ‘‘ਕਿਉਂ ਦੁੱਲਾ ਜੱਟ ਪੰਜਾਬ ਦਾ, ਪੈ ਗਿਆ ਖੁਦਕੁਸ਼ੀਆਂ ਦੇ ਰਾਹ”, ‘‘ਜੋ ਆਏ ਵਿਕਣ ਨੂੰ ਆਏ, ਲੱਭਦਾ ਖਰੀਦਦਾਰ ਨਾ”, ‘‘ਖੇਤਾਂ ਵਾਲਿਆਂ ਦੇ, ਹੋ ਗਏ ਖੇਤ ਬੇਗਾਨੇ”, ‘‘ਪੁੱਤ ਜੱਟਾਂ ਦੇ ਦਿਹਾਡ਼ੀਆਂ ਕਰਦੇ” ਅਤੇ ‘‘ਸ਼ਾਹੂਕਾਰਾਂ ਦਾ ਸਨਮਾਨ : ਜਨਤਕ ਸਰੋਕਾਰਾਂ ਦਾ ਅਪਮਾਨ” ਲੇਖਾਂ ਵਿਚ ਸ਼ਰਮਾਏਦਾਰਾਂ ਪੱਖੀਂ ਸਰਕਾਰਾਂ ਦੀਆਂ ਮਾਡ਼ੀਆਂ ਨੀਤੀਆਂ ਕਾਰਨ, ਅਰਸ਼ ਤੋਂ ਫਰਸ਼ ਤੇ ਪਹੁੰਚੇ ਪੰਜਾਬ ਦੇ ਸ਼ਹਿਨਸ਼ਾਹ ਕਿਸਾਨ ਦੀ ਹੋਣੀ ਦਾ ਚਿਤਰਨ ਕੀਤਾ ਹੈ।
‘‘ਚੋਗਾ ਚੁਗਣ ਗਏ ਖੁਦ ਚੁਗੇ ਗਏ : ਏਜੰਟਾਂ ਦੇ ਸਿਕੰਜੇ ਚ ਫਸੀ ਜੁਆਨੀ”, ‘‘ਵਿਚ ਪ੍ਰਦੇਸ਼ਾਂ ਰੁਲੇ ਜੁਆਨੀ” ਚੰਗੀ ਰੋਟੀ ਦੀ ਆਸ ਵਿਚ ਘਰ ਦੇ ਨਾਂ ਘਾਟ ਦੇ ਰਹਿ ਉੱਜਡ਼ੇ ਨੌਜੁਆਨਾਂ ਦੀ ਤਰਾਸਦੀ ਅਤੇ ‘‘ਔਰਤਾਂ ਦੀ ਵੇਦਨਾ : ਪਰਵਾਸੀ ਕੰਤ, ਭੁੱਲ ਗਏ ਘਰਾਂ ਦਾ ਸਿਰਨਾਵਾਂ” ਡਾਲਰਾਂ, ਪੌਂਡਾਂ ਦੀ ਚਕਾਚੌਂਧ ਵਿਚ ਫਸੇ ਪਰਵਾਸੀਆਂ ਨੂੰ ਉਡੀਕਦਿਆਂ ਬੁਢਾਪੇ ਵੱਲ ਵਧ ਰਹੀਆਂ ਨਾਰਾਂ ਦਾ ਦਰਦ ਹੈ।
‘‘ਜ਼ਿੰਦਗੀ ਦਾ ਮਾਰਗ : ਪੁਸਤਕ ਦਾ ਸਥਾਨ, ਆਕਸੀਜਨ ਅਤੇ ਪਾਣੀ” ਕਿਤਾਬਾਂ ਦਾ ਮਹੱਤਵ ਮਨੁੱਖੀ ਜ਼ਿੰਦਗੀ ਵਿਚ ਬਡ਼ਾ ਅਮੁੱਲ ਹੈ, ਚੰਗੀਆਂ ਕਿਤਾਬਾਂ ਛਪੀਆਂ ਵੀ ਬਹੁਤ ਹਨ, ਫਿਰ ਵੀ ਪਾਠਕ ਇਨ੍ਹਾਂ ਤੋਂ ਦੂਰ ਹਨ। ਇਹ ਵਿਸ਼ਾ ਵੀ ਸੋਚਣ ਦਾ ਹੈ।
‘‘ਸ਼ਰੂ ਵਰਗੀ ਜੁਆਨੀ, ਖਾ ਲਈ ਨਸ਼ਿਆਂ ਨੇ” ਨਸ਼ਿਆਂ ਦੇ ਛੇਵੇਂ ਦਰਿਆ ਵਿਚ ਤਾਰੀਆਂ ਲਾ ਰਹੀ ਪੰਜਾਬ ਦੀ ਜੁਆਨੀ ਨੂੰ ਬਚਾਉਣਾ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸਭ ਤੋਂ ਅਹਿਮ ਗੱਲ ਹੈ।
ਇਸ ਤੋਂ ਇਲਾਵਾ ‘‘ਇਨਕਲਾਬੀ ਸਰਗਰਮੀਆਂ ਦਾ ਕੇਂਦਰ” ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਬਾਰੇ, ‘‘ਗ਼ਦਰ ਦਾ ਇਨਸਾਈਕਲੋਪੀਡੀਆ : ਬਾਬਾ ਬਿਲਗਾ” ਪ੍ਰਸਿੱਧ ਗ਼ਦਰੀ ਬਾਬਾ ਭਗਤ ਸਿੰਘ ਬਿਲਗਾ ਦੀ ਜ਼ਿੰਦਗੀ ਬਾਰੇ ਅਤੇ ਸਿੱਖ ਗੁਰੂਆਂ ਦੀ ਬਾਣੀ ਸੰਬੰਧੀ ‘‘ਲੋਗੁ ਜਾਨੈ ਇਹੁ ਗੀਤੁ ਹੈ…” ਵੀ ਬਹੁਤ ਮਹੱਤਵਪੂਰਨ ਅਤੇ ਜਾਣਕਾਰੀ ਭਰਪੂਰ ਲੇਖ ਹਨ।
ਬਹੁਤ ਹੀ ਰੌਚਕ ਢੰਗ ਨਾਲ ਆਮ ਸ਼ਬਦਾਵਲੀ ਵਿਚ ਲਿਖੀ ਗਈ ਇਹ ਪੁਸਤਕ ‘‘ਤੂਫ਼ਾਨ ਤੋਂ ਪਹਿਲਾਂ” ਗੰਦੀ ਰਾਜਨੀਤੀ ਅਤੇ ਮਾਡ਼ੇ ਪ੍ਰਬੰਧਕੀ ਢਾਂਚੇ ਦੇ ਪਰਖਚੇ ਉਧੇਡ਼ਦੀ ਹੈ। ਹਰ ਸੋਚਵਾਨ ਅਤੇ ਸੂਝਵਾਨ ਪੰਜਾਬੀ ਨੂੰ ਇਹ ਪੁਸਤਕ ਜਰੂਰ ਪਡ਼੍ਹਨੀ ਚਾਹੀਦੀ ਹੈ।
-ਸੁਖਵੀਰ ਜੋਗਾ
ਝੱਬਰ ਰੋਡ, ਨੇਡ਼ੇ ਬੱਸ ਸਟੈਂਡ. ਜੋਗਾ- 151510,
(ਮਾਨਸਾ) ਮੋ : 98150-13046
e-mail : sukhvirjoga0rediffmail.com <mailto:sukhvirjoga0rediffmail.com>
Book Witer- Devinder Pal