ਤੇਜਿੰਦਰ ਸਿੰਘ ਰਿਆੜ/ਜਗਵਿੰਦਰ ਸਿੰਘ
ਕਮਾਦ: ਕਮਾਦ ਦੀ ਫ਼ਸਲ ਨੂੰ 7-12 ਦਿਨਾਂ ਦੇ ਵਕਫ਼ੇ ’ਤੇ ਪਾਣੀ ਦਿਉ ਅਤੇ ਕਮਾਦ ਦੀਆਂ ਕਤਾਰਾਂ ਦੇ ਨਾਲ-ਨਾਲ 65 ਕਿਲੋ ਯੂਰੀਆ ਦੀ ਦੂਜੀ ਕਿਸ਼ਤ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਆਗ ਦੇ ਗੜੂੰਏਂ ਦੇ ਹਮਲੇ ਦੀ ਰੋਕਥਾਮ ਲਈ ਮਿੱਤਰ ਕੀੜੇ (ਟ੍ਰਾਈਕੋਗਰਾਮਾ ਜਪੋਨੀਕਮ) ਰਾਹੀਂ 7 ਦਿਨ ਪਹਿਲਾਂ ਪਰਜੀਵੀ ਕਿਰਿਆ ਕੀਤੇ ਕੌਰਸਾਇਰਾ ਦੇ ਤਕਰੀਬਨ 20,000 ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨ ਦੇ ਫ਼ਰਕ ਨਾਲ ਵਰਤੋ। ਟ੍ਰਾਈਕੋਕਾਰਡਾਂ ਦੀ ਵਰਤੋਂ ਦੇ ਨਾਲ-ਨਾਲ 10 ਫਿਰੋਮੋਨ ਟਰੈਪ ਪ੍ਰਤੀ ਏਕੜ ਵਰਤਣ ਨਾਲ ਆਗ ਦੇ ਗੜੂੰਏਂ ਦੀ ਸੁਚੱਜੀ ਰੋਕਥਾਮ ਕੀਤੀ ਜਾ ਸਕਦੀ ਹੈ। ਜੂਨ ਦੇ ਅਖ਼ੀਰਲੇ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਜੇ ਹਮਲਾ 5 ਫ਼ੀਸਦੀ ਤੋਂ ਵੱਧ ਹੋਵੇ ਤਾਂ 10 ਕਿਲੋ ਫਰਟੇਰਾ 0.4 ਜੀਆਰ ਜਾਂ 12 ਕਿਲੋ ਕਾਰਬੋਫਿਊਰਾਨ 3 ਜੀ ਪ੍ਰਤੀ ਏਕੜ ਦੇ ਹਿਸਾਬ ਨਾਲ ਸ਼ਾਖਾ ਦੇ ਮੁੱਢਾਂ ਨੇੜੇ ਪਾਉ ਅਤੇ ਹਲਕੀ ਮਿੱਟੀ ਚਾੜ੍ਹ ਕੇ ਖੇਤ ਨੂੰ ਪਾਣੀ ਲਾ ਦਿਉ। ਇਸ ਮਹੀਨੇ ਕਈ ਵਾਰ ਕਾਲੇ ਖਟਮਲ ਦਾ ਹਮਲਾ ਖ਼ਾਸ ਕਰ ਕੇ ਮੁੱਢੇ ਕਮਾਦ ’ਤੇ ਕਾਫ਼ੀ ਖ਼ਤਰਨਾਕ ਹੁੰਦਾ ਹੈ। ਇਸ ਦੀ ਰੋਕਥਾਮ 350 ਮਿਲੀਲਿਟਰ ਡਰਸਬਾਨ/ਲੀਥਲ/ ਮਾਸਬਾਨ/ ਗੋਲਡਬਾਨ 20 ਈਸੀ ਨੂੰ 400 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰਨ ਨਾਲ ਕੀਤੀ ਜਾ ਸਕਦੀ ਹੈ। ਛਿੜਕਾਅ ਦਾ ਰੁਖ਼ ਸਿੱਧੇ ਪੱਤਿਆਂ ਦੀ ਗੋਭ ਵੱਲ ਕਰੋ। ਜ਼ਿਆਦਾ ਖੁਸ਼ਕ ਮੌਸਮ ਕਰ ਕੇ ਗੰਨੇ ਦੀ ਫ਼ਸਲ ’ਤੇ ਜੂੰ ਦਾ ਹਮਲਾ ਹੋ ਸਕਦਾ ਹੈ। ਕਮਾਦ ਦੀ ਫ਼ਸਲ ਲਾਗਿਓਂ ਬਰੂ ਦੇ ਬੂਟੇ ਪੁੱਟ ਦਿਉ ਕਿਉਂਕਿ ਇਨ੍ਹਾਂ ਬੂਟਿਆਂ ਤੋਂ ਜੂੰ ਕਮਾਦ ਦੀ ਫ਼ਸਲ ’ਤੇ ਫੈਲਦੀ ਹੈ।
ਕਪਾਹ: ਜੇ ਇਟਸਿਟ ਪਹਿਲੇ ਪਾਣੀ ਨਾਲ ਜਾਂ ਬਾਰਸ਼ਾਂ ਦੇ ਨਾਲ ਫ਼ਸਲ ਵਿੱਚ ਉੱਗ ਪਵੇ ਤਾਂ ਇੱਕ ਲਿਟਰ ਸਟੌਂਪ 30 ਈਸੀ ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਕਪਾਹ ਨੂੰ ਪਾਣੀ ਲਾਉਣ ਤੋਂ ਪਿੱਛੋਂ ਵਰਤੋ। ਸਟੌਂਪ ਨਦੀਨਨਾਸ਼ਕ ਉੱਗੇ ਹੋਏ ਨਦੀਨਾਂ ਨੂੰ ਨਹੀਂ ਮਾਰਦੀ, ਇਸ ਲਈ ਨਦੀਨਨਾਸ਼ਕ ਦੀ ਵਰਤੋਂ ਤੋਂ ਪਹਿਲਾਂ ਉੱਗੇ ਨਦੀਨਾਂ ਦੀ ਗੋਡੀ ਕਰ ਦਿਓ। ਇਸ ਦੇ ਬਦਲ ਵਿੱਚ ਫ਼ਸਲ ਵਿੱਚ ਪਹਿਲੇ ਪਾਣੀ ਤੋਂ ਬਾਅਦ ਖੇਤ ਵੱਤਰ ਆਉਣ ’ਤੇ 500 ਮਿਲੀਲਿਟਰ ਪ੍ਰਤੀ ਏਕੜ ਹਿਟਵੀਡ ਮੈਕਸ 10 ਪ੍ਰਤੀਸ਼ਤ (ਪਾਇਰੀਥਾਇਉਬੈਕ ਸੋਡੀਅਮ 6 ਫ਼ੀਸਦੀ + ਕੁਇਜ਼ਾਲੋਫਾਪ ਇਥਾਇਲ 4 ਫ਼ੀਸਦੀ) ਦਾ ਛਿੜਕਾਅ ਕਰਨ ਤੇ ਘਾਹ ਅਤੇ ਚੌੜੇ ਪੱਤੇ ਵਾਲੇ ਮੌਸਮੀ ਨਦੀਨਾਂ ਦੀ ਚੰਗੀ ਰੋਕਥਾਮ ਕੀਤੀ ਜਾ ਸਕਦੀ ਹੈ। ਇਹ ਨਦੀਨਨਾਸ਼ਕ ਲਪੇਟਾ ਵੇਲ (ਗੁਆਰਾ ਵੇਲ) ਦੀ ਵੀ 2 ਤੋਂ 5 ਪੱਤਿਆਂ ਦੀ ਅਵਸਥਾ ’ਤੇ ਚੰਗਾ ਰੋਕਥਾਮ ਕਰਦੀ ਹੈ। ਨਰਮੇ ਦੀ ਫ਼ਸਲ ਨੂੰ ਵਿਰਲਾ ਕਰਨ ਤੋਂ ਬਾਅਦ ਬੀਟੀ ਰਹਿਤ ਕਿਸਮਾਂ ਲਈ 33 ਕਿਲੋ ਯੂਰੀਆ, ਬੀਟੀ ਨਰਮੇ ਦੀ ਕਿਸਮਾਂ ਲਈ 40 ਕਿਲੋ ਯੂਰੀਆ ਅਤੇ ਬੀਟੀ/ਗ਼ੈਰ ਬੀਟੀ ਹਾਈਬ੍ਰਿਡ ਲਈ 45 ਕਿਲੋ ਯੂਰੀਆ ਪ੍ਰਤੀ ਏਕੜ ਪਾਉ। ਬੀਟੀ ਨਰਮੇ ਵਿੱਚ ਲੋੜ ਅਨੁਸਾਰ ਯੂਰੀਆ ਵਰਤਣ ਲਈ ਪੀਏਯੂ-ਪੱਤਾ ਰੰਗ ਚਾਰਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇ ਖੇਤ ਵਿੱਚ ਬੂਟਿਆਂ ਦੀ ਗਿਣਤੀ ਘੱਟ ਹੋਵੇ ਤਾਂ ਲਿਫਾਫਿਆਂ ਵਿੱਚ ਅਗਾਊਂ ਬੀਜੇ ਤਿੰਨ ਹਫ਼ਤੇ ਦੇ ਨਰਮੇ ਦੇ ਬੂਟੇ ਖੇਤ ਵਿੱਚ ਲਗਾ ਕੇ ਗਿਣਤੀ ਪੂਰੀ ਕਰ ਸਕਦੇ ਹੋ।
ਗਰੈਮਕਸੋਨ (ਪੈਰਾਕੁਏਟ) 0.5 ਲਿਟਰ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਰਤ ਕੇ ਨਰਮੇ ਦੀ ਬਿਜਾਈ ਤੋਂ 6-8 ਹਫ਼ਤੇ ਬਾਅਦ ਨਰਮੇ ਦੀਆਂ ਕਤਾਰਾਂ ਵਿਚਕਾਰ ਸਿੱਧਾ ਛਿੜਕਾਅ ਕਰ ਕੇ ਨਦੀਨਾਂ ’ਤੇ ਚੰਗਾ ਕਾਬੂ ਪਾਇਆ ਜਾ ਸਕਦਾ ਹੈ। ਨਰਮੇ ਦੇ ਬੂਟਿਆਂ ਦੇ ਪੱਤਿਆਂ ’ਤੇ ਛਿੜਕਾਅ ਨਹੀਂ ਪੈਣਾ ਚਾਹੀਦਾ। ਨਰਮੇ ਦੀ ਬਿਜਾਈ ਤੋਂ 6-8 ਹਫ਼ਤਿਆਂ ਬਾਅਦ ਗੋਡੀ ਕਰ ਕੇ ਵੀ ਨਦੀਨ ਕੱਢੇ ਜਾ ਸਕਦੇ ਹਨ। ਨਰਮੇ ਤੋਂ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫ਼ਸਲਾਂ ਜਿਵੇਂ ਬੈਂਗਣ, ਆਲੂ, ਟਮਾਟਰ, ਮਿਰਚਾਂ, ਮੂੰਗੀ ਆਦਿ ’ਤੇ ਵੀ ਪਾਇਆ ਜਾਂਦਾ ਹੈ। ਇਸ ਲਈ ਇਨ੍ਹਾਂ ਫ਼ਸਲਾਂ ਦਾ ਲਗਾਤਾਰ ਸਰਵੇਖਣ ਕਰੋ ਅਤੇ ਲੋੜ ਮੁਤਾਬਕ ਇਸ ਦੀ ਰੋਕਥਾਮ ਕਰੋ। ਇਸ ਮਹੀਨੇ ਨਰਮੇ ਦੀ ਫ਼ਸਲ ’ਤੇ ਵੀ ਚਿੱਟੀ ਮੱਖੀ ਦਾ ਲਗਾਤਾਰ ਸਰਵੇਖਣ ਕਰਦੇ ਰਹੋ। ਹਰੇ ਤੇਲੇ ਦੀ ਰੋਕਥਾਮ ਲਈ 300 ਮਿਲੀਲਿਟਰ ਕੀਫਨ 15 ਈਸੀ (ਟੋਲਫੈਨਪਾਇਰੈਡ) ਜਾਂ 60 ਗ੍ਰਾਮ ਓਸ਼ੀਨ 20 ਐਸਸੀ ਜਾਂ 300 ਮਿਲੀਲਿਟਰ ਨਿਓਨ 5 ਈਸੀ (ਫੈਨਪਾਇਰੋਕਸੀਮੇਟ) ਜਾਂ 80 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) ਜਾਂ 40 ਗ੍ਰਾਮ ਐਕਟਾਰਾ/ ਦੋਤਾਰਾ/ਐਕਸਟਰਾ ਸੁਪਰ/ ਥੌਮਸਨ 25 ਡਬਲਯੂ ਜੀ (ਥਾਇਆਮੀਥਾਕਸਮ) ਨੂੰ 100 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਛਿੜਕੋ। ਖੇਤਾਂ ਵਿੱਚੋਂ ਸ਼ੁਰੂ ਤੋਂ ਹੀ ਪੱਤਾ ਮਰੋੜ ਵਿਸ਼ਾਣੂੰ ਰੋਗ (ਲੀਫ਼ ਕਰਲ) ਵਾਲੇ ਬੂਟੇ ਸਮੇਂ-ਸਮੇਂ ਸਿਰ ਪੁੱਟ ਕੇ ਦਬਾਉਂਦੇ ਰਹੋ। ਸਿਫ਼ਾਰਸ਼ ਕੀਤੇ ਕੀਟਨਾਸ਼ਕ ਵਰਤ ਕੇ ਚਿੱਟੀ ਮੱਖੀ ਦੀ ਰੋਕਥਾਮ ਕਰੋ।
ਝੋਨਾ: ਅੱਧ ਮਈ ਵਿੱਚ ਬੀਜੀ ਝੋਨੇ ਦੀ ਪਨੀਰੀ ਨੂੰ ਯੂਰੀਆ ਦੀ ਦੂਜੀ ਖ਼ੁਰਾਕ (26 ਕਿਲੋ/ਏਕੜ) ਪਾਉ ਤਾਂ ਜੋ ਖੇਤ ਵਿੱਚ ਲਗਾਉਣ ਲਈ ਪਨੀਰੀ ਸਮੇਂ ਸਿਰ ਤਿਆਰ ਹੋ ਜਾਵੇ। ਝੋਨੇ ਦੀਆਂ ਪੀਆਰ 131, ਪੀਆਰ 129, ਪੀਆਰ 128, ਪੀਆਰ 121, ਪੀਆਰ 122, ਪੀਆਰ 114 ਅਤੇ ਪੀਆਰ 113 ਕਿਸਮਾਂ ਨੂੰ 20 ਜੂਨ ਤੋਂ ਅਤੇ ਪੀਆਰ 127, ਪੀਆਰ 130, ਐਚਕੇਆਰ 147 ਅਤੇ ਪੀਆਰ 126 ਨੂੰ 25 ਜੂਨ ਤੋਂ ਖੇਤਾਂ ਵਿੱਚ ਲਗਾਉਣੀਆਂ ਸ਼ੁਰੂ ਕਰ ਦਿਉ। ਪੀਆਰ 126 ਕਿਸਮ ਦੀ ਲਵਾਈ 20 ਜੁਲਾਈ ਤੱਕ ਖੇਤਾਂ ਵਿੱਚ ਕਰ ਸਕਦੇ ਹਾਂ। ਝੋਨੇ ਦੀ ਪੀਆਰ 126 ਕਿਸਮ ਜਲਦੀ ਖੇਤ ਖ਼ਾਲੀ ਕਰ ਦਿੰਦੀ ਹੈ ਅਤੇ ਆਲੂ, ਮਟਰ ਅਤੇ ਬਰਸੀਮ ਦੀਆਂ ਫ਼ਸਲਾਂ ਦੀ ਸਮੇਂ ਸਿਰ ਬਿਜਾਈ ਹੋ ਜਾਂਦੀ ਹੈ। ਖੇਤ ਵਿੱਚ ਲਾਉਣ ਸਮੇਂ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਲਈ 30-35 ਦਿਨਾਂ ਦੀ ਜਦੋਂਕਿ ਥੋੜ੍ਹਾ ਸਮਾਂ ਲੈਣ ਵਾਲੀਆਂ ਕਿਸਮਾਂ (ਪੀਆਰ 126) ਲਈ 25 ਤੋਂ 30 ਦਿਨਾਂ ਦੀ ਪਨੀਰੀ ਵਰਤੋ। ਆਮ ਕਰ ਕੇ ਹਲਕੀਆਂ ਜ਼ਮੀਨਾਂ ’ਤੇ ਝੋਨੇ ਦੀ ਪਨੀਰੀ ਪੀਲੀ ਜਾਂ ਚਿੱਟੀ ਜਿਹੀ ਹੋ ਜਾਂਦੀ ਹੈ। ਇਸ ਦੀ ਰੋਕਥਾਮ ਲਈ 0.5 ਤੋਂ 1 ਕਿਲੋ ਫੈਰਸ ਸਲਫੇਟ, 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਹਫ਼ਤੇ-ਹਫ਼ਤੇ ਦੇ ਵਕਫ਼ੇ ’ਤੇ ਇਹ ਛਿੜਕਾਅ 2-3 ਵਾਰੀ ਦੁਹਰਾਉ। ਝੋਨੇ ਦੀ ਪਨੀਰੀ ਨੂੰ ਖੇਤ ਵਿੱਚ ਲਗਾਉਣ ਸਮੇਂ ਦਰਮਿਆਨੀਆਂ ਜ਼ਮੀਨਾਂ ਵਿੱਚ 30 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਪਾਉ ਪਰ ਜੇ ਯੂਰੀਆ ਦੀ ਵਰਤੋਂ ਪੱਤਾ ਰੰਗ ਚਾਰਟ ਅਨੁਸਾਰ ਕਰਨੀ ਹੋਵੇ ਤਾਂ ਬਿਜਾਈ ਵੇਲੇ 25 ਕਿਲੋ ਯੂਰੀਆ/ਏਕੜ ਪਾਉ। ਜਿੱਥੇ ਕਣਕ ਤੋਂ ਬਾਅਦ ਝੋਨਾ ਬੀਜਣਾ ਹੋਵੇ ਅਤੇ ਸਿਫ਼ਾਰਸ਼ ਕੀਤੀ ਗਈ ਫਾਸਫੋਰਸ ਕਣਕ ਨੂੰ ਪਾਈ ਹੋਵੇ ਤਾਂ ਝੋਨੇ ਨੂੰ ਫਾਸਫੋਰਸ ਖਾਦ ਨਾ ਪਾਉ। ਮਿੱਟੀ ਪਰਖ ਦੇ ਆਧਾਰ ’ਤੇ ਜਿਨ੍ਹਾਂ ਖੇਤਾਂ ਵਿੱਚ ਫਾਸਫੋਰਸ ਘੱਟ ਹੈ, ਉੱਥੇ 75 ਕਿਲੋ ਸਿੰਗਲ ਸੁਪਰਫਾਸਫੇਟ ਜਾਂ 27 ਕਿਲੋ ਡੀਏਪੀ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਖਾਦਾਂ ਦੀ ਸਹੀ ਅਤੇ ਸੰਤੁਲਤ ਵਰਤੋਂ ਕਰੋ। ਝੋਨੇ ਵਿੱਚ ਜ਼ਿੰਕ ਦੀ ਘਾਟ ਦੂਰ ਕਰਨ ਲਈ ਜੇ ਲੋੜ ਹੋਵੇ ਤਾਂ ਕੱਦੂ ਕਰਨ ਸਮੇਂ ਹੀ 25 ਕਿਲੋ ਜ਼ਿੰਕ ਸਲਫੇਟ (21%) ਜਾਂ 16 ਕਿਲੋ ਜ਼ਿੰਕ ਸਲਫੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਜੇ ਹਰੀ ਖਾਦ ਲਈ ਢੈਂਚਾ ਬੀਜਿਆ ਹੈ ਤਾਂ ਇਸ ਨੂੰ ਕੱਦੂ ਕਰਨ ਸਮੇਂ ਖੇਤ ਵਿੱਚ ਵਾਹ ਦਿਉ। ਜੇ ਹਰੀ ਖਾਦ ਕਰਨੀ ਹੋਵੇ ਤਾਂ ਪਨੀਰੀ ਲਗਾਉਣ ਤੋਂ ਇੱਕ ਦਿਨ ਪਹਿਲਾਂ ਹਰੀ ਖਾਦ ਦੀ ਫ਼ਸਲ ਖੇਤ ਵਿੱਚ ਦਬਾ ਦਿਉ। ਨਦੀਨਾਂ ਦੀ ਰੋਕਥਾਮ ਲਈ 45 ਗ੍ਰਾਮ ਟੌਪਸਟਾਰ 80 ਤਾਕਤ ਜਾਂ 60 ਗ੍ਰਾਮ ਸਾਥੀ (ਪਾਈਰੋਜ਼ੋਸਲਫੂਰਾਨ ਈਥਾਈਲ) 10 ਤਾਕਤ ਜਾਂ 1200 ਮਿਲੀਲਿਟਰ ਕੋਈ ਵੀ ਸਿਫ਼ਾਰਸ਼ ਕੀਤੀ ਨਦੀਨਨਾਸ਼ਕ ਬੂਟਾਕਲੋਰ 50 ਤਾਕਤ ਜਾਂ 500 ਮਿਲੀਲਿਟਰ ਅਨੀਲੋਫਾਸ 30 ਤਾਕਤ ਜਾਂ ਪਰੀਟੀਲਾਕਲੋਰ 50 ਤਾਕਤ 600 ਮਿਲੀਲਿਟਰ ਜਾਂ ਪਰੀਟੀਲਾਕਲੋਰ 37 ਈਡਬਲਯੂ 750 ਮਿਲੀਲਿਟਰ ਜਾਂ ਸਟੌਂਪ 30 ਤਾਕਤ 1000-1200 ਮਿਲੀਲਿਟਰ ਪ੍ਰਤੀ ਏਕੜ ਨੂੰ 60 ਕਿਲੋ ਰੇਤ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਪਨੀਰੀ ਪੁੱਟ ਕੇ ਖੇਤ ਵਿੱਚ ਲਾਉਣ ਤੋਂ ਦੋ-ਤਿੰਨ ਦਿਨਾਂ ਦੇ ਵਿੱਚ ਖੜ੍ਹੇ ਪਾਣੀ ਵਿੱਚ ਇਨ੍ਹਾਂ ਵਿੱਚੋਂ ਕੋਈ ਇੱਕ ਨਦੀਨਨਾਸ਼ਕ ਦਾ ਇੱਕਸਾਰ ਛੱਟਾ ਦਿਉ।
ਪੰਜਾਬ ਬਾਸਮਤੀ-7, ਪੰਜਾਬ ਬਾਸਮਤੀ-5, ਪੂਸਾ 1121, ਪੂਸਾ ਬਾਸਮਤੀ 1847 ਅਤੇ ਪੂਸਾ ਬਾਸਮਤੀ 1718 ਦੀ ਪਨੀਰੀ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਬੀਜੋ। ਸੀਐਸਆਰ 30 ਅਤੇ ਪੂਸਾ ਬਾਸਮਤੀ-1509 ਦੀ ਪਨੀਰੀ ਜੂਨ ਦੇ ਦੂਜੇ ਪੰਦਰਵਾੜੇ ਵਿੱਚ ਹੀ ਬੀਜੋ। ਬਾਸਮਤੀ ਕਿਸਮਾਂ ਨੂੰ ਬੀਜ ਰਾਹੀਂ ਲੱਗਣ ਵਾਲੀਆਂ ਬਿਮਾਰੀਆਂ (ਝੰਡਾ ਰੋਗ) ਤੋਂ ਬਚਾਉਣ ਲਈ 3 ਗ੍ਰਾਮ ਸਪਰਿੰਟ ਨੂੰ 10-12 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਬੀਜੋ
ਮੱਕੀ: ਨੀਮ ਪਹਾੜੀ ਇਲਾਕਿਆਂ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਮੱਕੀ ਦੀ ਬਿਜਾਈ ਸ਼ੁਰੂ ਕਰ ਦਿਉ। ਜੇ ਨਦੀਨ ਨਾ ਹੋਣ ਤਾਂ ਵਹਾਈ ਤੋਂ ਬਗੈਰ ਵੀ ਬਿਜਾਈ ਕੀਤੀ ਜਾ ਸਕਦੀ ਹੈ। ਨਦੀਨਾਂ ਦੀ ਰੋਕਥਾਮ ਲਈ ਐਟਰਾਟਾਫ 50 ਘੁਲਣਸ਼ੀਲ (ਐਟਰਾਜ਼ੀਨ) 800 ਗ੍ਰਾਮ ਪ੍ਰਤੀ ਏਕੜ ਨੂੰ ਭਾਰੀਆਂ ਜ਼ਮੀਨਾਂ ਲਈ ਅਤੇ 500 ਗ੍ਰਾਮ ਨੂੰ ਹਲਕੀਆਂ ਜ਼ਮੀਨਾਂ ਲਈ ਬਿਜਾਈ ਦੇ ਦੱੱਸ ਦਿਨ ਅੰਦਰ ਵਰਤੋ। ਮੱਕੀ ਨੂੰ ਖਾਲੀਆਂ ਵਿੱਚ ਵੀ ਬੀਜਿਆ ਜਾ ਸਕਦਾ ਹੈ। ਇਸ ਨਾਲ ਸਿੰਜਾਈ ਵਾਲਾ ਪਾਣੀ ਵੀ ਬਚੇਗਾ ਅਤੇ ਫ਼ਸਲ ਵੀ ਨਹੀਂ ਡਿੱਗੇਗੀ। ਜੇ ਮੱਕੀ, ਕਣਕ ਤੋਂ ਬਾਅਦ ਬੀਜਣੀ ਹੋਵੇ ਜਿਸ ਨੂੰ ਫਾਸਫੋਰਸ ਸਿਫ਼ਾਰਸ਼ ਕੀਤੀ ਮਾਤਰਾ ਅਨੁਸਾਰ ਪਾਈ ਹੋਵੇ ਤਾਂ ਮੱਕੀ ਨੂੰ ਇਹ ਖਾਦ ਪਾਉਣ ਦੀ ਲੋੜ ਨਹੀਂ। ਪੀਐੱਮਐੱਚ 11, ਪੀਐੱਮਐੱਚ 1, ਪ੍ਰਭਾਤ ਅਤੇ ਪੰਜਾਬ ਸਵੀਟ ਕੌਰਨ ਲਈ 37 ਕਿਲੋ ਯੂਰੀਆ/ਏਕੜ ਅਤੇ ਪੀਐੱਮਐੱਚ 2, ਕੇਸਰੀ ਅਤੇ ਪਰਲ ਪੌਪਕੌਰਨ ਕਿਸਮਾਂ ਲਈ 25 ਕਿਲੋ ਯੂਰੀਆ/ਏਕੜ ਬਿਜਾਈ ਵੇਲੇ ਪਾਉ। ਫਾਲ ਅਰਮੀਵਰਮ ਦਾ ਹਮਲਾ ਜੇ ਧੌੜੀਆਂ ਵਿੱਚ ਹੋਵੇ ਜਾਂ ਫ਼ਸਲ 40 ਦਿਨਾਂ ਤੋਂ ਵੱਡੀ ਹੋਵੇ ਅਤੇ ਛਿੜਕਾਅ ਵਿੱਚ ਮੁਸ਼ਕਿਲ ਹੋਵੇ ਤਾਂ ਮਿੱਟੀ ਤੇ ਕੀਟਨਾਸ਼ਕ ਦੇ ਮਿਸ਼ਰਨ (ਲਗਪਗ ਅੱਧਾ ਗ੍ਰਾਮ) ਨੂੰ ਹਮਲੇ ਵਾਲੀਆਂ ਗੋਭਾਂ ’ਚ ਪਾ ਕੇ ਫ਼ਾਲ ਆਰਮੀਵਰਮ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਮਿਸ਼ਰਨ ਬਣਾਉਣ ਲਈ 5 ਮਿਲੀਲਿਟਰ ਕੋਰਾਜਨ 18.5 ਐਸਸੀ ਜਾਂ ਡੈਲੀਗੇਟ 11.7 ਐਸਸੀ ਜਾਂ ਮਿਜ਼ਾਈਲ 5 ਐਸਜੀ ਜਾਂ 25 ਗ੍ਰਾਮ ਡੇਲਫਿਨ ਡਬਲੂਜੀ ਜਾਂ 25 ਮਿਲੀਲਿਟਰ ਡਾਈਪਲ 8 ਐਲ ਨੂੰ 10 ਮਿਲੀਲਿਟਰ ਪਾਣੀ ’ਚ ਘੋਲ ਕੇ ਕਿਲੋ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਓ।
ਸਾਉਣੀ ਦੀਆਂ ਦਾਲਾਂ: ਮਾਂਹ ਦੀ ਬਿਜਾਈ ਜੂਨ ਦੇ ਅਖ਼ੀਰਲੇ ਹਫ਼ਤੇ ਖ਼ਾਸ ਕਰ ਕੇ ਹਲਕੀਆਂ ਜ਼ਮੀਨਾਂ ਤੇ 6-8 ਕਿਲੋ ਬੀਜ ਪ੍ਰਤੀ ਏਕੜ ਵਰਤ ਕੇ ਕਰਨੀ ਚਾਹੀਦੀ ਹੈ। ਮਾਂਹ ਨੂੰ 11 ਕਿਲੋ ਯੂਰੀਆ, 60 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਬਿਜਾਈ ਵੇਲੇ ਪਾਉ।
ਹਰੇ ਚਾਰੇ ਦੀ ਕਾਸ਼ਤ: ਬੀਜ ਲਈ ਬਰਸੀਮ ਦੀ ਫ਼ਸਲ ਨੂੰ ਕੱਟ ਕੇ ਸੁਕਾ ਲਵੋ ਅਤੇ ਛੱਟ ਕੇ ਬਾਰਸ਼ਾਂ ਤੋਂ ਪਹਿਲਾਂ ਸੰਭਾਲ ਲਵੋ। ਚਾਰੇ ਦੀ ਫ਼ਸਲ ਨੂੰ ਪਾਣੀ ਦਿੰਦੇ ਰਹੋ ਅਤੇ ਸੋਕਾ ਨਾ ਲੱਗਣ ਦੇਵੋ। ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਲਈ ਚਾਰੇ ਵਾਲੀਆਂ ਫ਼ਸਲਾਂ ਦੀ ਸਮੇਂ ਸਿਰ ਬਿਜਾਈ ਕਰਦੇ ਰਹੋ। ਚਾਰੇ ਵਾਲੀ ਫ਼ਸਲ ਦੀ ਕਟਾਈ ਢੁਕਵੇਂ ਸਮੇਂ ’ਤੇ ਕਰੋ ਜਾਂ ਜਦੋਂ ਫ਼ਸਲ ਕਟਾਈ ਦੀ ਅਵਸਥਾ ਵਿੱਚ ਹੋਵੇ। ਇਸ ਤਰ੍ਹਾਂ ਪਸ਼ੂਆਂ ਨੂੰ ਸਸਤਾ ਤੇ ਵਧੀਆ ਚਾਰਾ ਮਿਲ ਸਕੇਗਾ ਅਤੇ ਦੁੱਧ ਪੈਦਾ ਕਰਨ ਲਈ ਖ਼ਰਚਾ ਵੀ ਘਟੇਗਾ।
ਸਬਜ਼ੀਆਂ: ਭਿੰਡੀ ਦੀਆਂ ਪੰਜਾਬ ਸੁਹਾਵਣੀ ਜਾਂ ਪੰਜਾਬ ਲਾਲਿਮਾ ਕਿਸਮਾਂ ਬੀਜਣੀਆਂ ਸ਼ੁਰੂ ਕਰ ਦਿਉ ਕਿਉਂਕਿ ਇਹ ਕਿਸਮਾਂ ਪੀਲੇ ਵਿਸ਼ਾਣੂੰ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀਆਂ ਹਨ। 15-20 ਟਨ ਗਲੀ-ਸੜੀ ਰੂੜੀ ਤੋਂ ਇਲਾਵਾ 40 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਪਾਉ। ਸਬਜ਼ੀਆਂ ਦੀਆਂ ਖੜ੍ਹੀਆਂ ਫ਼ਸਲਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਪਾਣੀ ਦਿਉ ਪਰ ਹਲਕੀਆਂ ਜ਼ਮੀਨਾਂ ਵਿੱਚ ਇਹ ਵਕਫ਼ਾ ਚਾਰ ਤੋਂ ਪੰਜ ਦਿਨਾਂ ਬਾਅਦ ਕਰ ਦਿਉ। ਗੋਭੀ ਦੀਆਂ ਅਗੇਤੀਆਂ ਕਿਸਮਾਂ ਦਾ 500 ਗ੍ਰਾਮ ਬੀਜ ਅਤੇ ਬੈਂਗਣ ਦੀਆਂ ਪੀਬੀਐੱਚਆਰ -41, ਪੀਬੀਐੱਚਆਰ-42, ਪੀਬੀਐੱਚ-3, ਪੀਬੀਐੱਚ-5, ਪੀਬੀਐੱਚ-6, ਪੰਜਾਬ ਹਿੰਮਤ, ਪੰਜਾਬ ਰੌਣਕ ਅਤੇ ਪੰਜਾਬ ਭਰਪੂਰ ਕਿਸਮਾਂ ਦਾ 300 ਗ੍ਰਾਮ ਬੀਜ ਇੱਕ ਏਕੜ ਦੀ ਨਰਸਰੀ ਤਿਆਰ ਕਰਨ ਲਈ ਇੱਕ ਮਰਲੇ ਵਿੱਚ ਬਿਜਾਈ ਕਰੋ। ਸਾਉਣੀ ਦੇ ਗੰਢਿਆਂ ਦੀ ਐਗਰੀਫਾਊਂਡ ਡਾਰਕ ਰੈੱਡ ਕਿਸਮ ਦਾ 5 ਕਿਲੋ ਬੀਜ 8 ਮਰਲੇ ਜਗ੍ਹਾ ਵਿੱਚ ਬੀਜ ਕੇ ਇੱਕ ਏਕੜ ਦੀ ਪਨੀਰੀ ਤਿਆਰ ਕਰੋ।
ਬਾਗ਼ਬਾਨੀ: ਫ਼ਲਾਂ ਨਾਲ ਲੱਦੇ ਬੂਟੇ ਜਿਵੇਂ ਕਿ ਨਿੰਬੂ, ਅੰਬ, ਨਾਸ਼ਪਾਤੀ, ਲੀਚੀ ਆਦਿ ਨੂੰ ਪਾਣੀ ਸਹੀ ਵਕਫ਼ੇ ’ਤੇ ਦਿੰਦੇ ਰਹੋ। ਲੀਚੀ ਦੇ ਦਰੱਖ਼ਤਾਂ ਨੂੰ ਹਫ਼ਤੇੇ ਵਿੱਚ ਦੋ ਵਾਰ ਪਾਣੀ ਦੇਣ ਨਾਲ ਫ਼ਲ ਘਟ ਫਟਦਾ ਹੈ ਅਤੇ ਫ਼ਲ ਦਾ ਆਕਾਰ ਵੀ ਵਧੀਆ ਹੁੰਦਾ ਹੈ। ਨਵੇਂ ਨਰਮ ਪੌਦਿਆਂ ਨੂੰ ਗਰਮੀ ਤੋਂ ਬਚਾਉਣ ਲਈ ਲਗਾਤਾਰ ਅਤੇ ਹਲਕੀਆਂ ਸਿੰਜਾਈਆਂ ਕਰਦੇ ਰਹੋ, ਤਣਿਆਂ ਤੇ ਚੂਨੇ ਦਾ ਘੋਲ ਲਗਾਉ ਜਾਂ ਕਿਸੇ ਬੋਰੀ ਜਾਂ ਕੱਪੜੇ ਨਾਲ ਢੱਕ ਦਿਉ। ਇਸ ਮਹੀਨੇ ਅਮਰੂਦਾਂ ਦੇ ਬੂਟਿਆਂ ਨੂੰ ਜੁਲਾਈ-ਅਗਸਤ ਆਉਣ ਵਾਲੇ ਫੁਟਾਰੇ ਦੇ ਚੰਗੇ ਵਾਧੇ ਲਈ ਰਸਾਇਣਕ ਖਾਦਾਂ ਪਾ ਦਿਉ ਤਾਂ ਜੋ ਅਗਸਤ-ਸਤੰਬਰ ਵਿੱਚ ਵੱਧ ਤੋਂ ਵੱਧ ਫੁੱਲ ਪੈਣ। ਅਮਰੂਦਾਂ ਦੇ ਬਾਗਾ ਨੂੰ ਜੂਨ ਮਹੀਨੇ ਵਾਹ ਦਿਉ ਤਾਂ ਕਿ ਬਾਗ਼ ਨਦੀਨ ਮੁਕਤ ਹੋ ਸਕਣ ਅਤੇ ਫਲ ਦੀ ਮੱਖੀ ਦੇ ਕੋਏ ਘਟ ਸਕਣ। ਸੰਤਰੇ ਅਤੇ ਮਾਲਟਿਆਂ ਨੂੰ ਕੋਹੜ (ਸਕੈਬ) ਰੋਗ ਤੋਂ ਬਚਾਉਣ ਲਈ ਬੋਰਡੋ ਮਿਸ਼ਰਨ (2:2:250) ਜਾਂ 0.3 ਫ਼ੀਸਦੀ ਕੌਪਰ ਔਕਸਕਲੋਰਾਈਡ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਇਸੇ ਤਰ੍ਹਾਂ ਅੰਬਾਂ ਅਤੇ ਨਾਖ਼ਾਂ ਦੇ ਬੂਟਿਆਂ ਨੂੰ ਉੱਲੀ ਦੇ ਰੋਗਾਂ ਤੋਂ ਬਚਾਉਣ ਲਈ ਵੀ ਬੋਰਡੋ ਮਿਸ਼ਰਨ ਦਾ ਛਿੜਕਾਅ ਕਰੋ। ਅੰਗੂਰਾਂ ਦੇ ਗੁੱਛਿਆਂ ਨੂੰ ਗਲਣ ਤੋਂ ਬਚਾਉਣ ਲਈ 0.2 ਪ੍ਰਤੀਸ਼ਤ (2 ਗ੍ਰਾਮ ਪ੍ਰਤੀ ਲਿਟਰ ਪਾਣੀ) ਜ਼ੀਰਮ ਦਾ ਛਿੜਕਾਅ ਕਰੋ ਇਹ ਛਿੜਕਾਅ ਤੁੜਾਈ ਤੋਂ 7 ਦਿਨ ਪਹਿਲਾਂ ਬੰਦ ਕਰ ਦਿਉ।
ਡੇਅਰੀ ਫਾਰਮਿੰਗ: ਮੱਝਾਂ ਵਿੱਚ ਗਰਮੀ ਦੇ ਮਹੀਨਿਆਂ ਵਿੱਚ ਗੂੰਗੇ ਹੇਹੇ ਦੀ ਮੁਸ਼ਕਿਲ ਆ ਜਾਂਦੀ ਹੈ। ਸਵੇਰੇ-ਸਵੇਰੇ ਅਤੇ ਸ਼ਾਮ ਵੇਲੇ ਹੇਹੇ ਦੀਆਂ ਨਿਸ਼ਾਨੀਆਂ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ ਜੇ ਮੱਝਾਂ ਤਾਰਾਂ ਕਰਦੀਆਂ ਹਨ ਤਾਂ ਇਹ ਹੇਹੇ ਦੀ ਨਿਸ਼ਾਨੀ ਹੈ। ਪਸ਼ੂਆਂ ਨੂੰ ਹੇਹੇ ਵਿੱਚ ਆਉਣ ਦੇ 10-12 ਘੰਟੇ ਬਾਅਦ ਗਰਭਦਾਨ ਕਰਵਾਓ। ਜੇ ਪਸ਼ੂਆਂ ਨੂੰ ਗਲ-ਘੋਟੂ ਅਤੇ ਪੱਟ-ਸੋਜ ਦੇ ਟੀਕੇ ਨਾ ਲਗਵਾਏ ਹੋਣ ਤਾਂ ਇਹ ਬਿਮਾਰੀਆਂ ਵੱਡਾ ਨੁਕਸਾਨ ਕਰ ਸਕਦੀਆਂ ਹਨ। ਸੋ ਜੇ ਟੀਕੇ ਪਹਿਲਾਂ ਨਹੀਂ ਲਵਾਏ ਤਾਂ ਲਵਾ ਲੈਣੇ ਚਾਹੀਦੇ ਹਨ। ਪਸ਼ੂਆਂ ਨੂੰ ਚਿੱਚੜਾਂ, ਜੂੰਆਂ, ਮੱਖੀਆਂ ਅਤੇ ਮਲੱਪਾਂ ਤੋਂ ਬਚਾਉਣਾ ਚਾਹੀਦਾ ਹੈ ਸੋ, ਇਨ੍ਹਾਂ ਦੇ ਖ਼ਾਤਮੇ ਲਈ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਮੌਸਮ ਵਿੱਚ ਪਸ਼ੂਆਂ ਨੂੰ ਹਵਾਦਾਰ ਸ਼ੈੱਡ ਅੰਦਰ ਰੱਖੋ। ਉਨ੍ਹਾਂ ਨੂੰ ਠੰਢਾ ਅਤੇ ਤਾਜ਼ਾ ਪਾਣੀ ਦਿਉ। ਵਧੇਰੇ ਦੁੱਧ ਦੇਣ ਵਾਲੇ ਪਸ਼ੂਆਂ ਦਾ ਇਸ ਮੌਸਮ ਵਿੱਚ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ। ਪਾਣੀ ਦੀ ਵਧਦੀ ਹੋਈ ਮੰਗ ਦੇਖਦੇ ਹੋਏ ਪਾਣੀ ਵਾਲੇ ਬਰਤਨਾਂ ਦੀ ਗਿਣਤੀ ਦੁੱਗਣੀ ਕਰ ਦੇਣੀ ਚਾਹੀਦੀ ਹੈ। ਪਾਣੀ ਨੂੰ ਜ਼ਿਆਦਾ ਵਾਰ ਬਦਲਣਾ ਚਾਹੀਦਾ ਹੈ ਤਾਂ ਜੋ ਮੁਰਗੀਆਂ ਨੂੰ ਠੰਢਾ ਪਾਣੀ ਮਿਲ ਸਕੇ। ਸ਼ੈੱਡ ਵਿੱਚ ਫੁਹਾਰੇ ਲਗਾਓ ਅਤੇ ਕੂਲਰ ਲਗਾਓ। ਸ਼ੈੱਡ ਦੇ ਆਲੇ-ਦੁਆਲੇ ਰੁੱਖ ਲਗਾਉਣੇ ਚਾਹੀਦੇ ਹਨ ਕਿਉਂਕਿ ਹਰਿਆਵਲ ਗਰਮੀ ਨੂੰ ਘਟਾਉਂਦੀ ਹੈ। ਸ਼ੈੱਡ ਦੀ ਛੱਤ ਨੂੰ ਚਿੱਟੀ ਕਲੀ ਕਰ ਦੇਣੀ ਚਾਹੀਦੀ ਹੈ ਤਾਂ ਜੋ ਗਰਮੀ ਦੇ ਅਸਰ ਨੂੰ ਘੱਟ ਕੀਤਾ ਜਾ ਸਕੇ। ਖ਼ੁਰਾਕ ਵਿੱਚ ਪ੍ਰੋਟੀਨ, ਧਾਤਾਂ, ਇਲੈਕਟਰੋਲਾਈਟ ਅਤੇ ਵਿਟਾਮਿਨ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ ਤਾਂ ਜੋ ਮੁਰਗੀਆਂ ਨੂੰ ਲੋੜੀਂਦੇ ਤੱਤ ਮਿਲ ਸਕਣ।
(ਪੰਜਾਬੀ ਟ੍ਰਿਬਊਨ ਤੋਂ ਧੰਨਵਾਦ ਸਹਿਤ)