ਅਸ਼ਵਨੀ ਚਤਰਥ

ਧਰਤੀ ਦੇ ਸੱਤ ਮਹਾਂਦੀਪ ਹਨ: ਏਸ਼ੀਆ, ਅਫਰੀਕਾ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਯੂਰਪ, ਆਸਟਰੇਲੀਆ ਅਤੇ ਅੰਟਾਰਕਟਿਕ। ਰਕਬੇ ਪੱਖੋਂ ਅੰਟਾਰਕਟਿਕ ਪੰਜਵੇਂ ਨੰਬਰ ’ਤੇ ਆਉਂਦਾ ਹੈ ਅਤੇ ਸਭ ਤੋਂ ਠੰਢਾ ਮਹਾਂਦੀਪ ਹੈ। 1.4 ਕਰੋੜ ਵਰਗ ਕਿਲੋਮੀਟਰ ਵਿੱਚ ਫੈਲੇ ਇਸ ਮਹਾਂਦੀਪ ਦਾ 98 ਫ਼ੀਸਦੀ ਹਿੱਸਾ ਬਰਫ਼ ਨਾਲ ਢਕਿਆ ਹੋਇਆ ਹੈ।

ਅੰਟਾਰਕਟਿਕ ਦੀ ਬਰਫ਼ ਦਾ 44 ਫ਼ੀਸਦੀ ਹਿੱਸਾ ਪਾਣੀ ਉੱਤੇ ਤੈਰਦੀ ਬਰਫ਼, 38 ਫ਼ੀਸਦੀ ਹਿੱਸਾ ਜ਼ਮੀਨ ਉੱਤੇ ਮੌਜੂਦ ਬਰਫ਼ ਅਤੇ ਬਾਕੀ ਬਰਫ਼ ਪਹਾੜੀਆਂ ਤੇ ਤੋਦਿਆਂ ਦੇ ਰੂਪ ਵਿੱਚ ਹੈ। ਇਸ ਜੰਮੇ ਹੋਏ ਰੇਗਿਸਤਾਨ (Frozen Desert) ਦਾ ਜਿਹੜਾ ਦੋ ਫ਼ੀਸਦੀ ਹਿੱਸਾ ਜ਼ਮੀਨੀ ਹੈ ਉਸ ਉੱਤੇ ਘਾਹ, ਮੌਸ, ਫਰਨ, ਕਾਈ, ਫੰਗਸ ਅਤੇ ਲਾਈਕਨ ਆਦਿ ਦੀਆਂ ਕੁਝ ਪ੍ਰਜਾਤੀਆਂ ਮਿਲਦੀਆਂ ਹਨ।

ਇੱਥੇ ਮਿਲਣ ਵਾਲੇ ਜੰਤੂ ਹਨ ਸੀਲ, ਬਲੂ ਵ੍ਹੇਲ, ਆਈਸ ਫਿਸ਼, ਕਰਿਲ ਮੱਛੀਆਂ, ਸਨੋਅ ਪੈਟਰਲ ਅਤੇ ਸਤਾਰਾਂ ਪ੍ਰਜਾਤੀਆਂ ਦੇ ਪੈਂਗੂਇਨ ਆਦਿ। ਧਰਤੀ ਦੇ ਦੱਖਣੀ ਧੁਰੇ ਉੱਤੇ ਸਥਿਤ ਇਸ ਮਹਾਂਦੀਪ ਨੂੰ ਪ੍ਰਸ਼ਾਂਤ ਮਹਾਂਸਾਗਰ, ਐਟਲਾਂਟਿਕ ਮਹਾਂਸਾਗਰ ਅਤੇ ਹਿੰਦ ਮਹਾਂਸਾਗਰ ਨੇ ਆਲੇ-ਦੁਆਲੇ ਤੋਂ ਘੇਰਿਆ ਹੋਇਆ ਹੈ। ਇਸ ਇਲਾਕੇ ਵਿੱਚ ਸਾਰਾ ਸਾਲ ਠੰਢੀਆਂ ਅਤੇ ਤੇਜ਼ ਹਵਾਵਾਂ ਚੱਲਦੀਆਂ ਰਹਿੰਦੀਆਂ ਹਨ ਜਿਨ੍ਹਾਂ ਦੀ ਰਫ਼ਤਾਰ ਦੋ ਸੌ ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋ ਸਕਦੀ ਹੈ।

ਇਹ ਦੁਨੀਆ ਭਰ ਦਾ ਸਭ ਤੋਂ ਠੰਢਾ ਖੇਤਰ ਹੋਣ ਦੇ ਨਾਲ-ਨਾਲ ਸਭ ਤੋਂ ਖੁਸ਼ਕ ਇਲਾਕਾ ਵੀ ਹੈ ਕਿਉਂਕਿ ਇੱਥੇ ਮੀਂਹ ਬਹੁਤ ਹੀ ਘੱਟ ਵੇਖਣ ਨੂੰ ਮਿਲਦਾ ਹੈ। ਇਸ ਕਾਰਨ ਇੱਥੇ ਜਾਂਦੇ ਲੋਕਾਂ ਨੂੰ ਚਮੜੀ ਦੇ ਰੋਗਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਡੇਢ ਤੋਂ ਦੋ ਕਿਲੋਮੀਟਰ ਮੋਟੀ ਬਰਫ਼ ਦੀ ਪਰਤ ਨਾਲ ਢਕੇ ਇਸ ਮਹਾਂਦੀਪ ਵਿੱਚ ਦੁਨੀਆ ਭਰ ਦੀ ਕੁੱਲ ਬਰਫ਼ ਦਾ 90 ਫ਼ੀਸਦੀ ਅਤੇ ਕੁੱਲ ਤਾਜ਼ੇ ਪਾਣੀ ਦਾ 70 ਫ਼ੀਸਦੀ ਮੌਜੂਦ ਹੈ।

ਇੱਥੋਂ ਦਾ ਔਸਤ ਤਾਪਮਾਨ ਆਮ ਤੌਰ ’ਤੇ ਜ਼ੀਰੋ ਡਿਗਰੀ ਸੈਲਸੀਅਸ ਤੋਂ ਘੱਟ ਹੀ ਰਹਿੰਦਾ ਹੈ ਜਿਸ ਕਰਕੇ ਇੱਥੇ ਕੋਈ ਮੂਲ ਮਨੁੱਖੀ ਵੱਸੋਂ ਮੌਜੂਦ ਨਹੀਂ ਹੈ, ਪਰ ਵੱਖ-ਵੱਖ ਦੇਸ਼ਾਂ ਦੇ 1000 ਤੋਂ 5000 ਦੇ ਕਰੀਬ ਵਿਗਿਆਨੀ ਇੱਥੇ ਵਿਗਿਆਨਕ ਖੋਜਾਂ ਕਰਦੇ ਰਹਿੰਦੇ ਹਨ। ਵਿਗਿਆਨੀਆਂ ਵੱਲੋਂ ਕੀਤੀਆਂ ਜਾ ਰਹੀਆਂ ਆਧੁਨਿਕ ਖੋਜਾਂ ਦੇ ਬਾਵਜੂਦ ਇਹ ਇਲਾਕਾ ਹਾਲੇ ਵੀ ਦੁਨੀਆ ਦੇ ਲੋਕਾਂ ਲਈ ਬੇਹੱਦ ਰਹੱਸਮਈ ਅਤੇ ਉਤਸੁਕਤਾ ਵਾਲਾ ਹੈ।

ਇੱਥੇ ਇਹ ਜ਼ਿਕਰਯੋਗ ਹੈ ਕਿ 1959 ਵਿੱਚ ਹੋਏ ‘ਅੰਟਾਰਕਟਿਕ ਸਮਝੌਤੇ’ ਤਹਿਤ ਇਸ ਮਹਾਂਦੀਪ ਵਿੱਚ ਫ਼ੌਜੀ ਗਤੀਵਿਧੀਆਂ ਕਰਨ, ਖਣਿਜ ਪਦਾਰਥਾਂ ਦੀ ਖੋਜ ਕਰਨ, ਨਿਊਕਲੀ ਵਿਸਫੋਟ ਕਰਨ ਅਤੇ ਨਿਊਕਲੀ ਜਾਂ ਕੋਈ ਹੋਰ ਕੂੜਾ ਸੁੱਟਣ ਉੱਤੇ ਰੋਕ ਲੱਗੀ ਹੋਈ ਹੈ।

ਤਕਰੀਬਨ ਦੋ ਸੌ ਸਾਲ ਪਹਿਲਾਂ ਖੋਜੇ ਗਏ ਇਸ ਮਹਾਂਦੀਪ ਵਿੱਚ ਅਨੇਕਾਂ ਦਰਿਆ ਅਤੇ ਝੀਲਾਂ ਮੌਜੂਦ ਹਨ। ਇੱਥੋਂ ਦੇ ਸਭ ਤੋਂ ਲੰਮੇ ਦਰਿਆ ਦਾ ਨਾਂ ਓਨਿਕਸ ਅਤੇ ਸਭ ਤੋਂ ਵੱਡੀ ਝੀਲ ਦਾ ਨਾਂ ਵਾਸਟੋਕ ਹੈ।

ਵੱਖ-ਵੱਖ ਦੇਸ਼ਾਂ ਲਈ ਦਿਲਚਸਪੀ ਦਾ ਕੇਂਦਰ ਬਣੇ ਇਸ ਮਹਾਂਦੀਪ ਵਿੱਚ ਸਰਦੀਆਂ ਦੇ ਦਿਨਾਂ ਵਿੱਚ ਤਕਰੀਬਨ 28 ਦਿਨ ਰਾਤ ਹੀ ਰਹਿੰਦੀ ਹੈ ਅਤੇ ਗਰਮੀਆਂ ਦੇ ਦਿਨਾਂ ਵਿੱਚ ਲਗਾਤਾਰ 50 ਦਿਨਾਂ ਤੱਕ ਰੋਸ਼ਨੀ ਹੀ ਰਹਿੰਦੀ ਹੈ।

ਇਹ ਜਾਣਨਾ ਦਿਲਚਸਪ ਜਾਪਦਾ ਹੈ ਕਿ ਧਰਤੀ ਦਾ ਚੁੰਬਕੀ ਦੱਖਣੀ ਧੁਰਾ ਅਤੇ ਭੂਗੋਲਿਕ ਦੱਖਣੀ ਧੁਰਾ ਦੋਵੇਂ ਅੰਟਾਰਕਟਿਕ ਵਿੱਚ ਹੀ ਸਥਿਤ ਹਨ। ਧਰਤੀ ਦੇ ਇਸ ਕੁਦਰਤੀ ਅਜੂਬੇ ਵਿੱਚ ਅਨੇਕਾਂ ਕੁਦਰਤੀ ਨਜ਼ਾਰੇ ਜਿਵੇਂ ਉੱਚੀਆਂ ਪਹਾੜੀਆਂ, ਝੀਲਾਂ, ਜਵਾਲਾਮੁਖੀ ਅਤੇ ਨਹਿਰਾਂ ਵੇਖੀਆਂ ਜਾ ਸਕਦੀਆਂ ਹਨ।

ਮਾਊਂਟ ਵਿਨਸਨ ਨਾਂ ਦਾ ਸਭ ਤੋਂ ਵੱਡਾ ਪਹਾੜ, ਵਾਸਟੋਕ ਨਾਂ ਦੀ ਤਾਜ਼ੇ ਪਾਣੀ ਦੀ ਝੀਲ ਅਤੇ ਮਾਊਂਟ ਅਰੈਬਸ ਨਾਂ ਦਾ ਜਵਾਲਾਮੁਖੀ ਇੱਥੋਂ ਦੇ ਕੁਦਰਤੀ ਵਿਰਾਸਤੀ ਅਜੂਬੇ ਹਨ। ਧਰਤੀ ਦੀ ਇਸ ਵਿਲੱਖਣ ਅਤੇ ਪ੍ਰਤਿਕੂਲ ਪ੍ਰਸਥਿਤੀਆਂ ਵਾਲੀ ਜਗ੍ਹਾ ਉੱਤੇ ਵੀ ਅਜੋਕੇ ਮਨੁੱਖ ਵੱਲੋਂ ਵੱਖ-ਵੱਖ ਦੇਸ਼ਾਂ ਵਿੱਚ ਕੀਤੀਆਂ ਜਾਂਦੀਆਂ ਅਨੇਕਾਂ ਗਤੀਵਿਧੀਆਂ ਜਿਵੇਂ ਉਦਯੋਗੀਕਰਨ, ਸ਼ਹਿਰੀਕਰਨ, ਖਾਣਾਂ ਦੀ ਖੁਦਾਈ ਆਦਿ ਨੇ ਆਪਣਾ ਮਾੜਾ ਪ੍ਰਭਾਵ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ।

ਵੱਖ-ਵੱਖ ਉਦਯੋਗਾਂ ਵਿੱਚੋਂ ਨਿਕਲਦੇ ਕਲੋਰੋਫਲੋਰੋਕਾਰਬਨ ਨੇ ਅੰਟਾਰਕਟਿਕ ਦੇ ਵਾਯੂਮੰਡਲ ਵਿੱਚ ਓਜ਼ੋਨ ਦੀ ਮਾਤਰਾ ਨੂੰ ਘੱਟ ਕਰ ਕੇ ‘ਓਜ਼ੋਨ ਛੇਕ’ ਪੈਦਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਾਯੂਮੰਡਲ ਵਿਚਲੀ ਓਜ਼ੋਨ ਪਰਤ ਧਰਤੀ ਦੇ ਜੀਵਾਂ ਨੂੰ ਸੂਰਜ ਤੋਂ ਆਉਣ ਵਾਲੀਆਂ ਅਲਟਰਾ ਵਾਇਲਟ ਕਿਰਨਾਂ ਤੋਂ ਬਚਾਉਂਦੀ ਹੈ।

ਓਜ਼ੋਨ ਛੇਕ ਹੋਣ ਨਾਲ ਮਨੁੱਖ ਨੂੰ ਚਮੜੀ ਦਾ ਕੈਂਸਰ ਤੇ ਅੱਖਾਂ ਦੇ ਰੋਗਾਂ ਵਰਗੀਆਂ ਭਿਆਨਕ ਬਿਮਾਰੀਆਂ ਦਾ ਖ਼ਤਰਾ ਵਧ ਗਿਆ ਹੈ। ਇਹ ਵੀ ਗ਼ੌਰਤਲਬ ਹੈ ਕਿ ਅੰਟਾਰਕਟਿਕ ਵਿੱਚ ਲੋਹਾ, ਤਾਂਬਾ, ਨਿਕਲ ਅਤੇ ਅਜਿਹੇ ਅਨੇਕਾਂ ਹੋਰ ਖਣਿਜ ਪਦਾਰਥ ਉਪਲੱਬਧ ਹਨ ਪਰ ਇੱਕ ਸਮਝੌਤੇ ਅਧੀਨ 2048 ਤੱਕ ਇਨ੍ਹਾਂ ਦੀ ਖੁਦਾਈ ਉੱਤੇ ਰੋਕ ਲੱਗੀ ਹੋਈ ਹੈ।

ਵੱਖ-ਵੱਖ ਦੇਸ਼ਾਂ ਦੇ ਵਿਗਿਆਨੀਆਂ ਦੇ ਖਿੱਚ ਦਾ ਕੇਂਦਰ ਬਣੇ ਇਸ ਮਹਾਂਦੀਪ ਵਿੱਚ 30 ਦੇਸ਼ਾਂ ਦੇ ਤਕਰੀਬਨ 70 ਖੋਜ ਕੇਂਦਰ ਸਥਾਪਿਤ ਹਨ ਜਿਨ੍ਹਾਂ ਵਿੱਚ ਸਾਰਾ ਸਾਲ ਖੋਜ ਕਾਰਜ ਚੱਲਦੇ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਕਰੋਨਾ ਕਾਲ ਵਿੱਚ ਅੰਟਾਰਕਟਿਕ ਇਕੱਲਾ ਅਜਿਹਾ ਮਹਾਂਦੀਪ ਸੀ ਜਿੱਥੇ ਕਰੋਨਾ ਮਹਾਂਮਾਰੀ ਦਾ ਅਸਰ ਨਹੀਂ ਸੀ ਦਿਸਿਆ।

ਅੰਟਾਰਕਟਿਕ ਸਬੰਧੀ ਕੁਝ ਦਿਲਚਸਪ ਤੱਥ ਕਿਸੇ ਵੀ ਪਾਠਕ ਨੂੰ ਮੰਤਰ ਮੁਗਧ ਕਰ ਦਿੰਦੇ ਹਨ ਜਿਵੇਂ ਅੰਟਾਰਕਟਿਕ ਨੂੰ ਜੰਮਿਆ ਸਮੁੰਦਰ ਜਾਂ ਜੰਮਿਆ ਰੇਗਿਸਤਾਨ ਵੀ ਆਖਿਆ ਜਾਂਦਾ ਹੈ। ਇਹ ਮਹਾਂਦੀਪ ਉੱਤਰੀ ਧੁਰੇ ਦੇ ਆਰਕਟਿਕ ਮਹਾਂਸਾਗਰ ਤੋਂ ਵੀ ਠੰਢਾ ਹੈ।

ਵਿਗਿਆਨੀਆਂ ਨੇ ਇੱਥੋਂ ਮਿਲੇ ਪਥਰਾਟਾਂ ਦੇ ਆਧਾਰ ’ਤੇ ਦੱਸਿਆ ਹੈ ਕਿ ਕਰੋੜਾਂ ਸਾਲ ਪਹਿਲਾਂ ਇੱਥੇ ਭਰਪੂਰ ਗਿਣਤੀ ਵਿੱਚ ਜੀਵ ਜੰਤੂ ਅਤੇ ਜੰਗਲ ਮੌਜੂਦ ਸਨ। ਇਨ੍ਹਾਂ ਵਿੱਚ ਫਰਨ, ਚੀਲ ਦੇ ਰੁੱਖ ਅਤੇ ਬੀਜਾਂ ਵਾਲੇ ਰੁੱਖਾਂ ਤੋਂ ਇਲਾਵਾ ਡਾਇਨਾਸੌਰ, ਜਲਥਲੀ ਜੀਵ, ਰੀਂਗਣ ਵਾਲੇ ਜੀਵ ਅਤੇ ਕੀਟ ਮੌਜੂਦ ਸਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਕਿਸੇ ਵਕਤ ਅੰਟਾਰਕਟਿਕ ਵੀ ਹੁਣ ਦੇ ਬਾਕੀ ਮਹਾਂਦੀਪਾਂ ਵਾਂਗੂੰ ਗਰਮ ਖੇਤਰ ਹੁੰਦਾ ਸੀ।

ਇਸ ਖਿੱਤੇ ਵਿੱਚੋਂ ਮਿਲੇ ਜੰਗਲਾਂ ਅਤੇ ਡਾਇਨਾਸੌਰ ਦੇ ਅਵਸ਼ੇਸ਼ਾਂ ਨੇ ਸਿੱਧ ਕਰ ਦਿੱਤਾ ਹੈ ਕਿ ਕਰੋੜਾਂ ਸਾਲ ਪਹਿਲਾਂ ਇਹ ਜੀਵ ਇੱਥੇ ਰਹਿੰਦੇ ਸਨ। 1996-97 ਵਿੱਚ ਨੌਰਵੇ ਦੇ ਖੋਜੀ ਬੋਰਗ ਉਸਲੈਂਡ ਨੇ ਪਹਿਲੀ ਵਾਰ ਅੰਟਾਰਕਟਿਕ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਦਾ ਸਫ਼ਰ ਤੈਅ ਕੀਤਾ ਸੀ।

ਅੰਟਾਰਕਟਿਕ ਵਿੱਚ 70 ਦੇ ਕਰੀਬ ਝੀਲਾਂ ਹਨ ਜੋ ਕਿ ਬਰਫ਼ ਦੀ ਮੋਟੀ ਪਰਤ ਦੇ ਹੇਠ ਮੌਜੂਦ ਹਨ। ਵਿਗਿਆਨੀਆਂ ਅਨੁਸਾਰ ਇਸ ਮਹਾਂਦੀਪ ਦੇ ਬਾਹਰੀ ਘੇਰੇ ਉੱਤੇ ਤੇਲ ਅਤੇ ਕੁਦਰਤੀ ਗੈਸ ਦੇ ਭੰਡਾਰ ਉਪਲੱਬਧ ਹਨ ਜੋ 1973 ਵਿੱਚ ਮਿਲੇ ਸਨ।

ਹਰ ਸਾਲ ਵੱਖ ਵੱਖ ਦੇਸ਼ਾਂ ਦੇ ਸੈਲਾਨੀ ਹਜ਼ਾਰਾਂ ਦੀ ਗਿਣਤੀ ਵਿੱਚ ਸੈਰ ਸਪਾਟੇ ਲਈ ਅੰਟਾਰਕਟਿਕ ਜਾਂਦੇ ਹਨ। ਅਮਰੀਕਾ ਵੱਲੋਂ ਸੈਲਾਨੀਆਂ ਦੀ ਸਹੂਲਤ ਲਈ ਇੱਥੇ ਦੋ ਏ.ਟੀ.ਐੱਮ. ਵੀ ਲਗਾਏ ਗਏ ਹਨ। ਇੱਥੋਂ ਦੇ ਸਭ ਤੋਂ ਵੱਡੇ ਖੋਜ ਕੇਂਦਰ ਦਾ ਨਾਂ ਮੈੱਕਮਰਡੋ ਸਟੇਸ਼ਨ ਹੈ ਜੋ ਕਿ ਅਮਰੀਕਾ ਦਾ ਹੈ।

ਵਿਗਿਆਨੀਆਂ ਦਾ ਅਨੁਮਾਨ ਹੈ ਕਿ ਜੇਕਰ ਅੰਟਾਰਕਟਿਕ ਦੀ ਸਾਰੀ ਬਰਫ਼ ਪਿਘਲ ਕੇ ਸਮੁੰਦਰਾਂ ਵਿੱਚ ਰਲ ਜਾਵੇ ਤਾਂ ਸਮੁੰਦਰਾਂ ਦੇ ਪਾਣੀ ਦਾ ਪੱਧਰ 60 ਮੀਟਰ ਉੱਚਾ ਹੋ ਜਾਵੇਗਾ। ਇੱਥੋਂ ਦੀ ਗਾਂਬਰਸੇਵ ਨਾਂ ਦੀ 1200 ਕਿਲੋਮੀਟਰ ਲੰਮੀ ਪਰਬਤ ਮਾਲਾ ਦੀ ਉਚਾਈ 3000 ਮੀਟਰ ਹੈ।

ਇਸ ਨੂੰ 4000 ਮੀਟਰ ਬਰਫ਼ ਦੀ ਮੋਟੀ ਪਰਤ ਨੇ ਢਕਿਆ ਹੋਇਆ ਹੈ। ਪੂਰਬੀ ਅੰਟਾਰਕਟਿਕ ਵਿੱਚ ਲਾਲ ਰੰਗ ਦੇ ਪਾਣੀ ਵਾਲਾ ‘ਖ਼ੂਨੀ ਝਰਨਾ’ ਵੀ ਮੌਜੂਦ ਹੈ। ਦਰਅਸਲ, ਇਸ ਦੇ ਪਾਣੀ ਵਿੱਚ ਕੋਈ ਲਹੂ ਨਹੀਂ ਸਗੋਂ ਇਸ ਵਿੱਚ ਘੁਲੇ ਹੋਏ ਲੋਹੇ ਦੇ ਰਸਾਇਣਾਂ ਕਰਕੇ ਇਸ ਦੇ ਪਾਣੀ ਦਾ ਰੰਗ ਲਾਲ ਹੈ।

ਅੰਟਾਰਕਟਿਕ ਦਾ ਕੌਮੀ ਪੰਛੀ ਪੈਂਗੂਇਨ ਹੈ। ਦਰਅਸਲ, ਇਨ੍ਹਾਂ ਜੀਵਾਂ ਲਈ ਅੰਟਾਰਕਟਿਕ ਹੀ ਸਭ ਤੋਂ ਪਸੰਦੀਦਾ ਜਗ੍ਹਾ ਹੈ।

(ਪੰਜਾਬੀ ਟ੍ਰਿਬਊਨ ਤੋਂ ਧੰਨਵਾਦ ਸਹਿਤ)