ਫ਼ਿਰੋਜ਼ਪੁਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ 8 ਸਾਲ ਦੇ ਬੱਚੇ ਦੀ ਅਚਾਨਕ ਹਾਰਟ ਅਟੈਕ ਕਾਰਨ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਮਨਪ੍ਰੀਤ ਸ਼ਰਮਾ ਵਜੋਂ ਹੋਈ ਹੈ, ਜੋ ਫ਼ਿਰੋਜ਼ਪੁਰ ਦੇ ਆਰਐਸਡੀ ਰਾਜਰਤਨ ਪਬਲਿਕ ਸਕੂਲ ਵਿੱਚ ਕਲਾਸ ਦੂਜੀ ਦਾ ਵਿਦਿਆਰਥੀ ਸੀ।
ਜਾਣਕਾਰੀ ਮੁਤਾਬਕ ਮਨਪ੍ਰੀਤ ਘਰ ਬਾਹਰ ਪਤੰਗ ਉਡਾ ਰਿਹਾ ਸੀ, ਇਸ ਦੌਰਾਨ ਉਸ ਨੂੰ ਅਚਾਨਕ ਘਬਰਾਹਟ ਅਤੇ ਦਰਦ ਮਹਿਸੂਸ ਹੋਇਆ। ਉਸ ਨੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਤਕਲੀਫ਼ ਬਾਰੇ ਦੱਸਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਮੌਤ ਦਾ ਕਾਰਨ ਅਚਾਨਕ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ।
ਇਸ ਦੁਖਦਾਈ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਸਕੂਲ ਦੇ ਡਾਇਰੈਕਟਰ ਪ੍ਰੋਫੈਸਰ ਐਸ.ਪੀ. ਆਨੰਦ ਨੇ ਬੱਚੇ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਨਪ੍ਰੀਤ ਪੜ੍ਹਾਈ ਵਿੱਚ ਹੋਸ਼ਿਆਰ ਸੀ ਅਤੇ ਉਸ ਦੀ ਅਕਾਲ ਮੌਤ ਨਾਲ ਸਕੂਲ ਹੀ ਨਹੀਂ, ਸਗੋਂ ਪੂਰੇ ਫ਼ਿਰੋਜ਼ਪੁਰ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਸਕੂਲ ਮੈਨੇਜਮੈਂਟ ਇਸ ਦੁਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜੀ ਹੈ।
ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਛੋਟੀ ਉਮਰ ਵਿੱਚ ਦਿਲ ਦੇ ਦੌਰੇ ਨਾਲ ਮੌਤਾਂ ਦੀਆਂ ਘਟਨਾਵਾਂ ਵਧ ਰਹੀਆਂ ਹਨ, ਜਿਸ ਕਾਰਨ ਸਿਹਤ ਮਾਹਿਰ ਵੀ ਚਿੰਤਾ ਜਤਾ ਰਹੇ ਹਨ।







