Shiromani Akali Dal ਸ਼੍ਰੋਮਣੀ ਤੋਂ ਬਣਿਆ ਬਾਦਲਾਂ ਦਾ ਦਲ
ਤਰਸ ਆਉਂਦਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਹੋਣੀ ‘ਤੇ। ਆਪਣੀ ਸਥਾਪਨਾ ਦਾ ਸ਼ਤਾਬਦੀ ਵਰ੍ਹਾ ਲੰਘਣ ਤੋਂ ਬਾਅਦ ਇਹ ਪਾਰਟੀ ਪੰਜਾਬ ਦੀ ਸਿਰਮੌਰ ਸਿਆਸੀ ਜਮਾਤ ਵਜੋਂ ਵਿਚਰਨੀ ਚਾਹੀਦੀ ਸੀ, ਪਰ ਅਜਿਹੀ ਛੱਬ ਤੇ ਛਾਪ ਕਿਤੇ ਵੀ ਨਜ਼ਰ ਨਹੀਂ ਆ ਰਹੀ। ਇਸ ਪਾਰਟੀ ਦੀ ਵੱਡੀ ਤਰਾਸਦੀ ਕਿਹਾ ਜਾ ਸਕਦਾ ਹੈ ਕਿ ਸ਼ਤਬਦੀ ਵਰ੍ਹੇ ਦੌਰਾਨ ਨਾ ਕੋਈ ਜਸ਼ਨ, ਨਾ ਵਿਚਾਰ-ਚਰਚਾਵਾਂ, ਨਾ ਦੀਵਾਨ, ਨਾ ਪਾਰਟੀ ਕਾਡਰ ਦੀ ਲਾਮਬੰਦੀ ਕੀਤੀ ਜਾ ਸਕੀ। ਭਾਵੇਂ ਕਸੂਰ ਕੋਵਿਡ-19 ਵਰਗੀ ਮਹਾਂਮਾਰੀ ਦਾ ਵੀ ਹੋ ਸਕਦਾ ਹੈ, ਪਰ ਜਦੋਂ ਕੋਈ ਪਾਰਟੀ ਸੌ ਸਾਲ ਨੂੰ ਢੁੱਕੀ ਹੋਵੇ ਤਾਂ ਚੜਦੀਆਂ ਕਲਾਂ ਵਿੱਚ ਹੋਣ ਦੇ ਸੰਕੇਤ ਤਾਂ ਦੇ ਸਕਦੀ ਸੀ। ਜ਼ਾਹਿਰ ਹੈ ਕਿ ਇਹ ਚੜਦੀਆਂ ਕਲਾਂ ਵਿੱਚ ਨਹੀਂ। ਦਰਅਸਲ, ਇਹ ਤਾਂ ਆਪਣਾ ਵਜੂਦ ਬਰਕਰਾਰ ਰੱਖਣ ਲਈ ਜੂਝ ਰਹੀ ਹੈ। ਉਹ ਵੀ ਬਿਨਾਂ ਕਿਸੇ ਸੋਚੀ-ਸਮਝੀ ਰਣਨੀਤੀ ਦੇ।
ਕਸੂਰ ਇਸ ਦਾ ਆਪਣਾ ਹੈ। ਸਾਲ 2015 ਤੋਂ ਇਹ ਪਾਰਟੀ ਬਿਖਰਾਓ ਦੀ ਸਥਿਤੀ ਵਿੱਚ ਹੈ। ਇੱਕ ਬ੍ਰਿਟਿਸ਼ ਅਧਿਕਾਰੀ ਕਰਨਲ ਬਾਰਡਵਿਨ ਨੇ 1942 ਵਿੱਚ ਲਿਖਿਆ ਸੀ ਕਿ ਸਿੱਖਾਂ ਦੀ ਪੂਰੀ ਸਿਆਸਤ ਸ਼੍ਰੋਮਣੀ ਅਕਾਲੀ ਦਲ ਦੁਆਲੇ ਘੁੰਮਦੀ ਹੈ। ਇਹ ਰਾਇ ਉਸ ਸਮੇਂ ਸਹੀ ਸੀ। ਅਗਲੇ 40-45 ਵਰਿਆਂ ਤੱਕ ਵੀ ਸਹੀ ਰਹੀ। ਪਰ ਇੱਕੀਵੀਂ ਸਦੀ ਵਿੱਚ ਅਜਿਹਾ ਕੁੱਝ ਵੀ ਨਹੀਂ ਰਿਹਾ। ਬਾਣੀ, ਬਾਣਾ ਤੇ ਬਿਬੇਕ ਅਕਾਲੀ ਦਲ ਦਾ ਖ਼ਾਸਾ ਸਨ। ਬਿਬੇਕ 1997 ਵਿੱਚ ਅਕਾਲੀ ਦਲ ਦੀ ਚੁਣਾਵੀ ਜਿੱਤ ਮਗਰੋਂ ਤਿਆਗ ਦਿੱਤਾ ਗਿਆ। 2007 ਦੀਆਂ ਵਿਧਾਨ ਸਭਾ ਚੋਣਾਂ ਪਿੱਛੋਂ ਬਾਣੀ ਤੇ ਬਾਣੇ ਨੂੰ ਵੀ ਦਰਕਿਨਾਰ ਕਰ ਦਿੱਤਾ ਗਿਆ। ਲਿਹਾਜ਼ਾ, 2015 ਵਿੱਚੋਂ ਜਦੋਂ ਬੇਅਦਬੀ ਦੇ ਮਾਮਲੇ ਵਾਪਰੇ ਤਾਂ ਪੰਥਪ੍ਰਸਤੀ ਦੇ ਅਕਾਲੀ ਦਲ ਦੇ ਦਾਅਵਿਆਂ ਪ੍ਰਤੀ ਬੇਵਿਸ਼ਵਾਸੀ, ਯਕੀਨ ਵਿੱਚ ਬਦਲ ਗਈ। ਪੰਥ, ਅਕਾਲੀ ਦਲ ਦੀ ਥਾਂ ਕੋਈ ਹੋਰ ਸਿਆਸੀ ਧੁਰਾ ਢੂੰਡਣ ਲੱਗਾ। ਅਕਾਲੀ ਦਲ ਇਸ ਖੋਜ ਨੂੰ ਮੋੜਾ ਦੇਣ ਦੇ ਸਮਰਥ ਸਾਬਤ ਨਹੀਂ ਹੋਇਆ। ਲੰਘੇ ਸਾਲਾਂ ਦੌਰਾਨ ਹੋਏ ਇਸ ਦੇ ਬਿਖਰਾਓ ਨੇ ਇਸ ਕਾਰਜ ਨੂੰ ਹੋਰ ਵੀ ਔਖਾ ਬਣਾ ਦਿੱਤਾ।
ਇਹ ਇਸ ਬਿਖਰਾਓੁ ਦਾ ਹੀ ਨਤੀਜਾ ਹੈ ਕਿ ਇਸ ਵੇਲੇ ਅਕਾਲੀ ਦਲ ਕਿਸੇ ਵੀ ਤਰਾਂ ਸ਼੍ਰੋਮਣੀ ਨਹੀਂ। ਇਸ ਪਾਰਟੀ ਦੇ ਜਿਹੜੇ ਗੁੱਟ ਨੂੰ ਭਾਰਤੀ ਚੋਣ ਕੀਮਸ਼ਨ ਪਾਸੋਂ ਸ਼੍ਰੋਮਣੀ ਅਕਾਲੀ ਦਲ ਵਜੋਂ ਮਾਨਤਾ ਹਾਸਲ ਹੈ, ਉਹ ਵੀ ਲੰਬੇ ਸਮੇਂ ਤੋਂ ਸਿਰਫ਼ ਬਾਦਲ ਦਲ ਬਣ ਕੇ ਰਹਿ ਗਿਆ ਸੀ। ਇਸ ਦੇ ਵਿਰੋਧੀਆਂ ਦੇ ਦੱਸਣ ਮੁਤਾਬਿਕ ਹੁਣ ਤਾਂ ਇਸ ਦਾ ਦਰਜਾ ਸਿਰਫ਼ ਮਜੀਠੀਆ ਦਲ ਦਾ ਰਹਿ ਗਿਆ ਹੈ। ਭੈਣ-ਭਰਾ ਦੀ ਪਾਰਟੀ। ਭਣੋਈਆ ਸਿਰਫ਼ ਨਾਓੁ ਦਾ ਮੋਹਤਬਰ ਹੈ। ਟਕਸਾਲੀ ਜਥੇਦਾਰਾਂ ਵਲੋਂ ਜਾਣੇ ਜਾਂਦੇ ਸਾਰੇ ਆਗੂ, ਚਾਹੇ ਉਹ ਸੁਖਦੇਵ ਸਿੰਘ ਢੀਂਡਸਾ ਹੋਣ ਜਾਂ ਰਣਜੀਤ ਸਿੰਘ ਬ੍ਰਹਮਪੁਰਾ, ਰਵੀਇੰਦਰ ਸਿੰਘ ਹੋਣ ਜਾਂ ਕੋਈ ਹੋਰ, ਸਭ ਆਪੋ ਆਪਣੇ ਵੱਖਰੇ ਦਲ ਬਣਾ ਕੇ ਬੈਠ ਗਏ ਸਨ। ਕੁੱਝ ਇਸ ਜਹਾਨ ਤੋਂ ਚਲੇ ਗਏ ਤੇ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ’ਚ ਵਾਪਸੀ ਤਾਂ ਕੀਤੀ ਸੀ ਪਰ ਲਗਦੈ ਢੀਂਡਸਾ ਪਰਿਵਾਰ ਵੀ ਬਾਦਲਾਂ ਨਾਲ ਰਲ ਕੇ ਪਛਤਾ ਹੀ ਰਿਹਾ ਹੋਊ। ਸ਼ਤਾਬਦੀ ਵਰਾ ਤੇ ਉਸ ਤੋਂ ਬਾਅਦ ਦਾ ਸਮਾਂ ਮੱਤਭੇਦਾਂ ਨੂੰ ਭੁਲਾ ਕੇ ਏਕਤਾ, ਇਕਸੁਰਤਾ ਤੇ ਸਰਬੱਤਤਾ ਦੀ ਨੁਮਾਇਸ਼ ਦੀ ਮੰਗ ਕਰਦਾ ਸੀ, ਪਰ ਅਜਿਹੀ ਸੂਝ-ਬੂਝ ਜਾਂ ਵਡੱਪਣ ਕਿਸੇ ਵੀ ਅਕਾਲੀ ਆਗੂ ਨੇ ਨਹੀਂ ਦਿਖਾਇਆ।
ਸੌ ਸਾਲ ਪਹਿਲਾਂ ਗੁਰਅਸਥਲਾਂ ਦੀ ਆਨ-ਸ਼ਾਨ ਤੇ ਮਾਣ-ਮਰਿਆਦਾ ਦੀ ਬਹਾਲੀ ਅਤੇ ‘ਮੈਂ ਮਰਾਂ, ਪੰਥ ਜੀਵੇ’ ਵਾਲੇ ਸੰਕਲਪ ਦੀ ਸੁਰਜੀਤੀ ਵਾਸਤੇ ਹੋਂਦ ਵਿੱਚ ਆਈ ਪਾਰਟੀ ਦਾ ਇਹ ਹਸ਼ਰ, ਸਾਡੀ ਸਦੀ ਤੇ ਸਾਡੇ ਖਿੱਤੇ ਦਾ ਇੱਕ ਵੱਡਾ ਦੁਖਾਂਤ ਹੈ ਸਿਆਸੀ ਤੌਰ ‘ਤੇ ਵੀ, ਸਮਾਜਿਕ ਤੌਰ ‘ਤੇ ਵੀ, ਅਤੇ ਧਾਰਮਿਕ ਤੌਰ ‘ਤੇ ਵੀ।
ਬੜਾ ਗੌਰਵਾਮਈ ਤੇ ਮਾਣ-ਮੱਤਾ ਇਤਿਹਾਸ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦਾ। ਗੁਰਦੁਆਰਾ ਸੁਧਾਰ ਲਹਿਰ ਦੀ ਉਪਜ ਸੀ ਇਹ ਪਾਰਟੀ। ਮੁੱਢ ਵਿੱਚ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਜਸੀ ਫਰੰਟ ਵਜੋਂ ਉਭਰੀ, ਫਿਰ ਸਮਾਜਿਕ ਲਹਿਰ ਵਿੱਚ ਬਦਲੀ ਅਤੇ ਫਿਰ ਪੰਥਕ ਹਿੱਤਾਂ ਦੇ ਨਾਣ ਨਾਲ ਭਾਰਤੀ ਆਜ਼ਾਦੀ ਸੰਗਰਾਮ ਦੇ ਪੰਜਾਬ ਅੰਦਰਲੇ ਹਰਾਵਲ ਦਸਤੇ ਦਾ ਰੂਪ ਧਾਰਨ ਕਰ ਗਈ। ਕਾਂਗਰਸ, ਭਾਰਤ ਦੀ ਪਹਿਲੀ ਸਿਆਸੀ ਪਾਰਟੀ ਸੀ, ਸ਼੍ਰੋਮਣੀ ਅਕਾਲੀ ਦਲ ਦੂਸਰੀ, ਬਾਕੀ ਰਾਜਸੀ ਧਿਰਾਂ ਇਨਾਂ ਤੋਂ ਬਾਅਦ ਜੰਮੀਆਂ। ਕਾਂਗਰਸ 19ਵੀਂ ਸਦੀ ਦੇ ਦੂਜੇ ਅੱਧ ਦੌਰਾਨ ਯੂਰੋਪ ਭਰ ਵਿੱਚ ਉੱਭਰੇ ਲਿਬਟਲਿਜ਼ਮ ਦਾ ਬੀਜ-ਅੰਸ਼ ਸੀ। ਬਕੌਲ ਲੋਕਮਾਇਆ ਤਿਲਕ ਇਸ ਪਾਰਟੀ ਦਾ ਮੁੱਢ ਬ੍ਰਿਟਿਸ਼ ਸਾਮਰਾਜਵਾਦ ਦੇ ਖ਼ਿਲਾਫ਼ ਨਹੀਂ ਸਨ, ਪਰ ਇਸ ਦਾ ਚਿਹਰਾ-ਮੋਹਰਾ ਉਦਾਰਵਾਦੀ ਹੋਣ ਦਾ ਪਰਪੰਚ ਬਾਕੀ ਦੁਨੀਆਂ ਸਾਹਮਣੇ ਵੇਚਣਾ ਚਾਹੁੰਦੇ ਸਨ। ਇਸੇ ਲਈ ਕਾਂਗਰਸ ਨੇ ਅੱਧੀ ਸਦੀ ਤੱਕ ਭਾਰਤੀ ਆਜ਼ਾਦੀ ਦੀ ਗੱਲ ਤੱਕ ਨਹੀਂ ਕੀਤੀ। ਆਜ਼ਾਦੀ ਦੀ ਗੱਲ ਉਦੋਂ ਸ਼ੁਰੂ ਹੋਈ, ਜਦੋਂ ਪਹਿਲੇ ਵਿਸ਼ਵ ਯੁੱਧ ਦੌਰਾਨ ਬੜਾ ਹਿੰਦੋਸਤਾਨੀ ਅਵਾਮ ਨੇ ਸਾਮਰਾਜੀ ਤਾਕਤਾਂ ਦਾ ਅਸਲੀ ਚਿਹਰਾ-ਮੋਹਰਾ ਦੇਖ ਲਿਆ। ਬੜਾ ਨਮੀੜਿਆਂ ਗਿਆ ਹਿੰਦੋਸਤਾਨ ਨੂੰ। ਆਰਥਿਕ, ਸਮਾਜਿਕ ‘ਤੇ ਸਿਆਸੀ ਤੌਰ ‘ਤੇ। ਦੂਜੇ ਪਾਸੇ ਅਕਾਲੀ ਦਲ ਦਾ ਤਾਂ ਜਨਮ ਹੀ ਜਾਨ ਤਲੀ ‘ਤੇ ਧਰਕੇ ਜੂਝਣ ਵਾਲੀ ਪਰੰਪਰਾ ਪਿੱਛੋਂ ਹੋਇਆ। ਸਿੱਖ ਭਾਈਚਾਰੇ ਨੇ ਆਪਣੇ ਧਾਰਮਿਕ ਅਕੀਦਿਆਂ ਨੂੰ ਸਰਕਾਰੀ ਅਫ਼ਸਰਾਂ ਤੇ ਉਨਾਂ ਵਲੋਂ ਪਾਲੇ ਗਏ ਮਹੰਤਾਂ-ਸਰਬਰਾਹਾਂ ਹੱਥੋਂ ਰੁਲਦਿਆਂ ਦੇਖਿਆ ਤਾਂ ਉਸ ਨੇ ਅਹਿੰਸਕ ਸੰਘਰਸ਼ ਦਾ ਸਹਾਰਾ ਲਿਆ। 1914 ਵਿੱਚ ਗੁਰਦੁਆਰਾ ਰਕਾਬ ਗੰਜ ਮਾਮਲੇ ਅਤੇ 1920 ਵਿੱਚ ਸਿਆਲਕੋਟ ਦੇ ਗੁਰਦੁਆਰਾ ਬਾਬੇ ਦੀ ਬੇਰ ਤੋਂ ਲੈ ਕੇ ਗੁਰੂ ਕਾ ਬਾਗ ਤੇ ਜੈਤੋ ਦੇ ਮੋਰਚਿਆਂ ਤੱਕ ਸ਼ਹੀਦੀਆਂ, ਗ੍ਰਿਫ਼ਤਾਰੀਆਂ ਨਜ਼ਰਬੰਦੀਆਂ ਕੈਦਾਂ ਦਾ ਦੌਰ ਚੱਲਦਾ ਰਿਹਾ। ਅੰਤ, ਕਾਮਯਾਬੀ ਗੁਰਦੁਆਰਾ ਐਕਟ ਬਣਨ ਅਤੇ ਸਾਰੇ ਅਹਿਮ ਗੁਰ ਅਸਥਾਨਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਹੱਥ ਆ ਜਾਣ ਨਾਲ ਮਿਲੀ। ਅਕਾਲੀ ਦਲ ਇਸ ਲਹਿਰ ਦੀ ਪੁਰਜ਼ਬਤ ਵਾਲੰਟੀਅਰ ਫੋਰਸ ਬਣਿਆ ਰਿਹਾ। ਅਹਿੰਸਕ ਜਦੋਂਜਹਿਦ, ਜਿਸ ਨੂੰ ਇਸ ਪਾਰਟੀ ਦੇ ਵਿਰੋਧੀ ‘ਮੋਰਚਿਆਂ ਦੀ ਰਾਜਨੀਤੀ’ ਦੱਸਦੇ ਰਹੇ, 1920 ਤੋਂ ਲੈ ਕੇ 1996 ਤੱਕ ਅਕਾਲੀ ਦਲ ਦਾ ਮੁੱਖ ਕਾਰਗਰ ਹਥਿਆਰ ਸਾਬਤ ਹੋਈ। ਭਰਾ-ਮਾਰੂ ਸਾਜ਼ਿਸ਼ਾਂ ਵੀ ਇਸ ਪਾਰਟੀ ਦੇ ਆਧਾਰ ਨੂੰ ਖੋਰਾ ਨਹੀਂ ਲਾ ਸਕੀਆਂ। ਖੁਸ਼ਵੰਤ ਸਿੰਘ ਅਨੁਸਾਰ ”ਸਿੱਖ ਮਰਿਆਦਾ ਨੂੰ ਜੀਵਨ ਜਾਂਚ ਬਣਾਉਣ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਨੂੰ ਅਕਾਲੀ ਦਲ ਨੇ ਆਪਣੀਆਂ ਲਹਿਰਾਂ ਰਾਹੀਂ ਆਸਾਨ ਬਣਾਇਆ। ਅਕਾਲੀ ਦਲ ਦੇ ਅਹਿੰਸਕ ਮੋਰਚਿਆਂ ਦੀ ਕਾਮਯਾਬੀ ਨੇ ਜਿੱਥੇ ਪੰਥਪ੍ਰਸਤੀ ਨੂੰ ਹੁਲਾਰਾ ਦਿੱਤਾ, ਉੱਥੇ ਪੰਜਾਬੀਆਂ ਵਿੱਚ ਵਤਨਪ੍ਰਸਤੀ ਦੇ ਜਜ਼ਬੇ ਨੂੰ ਵੀ ਪ੍ਰਚੰਡ ਕੀਤਾ।”
ਇਨਾਂ ਕਾਮਯਾਬੀਆਂ ਨੇ ਕਾਂਗਰਸ ਦੇ ਉੱਚ ਨੇਤਾਵਾਂ, ਖ਼ਾਸ ਕਰਕੇ ਪੰਡਿਤ ਜਵਾਹਰ ਲਾਲ ਨਹਿਰੂ, ਪੰਡਿਤ ਮਦਨ ਮੋਹਨ ਮਾਲਵੀਆ ਤੇ ਮੌਲਨਾ ਅਬੁਲ ਕਲਾਮ ਆਜ਼ਾਦ ਨੂੰ ਅਕਾਲੀ ਦਲ ਦੇ ਰਾਜਸੀ ਮਹੱਤਵ ਦਾ ਮੁਲਾਂਕਣ ਕਰਨ ਅਤੇ ਇਸ ਪਾਰਟੀ ਦੇ ਕਾਂਗਰਸ ਨਾਲ ਰਝੇਵੇਂ ਦੇ ਹੀਲੇ ਉਪਰਾਲੇ ਕਰਨ ਦੇ ਰਾਹ ਪਾਇਆ। 1929 ਵਿੱਚ ਸ਼ੁਰੂ ਹੋਏ ਅਜਿਹੇ ਯਤਨ, 1947 ਵਿੱਚ ਮੁਲਕ ਦੀ ਵੰਡ ਮਗਰੋਂ ਵੀ ਜਾਰੀ ਰਹੇ। ਪ੍ਰਮੁੱਖ ਅਕਾਲੀ ਨੇਤਾਵਾਂ, ਖ਼ਾਸ ਤੌਰ ‘ਤੇ ਮਾਸਟਰ ਤਾਰਾ ਸਿੰਘ ਵੱਲੋਂ ਰਝੇਵੇਂ ਦੀ ਤਜਵੀਜ਼ ਪ੍ਰਤੀ ਲਗਾਤਾਰ ਇਹਤਿਆਤ ਵਰਤਣੀ, ਕਾਂਗਰਸ ਤੇ ਅਕਾਲੀ ਦਲ ਦਰਮਿਆਨ ਮੱਤਭੇਦਾਂ ਦੀ ਵਜਾ ਬਣੀ। ਇਹ ਸੂਬੇ ਦੀ ਮੰਗ ਤੋਂ ਟਕਰਾਅ ਵਧਦਾ ਗਿਆ। ਉਂਜ, ਇਸ ਸਮੁੱਚੇ ਪ੍ਰਕਰਣ ਨੇ ਅਕਾਲੀ ਦਲ ਅੰਦਰ ਵੀ ਵੰਡੀਆਂ ਪਾਈਆਂ। ਸਭ ਤੋਂ ਪਹਿਲਾਂ 1947 ਤੋਂ ਮਗਰੋਂ ਹੋਰ ਤਿਖੇਰੇ ਹੋਏ। ਆਜ਼ਾਦ ਭਾਰਤ ਵਿੱਚ ਕਾਂਗਰਸ ਤੇ ਅਕਾਲੀ ਦਲ ਦਰਮਿਆਨ ਪੰਜਾਬੀ ਪਾਈਆਂ। ਸਭ ਤੋਂ ਪਹਿਲਾਂ 1929 ਵਿੱਚ ਮੋਤੀ ਲਾਲ ਨਹਿਰੂ ਰਿਪੋਰਟ ਤੋਂ ਬਾਬਾ ਖੜਕ ਸਿੰਘ ਤੇ ਮਾਸਟਰ ਤਾਰਾ ਸਿੰਘ ਦਰਮਿਆਨ ਇਖ਼ਤਲਾਫਾਕ ਪੈਦਾ ਹੋਏ। ਵਿਧਾਨਕ ਸੰਸਥਾਵਾਂ ਵਿੱਚ ਸਿੱਖਾਂ ਲਈ ਅਨੁਪਾਤਕ ਪ੍ਰਤੀਨਿਧਤਾ ਵਾਲੀ ਮੱਦ, ਮੋਤੀ ਲਾਲ ਨਹਿਰੂ ਰਿਪੋਰਟ ਵਿੱਚ ਸ਼ਾਮਲ ਨਹੀਂ ਸੀ। ਮਾਸਟਰ ਜੀ ਇਸੇ ਕਾਰਨ ਇਸ ਦੇ ਖ਼ਿਲਾਫ਼ ਸਨ। ਸਿੱਖ ਭਾਈਚਾਰੇ ਦੇ ਹਿੱਤਾਂ ਨੂੰ ਹਿੰਦੂ ਭਾਈਚਾਰੇ ਦੇ ਵਡੇਰੇ ਹਿੱਤਾਂ ਦਾ ਬੰਧਕ ਬਣਾਉਣਾ, ਉਨਾਂ ਨੂੰ ਪਰਵਾਨ ਨਹੀਂ ਸੀ। 1937 ਤੇ 1942 ਵਿੱਚ ਵੀ ਉਹ ਕਾਂਗਰਸ ਦੀਆਂ ਨੀਤੀਆਂ ਤੇ ਰਣਨੀਤੀ ਦੇ ਵਿਰੁੱਧ ਭੁਗਤੇ। ਕਾਂਗਰਸ ਨਾਲ ਸਾਂਝ ਦੇ ਸਵਾਲ ਉੱਤੇ ਮੱਤਭੇਦਾਂ ਕਾਰਨ ਕਈ ਸਿਰਕੱਢ ਨੇਤਾ ਅਕਾਲੀ ਦਲ ਛੱਡਦੇ ਗਏ। ਸਭ ਤੋਂ ਪਹਿਲਾਂ ਬਾਬਾ ਖੜਕ ਸਿੰਘ ਨੇ ਕਿਨਾਰਾਕਸ਼ੀ ਕੀਤੀ। ਫਿਰ ਸਰਦਾਰ ਪਰਤਾਪ ਸਿੰਘ ਕੈਰੋਂ, ਸਰਦਾਰ ਹੁਕਮ ਸਿੰਘ, ਸਰਦਾਰ ਬਲਦੇਵ ਸਿੰਘ, ਜਥੇਦਾਰ ਊਧਮ ਸਿੰਘ ਨਾਗੋਕੇ, ਜਥੇਦਾਰ ਮੋਹਨ ਸਿੰਘ ਨਾਗੋਕੇ ਅਤੇ ਗਿਆਨੀ ਕਰਤਾਰ ਸਿੰਘ ਕਾਂਗਰਸ ਦੀਆਂ ਸਫ਼ਾਂ ਵਿੱਚ ਜਾ ਰਲੇ। ਅਜਿਹੇ ਇਖ਼ਤਲਾਫ਼ਾਤ ਤੇ ਰੁਖ਼ਸਤਗੀਆਂ ਦੇ ਬਾਵਜੂਦ ਅਕਾਲੀ ਦਲ ਦਾ ਪੰਥਪ੍ਰਸਤ ਅਕਸ ਬਰਕਰਾਰ ਰਿਹਾ। ਪਰਾਟੀ ਦਾ ਕਾਡਰ ਡੋਲਿਆ ਨਹੀਂ, ਪਾਰਟੀ ਦੇ ਨਾਲ ਖੜਾ ਰਿਹਾ।
ਪਾਰਟੀ ਦੀ ਅਜਿਹੀ ਮਜ਼ਬੂਤੀ ਦੀ ਇੱਕ ਮੁੱਖ ਵਜਾ ਸੀ ਨੇਤਾਵਾਂ ਵਲੋਂ ਪਰਿਵਾਰ ਦੀ ਥਾਂ ਪਾਰਟੀ ਤੇ ਪੰਥ ਨੂੰ ਪਹਿਲ। ਜਦੋਂ ਇਹ ਪਹਿਲ ਮੱਠੀ ਪੈਣ ਲੱਗੀ ਤਾਂ ਬਾਣੀ, ਬਾਣੇ ਤੇ ਬਿਬੇਕ ਨਾਲ ਸਮਝੌਤਿਆਂ ਦਾ ਦੌਰ ਸ਼ੁਰੂ ਹੋ ਗਿਆ। 1920 ਵਿੱਚ ਸਰਮੁਖ ਸਿੰਘ ਝਬਾਲ ਨੂੰ ਅਕਾਲੀ ਦਲ ਦਾ ਪਹਿਲਾ ਪ੍ਰਧਾਨ ਥਾਪਿਆ ਗਿਆ ਸੀ। ਉਨਾਂ ਮਗਰੋਂ ਬਾਬਾ ਖੜਕ ਸਿੰਘ, ਕਰਮ ਸਿੰਘ ਬੱਸੀ, ਮਾਸਟਰ ਤਾਰਾ ਸਿੰਘ, ਸਰਦਾਰ ਗੋਪਾਲ ਸਿੰਘ ਕੌਮੀ, ਬਾਬੂ ਲਾਭ ਸਿੰਘ, ਜਥੇਦਾਰ ਊਧਮ ਸਿੰਘ ਨਾਗੋਕੇ, ਗਿਆਨੀ ਕਰਤਾਰ ਸਿੰਘ, ਸਰਦਾਰ ਹੁਕਮ ਸਿੰਘ, ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਅਤੇ ਸੰਤ ਫਤਹਿ ਸਿੰਘ ਪ੍ਰਧਾਨ ਰਹੇ। ਕਿਸੇ ਵੀ ਪ੍ਰਧਾਨ ਨੇ ਆਪਣੇ ਪੁੱਤਰਾਂ ਪੋਤਰਿਆਂ ਨੂੰ ਅਕਾਲੀ ਦਲ ਵਿੱਚ ਅਹੁਦੇ ਨਹੀਂ ਬਖ਼ਸ਼ੇ। ਪਰ ਪਰਕਾਸ਼ ਸਿੰਘ ਬਾਦਲ ਹੁਰਾਂ ਨੇ ਇਸ ਪਰੰਪਰਾ ਦੀ ਜੜ ਰੋਲ ਦਿੱਤੀ। ਉਨਾਂ ਦੀ ਦੇਖਾ-ਦੇਖੀ ਹਰ ਅਹਿਮ ਅਕਾਲੀ ਆਗੂ ਦਾ ਪੁੱਤ-ਪੋਤਾ ਅਕਾਲੀ ਦਲ ਅੰਦਰਲੇ ਅਹੁਦਿਆਂ ਦਾ ਦਾਅਵੇਦਾਰ ਬਣ ਗਿਆ। ਜਿੰਨਾ ਬਾਪ ਦਾ ਸਿਆਸੀ ਕੱਦ, ਉਸੇ ਅਨੁਪਾਤ ਵਿੱਚ ਪੁੱਤ ਨੂੰ ਅਹੁਦਾ। ਪੰਥਪ੍ਰਸਤੀ ਭੁੱਲ ਗਈ, ਪਰਿਵਾਰਪ੍ਰਸਤੀ ਹਾਵੀ ਹੋ ਗਈ।
1996 ਵਿੱਚ ਮੋਗਾ ਕਾਨਫਰੰਸ ਜ਼ਰੀਏ ਅਕਾਲੀ ਦਲ ਨੇ ‘ਸੈਕੂਲਰ’ ਹੋਣਾ ਚੁਣਿਆ। ਸੈਕੂਲਰ ਹੋਣਾ ਵਿਧਾਨਕ ਮਜ਼ਬੂਰੀ ਵੀ ਸੀ, ਪਰ ਸਿੱਖ ਪੰਥ ਤਾਂ ਮੁੱਢ ਤੋਂ ਹੀ ਸੋਚ ਤੇ ਸੂਝ ਤੋਂ ਸੈਕੂਲਰ ਰਿਹਾ ਹੈ। ਦੂਜੇ ਮਜ਼ਹਬੀ ਭਾਈਚਾਰਿਆਂ ਉੱਤੇ ਬਿਪਤਾ ਪੈਣ ਸਮੇਂ ਇਹ ਹਮੇਸ਼ਾ ਉਨਾਂ ਦਾ ਹਮਸਾਇਆ ਬਣਦਾ ਆਇਆ ਹੈ। ਸੈਕੂਲਰ ਹੋਣ ਦੇ ਬਹਾਨੇ ਪੰਥਕ ਨਿਸ਼ਾਨੀਆਂ ਤੇ ਪਛਾਣ ਨਹੀਂ ਮੇਟਣੀ ਚਾਹੀਦੀ। ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੇ ਇਸ ਬੁਨਿਆਦੀ ਫਰਦਾ ਨੂੰ ਸਮਝਣ ਦਾ ਤਰੱਦਦ ਹੀ ਨਹੀਂ ਕੀਤਾ। ਇਸ ਨੇ ਬਿਬੇਕ ਨੂੰ ਤਾਂ ਤਿਲਾਂਜਲੀ ਪਹਿਲਾਂ ਹੀ ਦੇ ਦਿੱਤੀ ਸੀ-ਵਿਦਵਾਨਾਂ-ਦਾਨਿਸ਼ਵਾਰਾਂ ਨੂੰ ਅਣਡਿੱਠ ਕਰਕੇ, ਬਾਣੀ ਤੇ ਬਾਣੇ ਦੀ ਅਹਿਮੀਅਤ ਵੀ ਦਰਕਿਨਾਰ ਕਰ ਦਿੱਤੀ। ਲਿਹਾਜ਼ਾ, ਇਸਦਾ ਚਿਹਰਾ-ਮੋਹਰਾ ਵੀ ਪੰਥਕ ਨਾ ਰਿਹਾ।
ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਹੁਣ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਬਜ਼ੇ ਸਦਕਾ ਹੀ ‘ਪੰਥਕ’ ਪਾਰਟੀ ਹੈ, ਸੋਚ, ਸੁਹਜ ਤੇ ਸੂਝ ਪੱਖੋਂ ਨਹੀਂ। ਉਸ ਦੇ ਸ਼ਰੀਕ ਵੀ ਇਸ ਕਿਸਮ ਦੀਆਂ ਕਿਸ਼ਤੀਆਂ ਉੱਤੇ ਸਵਾਰ ਹਨ। ਪੰਥਕ ਪਾਰਟੀ ਦੀ ਇਹ ਦੁਰਦਸ਼ਾ, ਨਾ ਸਿਰਫ਼ ਪੰਥ ਸਗੋਂ ਸਮੁੱਚੇ ਪੰਜਾਬ ਲਈ ਨਾ ਖੁਸ਼ਗਵਾਰ ਘਟਨਾਕ੍ਰਮ ਹੈ। ਸ਼ਤਾਬਦੀ ਵਰੇ ਵਿੱਚ ਇਹ ਨਿਘਾਰ ਰੁਕਣ ਦੇ ਆਸਾਰ ਵੀ ਨਜ਼ਰ ਨਹੀਂ ਆ ਰਹੇ। ਇਹੋ ਹੀ ਅੱਜ ਦਾ ਸੱਚ ਹੈ।