ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਜਾਂਚ ਮਾਮਲੇ ਵਿੱਚ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ (SIT) ਨਾਲ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਐਫਆਈਆਰ ਦਰਜ ਹੋਣ ਤੋਂ ਬਾਅਦ ਸਰੂਪਾਂ ਦੀ ਦੁਰਵਰਤੋਂ ਨਾਲ ਜੁੜੇ ਮਾਮਲੇ ਵਿੱਚ SGPC ਨੂੰ ਕਾਨੂੰਨੀ ਜਾਂਚ ਵਿੱਚ ਮਦਦ ਕਰਨੀ ਹੋਵੇਗੀ।
ਜਥੇਦਾਰ ਨੇ ਇਹ ਵੀ ਦੱਸਿਆ ਕਿ ਪਹਿਲਾਂ ਫੈਲਾਈ ਜਾ ਰਹੀ ਇਹ ਗੱਲ ਗਲਤ ਹੈ ਕਿ ਅਕਾਲ ਤਖ਼ਤ ਨੇ SGPC ਨੂੰ ਸਰਕਾਰ ਨਾਲ ਸਹਿਯੋਗ ਨਾ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ SGPC ਦੇ ਅਧਿਕਾਰ ਖੇਤਰ ਵਿੱਚ ਸਰਕਾਰੀ ਦਖਲ ਮਨਜ਼ੂਰ ਨਹੀਂ, ਪਰ ਵੱਡੇ ਪੰਥਕ ਹਿੱਤਾਂ ਨੂੰ ਦੇਖਦਿਆਂ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਹੀ SIT ਨਾਲ ਸਹਿਯੋਗ ਦੀ ਇਜਾਜ਼ਤ ਦਿੱਤੀ ਗਈ ਹੈ।
ਜਥੇਦਾਰ ਨੇ ਸਪੱਸ਼ਟ ਕੀਤਾ ਕਿ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਿਰਫ਼ 328 ਸਰੂਪਾਂ ਦੇ ਕੇਸ ਨਾਲ ਸੰਬੰਧਤ ਜਾਣਕਾਰੀ ਦੇਣ ਅਤੇ ਜਾਂਚ ਵਿੱਚ ਸਹਿਯੋਗ ਕਰਨ ਦਾ ਅਧਿਕਾਰ ਹੈ। ਲੋੜ ਪੈਣ ‘ਤੇ ਇਹ ਜਾਂਚ ਚੰਡੀਗੜ੍ਹ ਸਥਿਤ SGPC ਦੇ ਉਪ-ਦਫ਼ਤਰ ਵਿੱਚ ਧਾਮੀ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ।
ਉਨ੍ਹਾਂ ਯਾਦ ਦਿਵਾਇਆ ਕਿ ਅਕਾਲ ਤਖ਼ਤ ਵੱਲੋਂ ਵਕੀਲ ਈਸ਼ਰ ਸਿੰਘ ਦੀ ਅਗਵਾਈ ਹੇਠ ਬਣੇ ਜਾਂਚ ਕਮਿਸ਼ਨ ਦੀ ਰਿਪੋਰਟ ਵਿੱਚ 328 ਪਾਵਨ ਸਰੂਪਾਂ ਦੀ ਗ਼ੈਰਕਾਨੂੰਨੀ ਵੰਡ ਅਤੇ ਭੇਟਾਂ ਦੀ ਗੜਬੜੀ ਦਾ ਖੁਲਾਸਾ ਹੋਇਆ ਸੀ। ਇਸ ਰਿਪੋਰਟ ਵਿੱਚ 16 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ, ਜਿਨ੍ਹਾਂ ਖ਼ਿਲਾਫ਼ SGPC ਵੱਲੋਂ ਪਹਿਲਾਂ ਹੀ ਵਿਭਾਗੀ ਕਾਰਵਾਈ ਕੀਤੀ ਜਾ ਚੁੱਕੀ ਹੈ।







