ਸੁਰਿੰਦਰ ਸਿੰਘ ਤੇਜ
ਮਣੀ ਰਤਨਮ ਦੀ ਫਿਲਮ ‘ਦਿਲ ਸੇ’ (1998) ਵਿੱਚ ਲਤਾ ਮੰਗੇਸ਼ਕਰ ਦਾ ਬੜਾ ਮਸ਼ਹੂਰ ਗੀਤ ਹੈ ‘ਜੀਆ ਜਲੇ’। ਸੰਗੀਤਕਾਰ ਏ.ਆਰ. ਰਹਿਮਾਨ ਦੇ ਨਿਰਦੇਸ਼ਨ ਹੇਠ ਲਤਾ ਵੱਲੋਂ ਗਾਇਆ ਇਹ ਪਹਿਲਾ ਗੀਤ ਸੀ। ਸੁਹਾਗ ਰਾਤ ਦੀ ਦ੍ਰਿਸ਼ਾਵਲੀ ਦਾ ਚਿਤਰਣ ਕਰਨ ਵਾਲਾ। ਲਤਾ ਨੇ ਜਿਸਮਾਨੀ ਬੇਪਰਦਗੀ ਜਾਂ ਕਾਮੁਕਤਾ ਵਾਲੇ ਗੀਤ ਗਾਉਣ ਤੋਂ ਹਮੇਸ਼ਾ ਹੀ ਪਰਹੇਜ਼ ਕੀਤਾ। ਗੀਤ ਦੀ ਧੁਨ ਤਿਆਰ ਸੀ, ਰਹਿਮਾਨ ਦੀ ਮਾਂ–ਬੋਲੀ ਮਲਿਆਲਮ ਦੇ ਸ਼ਬਦਾਂ ਵਾਲੀ। ਉਹ ਤੇ ਮਣੀ ਰਤਨਮ ਹਿੰਦੀ ਦੀਆਂ ਬਾਰੀਕੀਆਂ ਤੋਂ ਹੁਣ ਵੀ ਬਹੁਤੇ ਜਾਣੂੰ ਨਹੀਂ, ਉਦੋਂ ਤਾਂ ਉਨ੍ਹਾਂ ਦਾ ਗਿਆਨ ਬਹੁਤ ਸੀਮਿਤ ਕਿਸਮ ਦਾ ਸੀ। ਗੀਤਕਾਰ ਗੁਲਜ਼ਾਰ ਨੇ ਇਨ੍ਹਾਂ ਸਾਰੀਆਂ ਚੁਣੌਤੀਆਂ ਨੂੰ ਬੜੀ ਸਰਲਤਾ ਤੇ ਸਹਿਜ ਨਾਲ ਹੱਲ ਕਰ ਦਿੱਤਾ: ਆਪਣੇ ਮਖ਼ਮਲੀ ਅਲਫ਼ਾਜ਼ ਰਾਹੀਂ। ਗੀਤ ਦੇ ਬੋਲ ਸ਼ਬਦਾਂ ਦੀ ਜਾਦੂਗਰੀ ਦੀ ਖ਼ੂਬਸੂਰਤ ਮਿਸਾਲ ਹਨ:
ਜੀਆ ਜਲੇ, ਜਾਨ ਜਲੇ/ ਨੈਨੋ ਤਲੇ ਧੂੰਆਂ ਚਲੇ, ਧੂੰਆਂ ਚਲੇ/ ਰਾਤ ਭਰ ਧੂੰਆਂ ਚਲੇ!
ਜਾਨੂ ਨਾ, ਜਾਨੂ ਨਾ, ਜਾਨੂ ਨਾਅ ਸਖ਼ੀ/
ਦੇਖਤੇ ਹੈਂ ਤਨ ਮੇਰਾ, ਮਨ ਮੇਂ ਚੁਭਤੀ ਹੈ ਨਜ਼ਰ/ ਹੋਂਠ ਸਿਲ ਜਾਤੇ ਉਨ ਕੇ ਹੋਠੋਂ ਸੇ ਮਗਰ/ ਕਯਾ ਕਰੂੰ, ਕੈਸੇ ਕਹੂੰ, ਰਾਤ ਕਬ ਕੈਸੇ ਢਲੇ/ ਜੀਆ ਜਲੇ, ਜਾਨ ਜਲੇ…
ਅੰਗ ਅੰਗ ਮੇਂ ਜਲਤੀ ਹੈਂ ਦਰਦ ਕੀ ਚਿੰਗਾਰੀਆਂ/ ਮਸਲੇ ਫੂਲੋਂ ਕੀ ਮਹਿਕ ਮੇਂ ਤਿਤਲੀਓਂ ਕੀ ਕਿਆਰੀਆਂ/ ਰਾਤ ਭਰ ਬੇਚਾਰੀ ਮਹਿੰਦੀ, ਪਿਸਤੀ ਹੈ ਪੈਰੋਂ ਤਲੇ/ ਕਯਾ ਕਰੂੰ, ਕੈਸੇ ਕਹੂੰ, ਰਾਤ ਕਬ ਕੈਸੇ ਢਲੇ/ ਜੀਆ ਜਲੇ, ਜਾਨ ਜਲੇ…
ਨਸਰੀਨ ਮੁੰਨੀ ਕਬੀਰ ਦੀ ਕਿਤਾਬ ‘ਜੀਆ ਜਲੇ: ਦਿ ਸਟੋਰੀ ਆਫ ਸੌਂਗਜ਼’ (ਸਪੀਕਿੰਗ ਟਾਈਗਰ; 595 ਰੁਪਏ) ਦਾ ਪਹਿਲਾ ਹੀ ਅਧਿਆਇ ਉਪਰੋਕਤ ਸਮੁੱਚੇ ਕਥਾਨਕ ਨੂੰ ਪੂਰੀ ਖ਼ੂਬਸੂਰਤੀ ਨਾਲ ਬਿਆਨ ਕਰਦਾ ਹੈ। ਇਸ ਵਿੱਚ ਗੁਲਜ਼ਾਰ ਦੱਸਦਾ ਹੈ, ‘‘ਲਤਾ ਜੀ ਤੋਂ ਬਾਅਦ ਵਿੱਚ ਕਿਸੇ ਨੇ ਪੁੱਛਿਆ ਕਿ ਉਨ੍ਹਾਂ ਨੂੰ ਇਹ ਗੀਤ ਗਾਉਣ ਲੱਗਿਆਂ ਕੀ ਕੋਈ ਝਿਜਕ ਮਹਿਸੂਸ ਨਹੀਂ ਹੋਈ ਤਾਂ ਉਨ੍ਹਾਂ ਦਾ ਜਵਾਬ ਸੀ, ‘ਗੁਲਜ਼ਾਰ ਭਾਈ ਨੇ ਲਿਖਾ ਥਾ, ਹਿਚਕਿਚਾਹਟ ਕੈਸੀ? ਹਿਚਕਿਚਾਹਟ ਰਹਿਮਾਨ ਕੇ ਰਿਕਾਰਡਿੰਗ ਸਟਾਈਲ ਸੇ ਹੂਈ ਥੀ, ਗੀਤ ਸੇ ਤੋ ਬਿਲਕੁਲ ਨਹੀਂ’।’’ ਨਸਰੀਨ ਦੇ ਲਿਖਣ ਮੁਤਾਬਿਕ, ‘ਗੁਲਜ਼ਾਰ ਦੇ ਇਸ ਗੀਤ ਵਿੱਚ ਨਫ਼ਾਸਤ ਹੈ, ਗ਼ਲਾਜ਼ਤ ਨਹੀਂ। ਇਸ ਵਿੱਚ ਕਾਮੁਕਤਾ ਹੈ, ਜ਼ਹੀਨ ਕਿਸਮ ਦੀ; ਨੰਗੇਜ ਨਹੀਂ। ਗੁਲਜ਼ਾਰ ਨੇ ਲਤਾ ਵਾਸਤੇ ਇਤਰਾਜ਼ ਦੀ ਗੁੰਜਾਇਸ਼ ਹੀ ਨਹੀਂ ਸੀ ਛੱਡੀ; ਸਹਿਵਾਸ ਦੀ ਰਾਤ ਨੂੰ ਰੂਮਾਨੀਅਤ ਦੀ ਚਾਸ਼ਨੀ ਨਾਲ ਸਰਾਬੋਰ ਕਰਕੇ।’
ਇਸੇ ਗੁਲਜ਼ਾਰ ਨੂੰ ਜੇਕਰ ਭਾਰਤੀ ਗਿਆਨਪੀਠ ਨੇ ਸਾਲ 2023 ਦੇ ਗਿਆਨਪੀਠ ਪੁਰਸਕਾਰ ਨਾਲ ਨਵਾਜ਼ਣ ਦਾ ਐਲਾਨ ਕੀਤਾ ਹੈ ਤਾਂ ਇਹ ਚੋਣ ਸਹੀ ਮਾਅਨਿਆਂ ਵਿੱਚ ਸਲਾਮ ਦੀ ਹੱਕਦਾਰ ਹੈ। ਗੁਲਜ਼ਾਰ ਨੂੰ ਇਹ ਐਜਾਜ਼ ਸੰਸਕ੍ਰਿਤ ਦੇ ਉੱਘੇ ਵਿਦਵਾਨ ਸਵਾਮੀ ਰਾਮਭਦ੍ਰਾਚਾਰੀਆ ਨਾਲ ਸਾਂਝੇ ਤੌਰ ’ਤੇ ਬਖ਼ਸ਼ਿਆ ਗਿਆ ਹੈ। ਭਾਰਤੀ ਗਿਆਨਪੀਠ ਵੱਲੋਂ ਜਾਰੀ ਐਲਾਨਨਾਮੇ ਅਨੁਸਾਰ ਗੁਲਜ਼ਾਰ ਨੂੰ ਇਹ ਪੁਰਸਕਾਰ ‘‘ਉਰਦੂ ਸ਼ਾਇਰੀ ਨੂੰ ਨਵੇਂ ਆਯਾਮਾਂ ਨਾਲ ਲੈਸ ਕਰਨ ਅਤੇ ਕਲਾਤਮਿਕ ਛੋਹਾਂ ਰਾਹੀਂ ਜਨ–ਮਾਨਸ ਤੱਕ ਪਹੁੰਚਾਉਣ’’ ਵਾਸਤੇ ਦਿੱਤਾ ਗਿਆ। ਸ਼ਬਦਾਂ ਦੀ ਇਹ ਚੋਣ ਪੂਰੀ ਤਰ੍ਹਾਂ ਦਰੁਸਤ ਹੈ। ਉਹ ਉਰਦੂ ਦਾ ਪੰਜਵਾਂ ਅਦੀਬ ਹੈ ਜਿਸ ਨੂੰ ਭਾਰਤੀ ਸਾਹਿਤ ਜਗਤ ਦੇ ਉੱਚਤਮ ਸਨਮਾਨ ਦੇ ਯੋਗ ਸਮਝਿਆ ਗਿਆ ਹੈ। ਉਸ ਤੋਂ ਪਹਿਲੇ ਅਦੀਬ ਸਨ: ਰਣਵੀਰ ਸਹਾਇ, ਫ਼ਿਰਾਕ ਗੋਰਖ਼ਪੁਰੀ, ਅਖ਼ਲਾਕ ਮੁਹੰਮਦ ਖ਼ਾਨ, ਸ਼ਹਰਯਾਰ, ਕੁਰਤੂਲੇਨ ਹੈਦਰ ਤੇ ਅਲੀ ਸਰਦਾਰ ਜਾਫ਼ਰੀ। ਇਨ੍ਹਾਂ ਚੌਹਾਂ ਅਤੇ ਗੁਲਜ਼ਾਰ ਦਰਮਿਆਨ ਫ਼ਰਕ ਇਹ ਹੈ ਕਿ ਗੁਲਜ਼ਾਰ ਬਹੁਆਯਾਮੀ ਹਸਤੀ ਹੈ। ਉਹ ਸਿਰਫ਼ ਸ਼ਾਇਰ ਹੀ ਨਹੀਂ, ਕਹਾਣੀਕਾਰ ਤੇ ਨਾਵਲਕਾਰ ਵੀ ਹੈ, ਉੱਚ ਪਾਏ ਦਾ ਫਿਲਮੀ ਗੀਤਕਾਰ ਤੇ ਪਟਕਥਾ ਲੇਖਕ ਵੀ ਹੈ, ਫਿਲਮਸਾਜ਼ ਵੀ ਹੈ ਅਤੇ ਬਾਲ–ਸਾਹਿਤ ਦਾ ਬਿਹਤਰੀਨ ਰਚੇਤਾ ਵੀ। ਇਨ੍ਹਾਂ ਸਾਰੀਆਂ ਵਿਧਾਵਾਂ ਵਿੱਚ ਉਸ ਦੀ ਮੁਹਾਰਤ ਤੇ ਮਕਬੂਲੀਅਤ ਸਦਕਾ ਉਸ ਦੁਆਲੇ ਇੱਕ ਪੂਰੀ ਸਨਅਤ ਉੱਗੀ ਹੋਈ ਹੈ: ਉਸ ਦੇ ਕਾਵਿ–ਟੋਟਕਿਆਂ ਨੂੰ ਜਾਨਦਾਰ ਪੋਸਟਰਾਂ ਵਿੱਚ ਢਾਲਣ ਵਾਲੀ, ਉਸ ਦੀਆਂ ਨਜ਼ਮਾਂ ਨੂੰ ਮਹਿੰਗੀਆਂ ਕਿਤਾਬਾਂ ਦੀ ਲੰਬੀ ਫਹਿਰਿਸਤ ਦਾ ਰੂਪ ਦੇਣ ਵਾਲੀ, ਉਸ ਵੱਲੋਂ ਲਿਖੀਆਂ ਪਟਕਥਾਵਾਂ ਨੂੰ ਸਾਹਿਤਕ ਕਿਤਾਬਾਂ ਵਿੱਚ ਬਦਲਣ ਵਾਲੀ, ਉਸ ਵੱਲੋਂ ਰਚੇ ਬਾਲ–ਸਾਹਿਤ ਨੂੰ ਆਡੀਓ ਤੇ ਵੀਡੀਓ–ਬੁੱਕਸ ਦੇ ਜ਼ਰੀਏ ਬੱਚਿਆਂ ਦੇ ਚੇਤਿਆਂ ਦਾ ਸ਼ਿੰਗਾਰ ਬਣਾਉਣ ਵਾਲੀ। ਉਹ ਸ਼ਾਇਦ ਇੱਕੋ ਇੱਕ ਫਿਲਮੀ ਗੀਤਕਾਰ ਹੈ ਜੋ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਫਿਲਮਾਂ ਲਈ ਗੀਤ ਲਿਖਦਾ ਆ ਰਿਹਾ ਹੈ ਅਤੇ ਤਿੰਨ ਪੀੜ੍ਹੀਆਂ ਵਿੱਚ ਇੱਕੋ ਜਿੰਨਾ ਮਕਬੂਲ ਹੈ। 89 ਵਰ੍ਹਿਆਂ ਦੀ ਉਮਰ ਹੋਣ ਦੇ ਬਾਵਜੂਦ ਰੂਮਾਨੀਅਤ ਦੇ ਮੁਹਾਵਰੇ ਨੂੰ ਬਦਲਦੇ ਸਮਿਆਂ ਮੁਤਾਬਿਕ ਢਾਲਣ ਤੇ ਨਵੇਂ–ਨਕੋਰ ਹੁਸਨ ਨਾਲ ਲੈਸ ਕਰਨ ਦਾ ਜੋ ਹੁਨਰ ਉਸ ਨੇ ਆਪਣੇ ਅੰਦਰ ਵਿਕਸਿਤ ਕੀਤਾ ਹੋਇਆ ਹੈ, ਉਹ ਸੱਚਮੁੱਚ ਲਾਸਾਨੀ ਹੈ। ਉਸ ਦਾ ਪਹਿਲਾ ਗੀਤ ‘ਮੋਰਾ ਗੋਰਾ ਰੰਗ ਲਈਲੇ, ਮੋਹੇ ਸ਼ਿਆਮ ਰੰਗ ਦਈਦੇ’ (ਬੰਦਿਨੀ, 1963) ਅਤੇ ਨਵੀਨਤਮ ਗੀਤ ‘ਬੜ੍ਹਤੇ ਚਲੋ’ (ਸੈਮ ਬਹਾਦਰ, 2024) ਇਸ ਹੁਨਰ ਦੀ ਪਾਏਦਾਰੀ ਦੀਆਂ ਜਾਨਦਾਰ ਮਿਸਾਲਾਂ ਹਨ। ਇਸ ਹੁਨਰ ਨੂੰ ਉਹ ‘ਰੱਬੀ ਦਾਤ’ ਦੱਸਦਾ ਆਇਆ ਹੈ ਪਰ ਅਸਲੀਅਤ ਇਹ ਹੈ ਕਿ ਇਹ ਦਾਤ ਲੰਬੀ ਜੱਦੋਜਹਿਦ, ਸਖ਼ਤ ਮੁਸ਼ੱਕਤ ਅਤੇ ਜ਼ਿਹਨੀ ਤੇ ਜਿਸਮਾਨੀ ਅਨੁਸ਼ਾਸਨ ਤੋਂ ਉਪਜੀ ਹੋਈ ਹੈ।
* * *
ਫਿਲਮਾਂ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਸੀ ਗੁਲਜ਼ਾਰ ਦਾ। ਇਰਾਦਾ ਸਿਰਫ਼ ਚੰਗੀ ਰੋਜ਼ੀ–ਰੋਟੀ ਕਮਾਉਣ ਦਾ ਸੀ। 18 ਅਗਸਤ 1934 ਨੂੰ ਕਸਬਾ ਦੀਨਾ, ਜ਼ਿਲ੍ਹਾ ਜਿਹਲਮ (ਹੁਣ ਪਾਕਿਸਤਾਨ) ਵਿੱਚ ਉਹ ਮੱਖਣ ਸਿੰਘ ਕਾਲੜਾ ਤੇ ਸੁਜਾਨ ਕੌਰ ਦੇ ਘਰ ਪੈਦਾ ਹੋਇਆ। ਮੱਖਣ ਸਿੰਘ ਦੁਕਾਨਦਾਰ ਸੀ, ਛੋਟਾ ਜਿਹਾ ਕਰਿਆਨਾਫ਼ਰੋਸ਼। ਧਰਮ ਪੱਖੋਂ ਕੱਟੜ ਸਿੱਖ। ਨਵੇਂ ਪੁੱਤ ਦੇ ਪੈਦਾ ਹੋਣ ਤੋਂ ਪਹਿਲਾਂ ਪਰਿਵਾਰ ਵਿੱਚ ਇੱਕ ਧੀ ਤੇ ਦੋ ਪੁੱਤ ਸਨ। ਨਵੇਂ ਪੁੱਤ ਦਾ ਨਾਂ ਸੰਪੂਰਨ ਸਿੰਘ ਰੱਖਿਆ ਗਿਆ। ਉਸ ਤੋਂ ਬਾਅਦ ਇੱਕ ਬੇਟੀ ਹੋਰ ਜਨਮੀ ਪਰ ਉਸ ਦੀ ਮਾਂ ਵੱਖਰੀ ਸੀ। ਦਰਅਸਲ, ਸੰਪੂਰਨ ਸਿੰਘ ਅਜੇ ਅੱਠ ਮਹੀਨਿਆਂ ਦਾ ਹੀ ਸੀ ਕਿ ਸੁਜਾਨ ਕੌਰ ਚੱਲ ਵਸੀ। ਮੱਖਣ ਸਿੰਘ ਨੇ ਦੂਜਾ ਵਿਆਹ ਕਰਵਾ ਲਿਆ। ਨਵੀਂ ਮਾਂ, ਓਪਰੀ ਮਾਂ ਵਰਗੀ ਹੀ ਸੀ; ਉਸ ਨੇ ਸੰਪੂਰਨ ਸਿੰਘ ਨੂੰ ਕਦੇ ਮਾਵਾਂ ਵਾਲਾ ਸਨੇਹ ਨਹੀਂ ਦਿੱਤਾ। ਇਸ ਸਨੇਹ ਦੀ ਅਣਹੋਂਦ ਦੀ ਕਸਕ ਗੁਲਜ਼ਾਰ ਦੀਆਂ ਕਹਾਣੀਆਂ ਦੇ ਕਿਰਦਾਰਾਂ ਵਿੱਚੋਂ ਵੀ ਮਿਲਦੀ ਹੈ ਅਤੇ ਸ਼ਾਇਰੀ ਵਿੱਚੋਂ ਵੀ। ਸ਼ਾਇਰੀ ਵਿੱਚੋਂ ਵੱਧ, ਬਹੁਤੀ ਵਾਰ ਚੰਦਰਮਾ ਨਾਲ ਜੁੜੀਆਂ ਉਪਮਾਵਾਂ ਵਿੱਚੋਂ। ਇਹ ਵੀ ਕੁਦਰਤ ਦਾ ਕ੍ਰਿਸ਼ਮਾ ਸੀ ਕਿ ਨਵੀਂ ਮਾਂ ਵੱਲੋਂ ਓਪਰਾਪਣ ਲਗਾਤਾਰ ਬਰਕਰਾਰ ਰੱਖੇ ਜਾਣ ਦੇ ਬਾਵਜੂਦ ਸੰਪੂਰਨ, ਉਸ ਵੱਲੋਂ ਜਣੀ ਬੇਟੀ (ਗੁੱਡੀ) ਉਪਰ ਸਨੇਹ ਬਾਲਪਣ ਵਿੱਚ ਵੀ ਨਿਛਾਵਰ ਕਰਦਾ ਰਿਹਾ ਅਤੇ ਅਗਲੇਰੀ ਜ਼ਿੰਦਗਾਨੀ ਦੌਰਾਨ ਵੀ। ਫਿਲਮ ‘ਮਾਚਿਸ’ ਵਿੱਚ ਅਭਿਨੇਤਰੀ ਤੱਬੂ ਦੀ ਚਾਲ–ਢਾਲ ਦੇ ਪਿੱਛੇ ਪਰਛਾਵਾਂ ਗੁੱਡੀ ਭੈਣ ਦਾ ਹੀ ਸੀ। ਸੰਪੂਰਨ ਸਿੰਘ ਨੂੰ ਪੜ੍ਹਨ ਲਈ ਦੀਨਾ ਕਸਬੇ ਦੇ ਹੀ ਸਕੂਲ ਪਾਇਆ ਗਿਆ। ਪੜ੍ਹਾਈ ਪੱਖੋਂ ਉਹ ਔਸਤ ਵਿਦਿਆਰਥੀ ਸੀ ਪਰ ਸਕੂਲੀ ਕਿਤਾਬਾਂ ਦੀ ਬਜਾਇ ਹੋਰ ਕਿਤਾਬਾਂ ਪੜ੍ਹਨ ਦਾ ਸ਼ੌਕ ਵੱਧ ਸੀ।
ਸੰਪੂਰਨ ਅਜੇ 13 ਵਰ੍ਹਿਆਂ ਦਾ ਹੀ ਸੀ ਕਿ ਸੰਨ ਸੰਤਾਲੀ ਵਾਲੀ ਆਜ਼ਾਦੀ ਨੇ ਬਟਵਾਰੇ ਵਾਲਾ ਕਹਿਰ ਉੱਤਰ–ਪੱਛਮੀ ਭਾਰਤ ’ਤੇ ਵੀ ਢਾਹਿਆ ਅਤੇ ਪੂਰਬੀ ਭਾਰਤ ’ਤੇ ਵੀ। ਖ਼ੂਨ–ਖਰਾਬੇ ਦਾ ਦੌਰ ਅਗਸਤ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ। ਜਿਹਲਮ, ਪੋਠੋਹਾਰ ਖ਼ਿੱਤੇ ਵਿੱਚ ਪੈਂਦਾ ਹੈ। ਇੱਥੋਂ ਹਿੰਦੂ–ਸਿੱਖ ਮਾਰਚ ਵਿੱਚ ਹੀ ਖਾਰਿਜ ਕੀਤੇ ਜਾਣ ਲੱਗੇ। ਕਾਲੜਾ ਪਰਿਵਾਰ ਪਹਿਲਾਂ ਹਿਜਰਤ ਕਰ ਕੇ ਅੰਮ੍ਰਿਤਸਰ ਆਇਆ। ਉੱਥੇ ਦਾਲ–ਫੁਲਕਾ ਨਾ ਮਿਲਦਾ ਦੇਖ ਕੇ ਦਿੱਲੀ ਆ ਪਹੁੰਚਿਆ। ਮੱਖਣ ਸਿੰਘ ਨੇ ਸਬਜ਼ੀ ਮੰਡੀ ਵਿੱਚ ਫੜ੍ਹੀ ਲਾ ਲਈ। ਦੋ ਵੱਡੇ ਪੁੱਤਰ ਮਦਦ ਕਰਨ ਵਾਲੀ ਉਮਰ ਵਿੱਚ ਸਨ। ਸੰਪੂਰਨ ਸਿੰਘ ਨੂੰ ਪੜ੍ਹਨ ਲਾ ਦਿੱਤਾ ਗਿਆ ਯੂਨਾਈਟਿਡ ਕ੍ਰਿਸ਼ਚਨ ਸਕੂਲ ਵਿੱਚ। ਉਰਦੂ ਉੱਥੇ ਸਿੱਖਿਆ ਦਾ ਮਾਧਿਅਮ ਸੀ। ਉਰਦੂ ਪੜ੍ਹਾਉਂਦਾ ਵੀ ਇੱਕ ਇਸਾਈ ਪਾਦਰੀ ਸੀ। [ਗੁਲਜ਼ਾਰ ਉਰਦੂ ਨਾਲ ਆਪਣੇ ਮੋਹਮਈ ਰਿਸ਼ਤੇ ਦਾ ਸਿਹਰਾ ਇਸੇ ਫਾਦਰ ਨੂੰ ਦਿੰਦਾ ਹੈ, ਮੇਘਨਾ ਗੁਲਜ਼ਾਰ ਵੱਲੋਂ ਲਿਖੀ ਕਿਤਾਬ, ‘ਵੋਹ ਜੋ ਹੈਂ…’ (2004) ਵਿਚ]। ਇਸੇ ਸਕੂਲ ਵਿੱਚ ਅੰਗਰੇਜ਼ੀ ਦੀ ਇੱਕ ਕਿਤਾਬ ਵਿੱਚ ਰਾਬਿੰਦਰਨਾਥ ਟੈਗੋਰ ਦੀ ਅਨੁਵਾਦਿਤ ਕਹਾਣੀ ‘ਗਾਰਡਨਰ’ (ਬਾਗ਼ਬਾਨ) ਪੜ੍ਹਨ ਮਗਰੋਂ ਸੰਪੂਰਨ ਏਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਇਹੋ ਕਹਾਣੀ ਮੂਲ ਬੰਗਲਾ ਵਿੱਚ ਪੜ੍ਹਨ ਦੀ ਇੱਛਾ ਜ਼ਾਹਿਰ ਕੀਤੀ। ਇਸ ਇੱਛਾ ਨੂੰ ਨੌਂ ਵਰ੍ਹੇ ਬਾਅਦ ਬੰਬਈ (ਹੁਣ ਮੁੰਬਈ) ਵਿੱਚ ਫ਼ਲ ਪਿਆ।
ਇੰਟਰਮੀਡੀਏਟ ਪ੍ਰੀਖਿਆ ਵਿੱਚ ਫੇਲ੍ਹ ਹੋਣ ਵਾਲੇ ਸੰਪੂਰਨ ਨੂੰ ਪਿਤਾ ਨੇ ਸਬਜ਼ੀ ਵੇਚਣ ਦੇ ਕੰਮ ’ਤੇ ਲਾਉਣਾ ਚਾਹਿਆ ਪਰ ਇੱਕ ਵੱਡੇ ਭਰਾ ਨੇ ਅਸਹਿਮਤੀ ਜਤਾਈ। ਉਸ ਦੇ ਕਹਿਣ ’ਤੇ ਹੀ ਸੰਪੂਰਨ ਸਿੰਘ ਨੇ ਸਪਲੀਮੈਂਟਰੀ ਪ੍ਰੀਖਿਆ ਦਿੱਤੀ ਤੇ ਪਾਸ ਹੋ ਗਿਆ। ਪਰ ਪਾਠ–ਪੁਸਤਕਾਂ ਦੀ ਥਾਂ ਹੋਰਨਾਂ ਕਿਤਾਬਾਂ ਵਿੱਚ ਰੁਚੀ ਹੋਣ ਕਾਰਨ ਉਸ ਨੇ ਖ਼ੁਦ ਕਮਾਊ–ਪੁੱਤ ਬਣਨ ਦਾ ਨਿਰਣਾ ਲਿਆ। ਇਸ ਟੀਚੇ ਦੀ ਖ਼ਾਤਿਰ ਪਹਿਲਾਂ ਦਿੱਲੀ ਵਿੱਚ ਇੱਕ ਪੈਟਰੋਲ ਪੰਪ ’ਤੇ ਕੰਮ ਕੀਤਾ ਅਤੇ ਫਿਰ ਬੰਬਈ ਪੁੱਜ ਗਿਆ ਜਿੱਥੇ ਰੰਗਾਂ ਨੂੰ ਮਿਲਾ ਕੇ ਨਵਾਂ ਰੰਗ ਤਿਆਰ ਕਰਨ ਦੀ ਉਸ ਦੀ ਪ੍ਰਤਿਭਾ ਨੇ ਉਸ ਨੂੰ ਇੱਕ ਮੋਟਰ ਗੈਰਾਜ ਵਿੱਚ ਪੇਂਟਰ ਦੀ ਨੌਕਰੀ ਦਿਵਾ ਦਿੱਤੀ। ਉਹ ਦਿਨ, ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ ਦੀ ਚੜ੍ਹਤ ਦੇ ਦਿਨ ਸਨ। ਗੈਰਾਜ ਸ਼ਾਮੀਂ ਛੇ ਵਜੇ ਬੰਦ ਹੋ ਜਾਂਦਾ ਸੀ। ਉਹ ਸੌਂਦਾ ਉੱਥੇ ਹੀ ਸੀ, ਪਰ ਸ਼ਾਮਾਂ ਲੇਖਕਾਂ, ਕਲਾਕਾਰਾਂ ਦੀ ਸੋਹਬਤ ਵਿੱਚ ਗੁਜ਼ਾਰਦਾ ਸੀ। ਇਨ੍ਹਾਂ ਵਿੱਚ ਗੀਤਕਾਰ ਸ਼ੈਲੇਂਦਰ, ਕਹਾਣੀਕਾਰ ਰਾਜਿੰਦਰ ਸਿੰਘ ਬੇਦੀ, ਬਿਮਲ ਰਾਏ ਦਾ ਸਹਾਇਕ ਸ਼ੋਮੂ ਸੇਨ, ਬਾਸੂ ਭੱਟਾਚਾਰੀਆ, ਪੰਜਾਬੀ ਕਵੀ ਤੇ ਲੇਖਕ ਸੁਖਬੀਰ, ਸੰਗੀਤਕਾਰ ਤੇ ਬੰਗਲਾ ਕਵੀ ਸਲਿਲ ਚੌਧਰੀ ਆਦਿ ਸ਼ਾਮਲ ਸਨ। ਅਜਿਹੀ ਸੋਹਬਤ ਤੋਂ ਹੀ ਉਹ ਪਹਿਲਾਂ ਸੰਪੂਰਨ ਸਿੰਘ ਕਾਲੜਾ ਤੋਂ ਗੁਲਜ਼ਾਰ ਦੀਨਵੀ ਤੇ ਫਿਰ ਸਿਰਫ਼ ਗੁਲਜ਼ਾਰ ਬਣਿਆ (ਦੀਨਵੀ ਲਾਹੁਣ ਦੀ ਸਲਾਹ ਉਸ ਨੂੰ ਸ਼ੈਲੇਂਦਰ ਨੇ ਦਿੱਤੀ)। ਉਨ੍ਹੀਂ ਦਿਨੀਂ ਉਸ ਅੰਦਰ ਰਸਮੀ ਸਿੱਖਿਆ ਲੈਣ ਦੀ ਚਾਹਤ ਵੀ ਪੈਦਾ ਹੋਈ ਅਤੇ ਉਸ ਨੇ ਈਵਨਿੰਗ ਕਾਲਜ ਵਿੱਚ ਦਾਖ਼ਲਾ ਲੈ ਲਿਆ। ਉਸ ਦੀ ਸ਼ਾਇਰੀ ਦਾ ਸ਼ੈਲੇਂਦਰ ਪ੍ਰਸੰਸਕ ਸੀ। ‘ਬੰਦਿਨੀ’ ਫਿਲਮ ਦੇ ਨਿਰਮਾਣ ਦੌਰਾਨ ਸ਼ੈਲੇਂਦਰ ਦੀ ਸੰਗੀਤਕਾਰ ਸਚਿਨ ਦੇਵ ਬਰਮਨ ਨਾਲ ਤਕਰਾਰ ਹੋ ਗਈ। ਸ਼ੈਲੇਂਦਰ ਨੇ ਫਿਲਮ ਦੇ ਤਿੰਨ ਗੀਤ ਲਿਖੇ ਸਨ। ਚੌਥੇ ਦੀ ਧੁਨ ਤਿਆਰ ਸੀ, ਬੋਲ ਅਜੇ ਲਿਖੇ ਜਾਣੇ ਸਨ। ਤਿੰਨ ਹੋਰ ਗੀਤ ਬਾਅਦ ਵਿੱਚ ਰਿਕਾਰਡ ਹੋਣੇ ਸਨ। ਬਰਮਨ ਦਾਦਾ ਨਾਲ ਤਕਰਾਰ ਮਗਰੋਂ ਸ਼ੈਲੇਂਦਰ ਨੇ ਹੀ ਗੁਲਜ਼ਾਰ ਨੂੰ ‘ਬੰਦਿਨੀ’ ਦੇ ਨਿਰਮਾਤਾ–ਨਿਰਦੇਸ਼ਕ ਬਿਮਲ ਰਾਏ ਕੋਲ ਜਾਣ ਤੇ ਗੀਤਕਾਰ ਵਜੋਂ ਤਕਦੀਰ ਅਜ਼ਮਾਉਣ ਲਈ ਕਿਹਾ। ਤਿਆਰ ਧੁਨ ’ਤੇ ਗੁਲਜ਼ਾਰ ਵੱਲੋਂ ਲਿਖਿਆ ਗਿਆ ਗੀਤ ‘ਮੋਰਾ ਗੋਰਾ ਰੰਗ ਲਈਲੇ…’ ਬਰਮਨ ਦਾਦਾ ਨੂੰ ਵੀ ਪਸੰਦ ਆਇਆ ਤੇ ਬਿਮਲ ਰਾਏ ਨੂੰ ਵੀ। ਗੀਤ ਰਿਕਾਰਡ ਹੋ ਗਿਆ ਤੇ ਇਸ ਦੀ ਚਰਚਾ ਵੀ ਹੋਣ ਲੱਗੀ। ਪਰ ਉਦੋਂ ਤੱਕ ਸ਼ੈਲੇਂਦਰ ਦਾ ਰੁਸੇਵਾਂ ਵੀ ਖ਼ਤਮ ਹੋ ਗਿਆ ਅਤੇ ਉਹ ‘ਬੰਦਿਨੀ’ ਵਿੱਚ ਪਰਤ ਆਇਆ। ਗੁਲਜ਼ਾਰ ਨੂੰ ਫਿਲਮ ਤੋਂ ਅਲਹਿਦਾ ਕਰਨਾ ਬਿਮਲ ਰਾਏ ਨੂੰ ਚੰਗਾ ਨਹੀਂ ਲੱਗਿਆ। ਉਨ੍ਹਾਂ ਨੇ ਗੁਲਜ਼ਾਰ ਅੰਦਰਲੀ ਕਲਾਤਮਿਕ ਚਿਣਗ ਨੂੰ ਪਛਾਣਦਿਆਂ ਆਪਣੀ ਇੱਕ ਹੋਰ ਫਿਲਮ ‘ਕਾਬੁਲੀਵਾਲਾ’ (1962) ਵਾਸਤੇ ਉਸ ਨੂੰ ਸਹਾਇਕ ਨਿਰਦੇਸ਼ਕ ਵਜੋਂ ਕੰਮ ਦੇਣ ਦੀ ਪੇਸ਼ਕਸ਼ ਕੀਤੀ। ਇਹ ਪੇਸ਼ਕਸ਼ ਫਿਲਮਸਾਜ਼ੀ ਵੱਲ ਗੁਲਜ਼ਾਰ ਦਾ ਪਹਿਲਾ ਕਦਮ ਸਾਬਤ ਹੋਈ। ਇਸੇ ਫਿਲਮ ਵਿੱਚ ਵੀ ਗੁਲਜ਼ਾਰ ਨੂੰ ਇੱਕ ਗੀਤ ‘ਗੰਗਾ ਆਏ ਕਹਾਂ ਸੇ…’ ਲਿਖਣ ਦਾ ਮੌਕਾ ਮਿਲਿਆ। ਉਹ ਇਸ ਤਰ੍ਹਾਂ ਕਿ ਸਾਰੇ ਗੀਤ ਪ੍ਰੇਮ ਧਵਨ ਨੇ ਲਿਖਣੇ ਸਨ। ਇੱਕ ਦਿਨ ਜਦੋਂ ਸੰਗੀਤਕਾਰ ਸਲਿਲ ਚੌਧਰੀ ਵੱਲੋਂ ਧੁਨ ਤਿਆਰ ਸੀ ਅਤੇ ਰਿਕਾਰਡਿੰਗ ਲਈ ਸਟੂਡੀਓ ਵੀ ਬੁੱਕ ਸੀ ਤਾਂ ਪ੍ਰੇਮ ਧਵਨ ਗੀਤ ਲਿਖਣ ਵਿੱਚ ਨਾਕਾਮ ਰਿਹਾ। ਉਂਜ ਵੀ, ਉਸ ਨੇ ਉਸ ਦਿਨ ਕਿਸੇ ਸਮਾਗਮ ’ਤੇ ਜਾਣਾ ਸੀ ਅਤੇ ਕਾਹਲ ਵਿੱਚ ਸੀ। ਉਸ ਨੇ ਸਲਿਲ ਚੌਧਰੀ ਨੂੰ ਕਿਹਾ ਕਿ ਉਹ ਧੁਨ ਮੁਤਾਬਿਕ ਗੀਤ, ਗੁਲਜ਼ਾਰ ਤੋਂ ਲਿਖਵਾ ਲਏ। ਇਹ ਕਹਿ ਕੇ ਧਵਨ ਖਿਸਕ ਗਿਆ। ਗੁਲਜ਼ਾਰ ਨੇ ਇਹ ਗੀਤ ਅੱਧੇ ਘੰਟੇ ਦੇ ਅੰਦਰ ਲਿਖ ਦਿੱਤਾ। ਇਹ ਗੁਲਜ਼ਾਰ ਦਾ ਦੂਜਾ ਰਿਕਾਰਡਿਡ ਗੀਤ ਸੀ ਪਰ ‘ਕਾਬੁਲੀਵਾਲਾ’ 1962 ਵਿੱਚ ਰਿਲੀਜ਼ ਹੋਣ ਕਾਰਨ ਪਹਿਲਾਂ ਮਾਰਕੀਟ ਵਿੱਚ ਆ ਗਿਆ।
ਦੋ ਗੀਤਾਂ ਦੀ ਚਰਚਾ ਹੋਣ ਮਗਰੋਂ ਜਿੱਥੇ ਗੀਤਕਾਰ ਵਜੋਂ ਗੁਲਜ਼ਾਰ ਦੀ ਮਾਰਕੀਟ ਬਣਨ ਲੱਗੀ, ਉੱਥੇ ਸਹਾਇਕ ਨਿਰਦੇਸ਼ਕ ਵਜੋਂ ਵੀ ਮਾਇਕ ਪ੍ਰਗਤੀ ਹੋਣ ਲੱਗੀ। ਬਿਮਲ ਰਾਏ ਤੋਂ ਇਲਾਵਾ ਉਸ ਨੇ ਰਿਸ਼ੀਕੇਸ਼ ਮੁਖਰਜੀ ਦੇ ਸਹਾਇਕ ਤੇ ਸਹਿਯੋਗੀ ਨਿਰਦੇਸ਼ਕ ਵਜੋਂ ਕੰਮ ਕੀਤਾ। ਗੀਤਕਾਰ ਵਜੋਂ ‘ਸ੍ਰੀਮਾਨ ਸੱਤਿਆਵਾਦੀ’ (1963) ਤੇ ‘ਬੀਵੀ ਔਰ ਮਕਾਨ’ (1966) ਵਿੱਚ ਉਸ ਦੇ ਗੀਤ ਚਰਚਿਤ ਹੋਏ ਅਤੇ ਫਿਰ ਸੰਗੀਤਕਾਰ ਹੇਮੰਤ ਕੁਮਾਰ ਦੀ ਸੰਗਤ ਵਿੱਚ ਰਚੇ ਗਏ ‘ਸੰਨਾਟਾ’ (1966) ਤੇ ਕੁਝ ਹੋਰ ਫਿਲਮਾਂ ਦੇ ਗੀਤ ਵੀ। ਰਿਸ਼ੀਕੇਸ਼ ਮੁਖਰਜੀ ਨੇ ਉਸ ਨੂੰ ‘ਆਸ਼ੀਰਵਾਦ’ (1968) ਦੇ ਗੀਤ ਲਿਖਣ ਦੇ ਨਾਲ–ਨਾਲ ਸੰਵਾਦ ਤੇ ਪਟਕਥਾ ਲਿਖਣ ਲਈ ਵੀ ਕਿਹਾ। ਵਸੰਤ ਦੇਸਾਈ ਦੇ ਸੰਗੀਤ ਨਾਲ ਸਜੇ ਇਸ ਫਿਲਮ ਦੇ ਦੋ ਗੀਤ ‘ਜੀਵਨ ਸੇ ਲੰਬੇ ਹੈਂ ਬੰਧੂ, ਯੇਹ ਜੀਵਨ ਕੇ ਰਸਤੇ’ ਅਤੇ ‘ਏਕ ਥਾ ਬਚਪਨ’ ਗੀਤਕਾਰ ਵਜੋਂ ਉਸ ਦੇ ਨਿਆਰੇਪਣ ਦਾ ਉਮਦਾ ਪ੍ਰਮਾਣ ਸਾਬਤ ਹੋਏ। ਪਰ ਅਸਲ ਕਾਮਯਾਬੀ ਹੇਮੰਤ ਕੁਮਾਰ ਵੱਲੋਂ ਨਿਰਮਿਤ ‘ਖ਼ਾਮੋਸ਼ੀ’ (1969) ਤੋਂ ਮਿਲੀ। ਇਸ ਫਿਲਮ ਦੇ ਸੰਵਾਦ ਵੀ ਗੁਲਜ਼ਾਰ ਦੇ ਸਨ ਤੇ ਪਟਕਥਾ ਵੀ। ਹੇਮੰਤ ਕੁਮਾਰ ਨੇ ਉਸ ਨੂੰ ਗੀਤਕਾਰ ਵਜੋਂ ਨਿਵੇਕਲੇ ਅਲੰਕਾਰਾਂ ਨਾਲ ਖੇਡਣ ਦੀ ਪੂਰੀ ਖੁੱਲ੍ਹ ਦਿੱਤੀ। ‘ਹਮਨੇ ਦੇਖੀ ਹੈ ਉਨ ਆਖੋਂ ਕੀ ਮਹਿਕਤੀ ਖੁਸ਼ਬੂ…’ ਵਰਗਾ ਨਿਆਰਾ ਗੀਤ ਇਸੇ ਆਜ਼ਾਦੀ ਦੀ ਉਪਜ ਸੀ। ‘ਅੱਖਾਂ ਵਿੱਚੋਂ ਮਹਿਕਦੀ ਖੁਸ਼ਬੂ’ ਵਰਗੀ ਉਪਮਾ ਦਾ ਕਈ ਰਵਾਇਤੀ ਗੀਤਕਾਰਾਂ ਨੇ ਮਜ਼ਾਕ ਵੀ ਉਡਾਇਆ, ਪਰ ਗੀਤ ਨੂੰ ਮਿਲੀ ਜਨਤਕ ਹਮਾਇਤ ਨੇ ‘ਬਰਾਂਡ ਗੁਲਜ਼ਾਰ’ ਨੂੰ ਜਨਮ ਦਿੱਤਾ ਜਿਸ ਦੀ ਮਕਬੂਲੀਅਤ ਹੁਣ ਵੀ ਬਰਕਰਾਰ ਹੈ। ਇਸ ਬਰਾਂਡ ਦੀ ਖ਼ਾਸੀਅਤ ਹੈ: ਸ਼ਬਦਾਂ ਦੀ ਸ਼ਾਇਸਤਗੀ ਤੇ ਨਵ–ਨਵੇਲੀਆਂ ਉਪਮਾਵਾਂ।
* * *
ਬਰਾਂਡ ਗੁਲਜ਼ਾਰ ਨੂੰ ਪਾਏਦਾਰੀ ‘ਆਨੰਦ’ ਤੇ ‘ਗੁੱਡੀ’ ਫਿਲਮਾਂ ਨੇ ਬਖ਼ਸ਼ੀ। ਰਿਸ਼ੀਕੇਸ਼ ਮੁਖਰਜੀ ਦੀਆਂ ਇਨ੍ਹਾਂ ਦੋਵਾਂ ਫਿਲਮਾਂ ਦੀ ਪਟਕਥਾ, ਸੰਵਾਦ ਤੇ ਗੀਤ ਗੁਲਜ਼ਾਰ (‘ਆਨੰਦ’ ਵਿੱਚ ਦੋ ਗੀਤ ਯੋਗੇਸ਼ ਦੇ ਵੀ ਸਨ) ਦੇ ਸਨ। ਉਸ ਦੀਆਂ ਪਟਕਥਾਵਾਂ ਫਿਲਮ ਦੀ ਕਹਾਣੀ ਨੂੰ ਖਿੰਡਣ ਨਹੀਂ ਸੀ ਦਿੰਦੀਆਂ ਤੇ ਸੰਵਾਦ ਆਮ ਆਦਮੀ ਦੀ ਭਾਸ਼ਾ ਵਾਲੇ ਤੇ ਚੁਸਤ–ਦਰੁਸਤ ਹੁੰਦੇ ਸਨ, ਥੀਏਟਰੀਕਲ ਨਹੀਂ। ਇਸ ਤਜਰਬੇ ਨੇ ਹੋਰਨਾਂ ਸੰਵਾਦ ਲੇਖਕਾਂ ਨੂੰ ਵੀ ਆਪੋ–ਆਪਣੀ ਸ਼ੈਲੀ ਬਦਲਣ ਲਈ ਮਜਬੂਰ ਕੀਤਾ। ਅਜਿਹੀਆਂ ਕਾਮਯਾਬੀਆਂ ਮਗਰੋਂ ਗੁਲਜ਼ਾਰ ਦਾ ਫਿਲਮ ਨਿਰਦੇਸ਼ਕ ਬਣਨਾ ਇੱਕ ਕੁਦਰਤੀ ਵਰਤਾਰਾ ਸੀ। ਇਸ ਵਰਤਾਰੇ ਨਾਲ ਜੁੜੇ ਕੁਝ ਅਹਿਮ ਨੁਕਤੇ ਹਨ:
* ਗੁਲਜ਼ਾਰ ਨੇ 1971 ਤੋਂ 1998 ਤੱਕ ਡੇਢ ਦਰਜਨ ਫਿਲਮਾਂ ਦਾ ਨਿਰਦੇਸ਼ਨ ਕੀਤਾ। ਪਹਿਲੀਆਂ ਤਿੰਨ ‘ਮੇਰੇ ਅਪਨੇ’, ‘ਪਰਿਚੈ’ ਤੇ ‘ਕੋਸ਼ਿਸ਼’ ਪਹਿਲਾਂ ਤੋਂ ਬਣੀਆਂ ਫਿਲਮਾਂ ’ਤੇ ਆਧਾਰਿਤ ਸਨ। ਇਸ ਮਗਰੋਂ ਉਸ ਨੇ ਇਹ ਟੈਂਪਲੇਟ ਤਿਆਗ ਦਿੱਤੀ। ਮੇਰੀ ਜ਼ਾਤੀ ਰਾਇ ਮੁਤਾਬਿਕ ‘ਅਚਾਨਕ’ ਤੇ ‘ਆਂਧੀ’ ਉਸ ਦੀਆਂ ਬਿਹਤਰੀਨ ਫਿਲਮਾਂ ਸਨ। ‘ਅਚਾਨਕ’ ਗੀਤ–ਰਹਿਤ ਸੀ, ‘ਆਂਧੀ’ ਦੇ ਗੀਤ ਗੁਲਜ਼ਾਰ ਦੀਆਂ ਬਿਹਤਰੀਨ ਕਾਵਿਕ ਰਚਨਾਵਾਂ ਵਿੱਚ ਸ਼ੁਮਾਰ ਹੁੰਦੇ ਹਨ।
* ‘ਆਂਧੀ’ ਨੂੰ ਸ੍ਰੀਮਤੀ ਇੰਦਿਰਾ ਗਾਂਧੀ ਦੀ ਜੀਵਨ ਕਥਾ ਮੰਨਿਆ ਜਾਂਦਾ ਹੈ। ਇਸੇ ਕਾਰਨ ਐਮਰਜੈਂਸੀ ਦੌਰਾਨ ਰਿਲੀਜ਼ ਹੋਣ ’ਤੇ 1975 ਵਿੱਚ ਇਸ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ। ਪਰ ਅਸਲੀਅਤ ਵਿੱਚ ਇਹ ਤਾਰਾਕੇਸ਼ਵਰੀ ਸਿਨਹਾ ਦੇ ਜੀਵਨ ਉੱਤੇ ਆਧਾਰਿਤ ਸੀ। ਸ੍ਰੀਮਤੀ ਸਿਨਹਾ 1970ਵਿਆਂ ਵਿੱਚ ਬੜੀ ਗਲੈਮਰਸ ਕੇਂਦਰੀ ਮੰਤਰੀ ਸੀ। ਉਹ ਤਲਾਕਸ਼ੁਦਾ ਵੀ ਸੀ। ਉਹ 1957 ਤੋਂ 1971 ਤੱਕ ਬਿਹਾਰ ਤੋਂ ਲੋਕ ਸਭਾ ਤੇ ਫਿਰ ਪੰਜ ਸਾਲ ਲਈ ਰਾਜ ਸਭਾ ਦੀ ਮੈਂਬਰ ਰਹੀ। ਲੰਡਨ ਸਕੂਲ ਆਫ ਇਕਨੌਮਿਕਸ (ਐਲ.ਐੱਸ.ਈ.) ਤੋਂ ਪੜ੍ਹੀ ਤਾਰਾਕੇਸ਼ਵਰੀ ਵਾਲਾਂ ਦੇ ਬੌਬ ਕੱਟ ਵਾਲੀ ਪਹਿਲੀ ਭਾਰਤੀ ਸੰਸਦ ਮੈਂਬਰ ਸੀ।
* ‘ਮਿਰਜ਼ਾ ਗ਼ਾਲਿਬ’, ‘ਕਿਰਦਾਰ’ ਤੇ ‘ਤਹਿਰੀਰ’ ਉਹ ਸੀਰੀਅਲ ਸਨ ਜਿਹੜੇ ਗੁਲਜ਼ਾਰ ਨੇ ਦੂਰਦਰਸ਼ਨ ਲਈ ਤਿਆਰ ਕੀਤੇ। ਮਿਰਜ਼ਾ ਗ਼ਾਲਿਬ ਦੀ ਸ਼ਖ਼ਸੀਅਤ ਤੇ ਸ਼ਾਇਰੀ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਸੀਰੀਅਲ ਦੀ ਭੂਮਿਕਾ ਯਾਦਗਾਰੀ ਰਹੀ।
* ਗੁਲਜ਼ਾਰ ਦੀਆਂ ਬਾਲ ਰਚਨਾਵਾਂ ਦੀ ਮਕਬੂਲੀਅਤ ਵੀ ਬੇਮਿਸਾਲ ਹੈ। ‘ਜੰਗਲ ਬੁੱਕ’ ਦਾ ਸਿਗਨੇਚਰ ਗੀਤ ‘ਚੱਡੀ ਪਹਿਨ ਕੇ ਫੂਲ ਖਿਲਾ ਹੈ’ ਬਾਲ ਮਨਾਂ ਉੱਤੇ ਵੀ ਛਾਇਆ ਹੋਇਆ ਹੈ ਅਤੇ ਵੱਡਿਆਂ ਦੇ ਚਿਹਰਿਆਂ ’ਤੇ ਵੀ ਮੁਸਕਾਨ ਲਿਆ ਦਿੰਦਾ ਹੈ। ‘ਯੂਨੀਸੈਫ’ ਵੱਲੋਂ 2019 ਵਿੱਚ ਕਰਵਾਏ ਇੱਕ ਸਰਵੇਖਣ ਅਨੁਸਾਰ ‘ਨਾਨੀ ਤੇਰੀ ਮੋਰਨੀ ਕੋ ਮੋਰ ਲੇ ਗਏ’ (ਮਾਸੂਮ, 1960) ਤੋਂ ਬਾਅਦ ‘ਲਕੜੀ ਕੀ ਕਾਠੀ, ਕਾਠੀ ਪੇ ਘੋੜਾ’ (ਮਾਸੂਮ 1983) ਸਾਡੇ ਉਪ ਮਹਾਂਦੀਪ ਦਾ ਸਭ ਤੋਂ ਮਕਬੂਲ ਬਾਲ ਗੀਤ ਹੈ। ਪਹਿਲਾ ਗੀਤ ਸ਼ੈਲੇਂਦਰ ਦਾ ਸੀ ਤੇ ਦੂਜਾ ਗੁਲਜ਼ਾਰ ਦਾ।
* ਭਾਰਤੀ ਗਿਆਨਪੀਠ ਵੱਲੋਂ ਪੁਰਸਕ੍ਰਿਤ ਕੀਤੇ ਜਾਣ ਤੋਂ ਪਹਿਲਾਂ ਗੁਲਜ਼ਾਰ ਭਾਰਤੀ ਸਾਹਿਤ ਅਕਾਡਮੀ ਵੱਲੋਂ ਵੀ ਸਨਮਾਨਿਆ ਜਾ ਚੁੱਕਾ ਹੈ ਅਤੇ ਪਦਮ ਭੂਸ਼ਨ ਨਾਲ ਵੀ ਅਲੰਕ੍ਰਿਤ ਹੋ ਚੁੱਕਾ ਹੈ। ਉਹ ਪਹਿਲਾ ਭਾਰਤੀ ਗੀਤਕਾਰ ਹੈ ਜਿਸ ਨੂੰ ਔਸਕਰ ਤੇ ਗਰੈਮੀ ਵਰਗੇ ਵਕਾਰੀ ਕੌਮਾਂਤਰੀ ਐਵਾਰਡ ਵੀ ਹਾਸਿਲ ਹੋਏ। ਪੰਜ ਕੌਮੀ ਫਿਲਮ ਐਵਾਰਡਾਂ ਤੇ ਦਾਦਾ ਸਾਹਿਬ ਫਾਲਕੇ ਐਵਾਰਡ ਤੋਂ ਇਲਾਵਾ ਉਹ ਦਰਜਨ ਤੋਂ ਵੱਧ ਫਿਲਮਫੇਅਰ ਐਵਾਰਡ ਵੀ ਜਿੱਤ ਚੁੱਕਾ ਹੈ।
* ਨਸਰੀਨ ਮੁੰਨੀ ਕਬੀਰ ਵੱਲੋਂ 2012 ਵਿੱਚ ਲਿਖੀ ਕਿਤਾਬ ‘ਇਨ ਦਿ ਕੰਪਨੀ ਆਫ ਏ ਪੋਇਟ’ ਮੁਤਾਬਿਕ ਗੁਲਜ਼ਾਰ ਦੀਆਂ ਮੁੱਢਲੀਆਂ ਕਵਿਤਾਵਾਂ ਭਾਰਤੀ ਉਰਦੂ ਰਸਾਲਿਆਂ ਨੇ ਰੱਦ ਕਰ ਦਿੱਤੀਆਂ ਸਨ। ਇਨ੍ਹਾਂ ਕਵਿਤਾਵਾਂ ਨੂੰ 1957 ਵਿੱਚ ਪਾਕਿਸਤਾਨੀ ਸ਼ਾਇਰ ਤੇ ਸੰਪਾਦਕ ਅਹਿਮਦ ਨਸੀਮ ਕਾਜ਼ਮੀ ਨੇ ਆਪਣੇ ਰਸਾਲੇ ‘ਫ਼ੁਨੂਨ’ ਵਿੱਚ ਛਾਪਿਆ। ਗੁਲਜ਼ਾਰ ਉਨ੍ਹਾਂ ਨੂੰ ਬਾਬਾ (ਪਿਤਾ) ਕਹਿ ਕੇ ਸੰਬੋਧਨ ਕਰਦਾ ਸੀ। ਉਸ ਰਸਾਲੇ ਵਿੱਚ ਛਪਣ ਮਗਰੋਂ ਗੁਲਜ਼ਾਰ ਦੀਆਂ ਰਚਨਾਵਾਂ ਭਾਰਤੀ ਰਸਾਲਿਆਂ, ਖ਼ਾਸ ਕਰਕੇ ‘ਫ਼ਨ ਔਰ ਸ਼ਖ਼ਸੀਅਤ’ ਵਿੱਚ ਵੀ ਛਪਣੀਆਂ ਸ਼ੁਰੂ ਹੋ ਗਈਆਂ।
* ਐਤਵਾਰ ਨੂੰ ਛੱਡ ਕੇ ਕੋਈ ਦਿਨ ਅਜਿਹਾ ਨਹੀਂ ਗੁਜ਼ਰਦਾ ਜਦੋਂ ਗੁਲਜ਼ਾਰ ਕੁਝ ਨਵਾਂ ਨਾ ਲਿਖਦਾ ਹੋਵੇ। ਉਸ ਦੇ ਫਿਲਮੀ ਗੀਤ ਇੱਕ ਹਜ਼ਾਰ ਤੋਂ ਵੱਧ ਹਨ। ਨਜ਼ਮਾਂ ਤੇ ਗ਼ਜ਼ਲਾਂ ਦੀ ਗਿਣਤੀ ਦੋ ਹਜ਼ਾਰ ਦੇ ਕਰੀਬ ਹੈ। ਇੱਕ ਨਾਵਲ ਅਤੇ ਦੋ ਕਹਾਣੀ ਸੰਗ੍ਰਹਿਆਂ ਦਾ ਉਹ ਰਚੇਤਾ ਹੈ। ਬਾਲ ਸਾਹਿਤ ਦੀਆਂ ਪੁਸਤਕਾਂ ਦਰਜਨ ਦੇ ਕਰੀਬ ਹਨ। ਉਰਦੂ, ਹਿੰਦੀ, ਪੰਜਾਬੀ ਤੇ ਬੰਗਲਾ ਤੋਂ ਇਲਾਵਾ ਉਹ ਹੁਣ ਅੰਗਰੇਜ਼ੀ ਵਿੱਚ ਵੀ ਕਵਿਤਾਵਾਂ ਲਿਖਣ ਲੱਗ ਪਿਆ ਹੈ।
* ਮੇਘਨਾ ਗੁਲਜ਼ਾਰ ਆਪਣੇ ਪਿਤਾ ਦੀ ਜੀਵਨੀ ‘ਵੋਹ ਜੋ ਹੈਂ…’ ਵਿੱਚ ਲਿਖਦੀ ਹੈ ਕਿ ਗੁਲਜ਼ਾਰ ਦਾ ਜੀਵਨ ਅਨੁਸ਼ਾਸਿਤ ਜੀਵਨ ਦੀ ਮਿਸਾਲ ਹੈ। ਵਕਤ ਦੀ ਪੂਰੀ ਪਾਬੰਦੀ, ਹਫ਼ਤੇ ਵਿੱਚ ਛੇ ਦਿਨ ਸਵੇਰੇ 10 ਵਜੇ ਆਪਣੇ ਡੈਸਕ ’ਤੇ ਪੁੱਜ ਜਾਣਾ, 1.30 ਵਜੇ ਤੱਕ ਲਿਖਣਾ–ਪੜ੍ਹਨਾ, ਫਿਰ ਇੱਕ ਘੰਟੇ ਲਈ ਲੰਚ ਅਤੇ ਢਾਈ ਵਜੇ ਤੋਂ ਛੇ ਵਜੇ ਤੱਕ ਫਿਰ ਲਿਖਣ–ਪੜ੍ਹਨ ਜਾਂ ਲੋਕਾਂ ਨੂੰ ਮਿਲਣ ਦਾ ਸਿਲਸਿਲਾ। ਰਾਤ 9 ਵਜੇ ਬੈੱਡ ’ਤੇ ਕਿਤਾਬ ਸਮੇਤ ਪੁੱਜਣਾ, 10 ਵਜੇ ਸੌਂ ਜਾਣਾ ਤਾਂ ਜੋ ਅਗਲੀ ਸਵੇਰ ਪੰਜ ਵਜੇ ਜਾਗਿਆ ਜਾ ਸਕੇ। ਮੇਘਨਾ ਦੀ ਰਾਇ ਹੈ ਕਿ ਗੁਲਜ਼ਾਰ ਦੀ ਸਿਰਜਣਾਤਮਿਕ ਤਰੋ–ਤਾਜ਼ਗੀ ਇਸੇ ਤਰਜ਼–ਇ–ਜ਼ਿੰਦਗੀ ਦੀ ਪੈਦਾਇਸ਼ ਹੈ।
ਹੋਰ ਬਹੁਤ ਕੁਝ ਹੈ ਪਾਠਕਾਂ ਨਾਲ ਸਾਂਝਾ ਕਰਨ ਲਈ ਪਰ ਫਿਰ ਕਦੇ।
ਲੇਖ ਦੀ ਸਮਾਪਤੀ ਗੁਲਜ਼ਾਰ ਦੇ ਹੀ ਦੋ ਯਾਦਗਾਰੀ ਅਸ਼’ਆਰ ਨਾਲ: ‘ਕਾਂਟੋਂ ਪਰ ਭੀ ਦੋਸ਼ ਕੈਸੇ ਡਾਲੇਂ ਜਨਾਬ/ ਪੈਰ ਤੋ ਹਮਨੇ ਰੱਖਾ/ ਵੋ ਤੋ ਅਪਨੀ ਜਗਹਿ ਥੇ।’ ਅਤੇ ‘ਯੂੰ ਹੀ ਨਹੀਂ ਹੋਤੀ, ਜਨਾਜ਼ੋਂ ਮੇਂ ਭੀੜ ਸਾਹਿਬ/ ਹਰ ਸ਼ਖ਼ਸ ਅੱਛਾ ਹੈ, ਬਸ ਚਲੇ ਜਾਨੇ ਕੇ ਬਾਅਦ।’
(ਪੰਜਾਬੀ ਟ੍ਰਿਬਊਨ ਤੋਂ ਧੰਨਵਾਦ ਸਹਿਤ)