ਰੂਪ ਲਾਲ ਰੂਪ
ਬਹੁਜਨ ਸਮਾਜ ਪਾਰਟੀ (ਬਸਪਾ) ਦਾ ਗਠਨ ‘ਡੀਐੱਸ ਫੋਰ’ ਦੀ ਸਥਾਪਨਾ ਉਪਰੰਤ ਜ਼ਮੀਨੀ ਪੱਧਰ ਦੀਆਂ ਹਕੀਕਤਾਂ ਨੂੰ ਧਿਆਨ ਗੋਚਰੇ ਕਰਦਿਆਂ ਬਾਬੂ ਕਾਂਸ਼ੀ ਰਾਮ ਜੀ ਨੇ 14 ਅਪਰੈਲ 1984 ਵਿਚ ਕੀਤਾ। ਉਨ੍ਹਾਂ ਦਾ ਸੁਫ਼ਨਾ ਦਲਿਤ ਸਮਾਜ ਨੂੰ ਹੁਕਮਰਾਨ ਬਣਾਉਣਾ ਸੀ। ਇਹ ਸੁਫ਼ਨਾ ਉਨ੍ਹਾਂ ਆਪਣੀ ਜ਼ਿੰਦਗੀ ਵਿਚ ਸਾਕਾਰ ਕਰ ਕੇ ਦਿਖਾ ਦਿੱਤਾ। ਆਜ਼ਾਦੀ ਉਪਰੰਤ ਲਗਭਗ 50 ਸਾਲ ਕੇਂਦਰ ਵਿਚ ਕਾਂਗਰਸ ਪਾਰਟੀ ਸੱਤਾ ’ਤੇ ਕਾਬਜ਼ ਰਹੀ। ਉਸ ਨੂੰ ਸੱਤਾ ਤੋਂ ਬਾਹਰ ਕੀਤੇ ਬਿਨਾ ਬਸਪਾ ਦਾ ਸੱਤਾ ਵਿਚ ਆਉਣਾ ਸੰਭਵ ਨਹੀਂ ਸੀ। ਇਸ ਲਈ ਬਾਬੂ ਕਾਂਸ਼ੀ ਰਾਮ ਨੇ ਪਿੰਡੋ-ਪਿੰਡ ਤੇ ਸ਼ਹਿਰੋ-ਸ਼ਹਿਰ ਸਾਈਕਲ ਯਾਤਰਾ ਕਰ ਕੇ ਲੋਕਾਂ ਨੂੰ ਜਾਗਰੂਕ ਕੀਤਾ। ਸਾਰੇ ਭਾਰਤ ਵਿਚ ਥਾਂ-ਥਾਂ ਦਲਿਤ ਜਾਗ੍ਰਿਤੀ ਲਈ ਰੈਲੀਆਂ ਕੀਤੀਆਂ। ਸੰਯੋਗ ਵਸ ਮੈਨੂੰ ਉਨ੍ਹਾਂ ਦੀਆਂ ਦਿੱਲੀ ਅਤੇ ਪੰਜਾਬ ਦੀਆਂ ਕਈ ਰੈਲੀਆਂ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਦਲਿਤ ਸਮਾਜ ਨੂੰ ਸਾਫ ਸ਼ਬਦਾਂ ਵਿੱਚ ਦੱਸਿਆ ਕਿ ਅਸੀਂ ਕਾਂਗਰਸ ਨੂੰ ਕਮਜ਼ੋਰ ਕਰਨਾ ਹੈ; ਮਾਰਨਾ ਨਹੀਂ। ਕਾਂਗਰਸ ਮਰੇਗੀ ਤਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਉਭਾਰ ਹੋਵੇਗਾ ਜੋ ਦਲਿਤ ਸਮਾਜ ਲਈ ਬੇਹੱਦ ਘਾਤਕ ਹੋਵੇਗਾ। ਇਸ ਲਈ ਉਨ੍ਹਾਂ ਬਹੁਤ ਦੂਰ ਅੰਦੇਸ਼ੀ ਨਾਲ ਸੰਤੁਲਨ ਬਣਾ ਕੇ ਰੱਖਿਆ ਅਤੇ ਕਾਂਗਰਸ ਨੂੰ ਗੋਡਿਆਂ ਹੇਠ ਲੈ ਕੇ ਕਮਜ਼ੋਰ ਕਰ ਦਿੱਤਾ।
ਲੁਧਿਆਣਾ ਦੀ ਦਰੇਸੀ ਗਰਾਊਂਡ ਵਿਚ 1995 ਦੀ ਰੈਲੀ ਦੌਰਾਨ ਉਨ੍ਹਾਂ 1992 ਵਿਚ ਪੰਜਾਬ ਵਿਧਾਨ ਸਭਾ ਲਈ ਪਹਿਲੀ ਵਾਰ ਚੁਣੇ ਨੌਂ ਦੇ ਨੌਂ ਐੱਮਐੱਲਏ ਸਟੇਜ ’ਤੇ ਇਕ ਕਤਾਰ ਵਿੱਚ ਕੁਰਸੀਆਂ ’ਤੇ ਬਿਠਾਏ ਹੋਏ ਸਨ। ਕਨਸੋਆਂ ਸਨ ਕਿ ਕੁਝ ਐੱਮਐੱਲਏ ਬਾਗੀ ਹੋ ਸਕਦੇ ਹਨ। ਬਾਬੂ ਕਾਂਸ਼ੀ ਰਾਮ ਨੇ ਲੱਖਾਂ ਦੀ ਭੀੜ ਨੂੰ ਗਰਜਵੀਂ ਆਵਾਜ਼ ਵਿਚ ਕਿਹਾ, “ਇਹ ਤੁਹਾਡੇ ਨੁਮਾਇੰਦੇ ਹਨ। ਇਸੇ ਲਈ ਤੁਹਾਡੇ ਸਾਹਮਣੇ ਬਿਠਾਏ ਹਨ। ਜੇਕਰ ਇਹ ਸਮਾਜ ਨਾਲ ਗੱਦਾਰੀ ਕਰਦੇ ਹਨ ਤਾਂ ਇਨ੍ਹਾਂ ਦੇ ਟੁਕੜੇ-ਟੁਕੜੇ ਕਰ ਦਿਓ।” ਇਹ ਬਿਆਨ ਮਮੂਲੀ ਨਹੀਂ ਸੀ ਸਗੋਂ ਨੁਮਾਇੰਦਗੀ ਕਰਨ ਵਾਲਿਆਂ ਅਤੇ ਸਮਾਜ ਨੂੰ ਆਪੋ-ਆਪਣੀ ਜਿ਼ੰਮੇਵਾਰੀ ਪ੍ਰਤੀ ਸਪਸ਼ਟ ਸੁਨੇਹਾ ਸੀ। ਉਨ੍ਹਾਂ ਦੇ ਭਾਸ਼ਣ ਮੀਡੀਆ ਅਤੇ ਸਰਕਾਰਾਂ ਸਾਹ ਰੋਕ ਕੇ ਸੁਣਦੇ ਸਨ। ਫਿਰ ਉਨ੍ਹਾਂ ਮਾਇਆਵਤੀ ਨੂੰ ਤਖਤ ’ਤੇ ਬਿਠਾਇਆ। ਆਪਣੀ ਪਹਿਲੇ ਕਾਰਜਕਾਲ ਵਿਚ ਮਾਇਆਵਤੀ ਬਾਬੂ ਜੀ ਦੇ ਪਦ ਚਿੰਨ੍ਹਾਂ ’ਤੇ ਚਲਦਿਆਂ ਭਾਰਤ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦੀ ਕਾਮਯਾਬ ਮੁੱਖ ਮੰਤਰੀ ਸਾਬਿਤ ਹੋਏ। ਬਾਬੂ ਜੀ ਦੇ ਜੀਵਨ ਕਾਲ ਦੌਰਾਨ ਉਹ ਚਾਰ ਵਾਰ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਬਣੀ ਪਰ ਉਨ੍ਹਾਂ ਦੇ ਤੁਰ ਜਾਣ ਬਾਅਦ ਉਹ ਇਕ ਵਾਰ ਵੀ ਆਪਣੇ ਬਲਬੂਤੇ ਮੁੱਖ ਮੰਤਰੀ ਨਹੀਂ ਬਣ ਸਕੇ ਤੇ ਨਾ ਲੋਕ ਸਭਾ ਵਿਚ ਨੁਮਾਇੰਦਗੀ ਕਾਇਮ ਰੱਖ ਸਕੇ। 1999-2004 ਦੌਰਾਨ 13ਵੀਂ ਲੋਕ ਸਭਾ ਵਿਚ ਬਸਪਾ ਦੇ ਲੋਕ ਸਭਾ ਵਿਚ 14, 14ਵੀਂ ਵਿਚ 17 ਅਤੇ 15ਵੀਂ ਵਿਚ 21 ਮੈਂਬਰ ਸਨ। ਇਸ ਨੂੰ ਬਾਬੂ ਜੀ ਦੀ ਦੂਰਅੰਦੇਸ਼ੀ ਦਾ ਕ੍ਰਿਸ਼ਮਾ ਕਿਹਾ ਜਾ ਸਕਦਾ ਹੈ ਜੋ ਮਾਇਆਵਤੀ ਵਿਚ ਪਾਂਸਕ ਮਾਤਰ ਨਹੀਂ ਹੈ। ਇਹੀ ਕਾਰਨ ਹੈ ਕਿ ਪੜ੍ਹਿਆ ਲਿਖਿਆ ਵਰਗ ਬਸਪਾ ਤੋਂ ਦੂਰ ਜਾ ਚੁੱਕਾ ਹੈ।
&ਨਬਸਪ; &ਨਬਸਪ;ਬਾਬੂ ਕਾਂਸ਼ੀ ਰਾਮ ਜੀ ਦੇ ਅਕਾਲ ਚਲਾਣੇ ਤੋਂ ਪਹਿਲਾਂ ਹੀ ਜਦੋਂ ਉਹ ਨੀਮ ਬੇਹੋਸ਼ੀ ਦੀ ਹਾਲਤ ਵਿਚ ਸਨ, ਬਸਪਾ ਦਾ ਨਿਘਾਰ ਆਰੰਭ ਹੋ ਗਿਆ ਸੀ। ਰਾਜਨੀਤੀ ਸ਼ਾਸਤਰ ਦਾ ਫਾਰਮੂਲਾ ਹੈ ਕਿ ਸਿਆਸੀ ਪਾਰਟੀ ਦਾ ਮੰਤਵ ਸੱਤਾ ਹਾਸਲ ਕਰਨਾ ਹੁੰਦਾ ਹੈ ਜਾਂ ਹੋਣਾ ਚਾਹੀਦਾ ਹੈ। ਸਿੱਧੀ ਸਪੱਸ਼ਟ ਗੱਲ ਹੈ ਕਿ ਸੱਤਾ ਹਾਸਲ ਕਰਨ ਲਈ ਮੁੱਖ ਲੜਾਈ ਸੱਤਾ ਧਿਰ ਨਾਲ ਹੁੰਦੀ ਹੈ। ਉਸ ਦੀਆਂ ਗਲਤ ਨੀਤੀਆਂ ਨੂੰ ਉਜਾਗਰ ਕਰਨਾ ਅਤੇ ਲੋਕਾਂ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਜਾਣੂ ਕਰਵਾਉਣਾ ਸੱਤਾ ਦੀ ਦਾਅਵੇਦਾਰ ਪਾਰਟੀ ਦਾ ਮੁੱਖ ਏਜੰਡਾ ਹੁੰਦਾ ਹੈ। ਲੰਮੇ ਸਮੇਂ ਤੋਂ ਦੇਖਣ ਵਿੱਚ ਆਇਆ ਹੈ ਕਿ ਬਸਪਾ ਕਿਸੇ ਏਜੰਡੇ ਵਿਸ਼ੇਸ਼ ਤਹਿਤ ਆਪਣੀ ਜਿ਼ੰਮੇਵਾਰੀ ਨੂੰ ਅੱਖੋਂ ਪਰੋਖੇ ਕਰ ਕੇ ਵਿਚਰ ਰਹੀ ਹੈ। ਇਸ ਨੂੰ ਇਉਂ ਵੀ ਸਮਝਿਆ ਜਾ ਸਕਦਾ ਹੈ ਕਿ ਵਰਕਰ ਸਮਰਪਿਤ ਭਾਵਨਾ ਨਾਲ ਕਾਰਜ ਕਰ ਰਿਹਾ ਹੈ ਪਰ ਉਹ ਆਪਣੀ ਲੀਡਰਸ਼ਿਪ ਨੂੰ ਸਵਾਲ ਕਰਨ ਤੋਂ ਕਤਰਾ ਰਿਹਾ ਜਾਂ ਅਖੌਤੀ ਚੌਧਰ ਕਾਰਨ ਅਸਮਰੱਥ ਹੋ ਗਿਆ ਹੈ।
2014 ਤੋਂ ਭਾਜਪਾ ਸੱਤਾ ਵਿਚ ਹੈ। ਉਸ ਨੇ ਸੱਤਾ ਦਾ ਦੁਰਉਪਯੋਗ ਕਰਦਿਆਂ ਅਨੇਕਾਂ ਭਾਰਤੀ ਮਰਿਆਦਾਵਾਂ ਅਤੇ ਸੰਵਿਧਾਨਕ ਨਿਯਮਾਂ ਦਾ ਉਲੰਘਣ ਕੀਤਾ ਹੈ। ਮਜ਼ਦੂਰਾਂ, ਕਿਸਾਨਾਂ, ਫੌਜ, ਛੋਟੇ ਵਪਾਰੀਆਂ ਤੇ ਪੜ੍ਹੇ-ਲਿਖੇ ਨੌਜਵਾਨਾਂ ਵਿਰੁੱਧ ਕਾਲੇ ਕਾਰੇ ਕੀਤੇ ਹਨ ਪਰ ਸਿਤਮਜ਼ਰੀਫੀ ਇਹ ਕਿ ਬਸਪਾ ਦੇ ਬਿਆਨ ਮੋਦੀ ਰੰਗ ਵਿਚ ਰੰਗੇ ਹੁੰਦੇ ਹਨ। ਉਹ ਕਾਂਗਰਸ ਦੇ ਭੰਡੀ ਪ੍ਰਚਾਰ ਤਕ ਸੀਮਤ ਹੋ ਕੇ ਰਹਿ ਗਏ ਹਨ, ਕਿਸੇ ਬਿਆਨ ਨੇ ਭਾਜਪਾ ਦੀ ਕਦੇ ਸਰਦਲ ਨਹੀ ਟੱਪੀ। ਪੜ੍ਹੇ-ਲਿਖੇ ਵਰਗ ਵਿਚ ਇਹ ਸੁਨੇਹਾ ਸੁੱਤੇ-ਸਿੱਧ ਜਾ ਚੁੱਕਾ ਹੈ ਕਿ ਪਾਰਟੀ ਬਾਬੂ ਜੀ ਦੀਆਂ ਲੀਹਾਂ ਤੋਂ ਲਾਂਭੇ ਚਲੀ ਗਈ ਹੈ। ਇਸੇ ਲਈ ਉਸ ਨੇ ਇਸ ਤੋਂ ਦੂਰੀ ਬਣਾ ਲਈ ਹੈ। ਜ਼ਮੀਨੀ ਪੱਧਰ ’ਤੇ ਨਾਲ ਜੁੜੇ ਵਰਕਰ ਨਾ ਇਹ ਗੱਲ ਆਗੂਆਂ ਨੂੰ ਕਹਿ ਸਕੇ ਹਨ ਤੇ ਨਾ ਉਨ੍ਹਾਂ ਖੁਦ ਇਸ ਗੱਲ ਵਲ ਤਵੱਜੋ ਦਿੱਤੀ ਹੈ।
ਪਿਛਲੇ ਲੰਮੇ ਸਮੇਂ ਤੋਂ ਬਸਪਾ ਨੇ ਸੱਤਾ ਧਿਰ ਵਿਰੁੱਧ ਜਾਗਰੂਕਤਾ ਲਈ ਕੋਈ ਆਵਾਜ਼ ਉਠਾਈ ਹੋਵੇ, ਨਜ਼ਰ ਨਹੀਂ ਆਉਂਦਾ। ਹੋਰ ਤਾਂ ਹੋਰ, ਤੁਗਲਕਾਬਾਦ ਦੇ ਗੁਰੂ ਰਵਿਦਾਸ ਜੀ ਦੇ ਢਹਿ-ਢੇਰੀ ਕੀਤੇ ਮੰਦਰ ਬਾਰੇ ਕੋਈ ਰਣਨੀਤੀ ਸਮਾਜ ਅੱਗੇ ਨਹੀਂ ਰੱਖੀ। ਇਉਂ ਕਹਿ ਲਈਏ ਕਿ ਸੱਤਾ ਦੀ ਲਲਕ ਵਿਚ ਉਹ ਇਨ੍ਹਾਂ ਹੇਠ ਲਹਿ ਗਈ ਹੈ ਕਿ ਕੁਰਸੀ ਤੋਂ ਬਿਨਾ ਹੋਰ ਕੁਝ ਨਜ਼ਰ ਨਹੀਂ ਆਉਂਦਾ। ਦੇਸ਼ ਵਿੱਚ ਹਾਵੀ ਹੋ ਰਹੇ ਭਗਵੇ ਮੁੱਦੇ ਵੀ ਉਸ ਨੂੰ ਨਹੀਂ ਦਿਖਾਈ ਦੇ ਰਹੇ। ਜਿਸ ਸਮਾਜ ਤੋਂ ਪਾਰਟੀ ਵੋਟਾਂ ਦੀ ਉਮੀਦ ਕਰਦੀ ਹੈ, ਉਸ ਦੀ ਨਾੜ ਪਛਾਨਣਾ ਵੀ ਜ਼ਰੂਰੀ ਹੈ ਜਿਸ ਤੋਂ ਉਹ ਖੁੰਝ ਗਈ ਹੈ।
ਸਮੇਂ ਅਨੁਸਾਰ ਹੁਣ ਬਹੁਤ ਕੁਝ ਬਦਲ ਚੁੱਕਾ ਹੈ। ਮਾਇਆਵਤੀ ਜੀ ਨੇ ਸੱਤਾ ਤੋਂ ਬਾਹਰ ਹੋ ਕੇ ਕਦੇ ਮੰਥਨ ਨਹੀਂ ਕੀਤਾ ਕਿ ਹਾਰ ਲਈ ਕਿਹੜੇ ਕਾਰਨ ਜਿ਼ੰਮੇਵਾਰ ਹਨ? ਹੁਣ 2024 ਦੀਆਂ ਚੋਣਾਂ ਦੀ ਹਾਰ ਪਿਛੋਂ ਵੀ ਇਹੀ ਹੋਵੇਗਾ। ਅਵਤਾਰ ਸਿੰਘ ਕਰੀਮਪੁਰੀ ਦੇ ਪੰਜਾਬ ਬਸਪਾ ਪ੍ਰਧਾਨ ਹੁੰਦੇ ਹੋਏ ਬਸਪਾ ਨੇ ਲਗਭਗ ਇਕ ਦਰਜਨ ਲੋਕ ਸਭਾ/ਵਿਧਾਨ ਸਭਾ ਚੋਣਾਂ ਵਿਚ ਹਾਰ ਦਾ ਸਾਹਮਣਾ ਕੀਤਾ ਪਰ ਉਨ੍ਹਾਂ ਕਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਨਾ ਅਸਤੀਫ਼ਾ ਦਿੱਤਾ ਤੇ ਕਿਸੇ ਨੇ ਮੰਗਣ ਦੀ ਜੁਅਰਤ ਕੀਤੀ। ਇਸ ਵਿਚੋਂ ਲੋਕਤੰਤਰ ਨਹੀਂ, ਤਾਨਾਸ਼ਾਹੀ ਦਾ ਝਲਕਾਰਾ ਪੈਂਦਾ ਹੈ। ਇਹੀ ਗੱਲ ਹੁਣ ਜਸਵੀਰ ਸਿੰਘ ਗੜ੍ਹੀ ’ਤੇ ਲਾਗੂ ਹੁੰਦੀ ਹੈ।
ਸਾਲ 2024 ਦੀਆਂ ਚੋਣਾਂ ਬਹੁਤ ਅਹਿਮ ਸਨ ਜਦੋਂ ਭਾਜਪਾ ਨੇ 400 ਪਾਰ ਦਾ ਨਾਅਰਾ ਦਿੱਤਾ। ਇਸ ਦੇ ਕਈ ਨੇਤਾਵਾਂ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਸੰਵਿਧਾਨ ਦੀ ਥਾਂ ਨਵਾਂ ਸੰਵਿਧਾਨ ਲਾਗੂ ਕਰਨ ਦਾ ਸੰਕੇਤ ਚਿਰ ਪਹਿਲਾਂ ਦੇ ਦਿੱਤਾ ਸੀ। ਸਾਰੀਆਂ ਵਿਰੋਧੀ ਪਾਰਟੀਆਂ 2022 ਤੋਂ ਹੀ ਰਣਨੀਤੀ ਬਣਾਉਣ ਵਿਚ ਜੁੱਟ ਗਈਆਂ ਸਨ। ਭਾਜਪਾ ਨੂੰ ਹਰਾਉਣ ਲਈ ਲਾਮਬੰਦੀ ਜ਼ਰੂਰੀ ਵੀ ਸੀ। ਸਾਰੇ ਭਾਰਤ ਦੀਆਂ ਪਾਰਟੀਆਂ ਦੋ ਗੁੱਟਾਂ ਵਿੱਚ ਵੰਡੀਆਂ ਗਈਆਂ। ਬਸਪਾ ਹੀ ਅਜਿਹੀ ਪਾਰਟੀ ਸੀ ਜੋ ਕਿਸੇ ਗਠਜੋੜ ਦਾ ਹਿੱਸਾ ਨਹੀਂ ਬਣੀ। ਮਮਤਾ ਬੈਨਰਜੀ ਵਲੋਂ ਗਠਜੋੜ ਦਾ ਹਿੱਸਾ ਬਣ ਕੇ ਅਲੱਗ ਹੋਣਾ ਹੋਰ ਗੱਲ ਹੈ ਕਿਉਂਕਿ ਉਸ ਦੀ ਪੱਛਮੀ ਬੰਗਾਲ ਤੋਂ ਬਾਹਰ ਕੋਈ ਹੋਂਦ ਨਹੀਂ। ਬਸਪਾ ਦਾ ਆਪਣੇ ਬਲਬੂਤੇ ਚੋਣ ਲੜਨ ਦਾ ਰਾਗ ਅਲਾਪਣਾ ਕਈ ਸਵਾਲ ਖੜ੍ਹੇ ਕਰਦਾ ਹੈ। ਸਮਾਜ ਕਿਸੇ ਪਾਰਟੀ ਦਾ ਗੁਲਾਮ ਨਹੀਂ ਜੋ ਉਸ ਦੇ ਇਸ਼ਾਰੇ ’ਤੇ ਨੱਚਦਾ ਫਿਰੇ। ਉਸ ਨੂੰ ਕੁਝ ਠੋਸ ਪ੍ਰਾਪਤੀ ਦਿਸਣੀ ਚਾਹੀਦੀ ਹੈ। ਜੇ ਬਸਪਾ ਕਿਸੇ ਵੀ ਗਠਜੋੜ ਦਾ ਹਿੱਸਾ ਹੁੰਦੀ ਤਾਂ ਅਜੋਕੇ ਹਾਲਾਤ ਵਿਚ ਉਸ ਦੇ ਘੱਟੋ-ਘੱਟ ਵੀਹ ਮੈਂਬਰ ਲੋਕ ਸਭਾ ਦਾ ਹਿੱਸਾ ਬਣ ਕੇ ਆਪਣੇ ਸਮਾਜ ਦੀ ਆਵਾਜ਼ ਬੁਲੰਦ ਕਰਨ ਦੇ ਯੋਗ ਬਣਦੇ। ਸਮਾਜਵਾਦੀ ਪਾਰਟੀ ਦੇ ਲਗਭਗ ਤਿੰਨ ਦਰਜਨ ਐੱਮਪੀ ਚੁਣੇ ਜਾਣ ਨੂੰ ਅਸੀਂ ਸਿਆਸੀ ਰਣਨੀਤੀ ਕਹਿ ਸਕਦੇ ਹਾਂ, ਬਸਪਾ ਦੇ ਖਾਲੀ ਠੂਠੇ ਨੂੰ ਨਹੀਂ। ਮਾਇਆਵਤੀ ਦਾ ਇਹ ਕਦਮ ਦਲਿਤ ਸਮਾਜ ਦੇ ਕਿਸੇ ਸੂਝਵਾਨ ਨੇ ਪਸੰਦ ਕੀਤਾ ਹੋਵੇ; ਧਿਆਨ ਵਿਚ ਨਹੀਂ ਆਇਆ। ਹੁਣ 2029 ਤਕ ਬਹੁਤ ਦੇਰ ਹੋ ਜਾਵੇਗੀ। ਜਾਪਦਾ ਹੈ, ਲੀਡਰਸਿ਼ਪ ਨੇ ਸਮਾਜ ਦੇ ਉਸ ਜਹਾਜ਼ ਨੂੰ ਅਧਵਾਟੇ ਛੱਡ ਦਿੱਤਾ ਜਿਸ ਨੂੰ ਬਾਬੂ ਕਾਂਸ਼ੀ ਰਾਮ ਜੀ ਦਿਨ-ਰਾਤ ਇਕ ਕਰ ਕੇ ਉਡਾਣ ਭਰਨ ਲਈ ਵੱਡੀ ਮਿਹਨਤ ਨਾਲ ਰਨਵੇ ’ਤੇ ਲੈ ਆਏ ਸਨ। ਜਾਪਦਾ ਇੰਝ ਹੈ ਕਿ ਬਸਪਾ ਜਿੱਤਣ ਲਈ ਚੋਣ ਨਹੀਂ ਲੜਦੀ ਬਲਕਿ ਆਪਣੀ ਹੋਂਦ ਦਰਜ ਕਰਾਉਣ ਤਕ ਹੀ ਸਿਮਟ ਗਈ ਹੈ ਜੋ ਦਲਿਤ ਸਮਾਜ ਲਈ ਘਾਤਕ ਹੈ। ਇਸ ਲਈ ਸਮੂਹ ਬਸਪਾ ਲੀਡਰਸ਼ਿਪ ਅਤੇ ਵਰਕਰਾਂ ਨੂੰ ਗਹਿਰੀ ਪੁਣਛਾਣ ਕਰ ਕੇ ਕਮਜ਼ੋਰੀਆਂ ਦੀ ਨਿਸ਼ਾਨਦੇਹੀ ਕਰਨ ਦੀ ਵੱਡੀ ਲੋੜ ਹੈ ਤਾਂ ਜੋ ਪਾਰਟੀ ਨੂੰ ਮੁੜ ਪੈਰਾਂ ਸਿਰ ਕੀਤਾ ਜਾ ਸਕੇ।