ਗੁਰਦੇਵ ਸਿੰਘ ਸਿੱਧੂ
ਪੰਜਾਬੀ ਸਾਹਿਤਕਾਰਾਂ ਵਾਸਤੇ ਇਹ ਵਡਿਆਈ ਦੀ ਗੱਲ ਹੈ ਕਿ ਅੰਗਰੇਜ਼ ਸਰਕਾਰ ਵਿਰੁੱਧ ਲੜੇ ਗਏ ਆਜ਼ਾਦੀ ਸੰਗਰਾਮ ਵਿੱਚ ਉਹ ਪਿੱਛੇ ਨਹੀਂ ਰਹੇ। ਗ਼ਦਰ ਲਹਿਰ ਤੋਂ ਲੈ ਕੇ ਆਜ਼ਾਦੀ ਮਿਲਣ ਦੇ ਦਿਨ ਤੱਕ ਪੰਜਾਬ ਵਿੱਚ ਜਦ ਵੀ ਕੋਈ ਸਰਕਾਰ ਵਿਰੋਧੀ ਲੋਕ ਅੰਦੋਲਨ ਹੋਇਆ, ਪੰਜਾਬੀ ਲੇਖਕਾਂ ਨੇ ਆਪਣੀਆਂ ਕਲਮਾਂ ਦੀ ਵਰਤੋਂ ਉਸ ਅੰਦੋਲਨ ਨੂੰ ਉਭਾਰਨ ਵਾਸਤੇ ਕੀਤੀ। ਦੂਜੇ ਪਾਸੇ ਸਰਕਾਰ ਨੇ ਅਜਿਹੀਆਂ ਪ੍ਰਕਾਸ਼ਨਾਵਾਂ ਨੂੰ ਜਨਤਾ ਦੇ ਹੱਥਾਂ ਵਿੱਚ ਜਾਣ ਤੋਂ ਰੋਕਣ ਵਾਸਤੇ ਇਨ੍ਹਾਂ ਉੱਤੇ ਜ਼ਬਤੀ ਦਾ ਕੁਹਾੜਾ ਚਲਾਉਣ ਵਿੱਚ ਢਿੱਲ ਨਹੀਂ ਵਰਤੀ। ਇਸ ਪੱਖ ਤੋਂ 1924 ਦਾ ਸਾਲ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੈਤੋ ਦਾ ਮੋਰਚਾ ਲਾਏ ਜਾਣ ਕਾਰਨ ਜ਼ਬਤ ਕੀਤੀਆਂ ਲਗਭਗ ਸਾਰੀਆਂ ਰਚਨਾਵਾਂ ਇਸ ਮੋਰਚੇ ਨੂੰ ਵਿਸ਼ਾ ਬਣਾ ਕੇ ਹੀ ਰਚੀਆਂ ਗਈਆਂ ਸਨ। ਤਤਕਾਲੀ ਸਰਕਾਰ ਨੇ ਇਨ੍ਹਾਂ ਨੂੰ ਜ਼ਾਬਤਾ ਫੌਜਦਾਰੀ ਦੀ ਧਾਰਾ 99ਏ ਅਧੀਨ ਜ਼ਬਤ ਕੀਤਾ। ਇਸ ਸਾਲ ਪ੍ਰਕਾਸ਼ਨਾਵਾਂ ਨੂੰ ਜ਼ਬਤ ਕਰਨ ਦੀ ਸ਼ੁਰੂਆਤ ਰਤਨ ਸਿੰਘ ‘ਆਜ਼ਾਦ’ ਲਿਖਤ ਪੁਸਤਕ ‘ਬਾਗੀ ਸਿੱਖ ਕਿ ਸਰਕਾਰ?’ ਨਾਲ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਚੱਲ ਰਹੇ ਜੈਤੋ ਦੇ ਮੋਰਚੇ ਨੂੰ ਕਮਜ਼ੋਰ ਕਰਨ ਵਾਸਤੇ ਪੰਜਾਬ ਸਰਕਾਰ ਨੇ 12 ਅਕਤੂਬਰ 1923 ਨੂੰ ਕ੍ਰਮਵਾਰ ਅਧਿਆਦੇਸ਼ ਨੰਬਰ 23772 ਅਤੇ 23773 ਜਾਰੀ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਗ਼ੈਰ-ਕਾਨੂੰਨੀ ਜਥੇਬੰਦੀਆਂ ਐਲਾਨ ਦਿੱਤਾ। ਰਤਨ ਸਿੰਘ ‘ਆਜ਼ਾਦ’ ਨੇ ਸਰਕਾਰ ਦੇ ਇਸ ਹੁਕਮ ਦੇ ਪ੍ਰਤੀਕਰਮ ਵਿੱਚ ਇਹ ਪੁਸਤਕ ਲਿਖੀ। ਉਸ ਨੇ ਵੱਖ ਵੱਖ ਮਾਮਲਿਆਂ ਦੇ ਹਵਾਲੇ ਨਾਲ ਸਰਕਾਰ ਤੋਂ ਇਹ ਪ੍ਰਸ਼ਨ ਪੁੱਛਿਆ ਕਿ ਬਾਗੀ ਕੌਣ ਹੈ? ਉਸ ਦੇ ਸ਼ਬਦਾਂ ਵਿੱਚ ‘‘(ਗੌਰਮਿੰਟ ਨੇ) ਇਹ ਐਲਾਨ ਵੀ ਕੀਤਾ ਸੀ ਕਿ ਕੋਈ ਅਖ਼ਬਾਰ ਯਾ ਪ੍ਰੈੱਸ ਸ਼੍ਰੋਮਣੀ ਕਮੇਟੀ ਦੇ ਐਲਾਨ ਨਾ ਛਾਪੇ, ਜਿਹੜਾ ਛਾਪੇਗਾ ਉਸ ਦਾ ਐਡੀਟਰ ਤੇ ਪ੍ਰਿੰਟਰ ਗ੍ਰਿਫ਼ਤਾਰ ਕਰ ਲਿਆ ਜਾਏਗਾ। ਕੀ ਇਸ ਐਲਾਨ ਤੇ ਅਮਲ ਕੀਤਾ ਗਿਆ? ਬਿਲਕੁਲ ਨਹੀਂ। ਰੋਜ਼ ਅਖ਼ਬਾਰਾਂ ਵਿਚ ਐਲਾਨ ਛਪਦੇ ਹਨ ਪਰ ਕਿਸੀ ਇਨਸਾਫ਼ ਦੇ ਪੁਤਲੇ ਨੇ ਕੋਈ ਕਾਰਵਾਈ ਨਹੀਂ ਕੀਤੀ।’’
ਪੰਜਾਬ ਸਰਕਾਰ ਨੇ ਇਸ ਪੁਸਤਕ ਨੂੰ ਅਧਿਆਦੇਸ਼ ਨੰਬਰ 7017, ਮਿਤੀ 7 ਮਾਰਚ 1924 ਦੁਆਰਾ ਜ਼ਬਤ ਹੀ ਨਹੀਂ ਕੀਤਾ ਸਗੋਂ ਲੇਖਕ ਅਤੇ ਛਾਪਕ ਭਾਈ ਗੁਰਬਚਨ ਸਿੰਘ ਅਕਾਲੀ, ਪੰਜਾਬ ਖਾਲਸਾ ਪ੍ਰੈੱਸ, ਖਿਲਾਫ਼ ਮੁਕੱਦਮਾ ਵੀ ਦਰਜ ਕੀਤਾ ਜਿਸ ਵਿੱਚ ਉਨ੍ਹਾਂ ਨੂੰ ਕ੍ਰਮਵਾਰ ਪੰਜ ਸਾਲ ਕੈਦ ਕਾਲੇਪਾਣੀ ਅਤੇ ਤਿੰਨ ਸਾਲ ਕੈਦ ਬਾਮੁਸ਼ੱਕਤ ਸੁਣਾਈ।
ਭਾਈ ਰਤਨ ਸਿੰਘ ‘ਆਜ਼ਾਦ’ ਨੇ ਇੱਥੇ ਹੀ ਗੱਲ ਖ਼ਤਮ ਨਹੀਂ ਕੀਤੀ। ਉਸ ਨੇ ਇਸ ਮੁਕੱਦਮੇ ਵਿੱਚ ਦਿੱਤੇ ਜਾਣ ਵਾਲੇ ਆਪਣੇ ਬਿਆਨ ਨੂੰ ‘‘ਰਤਨ ਸਿੰਘ ‘ਆਜ਼ਾਦ’ ਦੀ ਗਰਜ’’ ਨਾਉਂ ਹੇਠ ਪ੍ਰਕਾਸ਼ਿਤ ਕਰਵਾਇਆ। ਪੰਜਾਬ ਸਰਕਾਰ ਨੇ ਅਧਿਆਦੇਸ਼ ਨੰਬਰ 24948-ਜੇ, ਮਿਤੀ 8 ਨਵੰਬਰ 1924 ਦੁਆਰਾ ਇਸ ਨੂੰ ਜ਼ਬਤ ਕੀਤਾ ਅਤੇ ਪ੍ਰਕਾਸ਼ਕ ਸੱਜਣ ਸਿੰਘ ਪਟਿਆਲਵੀਆ ਖਿਲਾਫ਼ ਹਿੰਦ ਦੰਡਾਵਲੀ ਦੀ ਧਾਰਾ 124-ਏ ਅਧੀਨ ਮੁਕੱਦਮਾ ਦਰਜ ਕੀਤਾ ਜਿਸ ਵਿੱਚ ਉਸ ਨੂੰ ਪੰਜ ਸਾਲ ਲਈ ਕਾਲੇਪਾਣੀ ਦੀ ਸਜ਼ਾ ਸੁਣਾਈ ਗਈ।
ਇਸ ਸਾਲ ਜ਼ਬਤ ਕੀਤੀ ਜਾਣ ਵਾਲੀ ਅਗਲੀ ਕਾਵਿ-ਪੁਸਤਕ ਉਡਾਰੂ ਗੂੰਜ ਉਰਫ਼ ਗੜਗੱਜ ਉਡਾਰੂ ਸੀ ਜਿਸ ਵਿੱਚ ਬਹੁਤੀਆਂ ਕਵਿਤਾਵਾਂ ਵਿੱਚ ਅੰਗਰੇਜ਼ ਸਰਕਾਰ ਦੁਆਰਾ ਮਹਾਰਾਜਾ ਨਾਭਾ ਨਾਲ ਹੋਈ ਬੇਇਨਸਾਫ਼ੀ ਨੂੰ ਵਿਸ਼ਾ ਬਣਾਇਆ ਗਿਆ ਸੀ। ਕਵੀ ਦੇ ਸ਼ਬਦਾਂ ਵਿੱਚ ਮਹਾਰਾਜਾ ਨਾਭਾ ਨੇ ਸਿੱਖ ਪੰਥ ਦੇ ਨਾਉਂ ਇਹ ਸੁਨੇਹਾ ਦਿੱਤਾ:
ਕਰਾਂ ਅਰਜ਼ ਮੈਂ ਗੁਰੂ ਦੇ ਪੰਥ ਅੱਗੇ, ਹੋਈਂ ਆਣ ਕੇ ਮੇਰਾ ਸਹਾਈ ਪੰਥਾ।
ਮੰਨ ਅਰਜ਼ ‘ਉਡਾਰੂ’ ਦੀ ਖਾਲਸਾ ਜੀ, ਨਾਭੇ ਵਲ (ਵੱਲ) ਜਾਣਾ ਮਾਈ ਭਾਈ ਪੰਥਾ।
ਸਿੱਖ ਪੰਥ ਤੋਂ ਵਿਛੜ ਕੇ ਮਹਾਰਾਜਾ ਨਾਭਾ ਦੀ ਜੋ ਹਾਲਤ ਹੋਈ, ਉਸ ਬਾਰੇ ਕਵੀ ਲਿਖਦਾ ਹੈ:
ਬੁਲਬੁਲ ਬਾਗ ਦੀ ਅਜ (ਅੱਜ) ਉਦਾਸ ਹੋਈ, ਬੰਦੀਖਾਨੇ ਅੰਦਰ ਵਾਜਾਂ ਮਾਰਦੀ ਜੇ।
ਵਿਛੜ ਗਈ ਜੇ ਆਪਣੀ ਡਾਰ ਵਿਚੋਂ, ਰੋ ਰੋ ਉਚੀਆਂ (ਉੱਚੀਆਂ) ਬਾਹਾਂ ਉਲਾਰਦੀ ਜੇ।
ਪੰਜਾਬ ਸਰਕਾਰ ਨੇ ਇਸ ਨੂੰ ਅਧਿਆਦੇਸ਼ ਨੰਬਰ 12109 ਮਿਤੀ 17 ਅਪਰੈਲ 1924 ਦੁਆਰਾ ਜ਼ਬਤ ਕੀਤਾ ਅਤੇ ਇਸ ਦੀ ਪ੍ਰਕਾਸ਼ਨਾ ਨਾਲ ਸਬੰਧਿਤ ਵਿਅਕਤੀਆਂ ਉੱਤੇ ਮੁਕੱਦਮਾ ਚਲਾਇਆ। ਪੁਸਤਕ ਦਾ ਲੇਖਕ ਭਾਈ ਗੁਰਦਿਆਲ ਸਿੰਘ ਭਗੌੜਾ ਹੋ ਗਿਆ। ਇਸ ਦੇ ਪ੍ਰਕਾਸ਼ਕ ਤੇ ਛਾਪਕ ਭਾਈ ਸੰਤਾ ਸਿੰਘ ਨੂੰ ਦੋ ਸਾਲ ਕੈਦ ਬਾਮੁਸ਼ੱਕਤ ਅਤੇ 200 ਰੁਪਏ ਜੁਰਮਾਨਾ ਜਾਂ ਜੁਰਮਾਨਾ ਅਦਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਹੋਰ ਛੇ ਮਹੀਨੇ ਦੀ ਕੈਦ ਬਾਮੁਸ਼ੱਕਤ ਸਜ਼ਾ ਸੁਣਾਈ ਗਈ।
ਇਸ ਸਾਲ ਦੌਰਾਨ ਅੰਗਰੇਜ਼ ਸਰਕਾਰ ਦੀ ਕਰੋਪੀ ਦਾ ਸ਼ਿਕਾਰ ਹੋਣ ਵਾਲੇ ਕਵੀਆਂ ਵਿੱਚ ਭਾਈ ਭਾਗ ਸਿੰਘ ‘ਨਿਧੜਕ’ ਦਾ ਸਥਾਨ ਵਿਸ਼ੇਸ਼ ਹੈ ਜਿਸ ਦੀਆਂ ਤਿੰਨ ਰਚਨਾਵਾਂ ‘ਨੌਕਰਸ਼ਾਹੀ ਦੀ ਛਾਤੀ ਵਿੱਚ ਸ਼ਾਂਤਮਈ ਗੋਲਾ’, ‘ਜੈਤੋ ਵਿਚ ਖੂਨ ਦੇ ਪ੍ਰਨਾਲੇ ਅਰਥਾਤ ਸਖ਼ਤੀ ਦਾ ਹੜ੍ਹ’ ਅਤੇ ‘ਗੁਰਦੁਆਰਾ ਗੰਗਸਰ ਵਿਚ ਸ਼ਾਂਤਮਈ ਜੰਗ (ਖੂਨ ਦੇ ਪ੍ਰਨਾਲੇ ਦਾ ਦੂਜਾ ਹਿੱਸਾ)’ ਨੂੰ ਕ੍ਰਮਵਾਰ ਅਧਿਆਦੇਸ਼ ਨੰਬਰ 12663 ਮਿਤੀ 24 ਅਪਰੈਲ 1924, ਅਧਿਆਦੇਸ਼ ਨੰਬਰ 12847 ਮਿਤੀ 26 ਅਪਰੈਲ 1924 ਅਤੇ ਅਧਿਆਦੇਸ਼ ਨੰਬਰ 30328 ਮਿਤੀ 11 ਦਸੰਬਰ 1924 ਦੁਆਰਾ ਜ਼ਬਤ ਕੀਤਾ। ਪਿਛਲੀਆਂ ਦੋਵੇਂ ਰਚਨਾਵਾਂ ਜੈਤੋ ਦਾ ਮੋਰਚਾ ਸ਼ੁਰੂ ਹੋਣ ਤੋਂ ਲੈ ਕੇ ਪਹਿਲੇ ਸ਼ਹੀਦੀ ਜਥੇ ਦੀਆਂ ਸ਼ਹੀਦੀਆਂ ਹੋਣ ਪਿੱਛੋਂ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਦੂਜੇ ਸ਼ਹੀਦੀ ਜਥੇ (ਜਿਸ ਵਿੱਚ ਕਵੀ ਸ਼ਾਮਲ ਹੋਇਆ) ਦੀ ਰਵਾਨਗੀ ਤੱਕ ਦਾ ਇਤਿਹਾਸ ਲਿਖਿਆ ਸੀ। ਕਵੀ ਜੈਤੋ ਵਿੱਚ ਰਿਆਸਤ ਨਾਭਾ ਦੀ ਪੁਲੀਸ ਅਤੇ ਫ਼ੌਜ ਵੱਲੋਂ ਕੀਤੀ ਗੋਲਾਬਾਰੀ ਤੋਂ ਬੇਪ੍ਰਵਾਹ ਸ਼ਹੀਦੀ ਜਥੇ ਵੱਲੋਂ ਗੁਰਦੁਆਰਾ ਗੰਗਸਰ ਵੱਲ ਧਾਈ ਕਰਨ ਬਾਰੇ ਲਿਖਦਾ ਹੈ:
ਕਾੜ ਕਾੜ ਗੋਲੀ ਜਦੋਂ ਚਲਣ ਲਗੀ, ਸਿੰਘ ਵਾਹਿਗੁਰੂ ਨਾਮ ਧਿਆਂਵਦੇ ਰਹੇ।/ ਓਦਰ (ਓਧਰ) ਗੋਲੀਆਂ ਦੀ ਵਰਖਾ ਪਈ ਹੋਵੇ, ਧਰਮੀ ਹਸ ਹਸ (ਹੱਸ ਹੱਸ) ਛਾਤੀਆਂ ਡਾਂਹਵਦੇ ਰਹੇ।/ ਸਿੰਘ ਸੂਰਮੇ ਛਡ (ਛੱਡ) ਜੈਕਾਰਿਆਂ ਨੂੰ, ਅਗੇ ਅਗੇ (ਅੱਗੇ ਅੱਗੇ) ਨੂੰ ਪੈਰ ਵਧਾਂਵਦੇ ਰਹੇ।
ਪਹਿਲੀ ਰਚਨਾ ਵਿੱਚ ਸਰਕਾਰ ਨੂੰ ਯਾਦ ਕਰਵਾਇਆ ਗਿਆ ਸੀ ਕਿ ਨਨਕਾਣੇ ਅਤੇ ਫਿਰ ਗੁਰੂ ਕੇ ਬਾਗ ਵਿੱਚ ਵੀ ਸਿੱਖਾਂ ਉੱਤੇ ਘੱਟ ਜ਼ੁਲਮ ਨਹੀਂ ਹੋਇਆ ਪਰ ਸਰਕਾਰ ਨੂੰ ਸਿੱਖਾਂ ਦੇ ਸ਼ਾਂਤਮਈ ਵਿਰੋਧ ਅੱਗੇ ਗੋਡੇ ਟੇਕਣੇ ਪਏ ਸਨ। ਸਰਕਾਰ ਨੂੰ ਵੰਗਾਰਦਿਆਂ ਕਵੀ ਨੇ ਲਿਖਿਆ ਹੈ:
ਸਾਡੀ ਕੌਮ ਹੈ ਬੇਅਰਾਮੀਆਂ ਦੀ, ਲੈਣਾ ਨਹੀਂ ਅਰਾਮ ਨਾ ਲੈਣ ਦੇਣਾ।
ਜਿੰਨਾ ਚਿਰ ਨਾ ਧਾਮ ਆਜ਼ਾਦ ਹੋਸਨ, ਘਰੇ ਬੈਠਣਾ ਨਹੀਂ ਥੋਨੂੰ ਬੈਹਣ ਦੇਣਾ।
ਕਵੀ ਅਨੁਸਾਰ ਜਦ ਗ੍ਰਿਫ਼ਤਾਰੀ ਉਪਰੰਤ ਅਹਿਲਕਾਰ ਉਨ੍ਹਾਂ ਦੇ ਨਾਂ ਪੁੱਛਣ ਲੱਗੇ ਤਾਂ ਅਕਾਲੀਆਂ ਨੇ ਸਰਕਾਰੀ ਜ਼ੁਲਮ ਦੇ ਅੱਗੇ ਚੜ੍ਹਦੀ ਕਲਾ ਦਾ ਪ੍ਰਮਾਣ ਦਿੰਦਿਆਂ ਆਪਣੇ ਨਾਉਂ ਇਹ ਦੱਸੇ:
ਕਿਸੇ ਆਖਿਆ ਮੋਰਚੇ ਤੋੜ ਹਾਂ ਮੈਂ, ਜੜ ਪੁਟ ਹੀ ਕੋਈ ਬਤਾਂਵਦਾ ਹੈ।
ਕੋਈ ਕਹੇ ਕੜਤੋੜ ਸਿੰਘ ਨਾਮ ਮੇਰਾ, ਕੋਈ ਦਿਲੀ (ਦਿੱਲੀ) ਹੀ ਤੋੜ ਬਤਾਂਵਦਾ ਹੈ।
ਕੋਈ ਕਹੇ ਮੈਂ ਲੰਦਨ ਤੋੜ ਸਿੰਘ ਹਾਂ, ਵਲੈਤ ਤੋੜ ਹੀ ਕੋਈ ਫਰਮਾਂਵਦਾ ਹੈ।
ਮੇਰਾ ਨਾਮ ਤਾਂ ਹੈ ਦੀਵਾਨ ਜਾਣਾ, ਭਾਗ ਸਿੰਘ ਸੀ ਕੋਈ ਅਲਾਂਵਦਾ ਹੈ।
ਸਰਕਾਰ ਨੇ ਲੇਖਕ ਅਤੇ ਪ੍ਰਕਾਸ਼ਕ ਭਾਈ ਰਤਨ ਸਿੰਘ ‘ਆਜ਼ਾਦ’ ਖਿਲਾਫ਼ ਮੁਕੱਦਮਾ ਚਲਾਇਆ ਅਤੇ ਹਰ ਇੱਕ ਨੂੰ ਦੋ ਸਾਲ ਕੈਦ ਬਾਮੁਸ਼ੱਕਤ ਤੇ 200 ਰੁਪਏ ਜੁਰਮਾਨਾ ਜਾਂ ਜੁਰਮਾਨਾ ਅਦਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਹੋਰ ਛੇ ਮਹੀਨੇ ਦੀ ਬਾਮੁਸ਼ੱਕਤ ਕੈਦ ਸਜ਼ਾ ਸੁਣਾਈ।
ਅੰਗਰੇਜ਼ਾਂ ਵੱਲੋਂ ਜ਼ਬਤ ਕੀਤੀਆਂ ਗਈਆਂ ਰਚਨਾਵਾਂ।
ਭਾਈ ਮਾਘ ਸਿੰਘ ਕ੍ਰਿਤ ਕਾਵਿ-ਪੁਸਤਕ ਸ਼ਹੀਦੀ ਸਾਕਾ ਜੈਤੋ ਨੂੰ ਪੰਜਾਬ ਸਰਕਾਰ ਨੇ ਅਧਿਆਦੇਸ਼ ਨੰਬਰ 14371 ਮਿਤੀ 19 ਮਈ 1924 ਦੁਆਰਾ ਜ਼ਬਤ ਕੀਤਾ। ਇਹ ਸੰਗਤੀ ਰੂਪ ਵਿੱਚ ਗਾਈ ਜਾਣ ਵਾਲੀ ਪ੍ਰਗੀਤਕ ਰਚਨਾ ਹੈ ਜਿਸ ਵਿੱਚ ‘‘ਦਿਲ ਤੜਫੇ ਤੇ ਕੇਰੇ ਹੰਝੂ ਸਾਕਾ ਸੁਣ ਸੁਣ ਗੰਗਸਰ ਦਾ’’ ਪੰਕਤੀ ਨੂੰ ਟੇਕ ਬਣਾਇਆ ਗਿਆ ਹੈ। ਇਸ ਪ੍ਰਗੀਤ ਦਾ ਇੱਕ ਬੰਦ ਇਉਂ ਹੈ:
ਅਖੰਡ ਪਾਠ ਨੂੰ ਖੰਡਨ ਕੀਤਾ, ਜ਼ੋਰ ਜ਼ੁਲਮ ਦਾ ਮੰਡਨ ਕੀਤਾ,/ ਵਿਲਸਨ ਪਾਪੀ ਕਿਉਂ ਨਹੀਂ ਮਰਦਾ, ਸਾਕਾ ਸੁਣ ਸੁਣ ਗੰਗਸਰ ਦਾ।/ ਦਿਲ ਤੜਫੇ ਤੇ ਕੇਰੇ ਹੰਝੂ, ਸਾਕਾ ਸੁਣ ਸੁਣ ਗੰਗਸਰ ਦਾ।
ਭਾਈ ਗੁਰਬਖਸ਼ ਸਿੰਘ ਦੁਆਰਾ ਸਮੂਹਿਕ ਰੂਪ ਵਿੱਚ ਗਾਏ ਜਾਣ ਵਾਲੇ ਗੀਤਾਂ ਦਾ ਸੰਗ੍ਰਹਿ ਸ਼ਹੀਦੀ ਦੀ ਖਿੱਚ ਅਰਥਾਤ ‘ਬੱਬਰ ਸ਼ੇਰਾਂ ਦੀ ਗਰਜ’ ਵੀ ਅੰਗਰੇਜ਼ ਸਰਕਾਰ ਦੀ ਕਰੋਪੀ ਦਾ ਸ਼ਿਕਾਰ ਹੋਇਆ। ਇਸ ਵਿਚਲੇ ਦੋ ਗੀਤ ਉਨ੍ਹੀਂ ਦਿਨੀਂ ਆਮ ਪ੍ਰਚੱਲਿਤ ਗੀਤਾਂ ਕ੍ਰਮਵਾਰ ‘ਬੱਲੀਏ ਰੋਇੰਗੀ (ਰੋਏਂਗੀ) ਚਪੇੜ ਖਾਏਂਗੀ’ ਅਤੇ ‘ਬੱਲੀਏ ਸਾਰਾ ਪਿੰਡ ਵੈਰ ਪੈ ਗਿਆ’ ਦੀ ਤਰਜ਼ ਉੱਤੇ ਲਿਖੇ ਹਨ। ਇਨ੍ਹਾਂ ਵਿੱਚ ਨਿਰਦਈ ਹਾਕਮਾਂ ਨੂੰ ‘ਹਾਇ ਜ਼ਾਲਮਾਂ’ ਅਤੇ ‘ਐ ਜ਼ਾਲਮਾਂ’ ਸ਼ਬਦਾਂ ਨਾਲ ਸੰਬੋਧਨ ਕੀਤਾ ਗਿਆ ਹੈ। ਪਹਿਲਾ ਗੀਤ ਇਉਂ ਸ਼ੁਰੂ ਹੁੰਦਾ ਹੈ:
ਜ਼ਾਲਮਾਂ ਨਾਭੇ ਤੇਰਾ ਕੀ ਵਿਗਾੜਿਆ,
ਕਾਨੂੰ (ਕਾਹਨੂੰ) ਗੱਡੀਆਂ ਮਸ਼ੀਨਾਂ ਤੋਪਾਂ, … ਜ਼ਾਲਮਾਂ
‘ਲਾਟ ਰੀਡਿੰਗ ਨਾਲ ਦੋ ਸ਼ੇਰਾਂ ਦੀਆਂ ਗਲਾਂ (ਗੱਲਾਂ)’ ਉਨਵਾਨ ਹੇਠ ਲਿਖੇ ਦੂਜੇ ਗੀਤ ਦੇ ਅਰੰਭਿਕ ਬੋਲ ਹਨ:
ਰੀਡਿੰਗਾ ਅੰਦਰ ਖਿਆਲ ਮਾਰ ਖਾਂ,
ਤੂੰ ਕੀ ਏਹ ਇਨਸਾਫ ਕਮਾਇਆ, … ਰੀਡਿੰਗਾ
ਕਵੀ ਦੇ ਦੱਸਣ ਅਨੁਸਾਰ ਨਾਭਾ ਰਿਆਸਤ ਦੇ ਪ੍ਰਸ਼ਾਸਕ ਵੱਲੋਂ ਸ਼ਕਤੀ ਦਾ ਵਿਖਾਵਾ ਕਰਨ ਉੱਤੇ ਅਕਾਲੀ ਵਰਕਰ ਤਸ਼ੱਦਦ ਸਹਿਣ ਪ੍ਰਤੀ ਆਪਣੀ ਦ੍ਰਿੜਤਾ ਇਉਂ ਪ੍ਰਗਟਾਉਂਦਾ ਹੈ:
ਧੰਨ ਭਾਗ ਸਾਡੇ ਸੁਣ ਮਿੱਤਰਾ ਓਇ, ਹੁਣ ਅਸੀਂ ਸ਼ਹੀਦੀਆਂ ਪਾਵਸਾਂਗੇ।
ਹੋ ਕੇ ਰਹਾਂਗੇ ਅਸੀਂ ਆਜ਼ਾਦ ਭਾਵੇਂ, ਉਮਰ ਜੰਗਲਾਂ ਵਿਚ ਬਿਤਾਵਸਾਂਗੇ।
ਗੁਰਦੁਆਰੇ ਦੀ ਗੱਲ ਜੋ ਕਹੀ ਯਾਰਾ, ਓਥੇ ਲੱਖਾਂ ਹੀ ਸੀਸ ਚੜਾਵਸਾਂਗੇ।
ਆਖਰ ਮੁਲਕ ਨੂੰ ਅਸੀਂ ਆਜ਼ਾਦ ਕਰਨਾ, ਜੜ੍ਹਾਂ ਤੇਰੀਆਂ ਏਥੋਂ ਪੁਟਾਵਸਾਂਗੇ।
ਪੰਜਾਬ ਸਰਕਾਰ ਨੇ ਇਸ ਪ੍ਰਕਾਸ਼ਨ ਨੂੰ ਅਧਿਆਦੇਸ਼ ਨੰਬਰ 15520 ਮਿਤੀ 9 ਜੂਨ 1924 ਦੁਆਰਾ ਜ਼ਬਤ ਕਰਨ ਪਿੱਛੋਂ ਇਸ ਦੇ ਛਾਪਕ ਭਾਈ ਸੰਤਾ ਸਿੰਘ ‘ਬੋਰੀਆਂ ਵਾਲਾ’ ਖਿਲਾਫ਼ ਮੁਕੱਦਮਾ ਚਲਾਇਆ ਜਿਸ ਵਿੱਚ ਉਸ ਨੂੰ ਇੱਕ ਸਾਲ ਕੈਦ ਬਾਮੁਸ਼ੱਕਤ ਅਤੇ ਇੱਕ ਸੌ ਰੁਪਏ ਜੁਰਮਾਨਾ ਜਾਂ ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਛੇ ਮਹੀਨੇ ਦੀ ਹੋਰ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ।
ਲੇਖਕ ਅਤੇ ਪ੍ਰਕਾਸ਼ਕ ਭਾਈ ਹਰਨਾਮ ਸਿੰਘ ‘ਮਸਤ ਪੰਛੀ’ ਦੀ ਰਚਨਾ ਜ਼ੁਲਮ ਦੇ ਬਾਣ ਅਰਥਾਤ ਗੌਰਮਿੰਟੀ ਇਨਸਾਫ਼ ਦੀਆਂ ਨੌਂ ਝਾਕੀਆਂ ਵਿੱਚ ਕਵੀ ਨੇ ਉਨ੍ਹਾਂ ਨੌਂ ਘਟਨਾਵਾਂ ਨੂੰ ਬਿਆਨ ਕੀਤਾ ਹੈ ਜੋ ਸਿੱਖ ਕੌਮ ਦੇ ਮਨ ਵਿੱਚ ਅੰਗਰੇਜ਼ ਸਰਕਾਰ ਪ੍ਰਤੀ ਰੋਸ ਉਪਜਾਉਣ ਦਾ ਕਾਰਨ ਬਣੀਆਂ। ਇਨ੍ਹਾਂ ਵਿੱਚੋਂ ਅੰਤਲੀਆਂ ਤਿੰਨ ਘਟਨਾਵਾਂ ਮਹਾਰਾਜਾ ਨਾਭਾ ਨੂੰ ਤਖਤ ਤੋਂ ਉਤਾਰਿਆ ਜਾਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗ਼ੈਰ-ਕਾਨੂੰਨੀ ਜਥੇਬੰਦੀ ਐਲਾਨਣਾ ਅਤੇ ਜੈਤੋ ਦਾ ਮੋਰਚਾ ਸਨ। ਜੈਤੋ ਵਿੱਚ ਸਿੰਘਾਂ ਦੇ ਸ਼ਾਂਤਮਈ ਰਹਿਣ ਅਤੇ ਰਿਆਸਤੀ ਹਾਕਮਾਂ ਵੱਲੋਂ ਤਸ਼ੱਦਦ ਕਰਨ ਬਾਰੇ ਕਵੀ ਦੱਸਦਾ ਹੈ:
ਏਧਰ ਵਾਹਿਗੁਰੂ ਬੋਲ ਕੇ ਜਾਣ ਅੱਗੇ, ਓਧਰ ਗੋਲੀ ਦਾ ਮੀਂਹ ਵਰਸਾਨ ਲੱਗ ਪੈ (ਪਏ)।/ ਇਕ ਇਕ ਨੂੰ ਮਾਰਦੇ ਚਾਰ ਰਲ ਕੇ, ਮੁਸ਼ਕਾਂ ਬੰਨ੍ਹ ਕੇ ਕਿਲੇ ਪਚਾਨ ਲੱਗ ਪੈ (ਪਏ)।
ਪੰਜਾਬ ਸਰਕਾਰ ਦੇ ਅਧਿਆਦੇਸ਼ ਨੰਬਰ 22309-ਜੇ ਮਿਤੀ 10 ਅਕਤੂਬਰ 1924 ਦੁਆਰਾ ਜ਼ਬਤ ਕਰਨ ਪਿੱਛੋਂ ਪੁਸਤਕ ਦੇ ਛਾਪਕ ਠਾਕਰ ਸਿੰਘ ਸੂਦ ਵਿਰੁੱਧ ਚਲਾਏ ਮੁਕੱਦਮੇ ਵਿੱਚ ਅਦਾਲਤ ਨੇ ਉਸ ਨੂੰ ਦੋ ਸਾਲ ਦੀ ਕੈਦ ਬਾਮੁਸ਼ੱਕਤ ਅਤੇ ਦੋ ਸੌ ਰੁਪਏ ਜੁਰਮਾਨਾ ਜਾਂ ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਹੋਰ ਛੇ ਮਹੀਨੇ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ।
ਉਪਰੋਕਤ ਤੋਂ ਬਿਨਾਂ ਇਸ ਵਰਗ ਦੀਆਂ ਕੁਝ ਹੋਰ ਰਚਨਾਵਾਂ ‘ਜੈਤੋ ਦਾ ਮੋਰਚਾ ਤੇ ਨਾਭੇ ਦੀ ਪੁਕਾਰ’, ‘ਸ਼ਾਂਤਮਈ ਜੋਧਿਆਂ ’ਤੇ ਜੈਤੋ ਦੇ ਅਤਿਆਚਾਰ’, ‘ਜੈਤੋ ਵਿਚ ਅਕਾਲੀਆਂ ’ਤੇ ਨੌਕਰਸ਼ਾਹੀ ਦੀ ਬੁਰਛਾਗਰਦੀ’, ‘ਜੈਤੋ ਵਿਚ ਖੂਨ ਦੀ ਨਦੀ’, ‘ਨੌਕਰਸ਼ਾਹੀ ਅਤਿਆਚਾਰ (ਅੱਤਿਆਚਾਰ) ਅਰਥਾਤ ਜ਼ੁਲਮ ਦੇ ਨਜ਼ਾਰੇ’ ਆਦਿ ਹਨ। ਇਉਂ ਹੀ ਕਾਵਿ-ਸੰਗ੍ਰਹਿ ਜਿਵੇਂ ‘ਦੁੱਖਾਂ ਦੇ ਕੀਰਨੇ’ ਲੇਖਕ ਫਿਰੋਜ਼ ਦੀਨ ‘ਸ਼ਰਫ’, ‘ਕੈਦੀ ਬੀਰ’ ਲੇਖਕ ਅਵਤਾਰ ਸਿੰਘ ‘ਆਜ਼ਾਦ’, ‘ਬਿਜਲੀ ਦੀ ਕੜਕ’ ਲੇਖਕ ਦਰਸ਼ਨ ਸਿੰਘ ‘ਦਲਜੀਤ’, ‘ਤੀਰ ਤਰੰਗ ਅਰਥਾਤ ਦਰਦ ਭਰੀ ਕਹਾਣੀ’ ਲੇਖਕ ਵਿਧਾਤਾ ਸਿੰਘ ‘ਤੀਰ’ ਵਿੱਚ ਇਸ ਮੋਰਚੇ ਨਾਲ ਸਬੰਧਿਤ ਕਵਿਤਾਵਾਂ ਸ਼ਾਮਲ ਹਨ। ਇਸ ਲਈ ਇਹ ਵੀ ਜ਼ਬਤ ਕੀਤੇ ਗਏ। ਮੁੱਕਦੀ ਗੱਲ, ਪੰਜਾਬ ਸਰਕਾਰ ਨੇ ਸਾਲ 1924 ਦੌਰਾਨ ਪੰਜਾਬੀ ਸਾਹਿਤਕਾਰਾਂ ਦੀਆਂ ਕਲਮਾਂ ਦੀ ਜ਼ਬਾਨਬੰਦੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।
(ਪੰਜਾਬੀ ਟ੍ਰਿਬਊਨ ਤੋਂ ਧੰਨਵਾਦ ਸਹਿਤ)