ਪੰਜ ਜੂਨ 1940 ਦਾ ਦਿਨ – ਊਧਮ ਸਿੰਘ ਨੂੰ ਓਲਡ ਬੇਲੀ ਦੀ ਕੇਂਦਰੀ ਅਪਰਾਧਕ ਮਾਮਲਿਆਂ ਬਾਰੇ ਅਦਾਲਤ ਨੇ ਸਰ ਮਾਈਕਲ ਓ’ਡਵਾਇਰ ਦਾ ਕਤਲ ਕਰਨ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਅਤੇ ਅਪੀਲ ਨਾ ਕੀਤੇ ਜਾਣ ਦੀ ਸੂਰਤ ਵਿੱਚ ਇਸ ਨੂੰ ਅਮਲ ਵਿੱਚ ਲਿਆਉਣ ਵਾਸਤੇ 25 ਜੂਨ 1940 ਦਾ ਦਿਨ ਨਿਸ਼ਚਿਤ ਕੀਤਾ। ਫ਼ੈਸਲਾ ਸੁਣਾਏ ਜਾਣ ਪਿੱਛੋਂ ਉਸ ਨੂੰ ਹੱਥਕੜੀ ਲਾ ਕੇ ਪੁਲੀਸ ਗਾਰਦ ਦੀ ਨਿਗਰਾਨੀ ਹੇਠ ਉੱਤਰੀ ਲੰਡਨ ਪੈਂਟਨਵਿਲ ਜੇਲ੍ਹ ਵਿੱਚ ਲਿਆ ਕੇ ਫਾਂਸੀ ਦੇ ਸਜ਼ਾਯਾਫ਼ਤਾ ਕੈਦੀਆਂ ਲਈ ਰਾਖਵੀਆਂ ਕੋਠੜੀਆਂ ਵਿੱਚੋਂ ਇੱਕ ਵਿੱਚ ਬੰਦ ਕੀਤਾ ਗਿਆ। ਇੱਥੇ ਉਸ ਨੂੰ ਕੈਦੀ ਨੰਬਰ 6828 ਦਿੱਤਾ ਗਿਆ। ਉਸ ਦੇ ਪਹਿਨੇ ਕੱਪੜੇ ਉਤਰਵਾ ਕੇ ਉਸ ਨੂੰ ਇਸ ਵਰਗ ਦੇ ਕੈਦੀਆਂ ਦੇ ਪਹਿਨਣ ਲਈ ਨਿਸ਼ਚਿਤ ਉੱਨ ਦਾ ਹਲਕਾ ਕਾਲਾ ਚੋਗਾ ਦਿੱਤਾ ਗਿਆ। ਜੇਲ੍ਹ ਅਧਿਕਾਰੀਆਂ ਨੇ ਊਧਮ ਸਿੰਘ ਦੀਆਂ ਨਜ਼ਰ ਦੀਆਂ ਐਨਕਾਂ ਉਸ ਪਾਸੋਂ ਲੈ ਲਈਆਂ। ਫਾਂਸੀ ਦੀ ਸਜ਼ਾ ਵਾਲੇ ਹਰ ਕੈਦੀ ਦੀ ਦਿਨ ਰਾਤ ਨਿਗਰਾਨੀ ਕਰਨ ਲਈ ਦੋ ਜੇਲਕਰਮੀ ਹਮੇਸ਼ਾ ਡਿਊਟੀ ਉੱਤੇ ਹੁੰਦੇ ਸਨ। ਫਾਂਸੀ ਲਾਏ ਜਾਣ ਦੇ ਦਿਨ ਤੱਕ ਕੈਦੀ ਦਾ ਮਨੋਬਲ ਬਣਾਈ ਰੱਖਣ ਵਾਸਤੇ ਉਸ ਨਾਲ ਗੱਲਬਾਤ ਕਰਦੇ ਰਹਿਣਾ ਉਨ੍ਹਾਂ ਦੀ ਡਿਊਟੀ ਦਾ ਹਿੱਸਾ ਸੀ। ਊਧਮ ਸਿੰਘ ਲਈ ਵੀ ਸਾਰਾ ਇੰਤਜ਼ਾਮ ਇਉਂ ਹੀ ਕੀਤਾ ਗਿਆ।
ਪੈਂਟਨਵਿਲ ਜੇਲ੍ਹ ਦੇ ਨਿਯਮਾਂ ਅਨੁਸਾਰ ਕੈਦੀ ਨੂੰ ਦਸ ਦਿਨ ਵਿੱਚ ਇੱਕ ਵਾਰ ਨਹਾਉਣ ਦੀ ਸਹੂਲਤ ਮਿਲਦੀ ਸੀ ਪਰ ਊਧਮ ਸਿੰਘ ਦਾ ਕਹਿਣਾ ਸੀ ਕਿ ਉਸ ਦੇ ਧਰਮ ਵਿੱਚ ਹਰ ਰੋਜ਼ ਨਹਾ ਕੇ ਪਾਠ ਕਰਨ ਦੀ ਰਵਾਇਤ ਹੈ ਜਿਸ ਕਾਰਨ ਉਸ ਨੂੰ ਇਹ ਸਹੂਲਤ ਮਿਲਣੀ ਚਾਹੀਦੀ ਹੈ। ਉਸ ਨੇ ਆਪਣੇ ਪੜ੍ਹਨ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਜੇਲ੍ਹ ਅਧਿਕਾਰੀਆਂ ਪਾਸੋਂ ਐਨਕਾਂ ਵਾਪਸ ਮੰਗੀਆਂ। ਜੇਲ੍ਹ ਅਧਿਕਾਰੀਆਂ ਨੇ ਉਸ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਸ ਨੇ 8 ਜੂਨ ਤੋਂ ਭੁੱਖ ਹੜਤਾਲ ਕਰ ਦਿੱਤੀ। 14 ਜੂਨ ਨੂੰ ਊਧਮ ਸਿੰਘ ਦੇ ਵਕੀਲ ਨੇ ਸੈਕਟਰੀ ਆਫ ਸਟੇਟ ਨੂੰ ਉਸ ਦੀਆਂ ਮੰਗਾਂ ਵੱਲ ਧਿਆਨ ਦੇਣ ਬਾਰੇ ਪੱਤਰ ਲਿਖਿਆ ਪਰ ਉੱਤਰ ਉਤਸ਼ਾਹਵਰਧਕ ਨਹੀਂ ਸੀ। ਜੇਲ੍ਹ ਅਧਿਕਾਰੀ ਊਧਮ ਸਿੰਘ ਦੇ ਮੋਨੇ ਸਰੂਪ ਕਾਰਨ ਉਸ ਨੂੰ ਸਿੱਖ ਨਹੀਂ ਸਨ ਮੰਨਦੇ। ਉਹ ਉਸ ਨੂੰ ਐਨਕ ਦੇਣਾ ਮੰਨ ਗਏ ਪਰ ਇਸ ਸ਼ਰਤ ਨਾਲ ਕਿ ਪੜ੍ਹਨ ਦਾ ਕੰਮ ਮੁੱਕਣ ਪਿੱਛੋਂ ਉਹ ਐਨਕ ਮੁੜ ਵਾਪਸ ਕਰੇਗਾ।
ਸ਼ਿਵ ਸਿੰਘ ਅਤੇ ਉਸ ਦੇ ਸੰਗੀ ਊਧਮ ਸਿੰਘ ਨੂੰ ਮਿਲੀ ਫਾਂਸੀ ਦੀ ਸਜ਼ਾ ਖ਼ਿਲਾਫ਼ ਅਪੀਲ ਪਾਉਣਾ ਚਾਹੁੰਦੇ ਸਨ ਪਰ ਸ੍ਰੀ ਕ੍ਰਿਸ਼ਨਾ ਮੈਨਨ ਦਾ ਮਤ ਸੀ ਕਿ ਅਪੀਲ ਮਨਜ਼ੂਰ ਹੋਣ ਦੀ ਗੁੰਜਾਇਸ਼ ਨਹੀਂ। ਅਪੀਲ ਪਾਉਣ ਦੇ ਪੱਖੀ ਅਜਿਹਾ ਕਰਨ ਪਿੱਛੇ ਇਹ ਦਲੀਲ ਦਿੰਦੇ ਸਨ ਕਿ ਅਪੀਲ ਬੇਸ਼ੱਕ ਨਾਮਨਜ਼ੂਰ ਹੋ ਜਾਵੇ ਪਰ ਇਸ ਨਾਲ ਇੱਕ ਵਾਰ ਫਾਂਸੀ ਦੀ ਮਿਤੀ ਟਲ ਜਾਵੇਗੀ। ਉਹ ਆਸ ਪ੍ਰਗਟਾਉਂਦੇ ਸਨ ਕਿ ਸ਼ਾਇਦ ਉਦੋਂ ਤੱਕ ਦੂਜੀ ਆਲਮੀ ਜੰਗ ਦੀ ਸਥਿਤੀ ਪਲਟਾ ਖਾ ਜਾਵੇ ਅਤੇ ਜਰਮਨੀ ਦਾ ਹੱਥ ਉੱਪਰ ਹੋ ਜਾਵੇ। ਉਨ੍ਹਾਂ ਦੇ ਉਤਸ਼ਾਹ ਨੂੰ ਵੇਖਦਿਆਂ ਸ੍ਰੀ ਕ੍ਰਿਸ਼ਨਾ ਮੈਨਨ ਨੇ ਊਧਮ ਸਿੰਘ ਲਈ ਪਟੀਸ਼ਨ ਦਾਖਲ ਕਰ ਦਿੱਤੀ। ਇਸ ਕਾਰਨ ਫਾਂਸੀ ਦੇਣ ਲਈ ਮਿਥੀ ਤਰੀਕ 25 ਜੂਨ ਅਣਮਿਥੇ ਸਮੇਂ ਲਈ ਟਾਲ ਦਿੱਤੀ ਗਈ। ਅਪੀਲ ਦੀ ਸੁਣਵਾਈ ਲਈ 15 ਜੁਲਾਈ ਦਾ ਦਿਨ ਮਿਥਿਆ ਗਿਆ।
ਊਧਮ ਸਿੰਘ ਦੀ ਜ਼ਿੰਦਗੀ ਦਾ ਅੰਤ ਨੇੜੇ ਆਇਆ ਸਮਝਦਿਆਂ ਉਸ ਦੇ ਵਕੀਲ ਮਿਸਟਰ ਕਲੇਟਨ ਨੇ ਇੱਕ ਜੁਲਾਈ 1940 ਨੂੰ ਜੇਲ੍ਹ ਦੇ ਗਵਰਨਰ ਨੂੰ ਬੇਨਤੀ ਕੀਤੀ ਕਿ ਗੁਰਦੁਆਰੇ ਦੇ ਗ੍ਰੰਥੀ ਸ਼ਿਵ ਸਿੰਘ ਨੂੰ ਊਧਮ ਸਿੰਘ ਨੂੰ ਮਿਲਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਉਹ ਇੱਕ ਸਿੱਖ ਦੁਆਰਾ ਅੰਤਿਮ ਸਮੇਂ ਨਿਭਾਈਆਂ ਜਾਣ ਵਾਲੀਆਂ ਰਸਮਾਂ ਪੂਰੀਆਂ ਕਰ ਸਕੇ। ਜੇਲ੍ਹ ਦੇ ਗਵਰਨਰ ਨੇ ਐਤਵਾਰ ਤੋਂ ਬਿਨਾਂ ਕਿਸੇ ਵੀ ਦਿਨ ਮੁਲਾਕਾਤ ਲਈ ਮਿਥੇ ਸਮੇਂ ਅਨੁਸਾਰ ਆਉਣ ਦੀ ਆਗਿਆ ਦਿੱਤੀ ਪਰ ਸਪੱਸ਼ਟ ਕੀਤਾ ਕਿ ਜੇਲ੍ਹ ਅਧਿਕਾਰੀ ਦੀ ਨਿਗਰਾਨੀ ਹੇਠ ਮੁਲਾਕਾਤ ਦੀ ਗੱਲਬਾਤ ਅੰਗਰੇਜ਼ੀ ਵਿੱਚ ਹੋਵੇਗੀ।
ਊਧਮ ਸਿੰਘ ਲਈ ਹਾਅ ਦਾ ਨਾਅਰਾ ਮਾਰਨ ਵਿੱਚ ਪਹਿਲ ਕਰਨ ਵਾਲੀ ਇੱਕ ਈਸਾਈ ਔਰਤ ਮਿਸ ਹੈਲੇਨ ਪੀਚ ਸੀ। ਮਿਸ ਹੈਲੇਨ ਪਿਛਲੇ ਕਈ ਸਾਲਾਂ ਤੋਂ ਹਿੰਦੋਸਤਾਨੀ ਵਿਦਿਆਰਥੀਆਂ ਵਿੱਚ ਕੰਮ ਕਰ ਰਹੀ ਸੀ। ਊਧਮ ਸਿੰਘ ਦੇ ਪੱਖ ਵਿੱਚ ਈਸਾਈ ਪਾਦਰੀ ਡਬਲਿਊ.ਈ.ਐੱਸ. ਹਾਲੈਂਡ ਨੇ ਵੀ ਆਵਾਜ਼ ਉਠਾਈ। ਉਹ ਇੱਕ ਪਾਦਰੀ ਵਜੋਂ ਬਾਰਕਿਸਟਨ ਜੇਲ੍ਹ ਵਿੱਚ ਊਧਮ ਸਿੰਘ ਨਾਲ ਮੁਲਾਕਾਤਾਂ ਕਰਦਾ ਰਿਹਾ ਸੀ। ਦੋਵੇਂ ਕੈਕਸਟਨ ਹਾਲ ਦੀ ਘਟਨਾ ਨੂੰ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਦਾ ਪ੍ਰਤੀਕਰਮ ਮੰਨਦੇ ਸਨ, ਇਸ ਲਈ ਚਾਹੁੰਦੇ ਸਨ ਕਿ ਇਸ ਸਮੇਂ ਹਿੰਦੋਸਤਾਨ ਵਿਚਲੀ ਨਾਜ਼ੁਕ ਸਥਿਤੀ ਨੂੰ ਵੇਖਦਿਆਂ ਅਜਿਹੇ ਕਦਮ ਚੁੱਕੇ ਜਾਣੇ ਚਾਹੀਦੇ ਹਨ ਜਿਨ੍ਹਾਂ ਨਾਲ ਜ਼ਖ਼ਮਾਂ ਉੱਤੇ ਮੱਲ੍ਹਮ ਲੱਗ ਸਕੇ ਅਤੇ ਸਬੰਧ ਸੁਧਰ ਸਕਣ ਅਤੇ ਅਜਿਹਾ ਦਰਿਆਦਿਲੀ ਵਿਖਾਉਣ ਨਾਲ ਹੀ ਹੋ ਸਕਦਾ ਹੈ। ਊਧਮ ਸਿੰਘ ਪ੍ਰਤੀ ਰਹਿਮਦਿਲੀ ਵਿਖਾਏ ਜਾਣ ਬਾਰੇ ਡਾਕਟਰ ਐਡਵਰਡ ਥੌਂਪਸਨ, ਮਿਸ ਏ.ਐੱਮ. ਐਂਡਰਿਊਜ਼, ਮਿਸ ਜੁਆਇਸੀ ਈ. ਟੈਰਿੰਗ ਅਤੇ ਕੁਝ ਹੋਰਨਾਂ ਨੇ ਵੀ ਅਜਿਹੀਆਂ ਅਪੀਲਾਂ ਕੀਤੀਆਂ ਪਰ ਸੈਕਟਰੀ ਆਫ਼ ਸਟੇਟ ਫਾਰ ਇੰਡੀਆ ਨੇ ਇਹ ਸਾਰੀਆਂ ਅਪੀਲਾਂ ਰੱਦ ਕਰ ਦਿੱਤੀਆਂ।
ਪੰਦਰਾਂ ਜੁਲਾਈ ਨੂੰ ਅਪੀਲ ਦੀ ਸੁਣਵਾਈ ਜਸਟਿਸ ਹੰਫਰੇਜ਼, ਜਸਟਿਸ ਹਿਲਬਰੀ ਅਤੇ ਜਸਟਿਸ ਬਰਾਊਨ ਜਾਹਨਸਨ ਨੇ ਕੀਤੀ। ਉਨ੍ਹਾਂ ਨੇ ਲਾਲ ਰੰਗ ਦੀ ਪੁਸ਼ਾਕ ਪਹਿਨੀ ਹੋਈ ਸੀ। ਕਟਹਿਰਾ, ਜਿਸ ਵਿੱਚ ਊਧਮ ਸਿੰਘ ਨੂੰ ਲਿਆ ਕੇ ਖੜ੍ਹਾ ਕੀਤਾ ਗਿਆ, ਹਰੇ ਰੰਗ ਦਾ ਸੀ। ਅਪੀਲਕਰਤਾ ਵੱਲੋਂ ਮਿਸਟਰ ਸੇਂਟ ਜਾਹਨ ਹਚਿਨਸਨ ਵਕੀਲ ਹਾਜ਼ਰ ਸੀ ਅਤੇ ਮਿਸਟਰ ਮੈਕਲਿਊਰ ਬਾਦਸ਼ਾਹ ਵੱਲੋਂ। ਮਿਸਟਰ ਹਚਿਨਸਨ ਆਪਣਾ ਪੱਖ ਪੇਸ਼ ਕਰਨ ਲਈ ਅੱਧਾ ਘੰਟਾ ਬੋਲਿਆ। ਉਸ ਦੀ ਮੁੱਖ ਦਲੀਲ, ਜੋ ਉਸ ਨੇ ਮੁਕੱਦਮੇ ਦੀ ਸੁਣਵਾਈ ਸਮੇਂ ਵੀ ਪੇਸ਼ ਕੀਤੀ ਸੀ, ਇਹ ਸੀ ਕਿ ਊਧਮ ਸਿੰਘ ਦੀ ਮਨਸ਼ਾ ਸਿਰਫ਼ ਪ੍ਰੋਟੈਸਟ ਕਰਨਾ ਸੀ, ਕਿਸੇ ਦੇ ਗੋਲੀ ਮਾਰਨਾ ਨਹੀਂ ਸੀ। ਉਸ ਦਾ ਇਤਰਾਜ਼ ਸੀ ਕਿ ਮੁਕੱਦਮਾ ਸੁਣਨ ਵਾਲੀ ਅਦਾਲਤ ਨੇ ਊਧਮ ਸਿੰਘ ਦੀ ਮਨਸ਼ਾ ਵੱਲ ਧਿਆਨ ਨਹੀਂ ਸੀ ਦਿੱਤਾ। ਅਦਾਲਤ ਨੇ ਮਿਸਟਰ ਹਚਿਨਸਨ ਦੀ ਦਲੀਲਬਾਜ਼ੀ ਨੂੰ ਵਜ਼ਨ ਨਾ ਦਿੱਤਾ। ਅਦਾਲਤ ਦਾ ਕਹਿਣਾ ਸੀ ਕਿ ਗ੍ਰਿਫ਼ਤਾਰੀ ਪਿੱਛੋਂ ਊਧਮ ਸਿੰਘ ਵੱਲੋਂ ਸਮੇਂ ਸਮੇਂ ਕੀਤੀਆਂ ਟਿੱਪਣੀਆਂ ਤੋਂ ਉਸ ਦਾ ਕਤਲ ਕਰਨ ਦਾ ਇਰਾਦਾ ਸਪਸ਼ਟ ਹੁੰਦਾ ਸੀ। ਸਿੱਟੇ ਵਜੋਂ ਅਦਾਲਤ ਨੇ ਇਹ ਕਹਿੰਦਿਆਂ ਅਪੀਲ ਖਾਰਜ ਕਰ ਦਿੱਤੀ ਕਿ ਕੋਈ ਅਜਿਹਾ ਨੁਕਤਾ ਦਿਖਾਈ ਨਹੀਂ ਦਿੰਦਾ ਜਿਸ ਨੂੰ ਆਧਾਰ ਬਣਾ ਕੇ ਹੇਠਲੀ ਅਦਾਲਤ ਦੇ ਫ਼ੈਸਲੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਸਕੇ। ਸੁਣਵਾਈ ਦੌਰਾਨ ਊਧਮ ਸਿੰਘ ਦੇ ਚਿਹਰੇ ਉੱਤੇ ਕੋਈ ਹਾਵ-ਭਾਵ ਨਹੀਂ ਸਨ ਦਿਖਾਈ ਦਿੱਤੇ, ਅਪੀਲ ਰੱਦ ਹੋਣ ਉੱਤੇ ਉਹ ਮੁਸਕਰਾਇਆ ਅਤੇ ਸੰਤਰੀ ਦੇ ਨਾਲ ਆਪਣੀ ਕੋਠੜੀ ਵੱਲ ਚੱਲ ਪਿਆ। ‘ਡੇਲੀ ਐਕਸਪ੍ਰੈੱਸ’ ਅਖ਼ਬਾਰ ਦੇ 16 ਜੁਲਾਈ 1940 ਦੇ ਅੰਕ ਵਿੱਚ ਪ੍ਰਕਾਸ਼ਿਤ ਖ਼ਬਰ ਅਨੁਸਾਰ ਅਦਾਲਤ ਤੋਂ ਵਾਪਸ ਆ ਕੇ ਊਧਮ ਸਿੰਘ ਤਾਸ਼ ਖੇਡਣ ਵਿੱਚ ਮਸਤ ਹੋ ਗਿਆ।
ਅਪੀਲ ਰੱਦ ਹੋ ਗਈ ਤਾਂ ਲੰਡਨ ਕਾਊਂਟੀ ਦੇ ਮੁੱਖ ਅਧਿਕਾਰੀ ਨੇ ਫਾਂਸੀ ਦੇਣ ਲਈ ਨਵੀਂ ਮਿਤੀ 31 ਜੁਲਾਈ ਨਿਸ਼ਚਿਤ ਕਰ ਦਿੱਤੀ। ਰਾਬਰਟ ਕਲਿੰਟਨ ਨੇ 23 ਜੁਲਾਈ ਨੂੰ ਸਕੱਤਰ, ਪ੍ਰਿਜ਼ਨ ਕਮਿਸ਼ਨ ਵੱਲ ਪੱਤਰ ਲਿਖ ਕੇ ਫਾਂਸੀ ਹੋਣ ਦੀ ਸੂਰਤ ਵਿੱਚ ਸਥਾਨਕ ਸਿੱਖਾਂ ਨੂੰ ਦੋਸ਼ੀ ਦੇ ਧਰਮ ਅਨੁਸਾਰ ਅੰਤਿਮ ਰਸਮਾਂ ਕਰਨ ਦੀ ਆਗਿਆ ਦੇਣ ਲਈ ਲਿਖਿਆ। ਉੱਤਰ ਵਿੱਚ ਕੈਪੀਟਲ ਪਨਿਸ਼ਮੈਂਟ ਅਮੈਂਡਮੈਂਟ ਐਕਟ, 1968 ਦੇ ਹਵਾਲੇ ਨਾਲ ਇਹ ਮੰਗ ਠੁਕਰਾ ਦਿੱਤੀ ਗਈ।
ਫਾਂਸੀ ਲਈ ਮਿਤੀ ਨਿਸ਼ਚਿਤ ਹੋ ਜਾਣ ਦੇ ਬਾਵਜੂਦ ਊਧਮ ਸਿੰਘ ਦੇ ਹਮਾਇਤੀਆਂ ਨੇ ਅਜੇ ਵੀ ਦਿਲ ਨਹੀਂ ਸੀ ਛੱਡਿਆ। ਉਨ੍ਹਾਂ ਰਹਿਮ ਦੀ ਅਰਜ਼ੋਈ ਕਰਨ ਦੀ ਯੋਜਨਾ ਬਣਾਈ। ਜਦ ਇਹ ਗੱਲ ਊਧਮ ਸਿੰਘ ਨਾਲ ਸਾਂਝੀ ਕੀਤੀ ਗਈ ਤਾਂ ਉਸ ਨੇ ਇਸ ਨਾਲ ਅਸਹਿਮਤੀ ਪ੍ਰਗਟਾਈ ਪਰ ਇਹ ਜ਼ਰੂਰ ਕਿਹਾ ਕਿ ਜੇਕਰ ਹੋਰਨਾਂ ਦੀ ਇੱਛਾ ਹੈ ਤਾਂ ਉਹ ਅਜਿਹਾ ਕਰ ਲੈਣ। ਸ੍ਰੀ ਕ੍ਰਿਸ਼ਨਾ ਮੈਨਨ, ਵਕੀਲ ਮਿਸਟਰ ਹਚਿਨਸਨ ਅਤੇ ਕਾਨੂੰਨੀ ਨੁਕਤੇ ਸਮਝਣ ਵਾਲੇ ਹੋਰ ਵਿਅਕਤੀ ਇਸ ਯਤਨ ਨੂੰ ਬੇਫ਼ਾਇਦਾ ਸਮਝਦੇ ਸਨ ਪਰ ਸਥਾਨਕ ਸਿੱਖਾਂ ਵੱਲੋਂ ਊਧਮ ਸਿੰਘ ਦੇ ਮੁਕੱਦਮੇ ਦੀ ਪੈਰਵੀ ਕਰਨ ਵਿੱਚ ਸਰਗਰਮ ਸ਼ਿਵ ਸਿੰਘ ਅਤੇ ਉਸ ਦੇ ਸਾਥੀ ਅਜਿਹਾ ਕਰਨ ਲਈ ਦ੍ਰਿੜ੍ਹ ਸਨ। ਅਰਜ਼ੀ ਪਾਉਣ ਦਾ ਫ਼ੈਸਲਾ ਹੋ ਗਿਆ ਤਾਂ ਇਸ ਦੀ ਸ਼ਬਦਾਵਲੀ ਦੀ ਚੋਣ ਕਰਨੀ ਸਮੱਸਿਆ ਬਣ ਗਈ। ਸ੍ਰੀ ਮੈਨਨ ਦੀ ਸਲਾਹ ਨਾਲ ਫ਼ੈਸਲਾ ਹੋਇਆ ਕਿ ਇੱਕ ਤਾਂ ਅਰਜ਼ੀ ਵਿੱਚ ਦਲੀਲਾਂ ਨਾ ਦਿੱਤੀਆਂ ਜਾਣ ਅਤੇ ਦੂਜਾ ਅਰਜ਼ੀ ਦੀ ਸ਼ਬਦਾਵਲੀ ਊਧਮ ਸਿੰਘ ਦਾ ਨਿਰਾਦਰ ਕਰਨ ਵਾਲੀ ਤੇ ਰਾਜਸੀ ਜੁਰਮ ਨਾਲ ਜੁੜੇ ਨਾਇਕਪੁਣੇ ਨੂੰ ਠੇਸ ਪੁਚਾਉਣ ਵਾਲੀ ਨਾ ਹੋਵੇ। ਨਤੀਜੇ ਵਜੋਂ ਜਨਤਾ ਵੱਲੋਂ ਸੈਕਟਰੀ ਆਫ ਸਟੇਟ ਨੂੰ ਪੇਸ਼ ਕਰਨ ਵਾਸਤੇ ਰਹਿਮ ਦੀ ਅਪੀਲ ਲਿਖੀ ਗਈ। ਇਸ ਉੱਤੇ ਦਸਤਖ਼ਤ ਕਰਵਾਉਣ ਲਈ ਸ੍ਰੀ ਕ੍ਰਿਸ਼ਨਾ ਮੈਨਨ ਦੇ ਨਾਲ ਸ. ਸ਼ਿਵ ਸਿੰਘ ਨੇ ਜ਼ੋਰਦਾਰ ਭੂਮਿਕਾ ਨਿਭਾਈ ਪਰ ਅਰਜ਼ੀ ਉੱਤੇ ਦਸਤਖ਼ਤ ਕਰਨ ਲਈ ਜਨਤਕ ਹੁੰਗਾਰਾ ਉਤਸ਼ਾਹਨਕ ਨਹੀਂ ਸੀ। ਹਸਤਾਖਰ ਕਰਨ ਵਾਲਿਆਂ ਨੇ ਆਪਣਾ ਪਤਾ ਵੀ ਲਿਖਣਾ ਸੀ। ਇਸ ਲਈ ਅਰਜ਼ੀ ਉੱਤੇ ਦਸਤਖ਼ਤ ਕਰਨ ਲਈ ਕਮਿਊਨਿਸਟ ਅਤੇ ਕਾਂਗਰਸੀ ਘੱਟ ਅੱਗੇ ਆਏ। ਉਨ੍ਹਾਂ ਡਰ ਪ੍ਰਗਟ ਕੀਤਾ ਕਿ ਇਸ ਨਾਲ ਪੁਲੀਸ ਨੂੰ ਉਨ੍ਹਾਂ ਦੇ ਥਾਂ ਟਿਕਾਣੇ ਦੀ ਸੂਹ ਲੱਗ ਜਾਵੇਗੀ। ਗ਼ੈਰ-ਪੰਜਾਬੀਆਂ ਨੇ ਪਹਿਲਾਂ ਹੀ ਇਸ ਮੁਕੱਦਮੇ ਪ੍ਰਤੀ ਬੇਧਿਆਨੀ ਵਿਖਾਈ ਸੀ। ਚੌਦਾਂ ਅਪਰੈਲ ਨੂੰ ਈਸਟ ਇੰਡ ਵਿੱਚ ਹੋਈ ਸਿੱਖਾਂ ਦੀ ਮੀਟਿੰਗ ਉੱਪਰ ਪੁਲੀਸ ਵੱਲੋਂ ਛਾਪਾ ਮਾਰਨ ਦੀ ਕਾਰਵਾਈ ਤੋਂ ਡਰਦਿਆਂ ਬਹੁਤੇ ਸਿੱਖਾਂ ਨੇ ਵੀ ਦਸਤਖ਼ਤ ਕਰਨ ਤੋਂ ਪਾਸਾ ਵੱਟ ਲਿਆ। ਬਿਖੜੀ ਪ੍ਰਸਥਿਤੀ ਦੇ ਬਾਵਜੂਦ ਥੋੜ੍ਹੇ ਹੀ ਦਿਨਾਂ ਵਿੱਚ 395 ਵਿਅਕਤੀਆਂ ਦੇ ਦਸਤਖ਼ਤ ਪ੍ਰਾਪਤ ਹੋ ਗਏ। ਹਸਤਾਖਰ-ਕਰਤਾਵਾਂ ਵਿੱਚ ਹਿੰਦੂ, ਮੁਸਲਮਾਨ ਅਤੇ ਸਿੱਖ ਤਾਂ ਸਨ ਹੀ, ਅੰਗਰੇਜ਼ ਪੁਰਸ਼ ਅਤੇ ਔਰਤਾਂ ਵੀ ਸ਼ਾਮਲ ਸਨ। ਸਤਾਈ ਜੁਲਾਈ ਨੂੰ ਵਕੀਲਾਂ ਦੀ ਫਰਮ ਰੋਬਰਟ ਕਲੇਟਨ ਨੇ ਇਹ ਰਹਿਮ ਦੀ ਅਰਜ਼ੋਈ ਸੈਕਟਰੀ ਆਫ ਸਟੇਟ ਨੂੰ ਪੇਸ਼ ਕੀਤੀ। ਸੈਕਟਰੀ ਆਫ ਸਟੇਟ ਵੱਲੋਂ ਇਹ ਅਰਜ਼ੀ ਰੱਦ ਕੀਤੇ ਜਾਣ ਨਾਲ 31 ਜੁਲਾਈ ਦੇ ਦਿਨ ਊਧਮ ਸਿੰਘ ਦੀ ਸਜ਼ਾ ਨੂੰ ਅਮਲ ਵਿੱਚ ਲਿਆਉਣ ਦਾ ਰਾਹ ਸਾਫ਼ ਹੋ ਗਿਆ।
ਲੰਡਨ ਵਿੱਚ ਵੱਸਦੇ ਸਿੱਖ ਚਾਹੁੰਦੇ ਸਨ ਕਿ ਊਧਮ ਸਿੰਘ ਨੂੰ ਫਾਂਸੀ ਦਿੱਤੇ ਜਾਣ ਸਮੇਂ ਉਸ ਦੀਆਂ ਅੰਤਿਮ ਰਸਮਾਂ ਸਿੱਖ ਰੀਤ ਅਨੁਸਾਰ ਕਰਨ ਵਾਸਤੇ ਸ਼ਿਵ ਸਿੰਘ ਮੌਕੇ ਉੱਤੇ ਹਾਜ਼ਰ ਹੋਵੇ। ਇਸ ਲਈ ਵਕੀਲ ਮਿਸਟਰ ਰੌਬਰਟ ਕਲੇਟਨ ਨੇ ਜੇਲ੍ਹ ਅਧਿਕਾਰੀਆਂ ਤੋਂ ਅਜਿਹਾ ਕਰਨ ਲਈ ਆਗਿਆ ਮੰਗੀ। ਸਰਕਾਰ ਨੇ ਇਹ ਮੰਗ ਮੰਨਣ ਤੋਂ ਨਾਂਹ ਕਰ ਦਿੱਤੀ। ਸਰਕਾਰ ਨੂੰ ਡਰ ਸੀ ਕਿ ਸ਼ਿਵ ਸਿੰਘ, ਜੋ ਊਧਮ ਸਿੰਘ ਦੇ ਬਚਾਓ ਲਈ ਭੱਜ-ਨੱਠ ਕਰਨ ਵਾਲਿਆਂ ਵਿੱਚ ਸਭ ਤੋਂ ਅੱਗੇ ਸੀ, ਨੂੰ ਅੰਤਿਮ ਮੌਕੇ ਹਾਜ਼ਰ ਹੋਣ ਦੀ ਆਗਿਆ ਦੇ ਦਿੱਤੀ ਗਈ ਤਾਂ ਉਹ ਊਧਮ ਸਿੰਘ ਦੇ ਅੰਤਿਮ ਸਮੇਂ ਦੇ ਬੋਲਾਂ ਸਮੇਤ ਪੂਰੀ ਰਿਪੋਰਟ ਹਿੰਦੋਸਤਾਨੀ ਅਖ਼ਬਾਰਾਂ, ਗਦਰ ਪਾਰਟੀ ਅਤੇ ਇਸ ਮੁਕੱਦਮੇ ਵਿੱਚ ਦਿਲਚਸਪੀ ਰੱਖਣ ਵਾਲੇ ਹੋਰ ਲੋਕਾਂ ਨੂੰ ਭੇਜੇਗਾ ਜਿਸ ਨਾਲ ਸਰਕਾਰ ਦੀ ਕਿਰਕਿਰੀ ਹੋਵੇਗੀ। ਦੂਜੀ ਮੰਗ ਰੱਦ ਕਰਨ ਬਾਰੇ ਅਧਿਕਾਰੀਆਂ ਦੀ ਦਲੀਲ ਸੀ ਕਿ ਊਧਮ ਸਿੰਘ ਦਾ ਜੀਵਨ-ਢੰਗ ਸਿੱਖਾਂ ਵਾਲਾ ਨਾ ਹੋਣ ਕਾਰਨ ਇਸ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।
ਫਾਂਸੀ ਦੇਣ ਦੀ ਪਹਿਲੀ ਮਿਤੀ ਸਮੇਂ ਹੀ ਜੇਲ੍ਹ ਅਧਿਕਾਰੀਆਂ ਨੂੰ ਪਹਿਲਾਂ ਹੀ ਹਦਾਇਤ ਕਰ ਦਿੱਤੀ ਗਈ ਸੀ ਕਿ ਫਾਂਸੀ ਦੇਣ ਦੇ ਨਿਸ਼ਚਿਤ ਸਮੇਂ ਸਾਰੇ ਕੈਦੀਆਂ ਨੂੰ ਆਪੋ ਆਪਣੇ ਕੰਮ ਵਿੱਚ ਰੁੱਝੇ ਰੱਖਿਆ ਜਾਵੇ ਤਾਂ ਜੋ ਫਾਂਸੀ ਦੇ ਤਖਤੇ ਉੱਤੋਂ ਆਉਣ ਵਾਲੀ ਕੋਈ ਵੀ ਆਵਾਜ਼ ਉਨ੍ਹਾਂ ਦੇ ਕੰਨਾਂ ਵਿੱਚ ਨਾ ਪਵੇ। ਫਾਂਸੀ ਦੇਣ ਦੇ ਸਾਰੇ ਪ੍ਰਬੰਧ 30 ਜੁਲਾਈ ਦੀ ਸ਼ਾਮ ਨੂੰ ਮੁਕੰਮਲ ਕਰ ਲਏ ਗਏ। 31 ਜੁਲਾਈ 1940 ਨੂੰ ਸਵੇਰੇ 8.58 ਵਜੇੇ ਊਧਮ ਸਿੰਘ ਫਾਂਸੀ ਦੇ ਤਖਤੇ ਉੱਤੇ ਖੜ੍ਹਾ ਸੀ। ਉਸ ਨੇ ਆਪਣੀ ਪੁਸ਼ਾਕ ਪਹਿਨੀ ਹੋਈ ਸੀ। ਉਹ ਕਮਜ਼ੋਰ ਪਰ ਸ਼ਾਂਤ ਦਿਖਾਈ ਦੇ ਰਿਹਾ ਸੀ। ਉਸ ਦੇ ਚਿਹਰੇ ਤੋਂ ਮੌਤ ਦਾ ਰਤਾ ਭਰ ਡਰ ਵਿਖਾਈ ਨਹੀਂ ਸੀ ਦਿੰਦਾ। ਠੀਕ 9 ਵਜੇ ਫਾਂਸੀ ਦੀ ਸਜ਼ਾ ਅਮਲ ਵਿੱਚ ਲਿਆਂਦੀ ਗਈ ਜਿਸ ਨਾਲ ਇਸ ਦੇਸ਼ਭਗਤ ਯੋਧੇ ਦੇ ਜੀਵਨ ਦਾ ਅੰਤ ਹੋ ਗਿਆ। ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਐਲਾਨੇ ਜਾਣ ਪਿੱਛੋਂ ਉਸ ਦੀ ਦੇਹ ਲੱਕੜੀ ਦੇ ਇੱਕ ਕਾਲੇ ਬਕਸੇ ਵਿੱਚ ਪਾ ਕੇ ਪੈਂਟਨਵਿਲ ਜੇਲ੍ਹ ਦੇ ਕਬਰਿਸਤਾਨ ਵਿਚ ਦਫ਼ਨਾ ਦਿੱਤੀ ਗਈ। ਇੱਕ ਪੱਥਰ, ਜਿਸ ਉੱਤੇ ‘ਯੂ. ਐੱਸ.’ ਅੱਖਰ ਉੱਕਰੇ ਹੋਏ ਸਨ, ਕਬਰ ਦੇ ਉੱਤੇ ਲਾ ਦਿੱਤਾ ਗਿਆ। ਇਉਂ ਊਧਮ ਸਿੰਘ ਦੀ ਆਪਣੇ ਸਿਆਸੀ ਮਾਰਗਦਰਸ਼ਕ ਸ਼ਹੀਦ ਭਗਤ ਸਿੰਘ ਦੇ ਸਸਕਾਰ ਸਥਾਨ ਦੇ ਨੇੜੇ ਸਸਕਾਰੇ ਜਾਣ ਦੀ ਇੱਛਾ ਤਾਂ ਪੂਰੀ ਨਾ ਹੋਈ ਪਰ ਸਬੱਬ ਨਾਲ ਉਸ ਨੂੰ 1909 ਵਿੱਚ ਇਸੇ ਜੇਲ੍ਹ ਵਿੱਚ ਫਾਂਸੀ ਲਾ ਕੇ ਸ਼ਹੀਦ ਕੀਤੇ ਇੱਕ ਹੋਰ ਦੇਸ਼ਭਗਤ ਮਦਨ ਲਾਲ ਢੀਂਗਰਾ ਦੀ ਕਬਰ ਦੇ ਗੁਆਂਢ ਵਿੱਚ ਦਫ਼ਨਾਏ ਜਾਣ ਲਈ ਥਾਂ ਮਿਲ ਗਈ।