ਬ੍ਰੇਕਿੰਗ: ਕਿਸਾਨ ਯੂਨੀਅਨ ‘ਚ ਫੁੱਟ, ਡੱਲੇਵਾਲ ਖ਼ਿਲਾਫ਼ ਆਪਣੀ ਹੀ ਜਥੇਬੰਦੀ ਦਾ ਮੋਰਚਾ
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਿੱਚ ਵੱਡੀ ਹਲਚਲ ਦੇ ਆਸਾਰ ਬਣ ਗਏ ਹਨ। ਜਥੇਬੰਦੀ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਖ਼ਿਲਾਫ਼ ਉਨ੍ਹਾਂ ਦੀ ਆਪਣੀ ਹੀ ਟੀਮ ਨੇ ਮੋਰਚਾ ਖੋਲ੍ਹ ਦਿੱਤਾ ਹੈ। ਆਗੂਆਂ ਦਾ ਦੋਸ਼ ਹੈ ਕਿ ਡੱਲੇਵਾਲ ਯੂਨੀਅਨ ਨੂੰ ਤਾਨਾਸ਼ਾਹੀ ਢੰਗ ਨਾਲ ਚਲਾ ਰਹੇ ਹਨ ਅਤੇ ਕਈ ਆਗੂਆਂ ਨੂੰ ਇਕ-ਇਕ ਕਰਕੇ ਬਾਹਰ ਕੀਤਾ ਜਾ ਰਿਹਾ ਹੈ।
ਪਟਿਆਲਾ ਵਿੱਚ ਜਥੇਬੰਦੀ ਦੇ ਸੰਸਥਾਪਕ ਸਵਰਗੀਆ ਪਿਸ਼ੌਰਾ ਸਿੰਘ ਸਿੱਧੂ ਦੇ ਪੁੱਤਰ ਦਲਵੀਰ ਸਿੰਘ ਸਿੱਧੂਪੁਰ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਯੂਨੀਅਨ ਦੇ ਕਈ ਆਗੂ ਉਨ੍ਹਾਂ ਕੋਲ ਪਹੁੰਚੇ ਅਤੇ ਡੱਲੇਵਾਲ ਉੱਤੇ ਗੰਭੀਰ ਦੋਸ਼ ਲਗਾਏ। ਆਗੂਆਂ ਨੇ ਕਿਸਾਨ ਮੋਰਚੇ ਦੌਰਾਨ ਹੋਏ ਨੁਕਸਾਨ ਅਤੇ ਸ਼ੁਭਕਰਨ ਦੀ ਮੌਤ ਲਈ ਵੀ ਡੱਲੇਵਾਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਆਗੂਆਂ ਨੇ ਇਹ ਵੀ ਦਾਅਵਾ ਕੀਤਾ ਕਿ ਯੂਨੀਅਨ ਵਿੱਚ ਪਿਛਲੇ ਛੇ ਸਾਲਾਂ ਤੋਂ ਚੋਣਾਂ ਨਹੀਂ ਹੋਈਆਂ। ਇਸ ਕਾਰਨ ਉਨ੍ਹਾਂ ਨੇ ਡੱਲੇਵਾਲ ਦੀ ਲੀਡਰਸ਼ਿਪ ਮੰਨਣ ਤੋਂ ਇਨਕਾਰ ਕਰਦਿਆਂ ਮਿਲਜੁਲ ਕੇ ਸੰਗਠਨ ਚਲਾਉਣ ਅਤੇ ਜਲਦ ਨਵਾਂ ਪ੍ਰਧਾਨ ਚੁਣਨ ਦਾ ਫੈਸਲਾ ਕੀਤਾ ਹੈ। ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਜਥੇਬੰਦੀ ਦੀ ਕਮਾਨ ਕਿਸਦੇ ਹੱਥ ਆਉਂਦੀ ਹੈ।







