ਸਾਲ 2021 ਵਿੱਚ ਦਰਜ ਆਮਦਨ ਤੋਂ ਵੱਧ ਸੰਪਤੀ ਕੇਸ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਵੱਡੀ ਰਾਹਤ ਮਿਲੀ ਹੈ। ਵਿਸ਼ੇਸ਼ ਜਾਂਚ ਟੀਮ (SIT) ਵੱਲੋਂ ਅਦਾਲਤ ਵਿੱਚ ਦਾਖ਼ਲ ਚਾਰਜਸ਼ੀਟ ਵਿੱਚ ਸੁਮੇਧ ਸੈਣੀ ਨੂੰ ਬੇਦੋਸ਼ ਕਰਾਰ ਦਿੰਦਿਆਂ ਕਾਲਮ ਨੰਬਰ-2 ਵਿੱਚ ਰੱਖਿਆ ਗਿਆ ਹੈ।
ਇਸ ਮਾਮਲੇ ਵਿੱਚ ਲੋਕ ਨਿਰਮਾਣ ਵਿਭਾਗ ਦੇ ਤਤਕਾਲੀਨ ਕਾਰਜਕਾਰੀ ਇੰਜੀਨੀਅਰ ਨਿਮਰਤਦੀਪ ਸਿੰਘ ਸਮੇਤ ਪੰਜ ਹੋਰ ਆਰੋਪੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਕੇਸ ਦੀ ਅਗਲੀ ਸੁਣਵਾਈ 17 ਜਨਵਰੀ ਨੂੰ ਹੋਵੇਗੀ। ਪਹਿਲਾਂ ਵਿਜੀਲੈਂਸ ਵੱਲੋਂ ਸੈਣੀ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ, ਪਰ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਐੱਸ.ਐੱਸ. ਸ੍ਰੀਵਾਸਤਵ ਦੀ ਅਗਵਾਈ ਹੇਠ SIT ਦਾ ਗਠਨ ਕੀਤਾ ਗਿਆ ਸੀ।
ਜਾਂਚ ਪੂਰੀ ਹੋਣ ਤੋਂ ਬਾਅਦ SIT ਨੇ ਅਦਾਲਤ ਨੂੰ ਦੱਸਿਆ ਕਿ ਸੁਮੇਧ ਸੈਣੀ ਖ਼ਿਲਾਫ਼ ਲਗਾਏ ਗਏ ਆਰੋਪਾਂ ਨੂੰ ਸਹੀ ਸਾਬਤ ਕਰਨ ਲਈ ਪ੍ਰਮਾਣਿਕ ਸਬੂਤ ਨਹੀਂ ਮਿਲੇ, ਜਿਸ ਕਾਰਨ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ।
ਚਾਰਜਸ਼ੀਟ ਮੁਤਾਬਕ ਨਿਮਰਤਦੀਪ ਸਿੰਘ, ਉਸਦੇ ਪਰਿਵਾਰ ਅਤੇ ਹੋਰ ਆਰੋਪੀਆਂ ’ਤੇ ਆਮਦਨ ਤੋਂ ਵੱਧ ਸੰਪਤੀ ਇਕੱਠੀ ਕਰਨ ਦੇ ਗੰਭੀਰ ਦੋਸ਼ ਹਨ। ਜਾਂਚ ਵਿੱਚ ਖੁਲਾਸਾ ਹੋਇਆ ਕਿ ਮੋਹਾਲੀ, ਚੰਡੀਗੜ੍ਹ, ਪੰਚਕੂਲਾ, ਮੁੱਲਾਂਪੁਰ ਅਤੇ ਕੁਰਾਲੀ ਸਮੇਤ ਵੱਖ-ਵੱਖ ਥਾਵਾਂ ’ਤੇ ਕਰੀਬ 35 ਅਚਲ ਸੰਪਤੀਆਂ ਬਣਾਈਆਂ ਗਈਆਂ। ਪਰਿਵਾਰ ਦੇ ਬੈਂਕ ਖਾਤਿਆਂ ਵਿੱਚ 4.88 ਕਰੋੜ ਰੁਪਏ, 11.18 ਕਰੋੜ ਦੀਆਂ ਐੱਫਡੀਜ਼ ਅਤੇ 2.12 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਖਰੀਦਣ ਦੇ ਸਬੂਤ ਮਿਲੇ ਹਨ।
ਜਾਂਚ ਰਿਪੋਰਟ ਅਨੁਸਾਰ ਪਰਿਵਾਰ ਦੀ ਕੁੱਲ ਆਮਦਨ ਲਗਭਗ 20.57 ਕਰੋੜ ਰੁਪਏ ਦਰਸਾਈ ਗਈ, ਜਦਕਿ ਖਰਚ 56 ਕਰੋੜ ਰੁਪਏ ਤੋਂ ਵੱਧ ਪਾਇਆ ਗਿਆ। ਹੋਰ ਆਰੋਪੀਆਂ ’ਤੇ ਸੰਪਤੀਆਂ ਦੀ ਖਰੀਦ-ਫ਼ਰੋਖ਼ਤ ਵਿੱਚ ਗੜਬੜੀ ਅਤੇ ਅਸਲੀ ਕੀਮਤ ਛੁਪਾ ਕੇ ਲੈਣ-ਦੇਣ ਕਰਨ ਦੇ ਦੋਸ਼ ਹਨ।
ਸੁਮੇਧ ਸੈਣੀ ਪਹਿਲਾਂ ਹੀ ਇਸ ਕੇਸ ਨੂੰ ਰਾਜਨੀਤਿਕ ਬਦਲੇ ਦੀ ਕਾਰਵਾਈ ਦੱਸਦੇ ਹੋਏ ਅਦਾਲਤ ਦਾ ਰੁਖ ਕਰ ਚੁੱਕੇ ਸਨ।







