ਅਕਾਲ ਤਖ਼ਤ ਸਾਹਿਬ ‘ਤੇ CM ਮਾਨ ਦਾ ਸਪਸ਼ਟੀਕਰਨ, ਪੇਸ਼ੀ ਮਗਰੋਂ ਲਾਈਵ ਬਿਆਨ

ਅੰਮ੍ਰਿਤਸਰ: ਮੁੱਖ ਮੰਤਰੀ ਭਗਵੰਤ ਮਾਨ ਅੱਜ 15 ਜਨਵਰੀ ਨੂੰ ਸਿੱਖਾਂ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਕਰੀਬ 40 ਮਿੰਟ ਤੱਕ ਪੇਸ਼ ਰਹੇ ਅਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਗੇ ਆਪਣੇ ਬਿਆਨਾਂ ਅਤੇ ਵਾਇਰਲ ਵੀਡੀਓ ਮਾਮਲੇ ‘ਤੇ ਲਿਖਤੀ ਸਪੱਸ਼ਟੀਕਰਨ ਦਿੱਤਾ।

ਪੇਸ਼ੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸੀਐੱਮ ਮਾਨ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਇਹ ਗਲਤ ਨੈਰੇਟਿਵ ਬਣਾਇਆ ਗਿਆ ਕਿ ਉਹ ਅਕਾਲ ਤਖ਼ਤ ਨੂੰ ਚੁਣੌਤੀ ਦੇ ਰਹੇ ਹਨ, ਜਦਕਿ ਉਨ੍ਹਾਂ ਨੇ ਅਕਾਲ ਤਖ਼ਤ ਅੱਗੇ ਸਿਰ ਝੁਕਾਇਆ ਹੈ ਅਤੇ ਅਜਿਹਾ ਕਰਨ ਦੀ ਨਾ ਉਨ੍ਹਾਂ ਵਿੱਚ ਹਿੰਮਤ ਹੈ ਅਤੇ ਨਾ ਹੀ ਔਕਾਤ। ਉਨ੍ਹਾਂ ਕਿਹਾ ਕਿ ਜਥੇਦਾਰ ਜੋ ਵੀ ਫੈਸਲਾ ਲੈਣਗੇ, ਉਹ ਸਿਰ ਮੱਥੇ ਕਬੂਲ ਹੈ। ਵਾਇਰਲ ਵੀਡੀਓ ਨੂੰ ਉਨ੍ਹਾਂ ਨੇ ਜਾਅਲੀ ਦੱਸਦਿਆਂ ਕਿਹਾ ਕਿ ਇਸਦੀ ਫੋਰੈਂਸਿਕ ਜਾਂਚ ਕਿਤੇ ਵੀ ਕਰਵਾਈ ਜਾ ਸਕਦੀ ਹੈ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਗੋਲਕ ਸਮੇਤ ਸਾਰੇ ਮਸਲਿਆਂ ‘ਤੇ ਸਪੱਸ਼ਟੀਕਰਨ ਦਿੱਤਾ ਹੈ, ਜੋ ਰਿਕਾਰਡ ‘ਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਸਾਰੇ ਮਾਮਲਿਆਂ ‘ਤੇ ਵਿਚਾਰ ਕੀਤਾ ਜਾਵੇਗਾ। ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਦੋ ਲੈਬਾਂ ਵਿੱਚ ਜਾਂਚ ਕਰਵਾਉਣ ਬਾਰੇ ਵੀ ਗੱਲ ਹੋਈ ਹੈ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਮਾਨ ਨਿਰਧਾਰਤ ਸਮੇਂ ਤੋਂ ਪਹਿਲਾਂ ਸਵੇਰੇ 11:30 ਵਜੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਦੋ ਬੈਗ ਸਬੂਤਾਂ ਸਮੇਤ ਅਕਾਲ ਤਖ਼ਤ ਸਕੱਤਰੇਤ ਪਹੁੰਚੇ ਅਤੇ ਜਥੇਦਾਰ ਅੱਗੇ ਆਪਣਾ ਪੱਖ ਰੱਖਿਆ।

Arbide World
Author: Arbide World

Leave a Comment