ਆਤਮਜੀਤ: ਸਿੱਖ ਧਰਮ ਦੇ ਪੰਜਵੇਂ ‘ਨਾਨਕ’ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਦੁੱਤੀ ਹੈ। ਇਸ ਮਹਾਨ ਸੰਤ ਨੇ ਦਿਲ–ਵਿੰਨ੍ਹਵੀਂ ਅਧਿਆਤਮਕ ਕਵਿਤਾ ਲਿਖੀ: ‘‘ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ।। ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ।।’’ ਅਜਿਹੇ ਮਸੀਹਾ ਨੂੰ ਸ਼ਹਾਦਤ ਕਿਉਂ ਦੇਣੀ ਪਈ? ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਇਕ ਮੋਮਨ ਫ਼ਕੀਰ ਸਾਈਂ ਮੀਆਂ ਮੀਰ ਤੋਂ ਰਖਵਾਈ ਸੀ। ਗੁਰੂ ਗ੍ਰੰਥ ਸਾਹਿਬ ਵਰਗੀ ਅਦੁੱਤੀ ਸੰਪਾਦਨਾ ਕੀਤੀ ਜਿਸ ਵਿਚ ਸਿੱਖ ਗੁਰੂਆਂ ਤੋਂ ਇਲਾਵਾ ਅਨੇਕਾਂ ਮੁਸਲਿਮ ਅਤੇ ਹਿੰਦੂ ਸੰਤਾਂ–ਭਗਤਾਂ ਦੀ ਬਾਣੀ ਸ਼ਾਮਿਲ ਹੈ। ਇਹ ਪੀਰ–ਫ਼ਕੀਰ ਤੇ ਭਗਤ ਦੇਸ਼ ਦੇ ਵੱਖ–ਵੱਖ ਇਲਾਕਿਆਂ ਅਤੇ ਅੱਡ–ਅੱਡ ਜਾਤਾਂ ਨਾਲ ਸੰਬੰਧ ਰੱਖਦੇ ਸਨ; ਸਮੁੱਚਾ ਸਿੱਖ ਸੰਸਾਰ ਇਸ ਗ੍ਰੰਥ ਅੱਗੇ ਸਦੀਆਂ ਤੋਂ ਨਤਮਸਤਕ ਹੋ ਰਿਹਾ ਹੈ। ਫਿਰ ਅਜਿਹੇ ਅਮਨ ਦੇ ਪੁੰਜ ਨੂੰ ਤੱਤੀਆਂ ਤਵੀਆਂ ਉੱਤੇ ਬਿਠਾਉਣ, ਸਰੀਰ ਉੱਤੇ ਉਬਲਦਾ ਪਾਣੀ ਅਤੇ ਭੁੱਬਲ ਪਾ ਕੇ ਬੇਦਰਦੀ ਨਾਲ ਸ਼ਹੀਦ ਕਰਨ ਦੇ ਕੀ ਕਾਰਨ ਹਨ? ਸਾਡੇ ਮੁਲਕ ਦੇ ਅਜੋਕੇ ਸੰਪਰਦਾਇਕ ਤਣਾਉ ਵਕਤ ਇਸ ਸਵਾਲ ਦੀ ਤਹਿ ਤਕ ਜਾਣਾ ਹੋਰ ਵੀ ਜ਼ਰੂਰੀ ਹੈ। ਇਤਿਹਾਸ ਅਨੁਸਾਰ ਜਹਾਂਗੀਰ 24 ਨਵੰਬਰ 1605 ਨੂੰ ਬਾਦਸ਼ਾਹ ਬਣਿਆ ਅਤੇ ਕੁਝ ਮਹੀਨਿਆਂ ਬਾਅਦ ਗੁਰੂ ਜੀ ਨੂੰ 16 ਜੂਨ 1606 ਵਿਚ ਸ਼ਹੀਦ ਕਰ ਦਿੱਤਾ ਗਿਆ। ਮੰਨਿਆ ਜਾਂਦਾ ਹੈ ਕਿ 1) ਚੰਦੂ ਸ਼ਾਹ, ਬਾਦਸ਼ਾਹ ਜਹਾਂਗੀਰ ਦਾ ਦੀਵਾਨ ਸੀ। ਉਸਦੀ ਬੇਟੀ ਦਾ ਗੁਰੂ ਹਰਗੋਬਿੰਦ ਸਾਹਿਬ ਨਾਲ ਰਿਸ਼ਤਾ ਤੈਅ ਨਾ ਹੋਣ ਕਾਰਨ ਉਹ ਸਿੱਖਾਂ ਅਤੇ ਗੁਰੂ ਜੀ ਤੋਂ ਖ਼ਫ਼ਾ ਸੀ। ਉਹਨੇ ਬਦਲਾ ਲੈਣ ਦੀ ਵਿਉਂਤ ਬਣਾਈ। 2) ਗੁਰੂ ਜੀ ਦੇ ਭਰਾ ਪ੍ਰਿਥੀਏ ਨੂੰ ਗੁਰੂ ਰਾਮਦਾਸ ਜੀ ਵੱਲੋਂ ਗੁਰਗੱਦੀ ਨਹੀਂ ਮਿਲੀ; ਇਸ ਲਈ ਉਸਨੇ ਚੰਦੂ ਦਾ ਸਾਥ ਦਿੱਤਾ। 3) ਜਹਾਂਗੀਰ ਦਾ ਪੁੱਤਰ ਖੁਸਰੋ ਬਾਦਸ਼ਾਹਤ ਦਾ ਬਾਗ਼ੀ ਸੀ। ਗੁਰੂ ਜੀ ਉੱਪਰ ਇਲਜ਼ਾਮ ਹੈ ਕਿ ਉਹਨਾਂ ਰਾਜ–ਸੱਤਾ ਦੇ ਹਿਤਾਂ ਵਿਰੁੱਧ ਖੁਸਰੋ ਦੀ ਮਦਦ ਕੀਤੀ ਅਤੇ ਉਸਦੇ ਮੱਥੇ ਉੱੱਤੇ ਤਿਲਕ ਵੀ ਲਾਇਆ। 4) ਗੁਰੂ ਜੀ ਨੇ ਮਸੰਦ–ਪ੍ਰਥਾ ਨੂੰ ਬਹੁਤ ਜ਼ਿਆਦਾ ਚੁਸਤ–ਦਰੁਸਤ ਕਰ ਲਿਆ ਸੀ। ਮਸੰਦ ਸੰਗਤਾਂ ਪਾਸੋਂ ਸ਼ਰਧਾ ਨਾਲ ਪ੍ਰਾਪਤ ਦਸਵੰਧ ਉਗਰਾਹ ਕੇ ਗੁਰੂ ਜੀ ਨੂੰ ਭੇਜਣ ਲੱਗ ਪਏ ਸਨ। ਇਉਂ ਸਿੱਖ ਪੰਥ ਇਕ ਸੰਗਠਨ ਬਣ ਰਿਹਾ ਸੀ ਜੋ ਜਹਾਂਗੀਰ ਨੂੰ ਨਾਮਨਜ਼ੂਰ ਸੀ।
ਅਸਲ ਵਿਚ ਇਹ ਦੁਜੈਲੇ ਕਾਰਨ ਹਨ, ਮੋਹਰੀ ਨਹੀਂ। ਪ੍ਰਸਿੱਧ ਸਿੱਖ ਇਤਿਹਾਸਕਾਰ ਡਾ. ਗੰਡਾ ਸਿੰਘ ਇਹਨਾਂ ਸਾਰੇ ਕਾਰਨਾਂ ਨੂੰ ਸਿਰੇ ਤੋਂ ਨਕਾਰਦਾ ਹੈ ਅਤੇ ਖੋਜ ਭਰਪੂਰ ਦਲੀਲਾਂ ਨਾਲ ਸ਼ਹਾਦਤ ਦੇ ਅਸਲੀ ਕਾਰਨਾਂ ਨੂੰ ਉਜਾਗਰ ਕਰਦਾ ਹੈ। ਉਸ ਅਨੁਸਾਰ ਸ਼ਹਾਦਤ ਦਾ ਸਭ ਤੋਂ ਵੱਡਾ ਇਤਿਹਾਸਕ ਸਬੂਤ ਬਾਦਸ਼ਾਹ ਜਹਾਂਗੀਰ ਦੀ ਲਿਖਤ ‘ਤੁਜ਼ਕੇ ਜਹਾਂਗੀਰੀ’ ਹੈ। ਇਸ ਵਿਚ ਸਿੱਧੇ ਤੌਰ ’ਤੇ ਗੁਰੂ ਜੀ ਖ਼ਿਲਾਫ਼ ਜ਼ਹਿਰ ਉਗਲੀ ਗਈ ਹੈ। ਉਹ ਲਿਖਦਾ ਹੈ ਕਿ ਗੁਰੂ ਅਰਜਨ ਕੁਝ ਸਮੇਂ ਤੋਂ ਪਣਪ ਰਹੇ ਝੂਠ ਦੇ ਧੰਦੇ ਨੂੰ ਚਲਾ ਰਿਹਾ ਸੀ ਅਤੇ ਹਿੰਦੂਆਂ ਅਤੇ ਭੋਲੇ–ਭਾਲੇ ਮੁਸਲਮਾਨਾਂ ਨੂੰ ਆਪਣੇ ਚੇਲੇ ਬਣਾ ਕੇ ਬੇਵਕੂਫ਼ ਬਣਾ ਰਿਹਾ ਸੀ। ਉਸਨੇ ਫ਼ੈਸਲਾ ਲਿੱਤਾ ਕਿ ਉਹ ਝੂਠ ਦੀ ਇਸ ਦੁਕਾਨ ਨੂੰ ਬੰਦ ਕਰਾਏਗਾ ਜਾਂ ਗੁਰੂ ਅਤੇ ਉਸ ਦੇ ਸਿੱਖਾਂ ਨੂੰ ਮੋਮਨ ਬਣਾਏਗਾ। ਅਸਲ ਪ੍ਰਸ਼ਨ ਇਹ ਹੈ ਕਿ ਜਹਾਂਗੀਰ ਇਸ ਨਤੀਜੇ ਉੱਤੇ ਪੁੱਜਾ ਕਿਵੇਂ? ਕੀ ਸਿਰਫ਼ ਛੇ ਮਹੀਨੇ ਦੇ ਰਾਜ–ਕਾਲ ਦੌਰਾਨ ਉਸਨੇ ਸੱਤਾ ਤੋਂ ਬਾਹਰ ਬੈਠੇ ਇਕ ਅਧਿਆਤਮਕ ਵਿਅਕਤੀ ਦੇ ਕੰਮ ਨੂੰ ਜਾਣ ਲਿਆ? ਉਸਦੀ ਜਾਂਚ ਵੀ ਕਰ ਲਈ ਅਤੇ ਉਸਨੂੰ ਏਡੀ ਜਲਦੀ ਸ਼ਹੀਦ ਵੀ ਕਰ ਦਿੱਤਾ? ਕੀ ਇਹ ਨਹੀਂ ਹੋ ਸਕਦਾ ਕਿ ਇਹ ਕੰਮ ਉਸ ਪਾਸੋਂ ਕਿਸੇ ਨੇ ਕਰਵਾਇਆ ਹੋਵੇ? ਭਾਵੇਂ ਮੈਕਾਲਫ਼ ਅਤੇ ਕਨਿੰਘਮ ਜਿਹੇ ਇਤਿਹਾਸਕਾਰ ਵੀ ਚੰਦੂ ਨੂੰ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਜਾਂ ਖ਼ਜ਼ਾਨਾ ਮੰਤਰੀ ਮੰਨਦੇ ਹਨ ਪਰ ਗੰਡਾ ਸਿੰਘ ਸਪਸ਼ਟ ਕਰਦਾ ਹੈ ਕਿ ਸਾਰੀ ‘ਤੁਜ਼ਕੇ ਜਹਾਂਗੀਰੀ’ ਵਿਚ ਚੰਦੂ ਨਾਂ ਦੇ ਕਿਸੇ ਵੀ ਪਾਤਰ ਦਾ ਕੋਈ ਜ਼ਿਕਰ ਨਹੀਂ ਹੈ। ਇਸ ਲਈ ਚੰਦੂ ਨਿਸਚੈ ਹੀ ਕੋਈ ਛੋਟਾ ਕਰਿੰਦਾ ਹੋਵੇਗਾ। ਜੇਕਰ ਚੰਦੂ ਮਹੱਤਵਪੂਰਨ ਨਹੀਂ ਤਾਂ ਪ੍ਰਿਥੀਏ ਦਾ ਮੁਗ਼ਲ ਸਲਤਨਤ ਵਿਚ ਕੋਈ ਪ੍ਰਭਾਵ ਨਹੀਂ ਹੋ ਸਕਦਾ। ਇਹ ਠੀਕ ਹੈ ਕਿ ਖੁਸਰੋ ਅਤੇ ਉਸਦੀ ਸੈਨਾ ਨੇ ਗੁਰੂ–ਘਰ ਵਿਚ ਸ਼ਰਧਾ ਨਾਲ ਠਹਿਰਾਉ ਕਰਕੇ ਉਸੇ ਤਰ੍ਹਾਂ ਲੰਗਰ ਛਕਿਆ ਜਿਵੇਂ ਬਾਕੀ ਸੰਗਤ ਛਕਦੀ ਸੀ ਪਰ ਮੱਥੇ ਤਿਲਕ ਲਾਉਣ ਦੀ ਸਿੱਖ ਧਰਮ ਵਿਚ ਕੋਈ ਪਰੰਪਰਾ ਨਹੀਂ। ਉਂਜ ਵੀ ਗੁਰੂ ਅਰਜਨ ਦੇ ਸਮੇਂ ਤਕ ਸਿੱਖ ਧਰਮ ਵਿਚ ਕਿਸੇ ਕਿਸਮ ਦੀ ਰਾਜਸੀ ਜਾਂ ਸੈਨਿਕ ਤਾਕਤ ਨੂੰ ਪ੍ਰਾਪਤ ਕਰਨ ਦਾ ਕੋਈ ਸੰਕੇਤ ਨਹੀਂ ਹੈ। ਇਸ ਲਈ ਖੁਸਰੋ ਦੀ ਘਟਨਾ ਨੂੰ ਵੀ ਗੁਰੂ ਜੀ ਦੀ ਸ਼ਹਾਦਤ ਨਾਲ ਸਿੱਧੇ ਤੌਰ ’ਤੇ ਨਹੀਂ ਜੋੜਿਆ ਜਾ ਸਕਦਾ। ਇਹ ਠੀਕ ਹੈ ਕਿ ਗੁਰੂ ਜੀ ਦਾ ਅਤੇ ਸਿੱਖਾਂ ਦਾ ਸਮਾਜ ਵਿਚ ਸਥਾਨ ਵਧ ਰਿਹਾ ਸੀ ਪਰ ਇਸ ਨਾਲ ਮੁਗ਼ਲ ਸਲਤਨਤ ਨੂੰ ਕੋਈ ਖ਼ਤਰਾ ਨਹੀਂ ਸੀ ਪੈਦਾ ਹੋ ਰਿਹਾ। ਬਲਕਿ ਤੱਥ ਤਾਂ ਇਹ ਹੈ ਕਿ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਦੀ ਜੋ ਸਥਾਪਨਾ ਕੀਤੀ ਅਤੇ ਜਿਸ ਸੰਕਲਪ ਨੂੰ ਅੱਗੋਂ ਗੁਰੂ ਅਰਜਨ ਦੇਵ ਜੀ ਨੇ ਵਿਸਤਾਰਿਆ, ਉਹ ਜ਼ਮੀਨ ਵੀ ਬਾਦਸ਼ਾਹ ਅਕਬਰ ਦੀ ਦਿੱਤੀ ਹੋਈ ਸੀ। ਗੁਰੂ ਅਰਜਨ ਦੇਵ ਜੀ ਦੇ ਕਹਿਣ ਉੱਤੇ ਬਾਦਸ਼ਾਹ ਅਕਬਰ ਨੇ ਕਿਸਾਨਾਂ ਦੇ ਮਾਲੀਏ ਵਿਚ ਕੁਝ ਰਿਆਇਤਾਂ ਵੀ ਪ੍ਰਵਾਨ ਕੀਤੀਆਂ ਸਨ।
ਡਾ. ਗੰਡਾ ਸਿੰਘ ਸ਼ਹਾਦਤ ਦਾ ਅਸਲ ਕਾਰਨ ਉਸ ਸਮੇਂ ਦੇ ਕੱਟੜ ਮੋਮਨਾਂ ਦੀ ਅਸਹਿਣਸ਼ੀਲਤਾ ਦੱਸਦਾ ਹੈ ਜਿਹੜੇ ਬਾਦਸ਼ਾਹ ਅਕਬਰ ਦੀਆਂ ਉਦਾਰਵਾਦੀ ਨੀਤੀਆਂ ਤੋਂ ਖ਼ਫ਼ਾ ਸਨ। ਸੂਫ਼ੀ ਫ਼ਿਰਕਿਆਂ ਵਿਚੋਂ ਚਿਸ਼ਤੀ ਬਹੁਤ ਸਹਿਣਸ਼ੀਲ ਸੁਭਾਅ ਦੇ ਧਾਰਮਿਕ ਲੋਕ ਸਨ। ਸਾਈਂ ਮੀਆਂ ਮੀਰ ਅਤੇ ਬੁਲ੍ਹਾ ਸ਼ਾਹ ਜਿਹੇ ਬਹੁਤ ਸਾਰੇ ਸੂਫ਼ੀ ਕਵੀ ਚਿਸ਼ਤੀ ਸਨ। ਪਰ ਉਸਦੇ ਉਲਟ ਨਕਸ਼ਬੰਦੀ ਫ਼ਿਰਕੇ ਦੇ ਸੂਫ਼ੀ ਬਹੁਤ ਕੱਟੜ ਸਨ। ਉਹਨਾਂ ਦਾ ਮੁਖੀ ਸ਼ੈਖ਼ ਅਹਿਮਦ ਸਰਹੰਦੀ ਸੀ ਜਿਸਨੇ ਆਪਣੇ–ਆਪ ਨੂੰ ਮੁਜੱਦਦ–ਏ–ਅਲਫ਼ੇ–ਏ–ਸਾਨੀ ਦਾ ਖ਼ਿਤਾਬ ਵੀ ਦਿੱਤਾ ਹੋਇਆ ਸੀ। ਉਸਦੇ ਚੇਲੇ ਨਵਾਬ ਮੁਰਤਜ਼ਾ ਖ਼ਾਂ ਦੀ ਜਹਾਂਗੀਰ ਨਾਲ ਨੇੜਤਾ ਸੀ। ਬਾਦਸ਼ਾਹ ਨੂੰ ਰਾਜਭਾਗ ਦਿਵਾਉਣ ਅਤੇ ਖੁਸਰੋ ਦੀ ਬਗ਼ਾਵਤ ਨੂੰ ਦਬਾਉਣ ਵਿਚ ਇਸ ਮੁਰਤਜ਼ਾ ਖਾਂ ਦੀ ਵਿਸ਼ੇਸ਼ ਭੂਮਿਕਾ ਸੀ। ਨਕਸ਼ਬੰਦੀ ਸਿਲਸਿਲੇ ਦੇ ਵਿਚਾਰਧਾਰਕ ਸੱਤਾ ਵਿਚ ਆਪਣਾ ਪ੍ਰਭਾਵ ਬਣਾ ਕੇ ਆਪਣੇ ਅਕੀਦਿਆਂ ਦਾ ਪ੍ਰਚਾਰ ਕਰਦੇ ਸਨ। ਉਹ ਇਸ ਪ੍ਰਚਾਰ ਲਈ ਬਲ ਦਾ ਪ੍ਰਯੋਗ ਕਰਨਾ ਵੀ ਯੋਗ ਸਮਝਦੇ ਸਨ। ਉਹ ਅਕਬਰ ਦੇ ‘ਦੀਨੇ ਇਲਾਹੀ’ ਤੋਂ ਢਿੱਡੋਂ ਔਖੇ ਸਨ। ਇਸ ਲਈ ਪਹਿਲਾਂ ਉਹਨਾਂ ਅਕਬਰ ਦੀ ਮਰਜ਼ੀ ਦੇ ਵਿਰੁੱਧ ਜਹਾਂਗੀਰ ਨੂੰ ਬਾਦਸ਼ਾਹ ਬਣਾਉਣ ਵਿਚ ਮਦਦ ਕੀਤੀ, ਫਿਰ ਬਦਲੇ ਵਿਚ ਸਾਲ ਦੇ ਅੰਦਰ–ਅੰਦਰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾ ਦਿੱਤਾ। ਜਹਾਂਗੀਰ ਖ਼ੁਦ ਤਾਂ ਦਾਰੂ ਵਿਚ ਡੁੱਬਾ ਰਹਿੰਦਾ ਸੀ ਅਤੇ ਸਮੇਂ–ਸਮੇਂ ਈਸਾਈਅਤ ਜਾਂ ਹਿੰਦੂ ਵਿਚਾਰਧਾਰਾ ਵੱਲ ਝੁਕ ਜਾਂਦਾ ਸੀ। ਪਰ ਉਸਦੀ ਮਜਬੂਰੀ ਸੀ ਕਿ ਉਹ ਕੱਟੜਾਂ ਦੇ ਆਸਰੇ ਰਾਜ ਚਲਾ ਰਿਹਾ ਸੀ। ਉਧਰ ਨਕਸ਼ਬੰਦੀ ਇਸ ਸ਼ਹਾਦਤ ਨਾਲ ਲੋਕਾਂ ਵਿਚ ਆਪਣੀਆਂ ਕੱਟੜਵਾਦੀ ਨੀਤੀਆਂ ਦਾ ਸਪਸ਼ਟ ਸੁਨੇਹਾ ਪੁਚਾਉਣਾ ਚਾਹੁੰਦੇ ਸਨ। ਸਰਹੰਦ ਵਿਚ ਰਹਿੰਦੇ ਇਸ ਮੁਜੱਦਦ ਦੁਆਰਾ ਲਿਖੇ ਸੈਂਕੜੇ ਖ਼ਤ ਵੀ ਮਿਲਦੇ ਹਨ ਜਿਨ੍ਹਾਂ ਵਿਚੋਂ ਉਸਦੀ ਮਾਨਸਿਕਤਾ ਦੀ ਸਪਸ਼ਟ ਝਲਕ ਮਿਲਦੀ ਹੈ। ਉਸਨੇ ਇੱਥੋਂ ਤਕ ਲਿਖਿਆ ਹੈ ਕਿ ‘ਗੋਇੰਦਵਾਲ ਦੇ ਇਸ ਕਾਫ਼ਰ ਦੀ ਮੌਤ ਇਕ ਬਹੁਤ ਵੱਡੀ ਪ੍ਰਾਪਤੀ ਹੈ।’ ਆਪਣੇ ਪੱਤਰ ਨੰਬਰ 163 ਵਿਚ ਉਹ ਆਪਣੇ ਚੇਲੇ ਮੁਰਤਜਾ ਖ਼ਾਂ ਨੂੰ ਨਸੀਹਤ ਦੇਂਦਾ ਹੈ ਕਿ ਉਹ ਕਾਫ਼ਰਾਂ ਨੂੰ ਹਰ ਹਾਲਤ ਵਿਚ ਨੇਸਤੋ–ਨਾਬੂਦ ਕਰ ਦੇਵੇ। ਅਸੀਂ ਜਾਣਦੇ ਹਾਂ ਕਿ ਅਕਬਰ ਬਹੁਲਵਾਦੀ ਸਮਾਜਿਕ ਢਾਂਚੇ ਵਿਚ ਵਿਸ਼ਵਾਸ ਰੱਖਦਾ ਸੀ ਅਤੇ ਨਿਸਬਤਨ ਬਹੁਤ ਉਦਾਰਵਾਦੀ ਸੀ। ਸਪਸ਼ਟ ਹੈ ਕਿ ਮੁਜੱਦਦ ਨੇ ਸਿਆਸਤ ਵਿਚ ਆਪਣੇ ਪ੍ਰਭਾਵ ਨਾਲ ਮੁਗ਼ਲ ਰਾਜ ਨੂੰ ਕੱਟੜ ਅਤੇ ਤਾਨਾਸ਼ਾਹੀ ਸਮਾਜਿਕ ਢਾਂਚੇ ਵਿਚ ਬਦਲਣ ਵਾਸਤੇ ਹੀ ਗੁਰੂ ਜੀ ਨੂੰ ਸ਼ਹੀਦ ਕਰਵਾਇਆ।
ਇਉਂ ਇਸ ਸ਼ਹੀਦੀ ਨੂੰ ਸਿਰਫ਼ ਚੰਦੂ, ਪ੍ਰਿਥੀਏ ਜਾਂ ਜਹਾਂਗੀਰ ਦੇ ਨਿੱਜੀ ਸਾੜਿਆਂ ਜਾਂ ਸ਼ਿਕਵੇ–ਸ਼ਿਕਾਇਤਾਂ ਤਕ ਸੀਮਿਤ ਕਰਨ ਨਾਲ ਗੁਰੂ ਜੀ ਦੀ ਇਤਿਹਾਸਕ ਅਤੇ ਨਿਰਣਾਇਕ ਭੂਮਿਕਾ ਵੀ ਛੋਟੀ ਹੋ ਜਾਂਦੀ ਹੈ। ਅਸ਼ੋਕ ਅਤੇ ਅਕਬਰ ਨੇ ਰਾਜਸੀ ਕਾਰਨਾਂ ਕਰਕੇ ਬਹੁ–ਸਭਿਆਚਾਰਵਾਦ ਵੱਲ ਕਦਮ ਪੁੱਟੇ ਸਨ ਪਰ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਵੱਲੋਂ ਪ੍ਰਚਾਰੀ ਸਿੱਖੀ ਦੇ ਅਨੁਕੂਲ ਸ਼ੁੱਧ ਸਮਾਜਿਕ ਕਾਰਨਾਂ ਕਰਕੇ ਲੋਕਾਂ ਨੂੰ ਆਪਸ ਵਿਚ ਜੋੜਨ ਦੇ ਯਤਨ ਕੀਤੇ। ਇਸ ਪਿੱਛੇ ਉਨ੍ਹਾਂ ਦੀ ਕੋਈ ਰਾਜਨੀਤੀ ਨਹੀਂ ਸੀ। ਰਾਜਨੀਤੀ ਆਮ ਕਰਕੇ ਤੋੜਨ ਨੂੰ ਪਹਿਲ ਦੇਂਦੀ ਹੈ। ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋੜਨ ਦੇ ਖਿਲਾਫ਼ ਜੋੜਨ ਦੇ ਸਿਧਾਂਤ ਨੂੰ ਪਹਿਲੀ ਵਾਰ ਪ੍ਰਬਲਤਾ ਨਾਲ ਖੜ੍ਹਾ ਕਰਦੀ ਹੈ। ਭਾਵੇਂ ਇਕ ਸੰਤ ਸ਼ਹੀਦ ਹੋਇਆ ਸੀ ਪਰ ਸ਼ਹਾਦਤ ਦਾ ਮਹੱਤਵ ਸਿਰਫ਼ ਧਾਰਮਿਕ ਨਹੀਂ ਹੈ, ਸਮਾਜਿਕ ਅਤੇ ਰਾਜਸੀ ਵੀ ਹੈ। ਇਸ ਵਿਚ ਮੋਮਨ–ਹਿੰਦੂ ਜਾਂ ਸਿੱਖ ਦਾ ਮਸਲਾ ਬਿਲਕੁਲ ਨਹੀਂ; ਸਿਰਫ਼ ਸ਼ਾਸਕ ਅਤੇ ਸ਼ਾਸਿਤ ਦਾ ਹੈ। ਮਸਲਾ ਉਨ੍ਹਾਂ ਕੱਟੜ ਭੁੱਖਿਆਂ ਦਾ ਹੈ ਜੋ ਧਰਮ ਦੇ ਨਾਂ ’ਤੇ ਸੱਤਾ ਹਥਿਆਉਣ ਦੀ ਕੋਸ਼ਿਸ਼ ਕਰਦੇ ਹਨ। ਗੁਰੂ ਅਰਜਨ ਦੇਵ ਜੀ ਨੇ ਅਜਿਹੀ ਸਿਆਸਤ ਦਾ ਸਿੱਧਾ ਵਿਰੋਧ ਕੀਤਾ। ਕੀ ਬਹੁ–ਸਭਿਆਚਾਰਵਾਦ ਨੂੰ ਮੰਨਣ ਵਾਲਾ ਭਾਰਤੀ ਸਮਾਜ ਇਸ ਸ਼ਹਾਦਤ ਦੇ ਅਸਲ ਸੱਚ ਨੂੰ ਅਜੇ ਵੀ ਜਾਣਦਾ ਹੈ? ਕੀ ਅਸੀਂ ਸਿੱਖਾਂ ਨੇ ਤੱਤੀ ਤਵੀ ਦੇ ਇਸ ਸੱਚ ਨੂੰ ਦੁਨੀਆ ਤਕ ਪੁਚਾਉਣ ਦੀਆਂ ਕੋਈ ਠੋਸ ਕੋਸ਼ਿਸ਼ਾਂ ਕੀਤੀਆਂ ਹਨ?
ਗੁਰੂ ਅਰਜਨ ਜੀ ਦੀ ਸ਼ਹਾਦਤ ਦਾ ਇਕ ਹੋਰ ਵੱਡਾ ਸੱਚ ਸਿੱਖ ਧਰਮ ਦੇ ਬੁਨਿਆਦੀ ਦਾਰਸ਼ਨਿਕ ਸਿਧਾਂਤ ਅਤੇ ਸਮਾਜਿਕ ਫ਼ਲਸਫ਼ੇ ਨੂੰ ਪਛਾਣਨ ਵਿਚ ਵੀ ਅਹਿਮ ਭੂਮਿਕਾ ਅਦਾ ਕਰਦਾ ਹੈ ਜਿਸਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਪੁਨਰ–ਸਥਾਪਤ ਕੀਤਾ। ਸਿਆਣਿਆਂ ਅਨੁਸਾਰ ਗੁਰੂ ਨਾਨਕ ਦੇਵ ਦੀ ਦਾਰਸ਼ਨਿਕ ਦ੍ਰਿਸ਼ਟੀ ਵਿਚ ਅਧਿਆਤਮਕਤਾ ਅਤੇ ਵਾਸਤਵਿਕਤਾ ਇਕੋ ਸਮੇਂ ਮਨੁੱਖ ਅੰਦਰ ਸਮੋਏ ਹੁੰਦੇ ਹਨ। ਵਾਸਤਵਿਕਤਾ ਇਨਸਾਨ ਦਾ ਮੂੰਹ ਸਮਾਜੀ ਸੱਚ ਵੱਲ ਰੱਖਦੀ ਹੈ। ਉਹ ਅੰਦਰੋਂ ਕਿਸੇ ਰੂਹਾਨੀ ਸੱਚ ਨਾਲ ਇਕਸੁਰ ਹੁੰਦਿਆਂ ਵੀ ਵਾਸਤਵਿਕਤਾ ਦੇ ਸੁਹਜ ਅਤੇ ਕੋਹਜ ਦੋਹਾਂ ਨੂੰ ਨਜਿੱਠਦਾ ਹੈ। ਅਧਿਆਤਮਮੁਖ ਹੋਣ ਸਮੇਂ ਵੀ ਉਹ ਵਾਸਤਵਿਕਤਾ ਨੂੰ ਪਿੱਠ ਦੇ ਕੇ ਖੜ੍ਹਾ ਨਹੀਂ ਹੁੰਦਾ। ਦਰਅਸਲ ਸਿੱਖ ਸਿਧਾਂਤ ਵਿਚ ਵਾਸਤਵਿਕਤਾ ਅਤੇ ਅਧਿਆਤਮਕਤਾ ਦੋਵੇਂ ਇਕ ਦੂਜੇ ਵਿਚ ਗੁੰਨ੍ਹੇ ਹੋਣ ਕਾਰਨ ਅਨਿੱਖੜ ਹਨ।
ਅਧਿਆਤਮਕਤਾ ਇਕੱਲਤਾ ਵਿਚ ਵਿਚਰਦੀ ਹੈ। ਇਸ ਦੇ ਐਨ ਉਲਟ ਵਾਸਤਵਿਕਤਾ ਸਮੂਹ ਨਾਲ ਜੁੜੀ ਹੁੰਦੀ ਹੈ। ਪਰ ਦੋਹਾਂ ਵਿਚਲੇ ਅਟੁੱਟ ਰਿਸ਼ਤੇ
ਕਾਰਨ ਸਿੱਖੀ ਦਾ ਬ੍ਰਹਮ ਇਕੋ ਸਮੇਂ ਨਿਰਗੁਣ ਵੀ ਹੈ ਅਤੇ ਸਰਗੁਣ ਵੀ। ਬਾਬਾ ਨਾਨਕ ਦਾ ‘ਸੱਚ’ ਇਸ–ਲੋਕ ਅਤੇ ਉਸ–ਲੋਕ ਦੋਵਾਂ ਥਾਵਾਂ ’ਤੇ
ਵਿਦਮਾਨ ਹੈ। ਉਹ ਇਨਸਾਨ ਦੇ ਇਕੱਲ ਵਿਚ ਵੀ ਹੈ ਅਤੇ ਉਸਦੇ ਜੀਵਨ–ਸੰਸਾਰ ਵਿਚ ਵੀ।
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਿਸੇ ਅਧਿਆਤਮਕ–ਪੁਰਸ਼ ਦੀ ਵਿਲੱਖਣ ਸਮਾਜਮੁਖਤਾ ਦੀ ਅਦੁੱਤੀ ਮਿਸਾਲ ਹੈ; ਐਨ ਉਸੇ ਤਰ੍ਹਾਂ ਜਿਵੇਂ ਕਿ ਹਰਿਮੰਦਰ ਸਾਹਿਬ ਦਾ ਕੁੱਲ ਸੰਕਲਪ ਅਤੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ। ਗੁਰੂ ਜੀ ਨੇ ਅਧਿਆਤਮ ਅਤੇ ਜੀਵਨ ਨੂੰ ਬਿਲਕੁਲ ਇਕੱਠਾ ਕਰ ਦਿੱਤਾ। ਰੂਹਾਨੀਅਤ ਅਤੇ ਇਨਸਾਨੀਅਤ ਦੀਆਂ ਕਦਰਾਂ–ਕੀਮਤਾਂ ਅਤੇ ਵਰਤਾਰਿਆਂ ਨੂੰ ਕਿਸੇ ਇਕ ਬਿੰਦੂ ਉੱਤੇ ਲਿਆ ਟਿਕਾਉਣਾ ਹੀ ਗੁਰੂ ਨਾਨਕ ਦਾ ਧਰਮ ਹੈ। ਇਸ ਧਰਮ ਨੂੰ ਨਿਭਾਉਣ ਲਈ ਗੁਰੂ ਅਰਜਨ ਦੇਵ ਜੀ ਨੇ ਸਭ ਕੁਝ ਕੀਤਾ, ਫਿਰ ਵੀ ‘ਤੇਰਾ ਭਾਣਾ ਮੀਠਾ’ ਮੰਨਿਆ। ਅਜਿਹੇ ਭਾਵ–ਮੰਡਲ ਦਾ ਵਾਸੀ ਹੀ ਇਹ ਕਹਿ ਸਕਦਾ ਹੈ:
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ।। ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ।।
ਗੁਰੂ ਅਰਜਨ ਦੇਵ ਜੀ ਵਾਸਤੇ ਧਰਮ ਦਾ ਸਥਾਨ ਬਹੁਤ ਉਚੇਰਾ ਹੈ। ਤੁਸੀਂ ਰਾਮ, ਖ਼ੁਦਾ ਜਾਂ ਅੱਲ੍ਹਾ ਕਹੋ; ਤੀਰਥਾਂ ’ਤੇ ਨਾਵ੍ਹੋ ਜਾਂ ਹੱਜ ਕਰੋ; ਜਿਹੜਾ ਮਰਜ਼ੀ ਗ੍ਰੰਥ ਪੜ੍ਹੋ; ਜਿਸ ਤਰ੍ਹਾਂ ਦੇ ਮਰਜ਼ੀ ਵਸਤਰ ਧਾਰਨ ਕਰੋ; ਇਹ ਸਾਰੀਆਂ ਗੱਲਾਂ ਗੌਣ ਹਨ। ਸੱਚ ਨੂੰ ਪ੍ਰਾਪਤ ਕਰਨ ਵਾਸਤੇ ਉਸਦੇ ਹੁਕਮ ਦੀ ਪਛਾਣ ਪਹਿਲੀ ਸ਼ਰਤ ਹੈ, ਉੱਥੋਂ ਅਸਲੀ ਧਰਮ ਦਾ ਪ੍ਰਾਰੰਭ ਹੁੰਦਾ ਹੈ। ਹੁਕਮ ਦੀ ਪਛਾਣ ਰੂਹਾਨੀਅਤ ਅਤੇ ਇਨਸਾਨੀਅਤ ਦੋਹਾਂ ਖੇਤਰਾਂ ਵਿਚ ਬਰਾਬਰ ਦਾ ਮਹੱਤਵ ਰੱਖਦੀ ਹੈ। ਗੁਰੂ ਜੀ ਨੇ ਅਤਿ ਦੁਰਗਮ ਹਾਲਾਤ ਵਿਚ ਧਰਮ ਦੇ ਇਸ ਮੁਸ਼ਕਲ ਕਾਰਜ ਨੂੰ ਬੇਮਿਸਾਲ ਇਤਿਹਾਸਕ ਗੌਰਵ ਨਾਲ ਨਿਭਾਇਆ ਅਤੇ ਆਉਣ ਵਾਲੇ ਇਤਿਹਾਸ ਵਾਸਤੇ ਪੂਰਨੇ ਪਾਏ। ਇਸ ਮਨੋਸਥਿਤੀ ਨੂੰ ਵਧੇਰੇ ਸਮਝਣ ਵਾਸਤੇ ਵਿਸਮਾਦ, ਵਾਹਿਗੁਰੂ ਅਤੇ ਨਾਮ ਵਰਗੇ ਭਾਵ–ਜਗਤਾਂ ਨਾਲ ਵੀ ਸਾਂਝ ਪਾਈ ਜਾ ਸਕਦੀ ਹੈ। ਗੁਰੂ ਅਰਜਨ ਜੀ ਦੀ ਬਾਣੀ, ਹਰਿਮੰਦਰ ਦੀ ਉਸਾਰੀ, ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਅਤੇ ਉਨ੍ਹਾਂ ਦੀ ਸ਼ਹੀਦੀ ਦਾ ਸਹੀ ਵਰਣਨ ਨਫ਼ਰਤਾਂ ਵਿਚ ਵੰਡੇ ਅਜੋਕੇੇ ਸਮਾਜ ਵਾਸਤੇ ਬਹੁਤ ਵੱਡੀ ਰੋਸ਼ਨੀ ਹਨ ਜਿਸਦੀ ਲੋਅ ਦਾ ਲਾਹਾ ਲੈਣਾ ਚਾਹੀਦਾ ਹੈ। ਅਸੀਂ ਵਰਤਮਾਨ ਪੰਜਾਬ ਸਰਕਾਰ ਕੋਲੋਂ ਇਹ ਉਮੀਦ ਕਰ ਸਕਦੇ ਹਾਂ ਕਿ ਉਹ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੀ ਸੰਖੇਪ ਗਾਥਾ ਅਤੇ ਚੋਣਵੀਂ ਬਾਣੀ ਦੇ ਅੰਗਰੇਜ਼ੀ ਅਤੇ ਹਿੰਦੀ ਅਨੁਵਾਦਾਂ ਦੇ ਵਿਸ਼ਵਾਸਯੋਗ ਅਨੁਵਾਦਾਂ ਨੂੰ ਛੋਟੀਆਂ ਪੁਸਤਕਾਂ ਵਿਚ ਛਾਪ ਕੇ ਦੇਸ਼ ਭਰ ਵਿਚ ਖੁੱਲ੍ਹ ਕੇ ਵੰਡੇਗੀ। ਇਵੇਂ ਉਹ ਇਸ ਸ਼ਹੀਦੀ ਸੰਬੰਧੀ ਆਪਣੇ ਫ਼ਰਜ਼ ਨੂੰ ਪੂਰਾ ਕਰ ਸਕਦੀ ਹੈ। ਦੇਸ਼–ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਅਸਲੀ ਬਹੁਸਭਿਆਚਾਰਵਾਦ ਕੀ ਹੁੰਦਾ ਹੈ ਅਤੇ ਪੰਜਾਬ ਉਸ ਉੱਤੇ ਕਿਸ ਤਰ੍ਹਾਂ ਪਹਿਰਾ ਦੇਂਦਾ ਆਇਆ ਹੈ। ਗੁਰੂ ਅਰਜਨ ਦੇਵ ਜੀ ਪੰਜਾਬੀ ਸ਼ਹਾਦਤਾਂ ਦੀ ਪਹਿਲੀ ਉੱਚੀ ਅਤੇ ਸੁੱਚੀ ਮਿਸਾਲ ਹਨ।