ਅੰਗਰੇਜ਼ੀ ਰੰਗ ਵਿੱਚ ਰੰਗਿਆ ਲਾਹੌਰ

ਜ਼ਿਕਰਫ਼ੈਜ਼ ਤੇ ਹਰੀ ਚੰਦ ਅਖ਼ਤਰ

ਉੱਤਰੀ ਭਾਰਤ ਵਿੱਚ 1920ਵਿਆਂ ਜਾਂ ਸ਼ਾਇਦ ਉਸ ਤੋਂ ਵੀ ਪਹਿਲਾਂ ਤੋਂ ਲੈ ਕੇ ਲਾਹੌਰ ਹੀ ਸਭ ਤੋਂ ਵੱਧ ਉੱਚ ਤਹਿਜ਼ੀਬੀ ਸ਼ਹਿਰ ਸੀ। ਇੱਥੋਂ ਹੀ ਉਰਦੂ ਜ਼ੁਬਾਨ ਦੇ ਸਭ ਤੋਂ ਵੱਡੀ ਗਿਣਤੀ ਅਦਬੀ ਰਸਾਲੇ, ਅਖ਼ਬਾਰਾਂ ਤੇ ਕਿਤਾਬਾਂ ਛਪਦੀਆਂ ਅਤੇ ਅੰਗਰੇਜ਼ੀ ਭਾਸ਼ਾ ਦੇ ਬਿਹਤਰੀਨ ਰੋਜ਼ਾਨਾ ਅਖ਼ਬਾਰਾਂ ਵਿੱਚੋਂ ਵੀ ਦੋ ਇੱਥੋਂ ਛਪਦੇ ਸਨ। ਮੇਓ ਸਕੂਲ ਆਫ ਆਰਟਸ ਵੀ ਵਧ ਫੁੱਲ ਰਿਹਾ ਸੀ। ਯੰਗ ਮੈੱਨ ਕ੍ਰਿਸ਼ਚੀਅਨ ਐਸੋਸੀਏਸ਼ਨ (ਵਾਈਐੱਮਸੀਏ) ਸਰਗਰਮ ਸੀ ਅਤੇ ਇਸ ਦੇ ਅਹਾਤੇ ਤੇ ਹਾਲ ਦਾ ਇਸਤੇਮਾਲ ਸਾਰੇ ਧਰਮਾਂ ਦੇ ਲੋਕ ਸਾਹਿਤਕ ਤੇ ਸਮਾਜਿਕ ਸਰਗਰਮੀਆਂ ਲਈ ਕਰਦੇ। ਸਰਕਾਰੀ ਕਾਲਜ ਇੱਕ ਲਾਸਾਨੀ ਬੁੱਧੀਜੀਵੀ ਕੇਂਦਰ ਸੀ ਜਿਸ ਦੇ ਅਧਿਆਪਕਾਂ ਦਾ ਭਾਰੀ ਇੱਜ਼ਤ-ਮਾਣ ਸੀ। ਇਸ ਦੇ ਵਿਦਿਆਰਥੀਆਂ ਨੂੰ ਆਧੁਨਿਕ ਪੱਛਮੀ ਸਿੱਖਿਆ ਦੇ ਬਿਹਤਰੀਨ ਨੁਮਾਇੰਦੇ ਸਮਝਿਆ ਜਾਂਦਾ। ਓਰੀਐਂਟਲ ਕਾਲਜ ਪਹਿਲੇ ਵਰਗ ਦੀ ਖੋਜ (first class research) ਵਿੱਚ ਲੱਗਾ ਹੋਇਆ ਸੀ। ਸਰਕਾਰੀ ਕਾਲਜ ਤੇ ਦਿਆਲ ਸਿੰਘ ਕਾਲਜ ਵਿੱਚ ਖੇਡੇ ਜਾਂਦੇ ਨਾਟਕਾਂ ਦੀ ਸ਼ਹਿਰ ਦਾ ਕੁਲੀਨ ਵਰਗ ਭਾਰੀ ਉਮੀਦ ਨਾਲ ਉਡੀਕ ਕਰਦਾ। ਨਾਮੀ ਪੱਤਰਕਾਰ ਤੇ ਕਾਲਮਨਵੀਸ ਅਖ਼ਬਾਰਾਂ ਲਈ ਲਿਖਦੇ ਅਤੇ ਅਦਬੀ ਇਕੱਤਰਤਾਵਾਂ ਦਾ ਮਾਣ ਵਧਾਉਂਦੇ। ਸ਼ਹਿਰ ਫ਼ੈਜ਼ ਅਹਿਮਦ ਫ਼ੈਜ਼, ਐੱਨ.ਐੱਮ. ਰਸ਼ੀਦ, ਹਫ਼ੀਜ਼ ਜਲੰਧਰੀ ਅਤੇ ਅਖ਼ਤਰ ਸ਼ੀਰਾਨੀ ਵਰਗੇ ਸ਼ਾਇਰਾਂ ਦੀ ਸ਼ਾਇਰੀ ਨਾਲ ਗੂੰਜਦਾ ਰਹਿੰਦਾ। ਏ.ਐੱਸ. ਬੁਖ਼ਾਰੀ, ਅਬਦੁਲ ਮਜੀਦ ਸਾਲਿਕ, ਐੱਮ.ਡੀ. ਤਸੀਰ, ਹਫ਼ੀਜ਼ ਜਲੰਧਰੀ, ਸੂਫ਼ੀ ਤਬੱਸੁਮ, ਸਈਦ ਇਮਤਿਆਜ਼ ਅਲੀ ਤਾਜ ਅਤੇ ਹਰੀ ਚੰਦ ਅਖ਼ਤਰ ਦੇ ਤਲਿਸਮੀ ਸਰਕਲ ਨਿਆਜ਼ਮੰਦਾਂ-ਏ-ਲਾਹੌਰ ਨੇ ਉਰਦੂ ਅਦਬ ਦੀ ਦੁਨੀਆ ਵਿੱਚ ਅਨੇਕਾਂ ਲਹਿਰਾਂ ਪੈਦਾ ਕੀਤੀਆਂ ਹੋਈਆਂ ਸਨ।

ਟੈਗੋਰ, ਅੰਮ੍ਰਿਤਾ ਸ਼ੇਰਗਿਲ, ਬੀ.ਸੀ. ਸਾਨਿਆਲ ਤੇ ਬੁਖਾਰੀ

ਪੱਛਮੀ ਰੰਗ ਵਿੱਚ ਰੰਗੀ ਸਰਦੀ-ਪੁੱਜਦੀ ਕੁਲੀਨ ਜਮਾਤ ਜਿਮਖ਼ਾਨਾ ਤੇ ਕੌਸਮੋਪੌਲੀਟਨ ਕਲੱਬਾਂ ਵਿੱਚ ਪਿਆਲੇ ਸਾਂਝੇ ਕਰਦੀ, ਨੱਚਦੀ ਤੇ ਮੌਜ-ਮਸਤੀ ਕਰਦੀ। ਦੇਸੀ ਚਮਕੀਲੀਆਂ ਰੌਸ਼ਨੀਆਂ ਅਰਬ ਹੋਟਲ, ਨਗੀਨਾ ਬੇਕਰੀ, ਮੋਹਕਮ ਦੀਨ ਦੀ ਚਾਹ ਦੀ ਦੁਕਾਨ, ਹਲਕ਼ਾ-ਏ-ਅਰਬਾਬ-ਏ-ਜ਼ੌਕ, ਇੰਡੀਆ ਕੌਫ਼ੀ ਹਾਊਸ ਵਿੱਚ ਰੰਗੀਨੀਆਂ ਬਿਖੇਰਦੀਆਂ। ਮੁਲਕ ਦੀਆਂ ਟੈਗੋਰ ਵਰਗੀਆਂ ਮਹਾਨ ਹਸਤੀਆਂ ਐੱਸਪੀਐੱਸਕੇ ਹਾਲ ਵਿੱਚ ਤਕਰੀਰਾਂ ਕਰਦੀਆਂ। ਬ੍ਰੈਡਲੇਅ ਹਾਲ ਵਿੱਚ ਸਿਆਸੀ ਬਹਿਸਾਂ ਹੁੰਦੀਆਂ। ਅੰਮ੍ਰਿਤਾ ਸ਼ੇਰਗਿੱਲ ਤਸਵੀਰਾਂ ਵਾਹੁੰਦੀ ਤੇ ਬੀ.ਸੀ. ਸਾਨਿਆਲ ਬੁੱਤ ਘੜਦੇ। ਰੀਗਲ ਤੇ ਪਲਾਜ਼ਾ ਸਿਨੇਮਿਆਂ ਵਿੱਚ ਬਿਹਤਰੀਨ ਅਮਰੀਕੀ ਫਿਲਮਾਂ ਲੱਗਦੀਆਂ। ਰੀਗਲ ਦੀ ਉਪਰਲੀ ਮੰਜ਼ਿਲ ਉੱਤੇ ਤਾਂ ਬਾਲਰੂਮ ਡਾਂਸਿੰਗ ਸਿਖਾਉਣ ਵਾਲਾ ਸਕੂਲ ਵੀ ਸੀ। ਅੰਦਰੂਨ ਸ਼ਹਿਰ ਵਿਚਲੀਆਂ ‘ਬੈਠਕਾਂ’ ਵਿੱਚ ਨਵੇਂ ਸੰਗੀਤਕਾਰਾਂ ਤੇ ਗਾਇਕਾਂ ਨੂੰ ਸਿਖਲਾਈ ਮਿਲਦੀ ਅਤੇ ਉੱਥੇ ਕਦਰਦਾਨਾਂ ਨੂੰ ਆਉਣ ਤੇ ਸ਼ਾਸਤਰੀ ਸੰਗੀਤ ਸੁਣਨ ਦੇ ਸੱਦੇ ਦਿੱਤੇ ਜਾਂਦੇ। ਰੇਡੀਓ ਰਤਾ ਬਾਅਦ ’ਚ ਆਇਆ ਅਤੇ ਇਸ ਨਵੇਂ ਚੈਨਲ ਉੱਤੇ ਸਾਹਿਤਕ ਰੰਗ ਛੇਤੀ ਹੀ ਛਾ ਗਿਆ ਜਿਸ ਨਾਲ ਲਿਖਣ, ਗਾਉਣ ਤੇ ਸੰਗੀਤਕ ਧੁਨਾਂ ਬਣਾਉਣ ਵਾਲਿਆਂ ਦੀ ਕਲਾ ਦੇ ਪਸਾਰ ਦਾ ਘੇਰਾ ਬਹੁਤ ਵਸੀਹ ਹੋ ਗਿਆ। ਰੇਡੀਓ ਨੈੱਟਵਰਕ ਦੀ ਅਗਵਾਈ ਬੁਖ਼ਾਰੀ ਵਰਗਿਆਂ ਦੇ ਹੱਥ ਹੋਣ ਸਦਕਾ ਸਾਹਿਤਕ ਬ੍ਰਾਡਕਾਸਟਰਾਂ ਦੀ ਪਹਿਲੀ ਪੀੜ੍ਹੀ ਮੌਲਣ ਲੱਗੀ।

ਇਸ ਵਧ ਫੁੱਲ ਰਹੀ ਬੁੱਧੀਜੀਵੀ ਸਰਗਰਮੀ ਨੂੰ ਸ਼ਾਨਦਾਰ ਭੌਤਿਕ ਹਾਲਤ ਲਾਹੌਰ ਨੇ ਮੁਹੱਈਆ ਕਰਵਾਈ ਜਿਸ ਨੂੰ ਬਰਤਾਨਵੀ ਹਕੂਮਤ ਨੇ 1860 ਤੋਂ 1935 ਦਰਮਿਆਨ ਕਾਇਮ ਕੀਤਾ ਸੀ। ਇਸ ਦੌਰਾਨ ਸ਼ਹਿਰ ’ਚ ਅਨੇਕਾਂ ਸ਼ਾਨਦਾਰ ਇਮਾਰਤਾਂ ਤੇ ਭਵਨ ਉੱਸਰ ਗਏ ਜਿਵੇਂ ਲਾਰੈਂਸ ਹਾਲ, ਚੀਫ’ਸ ਕਾਲਜ, ਗਵਰਨਮੈਂਟ ਹਾਉੂਸ, ਹਾਈ ਕੋਰਟ, ਮੈਸਨਿਕ ਲੌਜ, ਵਿਧਾਨਕਾਰ ਅਸੈਂਬਲੀ, ਮੁੱਖ ਡਾਕਖ਼ਾਨਾ, ਮਿਊਜ਼ੀਅਮ, ਮੇਓ ਸਕੂਲ ਆਫ ਆਰਟ, ਪੰਜਾਬ ਯੂਨੀਵਰਸਿਟੀ, ਸਰਕਾਰੀ ਕਾਲਜ ਅਤੇ ਸੈਂਟਰਲ ਟਰੇਨਿੰਗ ਕਾਲਜ। ਸਾਰੀਆਂ ਸੜਕਾਂ ਦੀ ਮਹਾਰਾਣੀ ਮਾਲ ਰੋਡ ਜਿਸ ਦੀ ਸ਼ੋਭਾ ਉੱਚੇ-ਲੰਮੇ ਦਰੱਖ਼ਤ ਤੇ ਚੌੜੇ ਫੁਟਪਾਥ ਅਤੇ ਨਾਲ ਹੀ ਸ਼ਾਨਦਾਰ ਤੇ ਮਹਿੰਗੀਆਂ ਦੁਕਾਨਾਂ ਵਧਾਉਂਦੀਆਂ। ਰੇਸ ਕੋਰਸ ਤੇ ਲਾਰੈਂਸ ਗਾਰਡਨਜ਼ ਤਾਂ ਸ਼ਹਿਰ ਦੀ ਖੂ਼ਬਸੂਰਤੀ ਦੀ ਪਛਾਣ ਸਨ। ਸ਼ਹਿਰ ਵਿੱਚ ਕੋਈ ਵੀ ਉੱਚੀ ਇਮਾਰਤ ਨਹੀਂ ਸੀ। ਨਾਜਾਇਜ਼ ਕਬਜ਼ੇ ਨਾ ਹੋਣ ਕਾਰਨ ਸੜਕਾਂ ਚੌੜੀਆਂ ਲੱਗਦੀਆਂ। ਹਰਿਆਲੇ ਲਾਅਨਾਂ ਦੇ ਵਿਚਕਾਰ ਬਣੇ ਡੇਵਿਸ, ਐਂਪਰੈਸ, ਈਗਰਟਨ, ਕੁਈਨਜ਼ ਬੰਗਲੇ ਅਤੇ ਜੇਲ੍ਹ ਰੋਡ ਬਹੁਤ ਸੁੰਦਰ ਲੱਗਦੇ। ਦਿਸਹੱਦੇ ਬਹੁਤ ਦਿਲਕਸ਼ ਜਾਪਦੇ। ਸ਼ਹਿਰ ਵਿੱਚ ਚਾਰੇ ਪਾਸੇ ਕੁਦਰਤੀ ਹਰਿਆਲੀ ਸੀ। ਸਾਹ ਲੈਣਾ ਬਹੁਤ ਸੌਖਾ ਸੀ ਤੇ ਜ਼ਿੰਦਗੀ ਵੀ।

ਜਿਨਾਹ, ਆਜ਼ਾਦ ਅਤੇ ਐਵਾ ਗਾਰਡਨਰ

ਹੋਰਨਾਂ ਸੱਭਿਅਕ ਤੇ ਤਹਿਜ਼ੀਬੀ ਸ਼ਹਿਰਾਂ ਵਾਂਗ ਲਾਹੌਰ ਵਿੱਚ ਵੀ ਅਨੇਕਾਂ ਰੈਸਤਰਾਂ ਸਨ ਜਿੱਥੇ ਲੋਕ ਮਨਪ੍ਰਚਾਵੇ, ਸਮਾਜਿਕ ਇਕੱਤਰਤਾਵਾਂ ਅਤੇ ਬੁੱਧੀਜੀਵੀ ਵਿਚਾਰ-ਵਟਾਂਦਰਿਆਂ ਲਈ ਪੁੱਜਦੇ। ਅਜਿਹਾ ਹੀ ਦਿ ਨੈਡਸ ਹੋਟਲ ਸੀ ਜਿੱਥੇ ਬਾਅਦ ਵਿੱਚ ਹਿਲਟਨ ਬਣ ਗਿਆ ਤੇ ਫਿਰ ਅਵਾਰੀ। ਇਸ ਵਿੱਚ ਅਬਦੁੱਲਾ ਯੂਸਫ਼ ਅਲੀ ਰਹਿੰਦੇ ਸਨ ਜਿਨ੍ਹਾਂ ਨੇ ਇਸ ਦੀ ਪਹਿਲੀ ਮੰਜ਼ਿਲ ਦੇ ਇੱਕ ਕਮਰੇ ਵਿੱਚ ਬੈਠ ਕੇ ਕੁਰਾਨ ਦਾ ਤਰਜਮਾ ਤੇ ਤਬਸਰਾ ਮੁਕੰਮਲ ਕੀਤਾ। ਐਗਰਟਨ ਰੋਡ ਉੱਤੇ ਖ਼ਾਮੋਸ਼ ਫਲੈਟੀ ਐਨ ਕੇਂਦਰ ’ਚ ਸਥਿਤ ਸੀ ਜੋ ਅਸੈਂਬਲੀ ਦੇ ਪਿੱਛੇ ਸੀ ਅਤੇ ਇਸ ਦੇ ਸਾਹਮਣੇ ਰਾਏ ਬਹਾਦੁਰ ਰਾਮ ਸ਼ਰਨ ਦਾਸ ਦਾ ਮਹਿਲਨੁਮਾ ਘਰ ਸੀ। ਜਿਨਾਹ, ਅਬੁਲ ਕਲਾਮ ਆਜ਼ਾਦ ਅਤੇ ਐਵਾ ਗਾਰਡਨਰ ਇੱਥੇ ਰੁਕੇ ਸਨ। ਬਾਅਦ ਵਿੱਚ ਸਰ ਫ਼ਿਰੋਜ਼ ਖ਼ਾਨ ਨੂਨ ਨੇ ਇਸ ਨੂੰ ਆਪਣੀ ਰਿਹਾਇਸ਼ਗਾਹ ਬਣਾਇਆ।

ਅਜੋਕੇ ਡਬਲਿਉੂਏਪੀਡੀਏ ਹਾਊਸ ਦੇ ਕੋਨੇ ਵਿੱਚ ਤੇ ਅਸੈਂਬਲੀ ਚੈਂਬਰ ਦੇ ਸਾਹਮਣੇ ਮੈਟਰੋ ਸੀ ਜਿੱਥੇ ਗਰਮੀਆਂ ਵਿੱਚ ਖੁੱਲ੍ਹੀ ਹਵਾ ’ਚ ਚਾਹ ਵਰਤਾਈ ਜਾਂਦੀ ਅਤੇ ਮਿੱਸ ਏਂਜਲਾ ਕੈਬਰੇ ਸ਼ੋਅ ਕਰਦੀ। ਸ਼ਾਹ ਦੀਨ ਬਿਲਡਿੰਗ ਦੇ ਦੋ ਹਾਲਨੁਮਾ ਕਮਰਿਆਂ ਵਿੱਚ ਸ਼ਹਿਰ ਦਾ ਸਭ ਤੋਂ ਵਧੀਆ ਰੈਸਤਰਾਂ ਲੌਰੈਂਗਜ਼ ਸੀ ਜਿੱਥੇ ਸ਼ਹਿਰ ਦੀ ਉੱਚ ਕੁਲੀਨ ਜਮਾਤ ਪੁੱਜਦੀ। ਇਸ ਦੇ ਨੇੜੇ ਹੀ ਸਟੀਫਲਜ਼ ਸੀ ਜਿੱਥੇ ਮਹਿਮਾਨ ਡਿਨਰ ਜੈਕਟਾਂ ਵਿੱਚ ਖਾਣਾ ਖਾਂਦੇ ਅਤੇ ਸ਼ਾਮ ਵੇਲੇ ਨਾਚ-ਗਾਣਾ ਹੁੰਦਾ ਤੇ ਉਹ ਲੋਕ ਵੱਧ ਤੋਂ ਵੱਧ ਅੰਗਰੇਜ਼ੀ ਮਾਹੌਲ ਵਿੱਚ ਵਿਚਰਨ ਦੀ ਕੋਸ਼ਿਸ਼ ਕਰਦੇ। ਰੀਗਲ ਸਿਨੇਮੇ ਨੂੰ ਜਾਂਦੇ ਡਰਾਈਵਵੇਅ ਨੇੜੇ ਸਥਿਤ ਸਟੈਂਡਰਡ ਦਾ ਬੜਾ ਵੱਡਾ ਆਹਾਤਾ ਸੀ ਜੋ ਮਾਲ ਰੋਡ ਦੇ ਸਾਹਮਣੇ ਸੀ। ਠਾਠ-ਬਾਠ, ਰੁਤਬੇ ਤੇ ਕੀਮਤ ਪੱਖੋਂ ਇਹ ਸਟੀਫਲਜ਼ ਤੇ ਲੌਰੈਂਗਜ਼ ਤੋਂ ਕਈ ਦਰਜੇ ਹੇਠਾਂ ਸੀ। ਇਹ ਦਰਮਿਆਨੀ ਜਮਾਤ ਲਈ ਸੀ ਜਿੱਥੇ ਹਮੇਸ਼ਾ ਭੀੜ ਰਹਿੰਦੀ। ਗਰਮੀਆਂ ਵਿੱਚ ਇਹ ਆਪਣੀ ਇਮਾਰਤ ਤੇ ਫੁਟਪਾਥ ਵਿਚਕਾਰਲੀ ਖੁੱਲ੍ਹੀ ਥਾਂ ਨੂੰ ਓਪਨ-ਏਅਰ ਟੀ ਹਾਊੁਸ ਵਜੋਂ ਵਰਤਦਾ।

ਲਾਹੌਰ ਦੇ ਇਸ ‘ਵੈਸਟ ਐਂਡ’ ਦੇ ਦੂਜੇ ਸਿਰੇ ਉੱਤੇ ਖਾਣ-ਪੀਣ ਦੀਆਂ ਕਈ ਸਸਤੀਆਂ ਥਾਵਾਂ ਸਨ ਜਿੱਥੇ ਨਿਮਾਣੇ ਤੇ ਗ਼ਰੀਬ ਬੁੱਧੀਜੀਵੀ ਪੁੱਜਦੇ ਅਤੇ ਲੰਬਾ ਸਮਾਂ ਗੱਪ-ਸ਼ੱਪ ਕਰਦੇ, ਕੌਫ਼ੀ ਜਾਂ ਚਾਹ ਦੀਆਂ ਚੁਸਕੀਆਂ ਲੈਂਦੇ, ਪਾਣੀ ਪੀਂਦੇ ਅਤੇ ਦੁਨੀਆ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਚਰਚਾ ਕਰਦੇ। ਇਨ੍ਹਾਂ ਵਿੱਚੋਂ ਇੰਡੀਆ ਕੌਫ਼ੀ ਹਾਉੂਸ ਬਿਹਤਰੀਨ ਸੀ ਜਿਸ ਨੂੰ ਕੌਫ਼ੀ ਦੇ ਪ੍ਰਚਾਰ ਲਈ ਇੰਡੀਅਨ ਕੌਫ਼ੀ ਬੋਰਡ ਨੇ 1930ਵਿਆਂ ਵਿੱਚ ਸ਼ੁਰੂ ਕੀਤਾ ਸੀ। ਇਸ ਦੇ ਨੇੜੇ ਹੀ ਸੀ ਚੇਨੀ’ਜ਼ ਲੰਚ ਹੋਮ ਅਤੇ ਇਸ ਤੋਂ ਸੌ ਗਜ਼ ਫ਼ਾਸਲੇ ’ਤੇ ਇੰਡੀਆ ਟੀ ਹਾਉੂਸ ਸੀ। ਇਸ ਤੋਂ ਲਗਪਗ ਅੱਗੇ ਸੀ ਵਾਈਐੱਮਸੀਏ ਜਿੱਥੇ ਹਰ ਹਫ਼ਤੇ ਹਲਕ਼ਾ-ਏ-ਅਰਬਾਬ-ਏ-ਜ਼ੌਕ ਦੀ ਮੀਟਿੰਗ ਹੁੰਦੀ। ‘ਓਰੀਐਂਟਲ’ ਥਾਵਾਂ ਉੱਤੇ ਪੱਤਰਕਾਰਾਂ, ਸ਼ਾਇਰਾਂ, ਲੇਖਕਾਂ ਦੀਆਂ ਮਿਲੀਆਂ-ਜੁਲੀਆਂ ਭੀੜਾਂ ਜੁੜਦੀਆਂ: ਰੇਲਵੇ ਰੋਡ ਉੱਤੇ ਇਸਲਾਮੀਆ ਕਾਲਜ ਦੇ ਗੇਟ ਸਾਹਮਣੇ ਅਰਬ ਹੋਟਲ, ਅਨਾਰਕਲੀ ਵਿੱਚ ਦਿੱਲੀ ਮੁਸਲਿਮ ਹੋਟਲ ਸੀ ਜਿੱਥੇ 1920ਵਿਆਂ ਦੌਰਾਨ ਬੁਖ਼ਾਰੀ ਰਹਿੰਦੇ ਸਨ ਅਤੇ ਅਨਾਰਕਲੀ ਤੇ ਨੀਲਾ ਗੁੰਬਦ ਦੇ ਕੋਨੇ ’ਤੇ ਨਗੀਨਾ ਬੇਕਰੀ। ਇਨ੍ਹਾਂ ਵਿੱਚ ਬਾਅਦ ’ਚ ਸੇਸਿਲ ਜੁੜ ਗਿਆ। ਇਹ ਇੱਕ ਛੋਟਾ ਜਿਹਾ ਨਿੱਜੀ ਕਾਰੋਬਾਰ ਸੀ ਜਿਸ ਨੂੰ ਇੱਕ ਪਾਰਸੀ ਪਰਿਵਾਰ ­ਆਪਣੀ ਰਿਹਾਇਸ਼ ਤੋਂ ਚਲਾਉਂਦਾ। ‘ਪੱਥਰਾਂ ਵਾਲੀ ਕੋਠੀ’ (ਕਿਉਂਕਿ ਇਸ ਦੀਆਂ ਕੰਧਾਂ ਪੱਥਰਾਂ ਦੀਆਂ ਬਣੀਆਂ ਸਨ) ਕੂਪਰ ਤੇ ਦਿਲ ਮੁਹੰਮਦ ਰੋਡਜ਼ ਦੇ ਚੌਰਾਹੇ ਉੱਤੇ ਸੀ ਜਿਹੜੀ ਅੱਜ ਦੀ ਡਿਊਟੀ ਫਰੀ ਸ਼ਾਪ ਦੇ ਸਾਹਮਣੇ ਹੈ। ਹੋਰ ਕਾਬਿਲੇ-ਜ਼ਿਕਰ ਥਾਵਾਂ ਵਿੱਚ ਸ਼ਾਮਲ ਸਨ ਇੰਡਸ ਹੋਟਲ, ਵੋਲਗਾ ਤੇ ਓਰੀਐਂਟ ਜੋ ਮਾਲ ਰੋਡ ’ਤੇ ਸਨ, ਟੌਲਿੰਗਟਨ ਮਾਰਕੀਟ ਵਿੱਚ ਮਿਲਕ ਬਾਰ ਅਤੇ ਮੈਕਲੋਡ ਰੋਡ ’ਤੇ ਐਲਫਿੰਸਟਨ, ਵੈਸਟ ਐਂਡ ਤੇ ਬ੍ਰਿਸਟਲ।

ਇਨ੍ਹਾਂ ਰੈਸਤਰਾਵਾਂ ਦੇ ਨਾਵਾਂ ਤੋਂ ਸ਼ਹਿਰ ਦੇ ਅੰਗਰੇਜ਼ੀ ਰੰਗ ਵਿੱਚ ਰੰਗੇ ਹੋਣ ਦਾ ਪੂਰਾ ਸਬੂਤ ਮਿਲ ਜਾਂਦਾ ਹੈ। ਮਾਲ ਰੋਡ ਦੇ ਦੋਹੀਂ ਪਾਸੀਂ ਕਾਇਮ ਕਾਰੋਬਾਰੀ ਅਦਾਰੇ ਇਸ ਨੂੰ ਹੋਰ ਪੁਖ਼ਤਾ ਕਰਦੇ ਜਿਨ੍ਹਾਂ ਵਿੱਚੋਂ ਕੁਝ ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ਵੀ ਕਾਇਮ ਰਹੇ।

(ਪੰਜਾਬੀ ਟ੍ਰਿਬਊਨ ਤੋਂ ਧੰਨਵਾਦ ਸਹਿਤ)

Related Posts

ਪਕਿਸਤਾਨ; ਮੋਦੀ ਵਿਰੋਧੀ ਜਸ਼ਨਾਂ ਦੌਰਾਨ ਉੱਭਰੀਆਂ ਸੰਜਮੀ ਸੁਰਾਂ…

ਸਰਹੱਦੋਂ ਪਾਰ   ਸੁਰਿੰਦਰ ਸਿੰਘ ਤੇਜ ਆਮ ਪਾਕਿਸਤਾਨੀਆਂ ਵਾਂਗ ਉਸ ਦੇਸ਼ ਦਾ ਮੀਡੀਆ ਵੀ ਨਰਿੰਦਰ ਮੋਦੀ ਨੂੰ ਅੰਤਾਂ ਦੀ ਨਫ਼ਰਤ ਕਰਦਾ ਹੈ, ਖ਼ਾਸ ਤੌਰ ’ਤੇ ਭਾਰਤੀ ਸੰਵਿਧਾਨ ਦੀ ਧਾਰਾ 370…

ਵੀ.ਐੱਸ. ਨਾਇਪਾਲ ਦਾ ਭਾਰਤੀ ਜਹਾਨ…

ਸੁਰਿੰਦਰ ਸਿੰਘ ਤੇਜ ਵੀ.ਐੱਸ. ਨਾਇਪਾਲ (ਪੂਰਾ ਨਾਮ ਵਿਦਿਆਧਰ ਸੂਰਜਪ੍ਰਸਾਦ ਨਾਇਪਾਲ) ਕੌਣ ਸੀ, ਇਸ ਬਾਰੇ ਪਹਿਲੀ ਵਾਰ ਇਲਮ 1975 ਵਿਚ ਹੋਇਆ, ਇਕ ਰਸਾਲੇ ਵਿਚ ਉਸ ਦਾ ਲੰਮਾ ਇੰਟਰਵਿਊ ਪੜ੍ਹ ਕੇ। ਉਹ ਉਸ…

Leave a Reply

Your email address will not be published. Required fields are marked *

This site uses Akismet to reduce spam. Learn how your comment data is processed.