ਕਈ ਬਰਤਾਨਵੀ ਨਕਸ਼ਿਆਂ ਵਿੱਚ ਸਰਹਿੰਦ ਨਦੀ ਨੂੰ ਚੋਆ ਨਦੀ ਕਿਹਾ ਗਿਆ ਹੈ ਪਰ ਚੋਆ ਨਦੀ ਵੱਖਰੀ ਨਦੀ ਹੈ। ਸਰਹਿੰਦ ਨਦੀ ਅਤੇ ਪੁਰਾਣਾ ਦਰਿਆ ਉਰਫ਼ ਚੋਆ ਨਦੀ ਵਿੱਚ ਹਮੇਸ਼ਾਂ ਨਾਮ ਦੀ ਉਲਝਣ ਰਹੀ ਹੈ ਕਿਉਂਕਿ ਦੋਵਾਂ ਨੂੰ ਚੋਆ ਨਦੀ ਕਹਿ ਲਿਆ ਜਾਂਦਾ ਸੀ। ਇਸ ਉਲਝਣ ਨਾਲ ਨਜਿੱਠਣ ਲਈ ਕੁਝ ਨਕਸ਼ਿਆਂ ਵਿੱਚ ਸਰਹਿੰਦ ਨਦੀ ਨੂੰ ਚੋਈ ਅਤੇ ਪੁਰਾਣਾ ਦਰਿਆ ਉਰਫ਼ ਚੋਆ ਨਦੀ ਨੂੰ ਚੋਆ ਕਿਹਾ ਗਿਆ ਹੈ। ਨਕਸ਼ਿਆਂ ਵਿੱਚ ਇਸ ਨਦੀ ਦੇ ਹੋਰ ਨਾਮ ਸੁਵੇਤੀ ਅਤੇ ਵਾਹਰ ਨਦੀ ਲਿਖੇ ਮਿਲਦੇ ਹਨ। ਛੰਬਵਾਲੀ ਚੋਅ (ਚਨਾਰਥਲ ਕਲਾਂ-ਪਟਿਆਲਾ-ਸਮਾਣਾ-ਪਾਤੜਾਂ-ਚੰਦੋ) ਇਸ ਨਦੀ ਦੀ ਬਚੀ-ਖੁਚੀ ਨਿਸ਼ਾਨੀ ਹੈ। ਟਾਈਮਜ਼ ਐਟਲਸ (1922) ਦੇ ਨਕਸ਼ੇ ਵਿੱਚ ਚੋਅ ਨਦੀ ਜਾਂ ਪੁਰਾਣਾ ਦਰਿਆ ਦੀ ਘੱਗਰ ਨਾਲ ਮੂਨਕ ਦੇ ਦੱਖਣ-ਪੂਰਬ ਵਿੱਚ ਹਲਕੀ ਜਿਹੀ ਕੜੀ ਜੁੜਦੀ ਹੈ ਪਰ ਵੱਖਰੀ ਹੋ ਜਾਂਦੀ ਹੈ। ਦੋਵੇਂ ਦਰਿਆ ਬਰਾਬਰ ਪਰ ਵੱਖਰੇ ਵੱਖਰੇ ਵਗਦੇ ਹੋਏ ਸਿਰਸੇ ਜ਼ਿਲ੍ਹੇ ਵਿੱਚ ਇਕੱਠੇ ਹੁੰਦੇ ਸਨ। ਇਹ ਜਾਖਲ ਅਤੇ ਟੋਹਾਣੇ ਦੇ ਵਿਚਕਾਰੋਂ ਲੰਘਦੀ ਹੋਈ ਰਤੀਏ ਦੇ ਐਨ ਕੋਲੋਂ ਵਗਦੀ ਸੀ ਅਤੇ ਘੱਗਰ ਇਹਦੇ ਦੱਖਣ ਵਿੱਚ ਸੀ।
ਉਲਡੈਹਮ (1874) ਨੇ ਮੂਨਕ ਕੋਲ ਘੱਗਰ ਦੀ ਲਗਾਤਾਰਤਾ ਵਿੱਚ ਪਹਾੜਾਂ ਤੋਂ ਆਉਂਦੇ ਵਹਿਣ ਨੂੰ ‘ਪੁਰਾਣਾ ਦਰਿਆ’ (ਬੁੱਢਾ ਦਰਿਆ) ਕਿਹਾ ਸੀ ਜੋ ਕਿਸੇ ਹੋਰ ਧਾਰਾ ਨਾਲ ਨਹੀਂ ਜੁੜਿਆ ਹੋਇਆ ਸੀ। ਉਹ ਮੁਕਾਮੀ ਲੋਕਾਂ ਅਤੇ ਲੋਕ-ਰਵਾਇਤਾਂ ਦੇ ਹਵਾਲੇ ਨਾਲ ਇਸ ਧਾਰਾ ਨੂੰ ਸਤਲੁਜ ਦਾ ਪੁਰਾਣਾ ਵਹਿਣ ਮੰਨਦਾ ਸੀ। ਉਲਡੈਹਮ ਦੇ ਸਮੇਂ (1874) ਇਹ ਸਰਹਿੰਦ ਅਤੇ ਰੋਪੜ ਵੱਲ ਦੀ ਦਿਸ਼ਾ ਨੂੰ ਪਛਾਣੀ ਗਈ ਸੀ ਜਿੱਥੇ ਇਹ ਸਰਹਿੰਦ ਨਦੀ ਦੇ ਕੁਝ ਮੀਲਾਂ ਦੇ ਘੇਰੇ ਦੇ ਅੰਦਰ ਸੀ। ਘੱਗਰ ਵਾਦੀ ਦੇ ਸਰਵੇਖਣ (1790) ਵਿੱਚ ਇਸ ਨਦੀ ਨੂੰ Suveti ਲਿਖਿਆ ਮਿਲਦਾ ਹੈ। ਮੁਕਾਮੀ ਬੋਲੀ ਵਿੱਚ Suveti ਨਾਮ ਦਾ ਸਹੀ ਉਚਾਰਣ ਅਸੀਂ ਨਹੀਂ ਜਾਣਦੇ। ਚੋਆ ਨਦੀ ਸਮਾਣੇ ਦੇ ਪੱਛਮ ਵਿੱਚ ਦੋ ਵਹਿਣਾਂ ਵਿੱਚ ਵੰਡੀ ਜਾਂਦੀ ਸੀ। ਪਹਿਲਾ ਵਹਿਣ ਵਧੇਰੇ ਦੱਖਣੀ ਰਸਤਾ ਲੈ ਕੇ ਬਾਦਸ਼ਾਹਪੁਰ ਕੋਲ ਦੋ ਕੋਹ ਪੱਛਮ ਵਿੱਚ ਵਗਦਾ ਹੋਇਆ ਮੂਨਕ ਵੱਲ ਨੂੰ ਜਾਂਦਾ ਸੀ ਜਿਹਦੇ ਪੂਰਬ ਵਿੱਚ ਇਹਦਾ ਘੱਗਰ ਨਾਲ ਮੇਲ ਅਤੇ ਵਿਛੋੜਾ ਹੁੰਦਾ ਸੀ। ਦੂਜਾ ਵਹਿਣ ਸਮਾਣੇ ਤੋਂ ਸੁਨਾਮ ਵੱਲ ਜਾਂਦਾ ਸੀ। ਸੁਨਾਮ ਦੀਆਂ ਕੰਧਾਂ ਹੇਠ ਦੀ ਪੂਰਬੀ ਦਿਸ਼ਾ ਤੋਂ ਵਗਦੀ ਸੀ ਅਤੇ ਭੀਖੀ ਤੋਂ ਚਾਰ ਕੋਹ ਪੂਰਬ-ਦੱਖਣ-ਪੂਰਬ ਵਿੱਚ ਰੇਤੇ ਵਿੱਚ ਗੁਆਚ ਜਾਂਦੀ ਸੀ। ਇਹ ਵਹਿਣ ਅਸਲੀ ਚੋਆ ਨਦੀ ਕਹਾਉਂਦਾ ਸੀ। ਸਮਾਣਾ ਕੋਲੋਂ ਵਹਿਣ ਵੱਖ ਹੋਣ ਤੋਂ ਬਾਅਦ ਇਹਦਾ ਨਾਮ ਸੁਵੇਤੀ ਨਹੀਂ ਰਹਿੰਦਾ ਸੀ। ਸੁਵੇਤੀ ਨਾਮ ਸਮਾਣੇ ਅਤੇ ਸਬੰਧਿਤ ਜ਼ਿਲ੍ਹੇ ਵਿੱਚ ਮਸ਼ਹੂਰ ਸੀ ਅਤੇ ਇਹ ਨਾਮ ਸਿਰਫ਼ ਮੂਨਕ ਵਾਲੇ ਵਹਿਣ ਲਈ ਰਾਖਵਾਂ ਸੀ।
ਹੁਣ ਇਹ ਨਦੀ ਸਰਹਿੰਦ ਦੇ ਦੱਖਣ ਵਿੱਚ ਪਿੰਡ ਚਨਾਰਥਲ ਕੋਲੋਂ ਪਟਿਆਲਾ ਹੁੰਦੀ ਹੋਈ ਪਾਤੜਾਂ ਤੋਂ ਤਿੰਨ ਮੀਲ ਉੱਤਰ ਵਿੱਚੋਂ ਹੋ ਕੇ ਪਿੰਡ ਚੰਦੋ ਕੋਲ ਘੱਗਰ ਦਰਿਆ ਵਿੱਚ ਡਿੱਗਦੀ ਹੈ। ਇਹ ‘ਪੁਰਾਣਾ ਦਰਿਆ’ ਵਾਲੀ ਧਾਰਾ ਦਾ ਮੌਜੂਦਾ ਰੂਪ ਹੈ ਜਿਹਨੂੰ ਉਲਡੈਹਮ (1874) ਦੇ ਸਮੇਂ ਚਨਾਰਥਲ ਤੋਂ ਉੱਪਰ ਸਰਹਿੰਦ ਅਤੇ ਰੋਪੜ ਤੱਕ ਪਛਾਣਿਆ ਜਾ ਸਕਦਾ ਸੀ। ਸੰਭਵ ਹੈ ਰੋਪੜ ਵੱਲੋਂ ਸਤਲੁਜ ਦੀ ਦਿਸ਼ਾ ਵੱਲੋਂ ਆਉਣ ਕਰਕੇ ਇਹਨੂੰ ਸਤਲੁਜ ਦਾ ਪੁਰਾਣਾ ਵਹਿਣ ਜਾਂ ਪੁਰਾਣਾ ਦਰਿਆ ਕਿਹਾ ਜਾਂਦਾ ਹੋਵੇ ਪਰ ਰੈਵਰਟੀ (1892) ਇਹਨੂੰ ਸਤਲੁਜ ਦਾ ਵਹਿਣ ਨਹੀਂ ਮੰਨਦਾ। ਰੈਵਰਟੀ ਮੁਤਾਬਿਕ ਲੋਕ-ਰਵਾਇਤ ਨੂੰ ਸਮਝਣ ਵਿੱਚ ਉਲਡੈਹਮ ਨੂੰ ਗ਼ਲਤੀ ਲੱਗੀ ਹੈ। ਉਹਦਾ ਮੰਨਣਾ ਹੈ ਕਿ ਪੁਰਾਣਾ ਦਰਿਆ ਜਾਂ ਚੋਆ ਨਦੀ ਮੁੱਢ-ਕਦੀਮੋ ਘੱਗਰ ਦਾ ਵਹਿਣ ਹੈ ਅਤੇ ਲੋਕ ਰਵਾਇਤ ਨੇ ਪੂਰਬੀ ਨੈਵਾਲ (ਚਮਕੌਰ ਸਾਹਿਬ-ਭੀਖੀ-ਹਨੂੰਮਾਨਗੜ੍ਹ) ਨੂੰ ਸਤਲੁਜ ਦਾ ਪੁਰਾਣਾ ਵਹਿਣ ਕਿਹਾ ਹੋਵੇਗਾ। ਪੂਰਬੀ ਨੈਵਾਲ ਦਾ ਵਹਿਣ ਚੋਆ ਨਦੀ ਦੇ ਨੇੜੇ-ਤੇੜੇ ਦਾ ਵਹਿਣ ਬਣਦਾ ਹੈ। ਜਰਗੜੀ ਤੋਂ ਚਨਾਰਥਲ ਦੇ ਵਿਚਕਾਰ ਡੱਬਵਾਲੀ ਜਾਂ ਕੇਂਦਰੀ ਨੈਵਾਲ, ਪੂਰਬੀ ਨੈਵਾਲ, ਸਰਹਿੰਦ ਨਦੀ ਅਤੇ ਚੋਆ ਨਦੀ ਵਰਗੇ ਵਹਿਣ ਇੱਕ-ਦੂਜੇ ਤੋਂ ਬਹੁਤੀ ਦੂਰ ਨਹੀਂ ਸਨ। ਇਹ ਸਾਰੇ ਵਹਿਣ ਤਕਰੀਬਨ ਚਾਲੀ ਕਿਲੋਮੀਟਰ ਦੇ ਅੰਦਰ ਅੰਦਰ ਵਹਿੰਦੇ ਸਨ। ਨੈਵਾਲਾਂ ਬਾਬਤ ਵੱਖਰੇ ਲੇਖ ਵਿੱਚ ਚਰਚਾ ਕਰਾਂਗੇੇ ਜਿਨ੍ਹਾਂ ਬਾਰੇ ਮਸ਼ਹੂਰ ਹੈ ਕਿ ਇਹ ਰੋਪੜ ਨੇੜਿਉਂ ਸਤਲੁਜ ਵਿੱਚੋਂ ਨਿਕਲਦੀਆਂ ਸਨ ਅਤੇ ਸਾਰਾ ਮਾਲਵਾ ਪਾਰ ਕਰ ਕੇ ਘੱਗਰ-ਹਾਕੜਾ ਵਾਦੀ ਵਿੱਚ ਮਿਲ ਜਾਂਦੀਆਂ ਸਨ। ਇਨ੍ਹਾਂ ਨੈਵਾਲਾਂ ਨੂੰ ਸਤਲੁਜ ਦੀ ਵਹਿਣ ਬਦਲੀ ਦੇ ਵੱਖਰੇ ਵੱਖਰੇ ਪੜਾਵਾਂ ਨਾਲ ਜੋੜਿਆ ਜਾਂਦਾ ਹੈ।
ਚੋਆ ਨਦੀ ਦੇ ਵਹਿਣ ਨੂੰ ਰੋਪੜ-ਸੰਘੋਲ-ਸਰਹਿੰਦ ਧੁਰੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਹ ਧੁਰੀ ਨੀਵੀਂ ਧਰਤੀ ਵਜੋਂ ਗਿਣੀ ਜਾਂਦੀ ਹੈ। ਚਮਕੌਰ-ਖੁਮਾਣੋ-ਨੰਗਲਾਂ-ਭਾਮੀਆਂ-ਬਡਲਾ-ਫ਼ਤਹਿਗੜ੍ਹ ਨਿਊਆਂ ਤੋਂ ਮੰਡੀ ਗੋਬਿੰਦਗੜ੍ਹ ਤੱਕ ਇਸ ਨੀਵੀਂ ਧਰਤੀ ਨੂੰ ਢਾਹੇ ਦੇ ਇਲਾਕੇ ਵਿੱਚ ਮੰਨਿਆ ਜਾਂਦਾ ਹੈ। ਸੰਨ 1988 ਦੇ ਹੜ੍ਹਾਂ ਵਿੱਚ ਇਸ ਧੁਰੀ ਤੋਂ ਮਣਾਂਮੂੰਹੀ ਪਾਣੀ ਵਗਦਾ ਦੇਖਿਆ ਗਿਆ ਸੀ। ਇਸੇ ਕਰਕੇ ਪਾਣੀਆਂ ਦੇ ਖੋਜੀਆਂ ਤੋਂ ਲੈ ਕੇ ਜੇ.ਐੱਸ. ਗਰੇਵਾਲ ਵਰਗੇ ਇਤਿਹਾਸਕਾਰ ਦਾਅਵਾ ਕਰਦੇ ਹਨ ਕਿ ਸਤਲੁਜ ਪਹਿਲਾਂ ਰੋਪੜ ਤੋਂ ਲਠੇੜੀ-ਸੰਘੋਲ-ਸਰਹਿੰਦ ਤੋਂ ਪਟਿਆਲੇ ਵੱਲ ਵਗਦਾ ਸੀ। ਪੁਰਾਣਾ ਦਰਿਆ ਜਾਂ ਚੋਆ ਨਦੀ ਦਾ ਸੰਬੰਧ ਰੋਪੜ-ਚਮਕੌਰ-ਸੰਘੋਲ-ਸਰਹਿੰਦ ਵੱਲ ਆਉਂਦੇ ਟਿੱਬਿਆਂ ਰੂਪੀ ਵਹਿਣ ਨਾਲ ਜੋੜਿਆ ਜਾਂਦਾ ਹੈ। ਉਂਝ ਪੂਰਬੀ ਨੈਵਾਲ ਵੀ ਇਹਦੀ ਬਰਾਬਰ ਉਮੀਦਵਾਰ ਬਣਦੀ ਹੈ ਪਰ ਪੂਰਬੀ ਨੈਵਾਲ ਮੰਡੀ ਗੋਬਿੰਦਗੜ੍ਹ ਦੇ ਪੱਛਮ ਤੋਂ ਭੀਖੀ ਵੱਲ ਜਾਂਦੀ ਸੀ। ਰੋਪੜ-ਸਰਹਿੰਦ-ਟੋਹਾਣਾ ਵਹਿਣ ਅਤੇ ਧੁਰੀ ਨੂੰ ਸਿੱਧ ਕਰਨ ਲਈ ਹਵਾਲਾ ਦਿੱਤਾ ਜਾਂਦਾ ਹੈ ਕਿ ਸਤਲੁਜ ਦਾ ਪੁਰਾਣਾ ਵਹਿਣ ਰੋਪੜ ਤੋਂ ਟੋਹਾਣਾ ਤੱਕ ਜਾਂਦਾ ਹੈ। ਗੁਰਦੇਵ ਸਿੰਘ ਗੋਸਲ ਦੇ ਲੇਖ ਤੋਂ ਇਹ ਹਵਾਲਾ ਲਿਆ ਜਾਂਦਾ ਹੈ। ਉਹਨੇ ਇਹ ਲੇਖ 1952 ਵਿੱਚ ਜਿਉਗਰਾਫਰ ਰਸਾਲੇ ਲਈ ਲਿਖਿਆ ਸੀ। ਗੋਸਲ ਦਾ ਮੰਨਣਾ ਹੈ ਕਿ ਰੋਪੜ ਤੋਂ ਸਤਲੁਜ ਦਾ ਕੁਦਰਤੀ ਵਹਿਣ ਦੱਖਣ ਵੱਲ ਨੂੰ ਬਣਦਾ ਹੈ। ਇਹ ਰੋਪੜ ਤੋਂ ਟੋਹਾਣਾ ਤੱਕ ਹਾਕੜਾ-ਘੱਗਰ ਦੇ ਸੁੱਕੇ ਵਹਿਣ ਤੱਕ ਜਾਂਦਾ ਦਿਖਾਈ ਦਿੰਦਾ ਹੈ। ਰੋਪੜ ਦੇ ਨੇੜਿਉਂ ਨੀਵੀਂ ਧਰਤੀ ਰੂਪੀ ਵਾਦੀ ਸ਼ੁਰੂ ਹੁੰਦੀ ਹੈ ਅਤੇ ਖੁਮਾਣੋ-ਸੰਘੋਲ-ਬੱਸੀ ਪਠਾਣਾ ਦੇ ਨੇੜਿਉਂ ਹੁੰਦੀ ਹੋਈ, ਸਰਹਿੰਦ ਦੇ ਪੱਛਮ ਤੋਂ ਹੋ ਕੇ ਟੋਹਾਣਾ ਤੱਕ ਜਾਂਦੀ ਹੈ। ਹੜ੍ਹਾਂ ਦੌਰਾਨ ਇਹ ਧਰਤੀ ਦਰਿਆ ਵਾਂਗ ਦਿਖਾਈ ਦਿੰਦੀ ਹੈ। ਚੋਆ ਨਦੀ ਇਸ ਨੀਵੀਂ ਧਰਤੀ ਦਾ ਹਿੱਸਾ ਹੈ। ਉਂਝ ਸਰਹਿੰਦ ਨਦੀ ਅਤੇ ਪਟਿਆਲਵੀ ਨਦੀ ਦੇ ਕੁਝ ਹਿੱਸੇ ਇਸ ਨੀਵੀਂ ਧਰਤੀ ਦੇ ਖਿੱਤੇ ਵਿੱਚ ਆਉਂਦੇ ਹਨ।
ਬਹਿਸ ਹੈ ਕਿ ਘੱਗਰ ਅਤੇ ਚੋਆ ਨਦੀ ਵਿੱਚੋਂ ਕਿਹੜਾ ਵਹਿਣ ਵੱਡਾ ਸੀ। ਜ਼ਿਲ੍ਹਾ ਹਿਸਾਰ ਦਾ ਗਜ਼ਟੀਅਰ (1978-79) ਚੋਆ ਨਦੀ ਨੂੰ ਘੱਗਰ ਤੋਂ ਵੱਡੀ ਮੰਨਦਾ ਹੈ। ਚੋਆ ਨਦੀ ਘੱਗਰ ਦੇ ਮੁਕਾਬਲੇ ਛੋਟੀ ਨਦੀ ਕਿਵੇਂ ਬਣੀ ਅਤੇ ਹੁਣ ਵਾਲੇ ਰੂਪ ਤੱਕ ਕਿਵੇਂ ਪਹੁੰਚੀ? ਗਜ਼ਟੀਅਰ ਨੇ ਇਹਦਾ ਖ਼ੁਲਾਸਾ ਕੀਤਾ ਹੈ, ‘‘ਜੋਆ ਨਦੀ (ਚੋਆ ਨਦੀ) ਸੰਗਰੂਰ ਜ਼ਿਲ੍ਹੇ ਦੇ ਫੂਲਦ ਤੋਂ 8 ਕਿਲੋਮੀਟਰ ਉੱਤਰ ਵਿੱਚ (ਚੰਦੋ ਕੋਲ) ਘੱਗਰ ਵਿੱਚੋਂ ਨਿਕਲਦੀ ਹੈ। (ਅਸਲ ਵਿੱਚ ਘੱਗਰ ਨਾਲ ਮਿਲ ਕੇ ਦੁਬਾਰਾ ਵੱਖ ਹੋ ਜਾਂਦੀ ਹੈ।) ਇਹ ਵਹਿਣ ਘੱਗਰ ਤੋਂ ਵੱਡਾ ਸੀ। ਕਿਹਾ ਜਾਂਦਾ ਹੈ ਕਿ ਇਹ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚੋਂ ਵਹਿੰਦਾ ਹੋਇਆ ਸਿਰਸਾ ਜ਼ਿਲ੍ਹੇ ਵਿੱਚ ਦੁਬਾਰਾ ਘੱਗਰ ਵਿੱਚ ਮਿਲ ਜਾਂਦਾ ਸੀ। ਚੋਆ ਨਦੀ ਦੇ ਦੱਖਣ ਵਿੱਚ ਸੁੱਕਾ ਵਹਿਣ ‘ਸੁੱਕਰ ਜਾਂ ਸਕਰੂ’ ਸੀ। ਚੋਆ ਨਦੀ ਹੌਲੀ ਹੌਲੀ ਸਿਰਸੇ ਤੱਕ ਪਾਣੀ ਲਿਜਾਣ ਤੋਂ ਰੁਕ ਗਈ ਅਤੇ ਘੱਗਰ ਦੇ ਮੁਕਾਬਲੇ ਛੋਟੀ ਨਦੀ ਬਣ ਗਈ। ਇਹਦਾ ਮੁਹਾਣ ਗਾਰੇ ਨਾਲ ਭਰਨ ਕਰਕੇ ਇਹ ਵਾਪਰਿਆ। ਫਿਰੋਜ਼ ਤੁਗਲਕ ਨੇ ਇਸ ਵਹਿਣ ਨੂੰ ਨਹਿਰ ਬਣਾ ਕੇ ਫਤਿਆਬਾਦ ਕਸਬੇ ਤੱਕ ਲਿਆਂਦਾ। 19ਵੀਂ ਸਦੀ ਵਿੱਚ ਰੰਗੋਈ ਨਾਲਾ ਪੁੱਟ ਕੇ ਘੱਗਰ ਦਾ ਵਾਧੂ ਪਾਣੀ ਵਰਤਣ ਲਈ ਚੋਆ ਨਦੀ ਅਤੇ ਘੱਗਰ ਨੂੰ ਜੋੜ ਦਿੱਤਾ ਗਿਆ। ਫਿਰ ਪੁਰਾਣੇ ਚੋਆ ਵਹਿਣ ਨੂੰ ਵੀ ਕਲੰਦਰਗੜ੍ਹ ਤੋਂ ਹੇਠਾਂ ਨਹਿਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਰੰਗੋਈ ਨਾਲਾ ਘੱਗਰ ਦੇ ਉਛਲੇ ਪਾਣੀ ਨਾਲ ਟੋਹਾਣਾ ਅਤੇ ਫਤਿਆਬਾਦ ਤਹਿਸੀਲਾਂ ਦੇ ਕੁਝ ਇਲਾਕੇ ਸਿੰਜਦਾ ਸੀ।’’
ਦੂਜੇ ਪਾਸੇ ਘੱਗਰ ਵਾਦੀ ਦੇ ਜ਼ਮੀਨੀ ਸਰਵੇਖਣ ਇਸ਼ਾਰਾ ਕਰਦੇ ਹਨ ਕਿ ਘੱਗਰ ਵੱਖਰੀਆਂ ਵੱਖਰੀਆਂ ਥਾਵਾਂ ਉੱਤੇ ਵੱਖਰੇ ਵੱਖਰੇ ਵਹਿਣਾਂ ਵਿੱਚ ਵੰਡਿਆ ਜਾਂਦਾ ਸੀ। ਕਈ ਵਹਿਣ ਘੱਗਰ ਵਿੱਚ ਮਿਲਦੇ ਸਨ ਪਰ ਅੱਗੇ ਜਾ ਕੇ ਵੱਖਰੇ ਹੋ ਜਾਂਦੇ ਸਨ। ਘੱਗਰ ਵਿੱਚ ਪੰਜ ਨਦੀਆਂ ਮਿਲਦੀਆਂ ਅਤੇ ਮੁੜ ਵੱਖਰੀਆਂ ਹੋ ਜਾਂਦੀਆਂ ਸਨ। ਇਸ ਕਰਕੇ ਘੱਗਰ ਦਾ ਨਾਮ ਪੰਚਨਦ ਸੀ। ਉਂਝ, ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜਿਹਲਮ ਦੀ ਸਾਂਝੀ ਧਾਰਾ ਨੂੰ ਪੰਚਨਦ ਕਿਹਾ ਜਾਂਦਾ ਹੈ।
ਚੋਆ ਨਦੀ ਜਾਂ ਝੰਬਵਾਲੀ ਚੋਅ ਮੂਨਕ ਕੋਲ ਘੱਗਰ ਵਿੱਚ ਡਿੱਗਦਾ ਸੀ ਜਾਂ ਘੱਗਰ ਚੋਆ ਨਦੀ ਵਿੱਚ ਡਿੱਗਦਾ ਸੀ। ਕੁਝ ਦੂਰੀ ਬਾਅਦ ਚੋਆ ਨਦੀ ਫਿਰ ਵੱਖਰੀ ਹੋ ਜਾਂਦੀ ਸੀ ਅਤੇ ਸਿਰਸੇ ਜ਼ਿਲ੍ਹੇ ਵਿੱਚ ਦੁਬਾਰਾ ਘੱਗਰ ਨਾਲ ਮੇਲ ਹੋ ਜਾਂਦਾ ਸੀ। ਹੁਣ ਚੋਆ ਨਦੀ ਦਾ ਵਹਿਣ ਬਦਲ ਚੁੱਕਿਆ ਹੈ। ਇਸ ਨਦੀ ਦੀ ਬਚੀ-ਖੁਚੀ ਨਿਸ਼ਾਨੀ ਝੰਬਵਾਲੀ ਚੋਅ ਦਾ ਮੌਜੂਦਾ ਵਹਿਣ ਚਨਾਰਥਲ ਕਲਾਂ-ਦੰਦਰਾਲਾ ਖਰੌੜ-ਖੇੜੀ ਮਾਨੀਆਂ (ਨੇੜੇ ਪਟਿਆਲਾ)-ਧਰਮਕੋਟ-ਦਦਹੇੜਾ-ਕਲਿਆਣ-ਬਿਸ਼ਨਪੁਰ ਛੰਨਾਂ-ਰਾਜਗੜ੍ਹ-ਮਹਿਮੂਦਪੁਰ-ਤਰੌੜਾ ਖੁਰਦ-ਲਲੌਛੀ-ਫ਼ਤਹਿ ਮਾਜਰੀ-ਕਾਹਨਗੜ੍ਹ ਭੂਤਨਾਂ-ਸਮਾਣਾ-ਭੇਦਪੁਰੀ-ਦੋਦੜਾ-ਸਹਿਜਪੁਰ ਕਲਾਂ-ਧਰਮਗੜ੍ਹ-ਬੁਜਰਕ-ਖੇੜੀ ਨਾਗਿਆਂ-ਬਰਾਸ (ਨੇੜੇ ਦਿੜ੍ਹਬਾ)-ਢੁਹਾਰ (ਨੇੜੇ ਘੱਗਾ)-ਦੁੱਗਾਲ ਕਲਾਂ-ਪਾਤੜਾਂ-ਦੇਵਗੜ੍ਹ-ਹਰਿਆਊ ਕਲਾਂ-ਖਾਨੇਵਾਲ-ਨਵਾਂ ਗਾਉਂ-ਚੰਦੂ (ਨੇੜੇ ਮੂਨਕ) ਹੈ।
ਚੋਆ ਨਦੀ ਦੇ ਕੰਢੇ ਥੇਹਾਂ (Ancient sites)
ਇਸ ਨਦੀ ਕੰਢੇ ਕਈ ਕਦੀਮੀ ਥੇਹਾਂ (Ancient sites) ਦੀ ਨਿਸ਼ਾਨਦੇਹੀ ਹੋਈ ਹੈ। ਬਹੁਤੀਆਂ ਥੇਹਾਂ ਪਿਛਲੇਰੇ ਹੜੱਪਾ ਕਾਲ (ਲੇਟਰ ਹੜੱਪਨ) ਨਾਲ ਸਬੰਧਿਤ ਹਨ। ਭੋਰੇ ਪਿੰਡ ਦੀ ਥੇਹ ਸਿਖ਼ਰਲੇ ਹੜੱਪਾ ਕਾਲ (ਮੈਚਿਊਰ ਹੜੱਪਨ) ਨਾਲ ਜੁੜੀ ਹੋਈ ਹੈ। ਇਹ ਥੇਹਾਂ ਉਸ ਹਿਜਰਤ ਦੀਆਂ ਗਵਾਹ ਹਨ, ਜਦੋਂ ਹੜੱਪਾ ਸ਼ਹਿਰਾਂ ਦੀ ਤਬਾਹੀ ਤੋਂ ਬਾਅਦ ਹੜੱਪਾ ਲੋਕਾਂ ਨੇ ਰਾਜਸਥਾਨ ਰਾਹੀਂ ਮਾਲਵੇ ਅਤੇ ਪੁਆਧ ਵੱਲ ਵਧਣਾ ਸ਼ੁਰੂ ਕੀਤਾ ਸੀ।
ਚਨਾਰਥਲ ਕਲਾਂ, ਰੋੜੇਵਾਲ, ਦੰਦਰਾਲਾ, ਕਲਿਆਣ, ਸ਼ੇਖੂਪੁਰਾ, ਦਦਹੇੜਾ, ਮੰਦੌਰ, ਬਿਸ਼ਨਪੁਰ ਛੰਨਾ, ਰੋੜੇਵਾਲ-2, ਧਬਲਾਨ, ਰਾਜਗੜ੍ਹ, ਖੇੜੀ ਗੌਰੀਆਂ, ਖੇੜਾ (ਖੇੜੀ ਗੌਰੀਆਂ ਦੇ ਨੇੜੇ ਹੈ; ਇਹ ਖੇੜਾ ਜੱਟਾਂ ਵੀ ਹੋ ਸਕਦਾ ਹੈ ਜੋ ਪਟਿਆਲਾ ਕੀ ਰੌ ਦੇ ਕੰਢੇ ਹੈ), ਭੋਰੇ, ਉੱਚਾ ਗਾਉਂ, ਲਲੌੜ-ਇੱਛਾਵਾਲ, ਬਨੇੜਾ, ਭਰੋ ਜਾਂ ਭੜੋ ਅਤੇ ਮੂਨਕ।