ਪ੍ਰਿੰ: ਸਰਵਣ ਸਿੰਘ
ਕਾਰਪੋਰੇਟੀ ਸਿਸਟਮ ਦੀ ਕਾਰਸਤਾਨੀ ਵੇਖੋ ਕਿ ਪੰਜਾਬ ਦਾ ਪਾਣੀ ਪਤਾਲ ਵੱਲ ਨੂੰ ਨਿੱਘਰੀ ਜਾ ਰਿਹੈ ਤੇ ਇਮਾਰਤਾਂ ਆਕਾਸ਼ ਵੱਲ ਨੂੰ ਉੱਸਰੀ ਜਾ ਰਹੀਐਂ! ਕਦੇ ਕਹਾਵਤ ਸੀ, “ਪੱਤੋ ਦੇ ਸ਼ੁਕੀਨ ਬੋਝੇ `ਚ ਗਾਜਰਾਂ।” ਉਹ ਕਹੌਤ ਹੁਣ ਪੂਰੇ ਪੰਜਾਬ `ਤੇ ਢੁੱਕਦੀ ਲੱਗਦੀ ਹੈ। ਹੁਣ ਤਾਂ ਸਾਡੇ ਸਾਧਾਰਨ ਪੇਂਡੂ ਭਰਾ ਵੀ ਫੋਕੀਆਂ ਟੌਅ੍ਹਰਾਂ ਨੇ ਪੱਟ ਛੱਡੇ ਨੇ। ਨਿੱਤ ਨਵੀਂ ਰੀਸ ਦੀ ਘੜੀਸ ਹੋ ਰਹੀ ਹੈ। ਸਿੱਟੇ ਵਜੋਂ ਹਾਲਤ ਉਸ ਅਖੌਤ ਵਾਲੀ ਹੋਈ ਪਈ ਹੈ, “ਵੇਖੋ ਜੱਟ ਦੀ ਅਕਲ ਗਈ, ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋ ਗਿਆ ਲਿੱਦ ਚੱਕਣੀ ਪਈ।” ਕਈ ਸ਼ੁਕੀਨ ‘ਕਿਸੇ ਤੋਂ ਘੱਟ ਨਾ ਰਹਿਣ’ ਦੀ ਭੇਡ ਚਾਲ ਵਿਚ ਈ ਜ਼ਮੀਨਾਂ ਵੇਚ ਕੇ ਕੋਠੀਆਂ ਬਣਾਈ ਜਾਂਦੇ ਹਨ। ਕਹਿੰਦੇ ਹਨ, “ਜ਼ਮੀਨ ਤਾਂ ਕੋਈ ਮਗਰੋਂ ਦੇਖੂ, ਕੋਠੀ ਪਹਿਲਾਂ ਦਿਸੂ!” ਕੋਈ ਕਹਿੰਦਾ ਹੈ, “ਪੈਸਾ ਕਿਹੜਾ ਕਿਸੇ ਨੂੰ ਦਿਸਦੈ? ਕੋਠੀ ਤਾਂ ਅੰਨ੍ਹਿਆਂ ਨੂੰ ਵੀ ਦੀਂਹਦੀ ਐ!”
ਹਜ਼ਾਰਾ ਸਿੰਘ ਰਮਤਾ ਜਟਕਾ ਕਵੀ ਸੀ। ਉਸ ਨੇ ਇਕ ਵਾਰ ਜਟਕੀ ਗੱਲ ਸੁਣਾਈ। ਅਖੇ ਬਾਣੀਏਂ ਦੀ ਲਾਟਰੀ ਨਿਕਲ ਆਵੇ ਤਾਂ ਉਹ ਇਕ ਦੁਕਾਨ ਹੋਰ ਖੋਲ੍ਹ ਲੈਂਦੈ। ਅੰਗਰੇਜ਼ ਨੂੰ ਚੈੱਕ ਮਿਲ ਜਾਵੇ ਤਾਂ ਉਹ ਸੈਰਸਪਾਟੇ ਦਾ ਇਕ ਟੂਰ ਹੋਰ ਬਣਾ ਲੈਂਦੈ। ਮੁਸਲਮਾਨ ਨੂੰ ਕਿਤੋਂ ਪੈਸੇ ਮਿਲ ਜਾਣ ਤਾਂ ਉਹ ਇਕ ਵਿਆਹ ਹੋਰ ਕਰਾ ਲੈਂਦੈ। ਜੱਟ ਨੂੰ ਭਾਵੇਂ ਕਰਜ਼ਾ ਚੁੱਕ ਕੇ ਈ ਪੈਸੇ ਮਿਲੇ ਹੋਣ ਉਹ ਇਕ ਕਤਲ ਹੋਰ ਕਰ ਦਿੰਦੈ! ਰਮਤੇ ਦੀ ਗੱਲ `ਚ ਬੱਸ ਏਨਾ ਵਾਧਾ ਕਰਨ ਦੀ ਲੋੜ ਹੈ ਕਿ ਜੱਟ ਜਦੋਂ ਦੇ ‘ਬਾਹਰ’ ਦੇ ‘ਐਨਆਈਆਰ’ ਬਣੇ ਹਨ ਉਦੋਂ ਤੋਂ ਉਹ ਕਾਫੀ ‘ਸੁਧਰ’ ਗਏ ਹਨ। ਹੁਣ ਉਹ ਕਮਾਏ ਪੌਂਡਾਂ ਤੇ ਡਾਲਰਾਂ ਨਾਲ ਕਿਸੇ ਦਾ ਕਤਲ ਕਰ ਕੇ ‘ਸੂਰਮੇ’ ਵੱਜਣ ਦੀ ਥਾਂ ਆਪਣੇ ਪਿੰਡਾਂ ਵਿਚ ਚੜ੍ਹਦੇ ਤੋਂ ਚੜ੍ਹਦੀਆਂ ਕੋਠੀਆਂ ਪਾ ਕੇ ‘ਫੰਨੇ ਖਾਂ’ ਕਹਾਉਣ ਲੱਗ ਪਏ ਹਨ। ਉਂਜ ਡਰ ਇਹੀ ਹੈ, ਕਿਤੇ ਵੱਟਾਂ ਬੰਨਿਆਂ ਦੇ ਕਤਲਾਂ ਵਾਂਗ ਭਵਿੱਖ `ਚ ਕੋਠੀਆਂ ਪਿੱਛੇ ਕਤਲ ਨਾ ਹੋਣ ਲੱਗ ਪੈਣ!
ਪੰਜਾਬ ਦੇ ਪਿੰਡਾਂ ਨੂੰ ਉਤੋਂ ਉਤੋਂ ਵੇਖੀਏ ਤਾਂ ਬੜੇ ਰੱਜੇ ਪੁੱਜੇ ਦਿਸਦੇ ਹਨ ਪਰ ਅੰਦਰੋਂ ਕਰਜ਼ੇ ਦੇ ਖਾਧੇ ਪੀਤੇ ਪਏ ਹਨ। ਕੋਠੀਆਂ `ਚ ਸੰਗ ਮਰਮਰ ਲੱਗੀ ਜਾਂਦਾ ਹੈ ਬਾਹਰ ਬਰਬਰ ਉੱਡੀ ਜਾਂਦੀ ਹੈ। ਜਿਨ੍ਹਾਂ ਬੱਚਿਆਂ ਲਈ ਦੁਹਾਸਵੇਂ ਤਿਹਾਸਵੇਂ ਛੱਤੇ ਜਾ ਰਹੇ ਹਨ ਉਨ੍ਹਾਂ ਨੇ ਉਹਨਾਂ ਵਿਚ ਰਹਿਣਾ ਨਹੀਂ ਤੇ ਜਿਹੜੇ ਉਮਰ ਭਰ ਦੀ ਕਮਾਈ ਲਾ ਰਹੇ ਹਨ ਉਹ ਆਪਣੀ ਹੋਂਦ ਜਤਲਾਉਣ ਤੇ ਹਉਂ ਵਿਖਾਉਣ ਲਈ ਹੀ ਹੂਲੇ ਫੱਕ ਰਹੇ ਹਨ। ਹਾਂ ਇਹ ਗੱਲ ਜ਼ਰੂਰ ਹੈ, ਜਿਹੜੇ ਭਈਏ ਮਜ਼ਦੂਰ ਬਣ ਕੇ ਪੰਜਾਬ ਦੀਆਂ ਕੋਠੀਆਂ ਉਸਾਰ ਰਹੇ ਹਨ ਆਖ਼ਰ ਉਹਨਾਂ ਨੇ ਹੀ ਉਹ ‘ਸਾਂਭਣੀਆਂ’ ਹਨ। ਬਹੁਤ ਸਾਰੀਆਂ ਕੋਠੀਆਂ ਉਹ ‘ਸਾਂਭ’ ਵੀ ਰਹੇ ਹਨ। ਉਹ ਕੋਠੀਆਂ ਉਤੇ ਪੱਕੇ ਕਬਜ਼ੇ ਕਰ ਲੈਣ ਤਾਂ ਕੋਈ ਅਲੋਕਾਰ ਗੱਲ ਨਹੀਂ ਹੋਵੇਗੀ। ਉਸਾਰੀਆਂ ਜੁ ਉਨ੍ਹਾਂ ਨੇ ਹਨ। ਜੇ ਪੰਜਾਬੀਆਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਵਿਦੇਸ਼ਾਂ `ਚ ਈ ਵਸ ਜਾਣਾ ਹੈ ਤਾਂ ਭਈਆਂ ਦਾ ਦਾਅ ਲੱਗ ਈ ਜਾਣੈ। ਉਹ ਉਨ੍ਹਾਂ ਦੇ ਉਸਾਰੇ ਮਹਿਲ ਸੁੰਨੇ ਕਿਉਂ ਰਹਿਣ ਛੱਡਣਗੇ?
ਮੈਂ ਢੁੱਡੀਕੇ ਕਾਲਜ ਵਿਚ ਤੀਹ ਕੁ ਸਾਲ ਪੜ੍ਹਾਇਆ। ਆਪਣੇ ਪਿੰਡ ਚਕਰੋਂ ਨਿੱਤ ਵੀਹ ਕਿਲੋਮੀਟਰ ਆਉਣ ਜਾਣ ਦੀ ਥਾਂ ਅਸੀਂ ਢੁੱਡੀਕੇ ਦੇ ਕੈਨੇਡਾ/ਅਮਰੀਕਾ ਰਹਿੰਦੇ ਮਾਲਕਾਂ ਦੀਆਂ ਬਣਾਈਆਂ ਖੁੱਲ੍ਹੀਆਂ ਡੁੱਲ੍ਹੀਆਂ ਕੋਠੀਆਂ ਵਿਚ ਰਹੇ। ਕੋਈ ਕਿਰਾਇਆ ਨਹੀਂ, ਭਾੜਾ ਨਹੀਂ ਅਤੇ ਮਕਾਨ ਦੀ ਮੁਰੰਮਤ ਤੇ ਰੰਗ ਰੋਗਨ ਦਾ ਵੀ ਕੋਈ ਫਿਕਰ ਨਹੀਂ। ਕੋਠੀਆਂ ਪਾਉਣ ਵਾਲਿਆਂ ਨੂੰ ਇਸ ਕਰਕੇ ਕੋਈ ਫਿਕਰ ਨਹੀਂ ਸੀ ਕਿ ਉਨ੍ਹਾਂ ਦੀਆਂ ਕੋਠੀਆਂ ਅਸੀਂ ਮੁਫ਼ਤ ਵਿਚ ‘ਸੰਭਾਲੀਆਂ’ ਹੋਈਆਂ ਸਨ। ਭਈਆਂ ਨੂੰ ਸੰਭਾਲਦੇ ਤਾਂ ਪੈਸੇ ਦੇਣੇ ਪੈਂਦੇ। ਵਿਚੋਂ ਮੈਂ ਤੇ ਮੇਰੀ ਪਤਨੀ ਅਮਰੀਕਾ ਗਏ ਤਾਂ ਅਮਰੀਕਾ ਵਾਲਿਆਂ ਨੇ ਜ਼ੋਰ ਪਾ ਕੇ ਕਿਹਾ, “ਕੈਨੇਡਾ ਵਾਲਿਆਂ ਦਾ ਮਕਾਨ ਤਾਂ ਤੁਸੀਂ ਬਹੁਤ ਚਿਰ ਸੰਭਾਲ ਲਿਐ, ਹੁਣ ਸਾਡਾ ਵੀ ਸਾਂਭੋ!” ਬਰਨਾਰਡ ਸ਼ਾਅ ਦੀ ਗੱਲ ਸੱਚੀ ਸਾਬਤ ਹੋਈ ਕਿ ‘ਮੂਰਖ’ ਮਕਾਨ ਬਣਾਉਂਦੇ ਹਨ, ‘ਸਿਆਣੇ’ ਉਨ੍ਹਾਂ `ਚ ਰਹਿੰਦੇ ਹਨ।
ਪਿਛਲੇ ਪੰਜਾਹ ਸੱਠ ਸਾਲਾਂ ਵਿਚ ਪੰਜਾਬ ਦੇ ਪਿੰਡਾਂ ਦੀ ਨੁਹਾਰ ਬਹੁਤ ਬਦਲੀ ਹੈ। ਮੈਂ ਕੱਚੇ ਕੋਠਿਆਂ, ਛੱਪਰਾਂ ਤੇ ਛੱਤੜਿਆਂ ਵਾਲੇ ਪਿੰਡ ਵੇਖੇ ਹਨ। ਅੱਜ ਪੰਜਾਬ ਦੇ ਪਿੰਡਾਂ ਦਾ ਮੁਹਾਂਦਰਾ ਹੀ ਹੋਰ ਹੈ। ਪਿੰਡਾਂ ਵਿਚ ਕੋਠੀਆਂ ਉਸਾਰਨ ਦੀ ਦੌੜ ਲੱਗੀ ਹੋਈ ਹੈ ਜਿਨ੍ਹਾਂ `ਚ ਬਹੁਤੀਆਂ ਵਿਦੇਸ਼ ਗਏ ਵਿਅਕਤੀਆਂ ਦੀਆਂ ਹਨ। ਕਿਸੇ ਕੋਠੀ ਉਤੇ ਬਣਾਈ ਪਾਣੀ ਦੀ ਟੈਂਕੀ ਨੂੰ ਹਵਾਈ ਜਹਾਜ਼ ਦਾ ਰੂਪ ਦੇ ਦਿੱਤਾ ਗਿਐ, ਕਿਸੇ `ਤੇ ਟ੍ਰੈਕਟਰ ਤੇ ਕਿਸੇ ਉਤੇ ਕਾਰ ਚੜ੍ਹਾ ਦਿੱਤੀ ਗਈ ਹੈ। ਕਿਸੇ ਨੇ ਬਾਜ ਬਣਾਇਆ ਹੈ, ਕਿਸੇ ਨੇ ਸ਼ੇਰ। ਕੋਈ ਫੁੱਟਬਾਲ ਬਣਾਈ ਬੈਠਾ ਹੈ, ਕੋਈ ਭਾਰ ਚੁੱਕਦਾ ਹੋਇਆ ਵੇਟਲਿਫਟਰ। ਕਿਸੇ ਨੇ ਕਬੂਤਰ ਤੇ ਕਿਸੇ ਨੇ ਮੁਰਗਾ ਬਣਾਉਣ ਦਾ ਸ਼ੌਕ ਪਾਲਿਆ ਹੈ। ਸਾਡੇ ਪਿੰਡ ਦੀ ਇਕ ਕੋਠੀ ਉਤੇ ਗੈਸ ਸਿਲੰਡਰ ਦੇ ਵੱਡੇ ਆਕਾਰ ਦੀ ਟੈਂਕੀ ਬਣਾਈ ਗਈ ਹੈ। ਇਕ ਟੈਂਕੀ ਮੈਂ ਬੰਦੂਕ ਫੜੀ ਖੜ੍ਹੇ ਫੌਜੀ ਦੀ ਵੇਖੀ ਤੇ ਇਕ ਤੀਰ ਕਮਾਨ ਚਲਾਉਂਦੇ ਜੋਧੇ ਦੀ। ਹੋ ਸਕਦੈ ਕਿਸੇ ਕੋਠੀ ਦੀ ਟੈਂਕੀ ਤਾਜ ਮਹੱਲ ਵਰਗੀ ਵੀ ਹੋਵੇ। ਕੋਠੀ ਬਣਾਉਣ ਵਾਲੇ ਦੀ ਦਿਲੀ ਰੀਝ ਇਹੋ ਹੁੰਦੀ ਹੈ ਕਿ ਦੇਖਣ ਵਾਲੇ ਦੰਗ ਰਹਿ ਜਾਣ ਤੇ ਕੋਠੀ ਦੀ ਸਿਫਤ ਸਲਾਹ ਕਰਨ। ‘ਗਾਹਾਂ ਨੂੰ ਕੋਠੀ `ਚ ਰਹਿਣ ਰੂਹਣ ਦੀਆਂ ਗੱਲਾਂ ਕੌਣ ਪੁੱਛਦੈ?
ਕਦੇ ਜਲੰਧਰੋਂ ਰੋਪੜ ਵੱਲ ਚੱਲੋ। ਪਿੰਡਾਂ `ਚ ਚੜ੍ਹਦੀਆਂ ਤੋਂ ਚੜ੍ਹਦੀਆਂ ਕੋਠੀਆਂ ਦੇ ਨਜ਼ਾਰੇ ਦਿਸਣਗੇ। ਨਵਾਂਸ਼ਹਿਰ ਵੱਲ ਵਧੋਗੇ ਤਾਂ ਪੰਜਾਹ ਸੱਠ ਲੱਖ ਤੋਂ ਲੈ ਕੇ ਕਰੋੜ ਦੋ ਕਰੋੜ ਦੀਆਂ ਕੋਠੀਆਂ ਦੇ ਝਲਕਾਰੇ ਪੈਣਗੇ। ਕੋਠੀਆਂ ਪਾਉਣ `ਚ ਤਾਂ ਹੁਣ ਮਾਝਾ ਮਾਲਵਾ ਵੀ ਦੁਆਬਾ ਬਣ ਚੱਲਿਆ ਹੈ। ਹਿਸਾਬੀ ਕਿਤਾਬੀ ਬੰਦੇ ਦੱਸਦੇ ਹਨ ਕਿ ਪੰਜਾਬੀ ਹਰ ਸਾਲ ਕਰੋੜਾਂ ਦੀ ਸ਼ਰਾਬ ਪੀਦੇ ਤੇ ਅਰਬਾਂ ਖਰਬਾਂ ਦੇ ਹੋਰ ਨਸ਼ੇ ਕਰਦੇ ਹਨ। ਏਨੇ ਕੁ ਹੋਰ ਖਰਚੇ ਰੀਸੋ-ਰੀਸੀ ਕੇਵਲ ਵਿਖਾਵੇ ਦੀਆਂ ਕੋਠੀਆਂ, ਕਾਰਾਂ, ਮੈਰਿਜ ਪੈਲਸਾਂ, ਗਹਿਣੇ ਗੱਟੇ, ਡੇਰੇਦਾਰਾਂ ਤੇ ਸਿਆਸੀ ਰੈਲੀਆਂ `ਤੇ ਹੁੰਦੇ ਵੀ ਜੋੜ ਲਓ। ਪੰਜਾਬ ਸਿਰ ਚੜ੍ਹੇ ਤਿੰਨ ਲੱਖ ਦੇ ਕਰਜ਼ੇ ਤੋਂ ਕਿਤੇ ਵੱਧ ਬਣਨਗੇ। ਏਨੇ ਧਨ ਦਾ ਕੋਈ ਉਤਪਾਦਨ ਵੀ ਹੋਇਆ ਹੋਵੇਗਾ ਜਾਂ ਸਾਰਾ ਖਪਤ ਖਾਤੇ ਚਲਾ ਗਿਆ ਹੋਵੇਗਾ? ਅਰਥ ਸ਼ਾਸ਼ਤ੍ਰੀ ਹਿਸਾਬ ਲਾ ਕੇ ਦੱਸਣ। ਏਨਾ ਧਨ ਪੰਜਾਬੀਆਂ ਦੇ ਉਤਪਾਦਕ ਰੁਜ਼ਗ਼ਾਰ ਉਤੇ ਲੱਗੇ ਤਾਂ ਪੰਜਾਬੀ ਬਾਹਰ ਨੂੰ ਕਿਉਂ ਭੱਜਣ? ਰੰਗਲਾ ਪੰਜਾਬ ਕੰਗਲਾ ਕਿਉਂ ਬਣੇ?
ਟੋਰਾਂਟੋ ਵਿਚ ਇਕ ਬੰਦੇ ਨੇ ਹੋਰ ਈ ਗੱਲ ਦੱਸੀ ਅਖੇ ਉਹਦੇ ਨਾਲ ਕੰਮ ਕਰਦੀ ਇਕ ਦੇਸੀ ਸੁਆਣੀ ਆਖੀ ਜਾਵੇ, “ਮੈਂ ਏਧਰੋਂ ਓਧਰੋਂ ਡਾਲਰ` ਕੱਠੇ ਕਰ ਕੇ ਪਿੰਡ ਕੋਠੀ ਪਾ ਆਈ ਆਂ ਤੇ ਸ਼ਰੀਕਾਂ ਦੀ ਪੂਛ ਨੂੰ ਅੱਗ ਲਾ ਆਈ ਆਂ। ਨੱਕ ਰੱਖਣ ਲਈ ਹੁਣ ਦੇਖਿਓ ਸ਼ਰੀਕ ਜ਼ਮੀਨਾਂ ਜਾਇਦਾਦਾਂ ਵੇਚ ਕੇ ਤੀਹ ਤੀਹ ਚਾਲੀ ਚਾਲੀ ਲੱਖ ਦਿੰਦੇ ਤੇ ਮੁੰਡੇ ਕੁੜੀਆਂ ਨੂੰ ਬਾਹਰ ਭੇਜਦੇ!”
ਪੂਛ ਨੂੰ ਅੱਗ ਲਾਉਣੀ ਸ਼ਰੀਕੇ `ਚ ਬੜੀ ਕੁੱਤੀ ਸ਼ੈਅ ਹੈ। ਪਿੰਡਾਂ `ਚ ਜਿਹੜੀਆਂ ਲੱਖਾਂ ਕਰੋੜਾਂ ਦੀਆਂ ਕੋਠੀਆਂ ਵੇਖ ਰਹੇ ਹਾਂ ਇਨ੍ਹਾਂ ਦੇ ਬਹੁਤੇ ਮਾਲਕ ਕਈ ਸਾਲ ਪਹਿਲਾਂ ਤੰਗੀ ਤੁਰਸ਼ੀ ਦੇ ਮਾਰੇ ਪਰਦੇਸਾਂ `ਚ ਖੱਟਣ ਕਮਾਉਣ ਗਏ ਸਨ। ਉਥੇ ਉਨ੍ਹਾਂ ਨੇ ਹਿੱਕ ਡਾਹ ਕੇ ਕਰੜੇ ਤੋਂ ਕਰੜਾ ਕੰਮ ਕੀਤਾ। ਸੰਡੇ ਵੀ ਲਾਏ ਤੇ ਦੋ ਦੋ ਸਿ਼ਫਟਾਂ ਵੀ ਲਾਈਆਂ। ਤਾਪ ਚੜ੍ਹੇ ਤੋਂ ਵੀ ਦਿਹਾੜੀ ਨਾ ਭੰਨੀ। ਛੋਟੇ ਵੱਡੇ ਬਿਜਨਸ ਕੀਤੇ ਤੇ ਜਿੰਨਾ ਕੁ ਟੈਕਸ ਚੋਰੀ ਹੋ ਸਕਿਆ ਉਹ ਵੀ ਕੀਤਾ। ਟਰੱਕਾਂ ਉਤੇ ਨਸ਼ਾ ਪੱਤਾ ਲੰਘਾਉਣ ਦਾ ਰਿਸਕ ਵੀ ਲਿਆ। ਕਮਾਈਆਂ ਕਰਦਿਆਂ ਜੁਆਕਾਂ ਨਾਲ ਲਾਡ ਬਾਡੀਆਂ ਤਾਂ ਕੀ, ਕਈਆਂ ਤੋਂ ਜੁਆਕਾਂ ਦੇ ਮੂੰਹ ਵੀ ਨਹੀਂ ਵੇਖ ਹੋਏ। ਕਮਾਈਆਂ ਦਾ ਬਹੁਤਾ ਧਨ ਕੋਠੀਆਂ `ਤੇ ਹੀ ਥੱਪਿਆ।
ਹੁਣ ਰਿਸ਼ਤੇਦਾਰਾਂ ਤੇ ਸ਼ਰੀਕਾਂ ਵੱਲੋਂ ਦੱਬੀਆਂ ਜਾ ਰਹੀਆਂ ਕੋਠੀਆਂ ਦੀ ਚਰਚਾ ਵੀ ਸੁਣਨ ਵਿਚ ਆ ਰਹੀ ਹੈ। ਪੁਲਿਸ ਨੇ ਦੱਬੀਆਂ ਹੋਈਆਂ ਕੋਠੀਆਂ ਛੁਡਾਉਣੀਆਂ ਹੁੰਦੀਆਂ ਹਨ ਪਰ ਸੁਣਨ ਵਿਚ ਆਇਐ ਕਈ ਪੁਲਸੀਆਂ ਨੇ ਹੀ ਦੱਬ ਰੱਖੀਆਂ ਹਨ। ਇਹ ਜਿਹੜਾ ਕਰੋੜਾਂ ਅਰਬਾਂ ਰੁਪਈਆ ‘ਆਲੀਸ਼ਾਨ’ ਤੇ ‘ਸ਼ਾਨਦਾਰ’ ਕੋਠੀਆਂ ਉਤੇ ਥੱਪਿਆ ਜਾ ਰਿਹੈ, ਕੀ ਇਸ ਧਨ ਦਾ ਮੂੰਹ ਕਦੇ ਉਤਪਾਦਨ ਕਾਰਜਾਂ ਵੱਲ ਵੀ ਹੋਵੇਗਾ? ਜਾਂ ਮੱਝ ਵੇਚ ਕੇ ਘੋੜੀ ਲੈਣ ਦੀ ਥਾਂ ਘੋੜੀ ਵੇਚ ਕੇ ਮੱਝ ਲੈਣ ਦਾ ਤੋਰਾ ਵੀ ਤੁਰੇਗਾ?