Gulbadan Begum – ਦਾਸਤਾਨ ਇੱਕ ਘੁਮੱਕੜ ਸ਼ਹਿਜ਼ਾਦੀ ਦੀ…

ਸੁਰਿੰਦਰ ਸਿੰਘ ਤੇਜ

ਇਹ ਘਟਨਾ 1577 ਦੀ ਹੈ। ਤੁਰਕੀ ਦੇ ਔਟੋਮਨ (ਇਸਲਾਮੀ ਨਾਮ ‘ਉਸਮਾਨੀ’) ਸੁਲਤਾਨ ਮੁਰਾਦ ਤੀਜੇ ਨੇ ਫ਼ਰਮਾਨ ਜਾਰੀ ਕੀਤਾ ਕਿ ਦੋ ਮੁਕੱਦਸ ਨਗਰਾਂ- ਮੱਕਾ ਤੇ ਮਦੀਨਾ ਵਿੱਚ ਆਈਆਂ ਮੁਗ਼ਲ ਬੀਬੀਆਂ ਅਤੇ ਹੋਰ ਸਾਰੇ ਹਿੰਦੀਆਂ ਨੂੰ ਫ਼ੌਰੀ ਵਤਨ ਪਰਤਣ ਲਈ ਕਿਹਾ ਜਾਵੇ। ਸੁਲਤਾਨ ਨੇ ਇਸ ਫ਼ਰਮਾਨ ਦੀ ਇੱਕ-ਇੱਕ ਨਕਲ ਮੱਕਾ ਤੇ ਮਦੀਨਾ ਦੇ ਨਾਜ਼ਿਮਾਂ ਨੂੰ ਭੇਜ ਕੇ ਇਸ ਨੂੰ ਤੁਰੰਤ ਅਮਲ ਵਿੱਚ ਲਿਆਉਣ ਦੀ ਹਦਾਇਤ ਵੀ ਕੀਤੀ। ਦਰਅਸਲ, ਸੁਲਤਾਨ ਮੁਰਾਦ ਨੂੰ ਮਿਸਰ ਦੇ ਮਮਲੂਕ ਸੁਲਤਾਨ ਤੋਂ ਸ਼ਿਕਾਇਤ ਮਿਲੀ ਸੀ ਕਿ ‘ਹਿੰਦੀ ਜ਼ੁਮਰਾ’ (ਹਿੰਦੋਸਤਾਨੀਆਂ ਦਾ ਟੋਲਾ) ਮੁਕੱਦਸ ਨਗਰਾਂ ਵਿੱਚ ਲਗਾਤਾਰ ਖ਼ਰੂਦ ਕਰਦਾ ਆ ਰਿਹਾ ਹੈ ਜਿਸ ਕਾਰਨ ਉੱਥੇ ਮੌਜੂਦ ਹੋਰਨਾਂ ਮੁਲਕਾਂ ਦੇ ਸ਼ਰਧਾਲੂਆਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਹਨ। ਸੁਲਤਾਨ ਮੁਰਾਦ ਨੇ ਇਨ੍ਹਾਂ ਸ਼ਿਕਾਇਤਾਂ ਦੀ ਤਾਈਦ ਮੱਕਾ ਤੇ ਮਦੀਨਾ ਦੇ ਨਾਜ਼ਿਮਾਂ ਤੋਂ ਕਰਵਾਈ ਅਤੇ ਫਿਰ ਲੰਮੀ ਸੋਚ-ਵਿਚਾਰ ਤੋਂ ਬਾਅਦ ਉਪਰੋਕਤ ਫ਼ਰਮਾਨ ਜਾਰੀ ਕੀਤਾ। ਹਿੰਦੀ ਜ਼ੁਮਰਾ ਦੀ ਮੁਖੀ ਉੱਚ ਰੁਤਬੇ ਵਾਲੀ ਇੱਕ ਮੁਗ਼ਲ ਸ਼ਹਿਜ਼ਾਦੀ ਸੀ ਅਤੇ ਇਸ ਵਿੱਚ ਵਲੀ-ਇ-ਹਿੰਦ (ਹਿੰਦ ਦੇ ਮੁਹਾਫ਼ਿਜ਼) ਅਕਬਰ ਦੇ ਪਰਿਵਾਰ ਦੀਆਂ ਕਈ ਖ਼ਵਾਤੀਨ ਤੋਂ ਇਲਾਵਾ ਉਨ੍ਹਾਂ ਦੀ ਹਿਫ਼ਾਜ਼ਤ ਲਈ ਆਏ ਫ਼ੌਜੀ ਤੇ ਸਫ਼ਾਰਤੀ ਅਫਸਰ ਅਤੇ ਹੋਰ ਮੁਲਾਜ਼ਮ ਸ਼ਾਮਲ ਸਨ। ਦਸ ਮਹੀਨੇ ਪਹਿਲਾਂ ਇਨ੍ਹਾਂ ਸਭਨਾਂ ਦਾ ਜੱਦ੍ਹਾ (ਅਰਬਿਸਤਾਨ ਦੀ ਮੁੱਖ ਬੰਦਰਗਾਹ) ਪੁੱਜਣ ’ਤੇ ਸ਼ਾਹੀ ਮਹਿਮਾਨਾਂ ਵਜੋਂ ਨਿੱਘਾ ਸਵਾਗਤ ਕੀਤਾ ਗਿਆ ਸੀ। ਹੁਣ ਇਨ੍ਹਾਂ ਸਭਨਾਂ ਨੂੰ ਅਰਬਿਸਤਾਨ ਛੱਡ ਜਾਣ ਲਈ ਕਹਿਣਾ ਸੁਲਤਾਨ ਨੂੰ ਨਾਗਵਾਰ ਜਾਪ ਰਿਹਾ ਸੀ। ਇਸੇ ਲਈ ਫ਼ਰਮਾਨ ਦੀ ਭਾਸ਼ਾ ਤਿੱਖੀ ਨਹੀਂ ਸੀ ਅਤੇ ਨਾ ਹੀ ਇਸ ਵਿੱਚ ਕਿਸੇ ਸ਼ਖ਼ਸੀਅਤ ਦਾ ਨਾਮ ਸ਼ਾਮਲ ਸੀ। ਅਸਲੀਅਤ ਤਾਂ ਇਹ ਵੀ ਸੀ ਕਿ ਮੁਗ਼ਲ ਬੀਬੀਆਂ ਦਾ ‘ਖ਼ਰੂਦ’ ਵੀ ਰਵਾਇਤੀ ਕਿਸਮ ਦਾ ਨਹੀਂ ਸੀ। ਉਹ ਦਾਨ-ਪੁੰਨ ਏਨਾ ਖੁੱਲ੍ਹ ਕੇ ਕਰਦੀਆਂ ਸਨ ਕਿ ਹਰ ਅਸਥਾਨ ’ਤੇ ਉਨ੍ਹਾਂ ਦੀ ਆਮਦ ਵੇਲੇ ਖ਼ੈਰਾਤ ਮੰਗਣ ਵਾਲਿਆਂ ਦੀਆਂ ਭੀੜਾਂ ਜੁੱਟ ਜਾਂਦੀਆਂ ਸਨ।

ਹਿੰਦੀ ਜ਼ੁਮਰੇ (ਜਾਂ ਅਕਬਰ-ਕਾਲ ਦੇ ਸਰਕਾਰੀ ਤਵਾਰੀਖ਼ਸਾਜ਼ ਅਬੁਲ ਫ਼ਜ਼ਲ ਮੁਤਾਬਿਕ ਮੁਗ਼ਲੀਆ ਵਫ਼ਦ) ਦੀ ਮੁਖੀ ਨੇ ਇਹ ਫ਼ਰਮਾਨ ਨਜ਼ਰਅੰਦਾਜ਼ ਕਰ ਦਿੱਤਾ। ਉਹ, ਉਸ ਦੀਆਂ ਸਕੀਆਂ ਤੇ ਸਖੀਆਂ ਅਤੇ ਵਫ਼ਦ ਦੇ ਹੋਰ ਮੈਂਬਰਾਨ ਅਗਲੇ ਤਿੰਨ ਵਰ੍ਹਿਆਂ ਤੱਕ ਅਰਬ-ਭੂਮੀ ’ਤੇ ਹੀ ਟਿਕੇ ਰਹੇ। ਉਨ੍ਹਾਂ ਦੀ ਦੇਖਾ-ਦੇਖੀ ਹੋਰ ਆਮ ਹਿੰਦੋਸਤਾਨੀ ਸ਼ਰਧਾਲੂ, ਜੋ ਇਸੇ ਵਫ਼ਦ ਦੇ ਨਾਲ ਹੀ (ਸ਼ਾਹੀ ਖ਼ੈਰਾਤ ਦੀ ਬਦੌਲਤ) ਮੱਕਾ-ਮਦੀਨਾ ਆਏ ਹੋਏ ਸਨ, ਵੀ ਵਤਨ ਵਾਪਸੀ ਲਈ ਜੱਦ੍ਹਾ ਵੱਲ ਨਹੀਂ ਗਏ। ਮੁਗ਼ਲੀਆ ਵਫ਼ਦ ਤਿੰਨ ਵਾਰ ਹੱਜ ਕਰਨ ਵਰਗੇ ਮਹਾਂ-ਪਾਵਨ ਕਾਰਜ ਮਗਰੋਂ ਹੀ ਵਤਨ ਵੱਲ ਰਵਾਨਾ ਹੋਇਆ, ਉਹ ਵੀ ਵਫ਼ਦ ਦੀ ਮੁਖੀ ਤੇ ਹੋਰਨਾਂ ਬੀਬੀਆਂ ਦੀ ਅਰਬ ਜਗਤ ਵਿੱਚੋਂ ਬੇਦਖ਼ਲੀ ਦਾ ਚੌਥਾ ਫ਼ਰਮਾਨ ਜਾਰੀ ਹੋਣ ਤੋਂ ਬਾਅਦ। ਇਸ ਫ਼ਰਮਾਨ ਵਿੱਚ ਸਾਰੀਆਂ ਰੁਤਬੇਦਾਰ ਬੀਬੀਆਂ ਦੇ ਨਾਮ ਦਰਜ ਸਨ। ਇਸ ਨੂੰ ਮੁਗ਼ਲ ਸ਼ਹਿਨਸ਼ਾਹ ਅਕਬਰ ਨੇ ਹਿੰਦੀਆਂ ਦੀ ਬੇਇੱਜ਼ਤੀ ਵਜੋਂ ਲਿਆ। ਆਪਣੀ ਨਾਖ਼ੁਸ਼ੀ ਦਾ ਇਜ਼ਹਾਰ ਕਰਨ ਲਈ ਉਸ ਨੇ ਅਗਲੇ ਸਾਲ ਨਾ ਤਾਂ ਤੁਰਕ ਸੁਲਤਾਨ ਕੋਲ ਹੱਜ ਲਈ ਨਕਦ ਇਮਦਾਦ ਭੇਜੀ ਅਤੇ ਨਾ ਹੀ ਹਾਜੀਆਂ ਦੇ ਲੰਗਰਾਂ ਵਾਸਤੇ ਕਣਕ ਤੇ ਹੋਰ ਅਨਾਜਾਂ ਦੀਆਂ ਖੇਪਾਂ।

ਇਹ ਸਾਰੀ ਦਾਸਤਾਨ ਅਤੇ ਇਸ ਘਟਨਾਵਲੀ ਦੀ ਮੁੱਖ ਕਿਰਦਾਰ ‘ਨਵਾਬ’ ਗ਼ੁਲਬਦਨ ਬੇਗ਼ਮ ਦੇ ਜੀਵਨ ਤੇ ਕਾਰਨਾਮਿਆਂ ਦਾ ਖੁਲਾਸਾ ਪੇਸ਼ ਕਰਦੀ ਹੈ ਇਤਿਹਾਸਕਾਰ ਰੂਬੀ ਲਾਲ ਦੀ ਕਿਤਾਬ ‘ਵੈਗਾਬੌਂਡ ਪ੍ਰਿੰਸੈੱਸ’ (‘ਘੁਮੱਕੜ ਸ਼ਹਿਜ਼ਾਦੀ’; ਜੱਗਰਨੌਟ ਬੁੱਕਸ; 248 ਪੰਨੇ; 699 ਰੁਪਏ)। ਅਕਬਰ ਦੀ ਚਹੇਤੀ ਭੂਆ ਸੀ ਗ਼ੁਲਬਦਨ; ਸਿਰਫ਼ ਭੂਆ ਹੀ ਨਹੀਂ, ਮੁੱਖ ਸਲਾਹਕਾਰ ਵੀ। ਸ਼ਾਹੀ ਜ਼ਨਾਨੇ ਦਾ ਪ੍ਰਬੰਧ ਤਾਂ ਉਹ ਸੰਭਾਲਦੀ ਹੀ ਸੀ, ਪ੍ਰਸ਼ਾਸਨਿਕ ਮਾਮਲਿਆਂ ਬਾਰੇ ਵੀ ਅਕਬਰ ਅਕਸਰ ਉਸ ਤੋਂ ਸਲਾਹ ਲੈਂਦਾ ਰਹਿੰਦਾ ਸੀ। ਇਨ੍ਹਾਂ ਭੂਮਿਕਾਵਾਂ ਤੋਂ ਇਲਾਵਾ ਉਹ ਮੁਸਲਿਮ ਜਗਤ, ਤੇ ਸ਼ਾਇਦ ਬਾਕੀ ਜਹਾਨ ਦੀ ਵੀ, ਪਹਿਲੀ ਔਰਤ ਤਵਾਰੀਖ਼ਸਾਜ਼ ਸੀ। ਉਸ ਵੱਲੋਂ ਰਚਿਤ ਕਿਤਾਬ ‘ਹੁਮਾਯੂੰਨਾਮਾ’ (ਅਹਵਲ ਹੁਮਾਯੂੰ ਪਾਦਸ਼ਾਹ) ਨੂੰ ਭਾਰਤ ਵਿੱਚ ਮੁਗ਼ਲ ਸਾਮਰਾਜ ਦੀ ਪਹਿਲੀ ਪੌਣੀ ਸਦੀ ਦਾ ਬਿਹਤਰੀਨ ਬਿਰਤਾਂਤ ਮੰਨਿਆ ਜਾਂਦਾ ਹੈ। ਇਹ ਕਿਤਾਬ ਉਸ ਨੇ ਅਕਬਰ ਦੇ ਕਹਿਣ ’ਤੇ ਹੀ ਲਿਖੀ। ਅਕਬਰ ਮੁਗ਼ਲ ਕਾਲ ਦੀ ਤਵਾਰੀਖ਼ ਕਲਮਬੰਦ ਕਰਵਾਉਣ ’ਤੇ ਦ੍ਰਿੜ੍ਹ ਸੀ। ਉਸ ਨੇ ਇਹ ਕਾਰਜ ਆਪਣੇ ਦਰਬਾਰੀ ਅਬੁਲ ਫ਼ਜ਼ਲ ਨੂੰ ਸੌਂਪਿਆ। ‘ਹੁਮਾਯੂੰਨਾਮਾ’ ਇਸ ਕਾਰਜ (ਅਕਬਰਨਾਮਾ) ਵਾਸਤੇ ਅਹਿਮ ਸਰੋਤ-ਪੁਸਤਕ ਸਾਬਤ ਹੋਈ। ਉਂਜ ਵੀ ਇਹ ਕਿਤਾਬ ਦੂਜੇ ਮੁਗ਼ਲ ਬਾਦਸ਼ਾਹ ਹੁਮਾਯੂੰ ਦੀ ਜੀਵਨੀ ਤੱਕ ਮਹਿਦੂਦ ਨਹੀਂ ਬਲਕਿ ਗ਼ੁਲਬਦਨ ਦੀਆਂ ਆਪਣੇ ਪਿਤਾ ਬਾਬਰ ਨਾਲ ਜੁੜੀਆਂ ਯਾਦਾਂ ਦੀ ਤਫ਼ਸੀਲ ਵੀ ਹੈ ਅਤੇ ਮੁਗ਼ਲੀਆ ਹਿੰਦ ਦੇ ਸਮਾਜਿਕ, ਆਰਥਿਕ, ਰਾਜਸੀ ਤੇ ਧਾਰਮਿਕ ਜੀਵਨ ਦਾ ਝਰੋਖਾ ਵੀ। ਪਰ ਇਸ ਕਿਤਾਬ ਦੇ ਆਖ਼ਰੀ ਕਈ ਪੰਨੇ ਗਾਇਬ ਹਨ। ਇਹ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਪੰਨਿਆਂ ਵਿੱਚ ਗ਼ੁਲਬਦਨ ਦੀ ਹੱਜ ਯਾਤਰਾ ਦੀ ਕਹਾਣੀ ਪੂਰੀ ਬੇਬਾਕੀ ਨਾਲ ਦਰਜ ਸੀ। ਕਿਉਂਕਿ ਇਸ ਯਾਤਰਾ ਨਾਲ ਜੁੜੀ ਘਟਨਾਵਲੀ ਮੁਗ਼ਲੀਆ ਸਲਤਨਤ ਵਾਸਤੇ ਨਮੋਸ਼ੀ ਦਾ ਬਾਇਜ਼ ਬਣੀ, ਇਸ ਲਈ ਸ਼ਾਹੀ ਕਿਤਾਬਕਾਰਾਂ ਨੇ (ਬਾਦਸ਼ਾਹ ਅਕਬਰ ਦੀ ਰਜ਼ਾਮੰਦੀ ਨਾਲ) ਇਨ੍ਹਾਂ ਪੰਨਿਆਂ ਨੂੰ ਗਾਇਬ ਕਰਨਾ ਹੀ ਮੁਨਾਸਿਬ ਸਮਝਿਆ। ਇਨ੍ਹਾਂ ਪੰਨਿਆਂ ਨੂੰ ‘ਸੁਰਜੀਤ’ ਕਰਨ ਦੀ ਚਾਹਤ ਹੀ ਰੂਬੀ ਲਾਲ ਦੇ ਉੱਦਮ ਦਾ ਮੁੱਖ ਮਨੋਰਥ ਬਣੀ। ਉਸ ਨੇ ਗ਼ੁਲਬਦਨ ਦੀ ਹੱਜ ਯਾਤਰਾ ਵਾਲੇ ਵਰ੍ਹਿਆਂ ਨਾਲ ਜੁੜੇ ਅਰਬੀ-ਫ਼ਾਰਸੀ ਦਸਤਾਵੇਜ਼ ਜਿੱਥੋਂ ਵੀ ਮਿਲੇ, ਇਕੱਤਰ ਕੀਤੇ। ਇਸੇ ਤਰ੍ਹਾਂ ਸੋਲ੍ਹਵੀਂ ਤੇ ਸਤਾਰ੍ਹਵੀਂ ਸਦੀਆਂ ਦੇ ਅਰਬੀ-ਫ਼ਾਰਸੀ ਤਵਾਰੀਖ਼ਸਾਜ਼ਾਂ ਦੀਆਂ ਕਿਤਾਬਾਂ ਘੋਖਣ ’ਤੇ ਵੀ ਚੋਖਾ ਸਮਾਂ ਲਾਇਆ। ਮੱਕਾ ਸ਼ਰੀਫ਼ ਨੂੰ ਛੱਡ ਕੇ ਉਹ ਬਾਕੀ ਉਨ੍ਹਾਂ ਸਾਰੀਆਂ ਥਾਵਾਂ ’ਤੇ ਵੀ ਗਈ ਜਿੱਥੇ-ਜਿੱਥੇ ਗ਼ੁਲਬਦਨ ਰੁਕੀ ਰਹੀ ਸੀ ਤਾਂ ਜੋ ਗ਼ੁਲਬਦਨ ਦੇ ਉੱਥੇ ਕਿਆਮ ਦੀ ਜੇਕਰ ਕੋਈ ਨਿਸ਼ਾਨੀ ਬਚੀ ਹੋਵੇ ਤਾਂ ਉਹ ਦੇਖੀ ਜਾ ਸਕੇ। ਸੱਤ ਵਰ੍ਹਿਆਂ ਦੀ ਅਜਿਹੀ ਖੋਜ-ਪੜਤਾਲ ਦੀ ਬਦੌਲਤ ਹੀ ‘ਵੈਗਾਬੌਂਡ ਪ੍ਰਿੰਸੈੱਸ’ ਵਜੂਦ ਵਿੱਚ ਆਈ। ਇਸ ਵਿੱਚ ਗ਼ੁਲਬਦਨ ਦੀ ਹੱਜ-ਯਾਤਰਾ ਦਾ ਜੋ ਬਿਰਤਾਂਤ ਸਿਰਜਿਆ ਗਿਆ ਹੈ, ਉਹ ਸੱਚਮੁੱਚ ਹੀ ਕਾਬਿਲੇ-ਤਾਰੀਫ਼ ਹੈ।

ਐਮੁਰੀ ਯੂਨੀਵਰਸਿਟੀ (ਐਟਲਾਂਟਾ-ਅਮਰੀਕਾ) ਵਿੱਚ ਇਤਿਹਾਸ ਦੀ ਪ੍ਰੋਫੈਸਰ ਹੈ ਰੂਬੀ ਲਾਲ। ‘ਵੈਗਾਬੌਂਡ ਪ੍ਰਿੰਸੈੱਸ’ ਉਸ ਦੀ ਚੌਥੀ ਕਿਤਾਬ ਹੈ। ਪਹਿਲੀਆਂ ਤਿੰਨ ਵੀ ਮੁਗ਼ਲ ਇਤਿਹਾਸ ਨਾਲ ਸਬੰਧਤ ਸਨ। ਇਨ੍ਹਾਂ ਤਿੰਨਾਂ ਵਿੱਚੋਂ ਨੂਰਜਹਾਂ ਬਾਰੇ ਕਿਤਾਬ ਜੋ 2017 ਵਿੱਚ ਛਪੀ, ਅੱਜ ਵੀ ਬੈਸਟ ਸੈੱਲਰਾਂ ਵਿੱਚ ਸ਼ੁਮਾਰ ਹੈ। ‘ਵੈਗਾਬੌਂਡ ਪ੍ਰਿੰਸੈੱਸ’ ਦਾ ਧਰਾਤਲ ਨੂਰਜਹਾਂ ਵਾਲੀ ਕਿਤਾਬ ਨਾਲੋਂ ਵੱਧ ਵਿਆਪਕ ਹੈ। ਇਹ ਕਿਤਾਬ ਜਿੰਨੀ ਮੁਗ਼ਲੀਆ ਹਿੰਦ ਬਾਰੇ ਹੈ, ਓਨੀ ਹੀ ਅਰਬ ਜਗਤ ਬਾਬਤ ਵੀ ਹੈ। ਕਿਤਾਬ ਆਮ ਪਾਠਕ ਨੂੰ ਨਾ ਸਿਰਫ਼ ਹੱਜ ਦੀਆਂ ਰਹੁ-ਰੀਤਾਂ ਦੀ ਅਹਿਮੀਅਤ ਤੇ ਉਨ੍ਹਾਂ ਦੇ ਇਤਿਹਾਸ ਦੀ ਜਾਣਕਾਰੀ ਪ੍ਰਦਾਨ ਕਰਦੀ ਹੈ ਸਗੋਂ ਮੱਧ-ਯੁੱਗੀ ਅਰਬਿਸਤਾਨ ਤੇ ਮੁਗ਼ਲੀਆ ਹਿੰਦ ਦੇ ਸ਼ਾਹੀ ਜੀਵਨ ਦੀਆਂ ਬਾਰੀਕੀਆਂ ਤੋਂ ਵੀ ਵਾਕਿਫ਼ ਕਰਵਾਉਂਦੀ ਹੈ। ਇਹ ਇੱਕ ਪਾਸੇ ਇੱਕ ਮੁਗ਼ਲ ਸ਼ਹਿਜ਼ਾਦੀ ਦੀ ਬੇਬਾਕੀ, ਸਾਹਸ ਤੇ ਅੱਖੜਪੁਣੇ ਦੀ ਕਹਾਣੀ ਹੈ ਅਤੇ ਦੂਜੇ ਪਾਸੇ ਇਸੇ ਸ਼ਹਿਜ਼ਾਦੀ ਦੀ ਨਫ਼ਾਸਤ, ਲਿਆਕਤ ਤੇ ਇਨਸਾਨੀਅਤ ਨੂੰ ਸਿਜਦਾ ਵੀ ਹੈ।

 

ਚੰਗੇ ਇਤਿਹਾਸਕ ਨਾਵਲ ਨਾਲੋਂ ਵੀ ਵੱਧ ਦਿਲਚਸਪ ਹੈ ਰੂਬੀ ਲਾਲ ਵੱਲੋਂ ਰਚਿਤ ਉਪਰੋਕਤ ਸਾਰਾ ਬਿਰਤਾਂਤ; ਉਹ ਵੀ ਇਤਿਹਾਸਕਾਰੀ ਦੇ ਅਕੀਦਿਆਂ ਪ੍ਰਤੀ ਪਾਬੰਦਗੀ ਦੇ ਬਾਵਜੂਦ। ਇਸੇ ਲਈ ਸਲਾਮ ਦੀ ਹੱਕਦਾਰ ਹੈ ‘ਵੈਗਾਬੌਂਡ ਪ੍ਰਿੰਸੈੱਸ’ ਉਰਫ਼ ‘ਘੁਮੱਕੜ ਸ਼ਹਿਜ਼ਾਦੀ’।

ਕਿਤਾਬ ਅੰਦਰਲੇ ਕੁਝ ਅਹਿਮ ਤੱਤ-ਤੱਥ

* ਬਾਬਰ ਦੀ ਸਭ ਤੋਂ ਛੋਟੀ ਤੇ ਸਭ ਤੋਂ ਲਾਡਲੀ ਧੀ ਸੀ ਗ਼ੁਲਬਦਨ। 1523 ਵਿੱਚ ਕਾਬੁਲ ’ਚ ਉਸ ਸਮੇਂ ਜਨਮੀ ਜਦੋਂ ਬਾਬਰ, ਹਿੰਦ ਨੂੰ ਫ਼ਤਹਿ ਕਰਨ ਦੀਆਂ ਤਿਆਰੀਆਂ ਵਜੋਂ ਦੱਰਾ ਖ਼ੈਬਰ ਪਾਰ ਕਰ ਕੇ ਨਿੱਕੀਆਂ ਨਿੱਕੀਆਂ ਜਿੱਤਾਂ ਹਾਸਲ ਕਰਨ ਵਿੱਚ ਮਸਰੂਫ਼ ਸੀ। ਲਿਹਾਜ਼ਾ, ਗ਼ੁਲਬਦਨ ਪਹਿਲੀ ਵਾਰ 1526 ਵਿੱਚ ਆਪਣੇ ਪਿਤਾ ਨੂੰ ਮਿਲੀ। ਪਹਿਲੀ ਹੀ ਮੁਲਾਕਾਤ ਵੇਲੇ ਪਿਤਾ ਨੇ ਜਿਸ ਢੰਗ ਨਾਲ ਆਪਣੀ ਬੱਚੀ ਨੂੰ ਦੁਲਾਰਿਆ, ਉਸ ਤੋਂ ਉਹ ਸਦਾ ਲਈ ਆਪਣੇ ‘ਬਾਬਾ’ ਦੀ ਦੀਵਾਨੀ ਹੋ ਗਈ।

* ਗ਼ੁਲਬਦਨ ਦੀ ਮਾਂ ਦਿਲਦਾਰ ਬੇਗ਼ਮ, ਬਾਬਰ ਦੀ ਤੀਜੀ ਬੀਵੀ ਸੀ। ਉਹ ਛੇ ਬੱਚਿਆਂ ਦੀ ਮਾਂ ਬਣੀ, ਪਰ ਇਨ੍ਹਾਂ ਵਿੱਚੋਂ ਦੋ ਨਿੱਕੀ ਉਮਰੇ ਚੱਲ ਵਸੇ। ਬਾਕੀ ਚਹੁੰਆਂ ਵਿੱਚੋਂ ਸ਼ਹਿਜ਼ਾਦਾ ਹਿੰਦਾਲ ਤੇ ਸ਼ਹਿਜ਼ਾਦੀ ਗ਼ੁਲਬਦਨ ਨੂੰ ਬਾਬਰ ਦੀ ਪਹਿਲੀ ਬੇਗ਼ਮ, ਪਟਰਾਣੀ ਮਹਿਮ ਨੇ ਗੋਦ ਲੈ ਲਿਆ। ਉਸ ਜ਼ਮਾਨੇ ’ਚ ਪਟਰਾਣੀਆਂ ਵੱਲੋਂ ਦੂਜੀਆਂ ਰਾਣੀਆਂ ਦੇ ਬੱਚੇ ਗੋਦ ਲਏ ਜਾਣ ਦੀ ਪ੍ਰਥਾ ਆਮ ਹੀ ਸੀ। ਦਿਲਦਾਰ ਕੋਲ ਦੋ ਬੇਟੀਆਂ- ਗ਼ੁਲਰੰਗ ਤੇ ਗ਼ੁਲਚਿਹਰਾ ਹੀ ਬਚੀਆਂ। ਇਹ ਵੱਖਰੀ ਗੱਲ ਹੈ ਕਿ ਮਹਿਮ ਦੇ ਇੰਤਕਾਲ ਮਗਰੋਂ ਗ਼ੁਲਬਦਨ ਆਪਣੀ ਅਸਲ ਮਾਂ ਕੋਲ ਪਰਤ ਆਈ। ਉਦੋਂ ਉਹ ਦਸ ਵਰ੍ਹਿਆਂ ਦੀ ਹੋ ਚੁੱਕੀ ਸੀ।

* ਮਹਿਮ ਬੇਗ਼ਮ, ਬਾਬਰ ਦੇ ਸਭ ਤੋਂ ਵੱਡੇ ਪੁੱਤਰ ਹੁਮਾਯੂੰ ਦੀ ਮਾਂ ਸੀ। ਹੁਮਾਯੂੰ ਦੇ ਜਨਮ ਤੋਂ ਪਹਿਲਾਂ ਉਹ ਇੱਕ ਬੇਟੀ ਦੀ ਮਾਂ ਵੀ ਬਣੀ, ਪਰ ਇਹ ਬੇਟੀ ਛੇ ਮਹੀਨਿਆਂ ਬਾਅਦ ਚੱਲ ਵਸੀ। ਹੁਮਾਯੂੰ ਤੋਂ ਬਾਅਦ ਮਹਿਮ ਨੇ ਤਿੰਨ ਹੋਰ ਬੱਚਿਆਂ ਨੂੰ ਜਨਮ ਦਿੱਤਾ ਪਰ ਕੋਈ ਵੀ ਡੇਢ ਸਾਲ ਤੋਂ ਵੱਧ ਨਾ ਜੀਵਿਆ। ਇਸੇ ਲਈ ਉਹ ਹਿੰਦਾਲ ਤੇ ਗ਼ੁਲਬਦਨ ਉੱਤੇ ਜਾਨ ਛਿੜਕਦੀ ਸੀ।

* ਹੁਮਾਯੂੰ ਵੀ ਗ਼ੁਲਬਦਨ ਨੂੰ ਅੰਤਾਂ ਦਾ ਮੋਹ ਕਰਦਾ ਸੀ। ਪੰਦਰਾਂ ਸਾਲ ਵੱਡਾ ਸੀ ਉਹ ਇਸ (ਮਤ੍ਰੇਈ) ਭੈਣ ਤੋਂ। ਮਹੱਲਾਂ ਵਿੱਚ ਉਸ ਨੂੰ ਅਕਸਰ ਕੁੱਛੜ ਚੁੱਕੀ ਫਿਰਦਾ ਰਹਿੰਦਾ ਸੀ। ਗ਼ੁਲਬਦਨ ਨੇ ਵੀ ਇਹ ਮੋਹ ਪੂਰੀ ਤਰ੍ਹਾਂ ਜੋੜਿਆ; ਉਸ ਨੇ ਹਰ ਮੁਸੀਬਤ ਸਮੇਂ ਹੁਮਾਯੂੰ ਦਾ ਸਾਥ ਦਿੱਤਾ। ਉਦੋਂ ਵੀ ਜਦੋਂ ਰਾਜ ਸੱਤਾ ਖੁੱਸ ਜਾਣ ਮਗਰੋਂ ਉਹ ਸਿੰਧ ਤੇ ਅਫ਼ਗਾਨਿਸਤਾਨ ਵਿੱਚ ਬਦਹਾਲਾਂ ਵਾਂਗ ਭਟਕਦਾ ਰਿਹਾ। ਹੁਮਾਯੂੰ ਦੀ ਬੀਵੀ ਹਮੀਦਾ ਦੀ ਪੱਕੀ ਹਮਰਾਜ਼ ਸੀ ਗ਼ੁਲਬਦਨ। ਸ਼ਹਿਜ਼ਾਦਾ ਅਕਬਰ ਦੀ ਪਰਵਰਿਸ਼ ਵਿੱਚ ਵੀ ਉਸ ਦੀ ਅਹਿਮ ਭੂਮਿਕਾ ਰਹੀ। ਜਦੋਂ ਅਕਬਰ ਅੱਲ੍ਹੜ ਉਮਰੇ ਬਾਦਸ਼ਾਹ ਬਣ ਗਿਆ ਤਾਂ ਗ਼ੁਲਬਦਨ ਉਸ ਦੀ ਸੇਧਗਾਰ ਵਜੋਂ ਵਿਚਰਦੀ ਰਹੀ। ਬਿਲਕੁਲ ਉਸੇ ਤਰ੍ਹਾਂ ਜਿਵੇਂ ਬਾਬਰ ਦੀ ਬੇਵਕਤੀ ਮੌਤ ਮਗਰੋਂ ਉਸ ਦੀ ਵੱਡੀ ਭੈਣ ਖ਼ਾਨਜ਼ਾਦਾ ਬੇਗ਼ਮ ਨੇ ਨਵੇਂ ਬਣੇ ਬਾਦਸ਼ਾਹ ਹੁਮਾਯੂੰ ਦੀ ਸੇਧਗਾਰ ਵਾਲੀ ਭੂਮਿਕਾ ਨਿਭਾਈ ਸੀ।

* ਮਿਲਾਪੜੇ ਸੁਭਾਅ ਅਤੇ ਹੋਰਨਾਂ ਦਾ ਦਰਦ ਵੰਡਾਉਣ ਦੀ ਬਿਰਤੀ ਕਾਰਨ ਗ਼ੁਲਬਦਨ ਨੂੰ ਬਾਬਰ ਦੀਆਂ ਸਾਰੀਆਂ ਬੇਗ਼ਮਾਂ ਅਤੇ ਆਪਣੇ (ਮਤ੍ਰੇਏ) ਭਰਾਵਾਂ/ਭੈਣਾਂ ਪਾਸੋਂ ਪੂਰਾ ਲਾਡ-ਦੁਲਾਰ ਮਿਲਿਆ। ਬਾਬਰ ਦੀ ਪੰਜਵੀਂ (ਤੇ ਆਖ਼ਰੀ) ਬੇਗ਼ਮ, ਬੀਬੀ ਮੁਬਾਰਿਕਾ ਤਾਂ ਗ਼ੁਲਬਦਨ ਨੂੰ ਆਪਣੀ ਪੱਕੀ ਸਹੇਲੀ ਮੰਨਦੀ ਸੀ। ਮੁਬਾਰਿਕਾ ਯੂਸੁਫ਼ਜ਼ਈ ਪਠਾਣ ਸੀ ਜਦੋਂਕਿ ਬਾਕੀ ਚਾਰ ਬੇਗ਼ਮਾਂ ਉਜ਼ਬੇਕ ਸਨ। ਤਹਿਜ਼ੀਬੀ ਤੇ ਭਾਸ਼ਾਈ ਵਖਰੇਵੇਂ ਕਾਰਨ ਮੁਬਾਰਿਕਾ ਅਕਸਰ ਇਕਲਾਪਾ ਮਹਿਸੂਸ ਕਰਦੀ ਸੀ। ਅਜਿਹਾ ਆਭਾਸ ਹੁੰਦਿਆਂ ਹੀ ਗ਼ੁਲਬਦਨ ਉਸ ਕੋਲ ਪਹੁੰਚ ਜਾਂਦੀ ਅਤੇ ਆਪਣੀਆਂ ਖੱਟੀਆਂ-ਮਿੱਠੀਆਂ ਗੱਲਾਂ ਰਾਹੀਂ ਉਸ ਦਾ ਮਿਜ਼ਾਜ ਬਦਲਣ ਵਿੱਚ ਕਾਮਯਾਬ ਹੋ ਜਾਂਦੀ।

* ਗ਼ੁਲਬਦਨ ਨੂੰ ਲਿਖਣ ਦੀ ਗੁੜ੍ਹਤੀ ਪਿਤਾ ਬਾਬਰ ਤੋਂ ਮਿਲੀ। ਉਹ ਤਿੰਨ ਵਰ੍ਹਿਆਂ ਦੀ ਸੀ ਜਦੋਂ ਉਸ ਨੇ ਪਹਿਲੀ ਵਾਰ ਆਪਣੇ ‘ਬਾਬਾ’ ਨੂੰ ਆਗਰਾ ਦੇ ਬਾਗ਼-ਇ-ਬਹਾਰ ਦੇ ਸ਼ਾਹੀ ਤੰਬੂ ਵਿੱਚ ਰਾਤ ਵੇਲੇ ਸ਼ਮ੍ਹਾਂਦਾਨਾਂ ਦੀ ਰੌਸ਼ਨੀ ਵਿੱਚ ਕਾਗ਼ਜ਼ਾਂ ’ਤੇ ਕੁਝ ਲਿਖਦਿਆਂ ਦੇਖਿਆ। ਬਾਬਰ ਰੋਜ਼ ਦੇ ਵਾਕਿਆਤ ਅਤੇ ਉਨ੍ਹਾਂ ਤੋਂ ਮਿਲੇ ਸਬਕਾਂ ਨੂੰ ਰਾਤ ਵੇਲੇ ਖ਼ੁਦ ਕਲਮਬੰਦ ਕਰਦਾ ਸੀ। ਇਨ੍ਹਾਂ ਪੰਨਿਆਂ ’ਤੇ ਆਪਣੀਆਂ ਗ਼ਲਤੀਆਂ ਤੇ ਗੁਸਤਾਖ਼ੀਆਂ ਦਾ ਜ਼ਿਕਰ ਵੀ ਉਹ ਪੂਰੀ ਬੇਬਾਕੀ ਤੇ ਇਮਾਨਦਾਰੀ ਨਾਲ ਕਰਿਆ ਕਰਦਾ ਸੀ। ਗ਼ੁਲਬਦਨ ਨੇ ਪਿਤਾ ਦੀ ਇਸ ਖ਼ੂਬੀ ਨੂੰ ਆਪਣੇ ਅੰਦਰ ਜਜ਼ਬ ਕੀਤਾ। ਇੰਜ ਹੀ, ਕਿਤਾਬਾਂ ਤੇ ਕਾਤਿਬਾਂ ਦੀ ਕਦਰ ਵੀ ਗ਼ੁਲਬਦਨ ਨੇ ਬਾਬਰ ਤੋਂ ਸਿੱਖੀ।

* ਘੁਮੱਕੜਪੁਣਾ ਵੀ ਗ਼ੁਲਬਦਨ ਨੂੰ ਪਿਤਾ ਤੋਂ ਹੀ ਵਿਰਸੇ ਵਿੱਚ ਮਿਲਿਆ। ਬਾਬਰ ਕਦੇ ਵੀ ਮਹੱਲਾਂ ਦੇ ਅੰਦਰ ਨਹੀਂ ਰਿਹਾ। ਉਸ ਨੇ ਆਪਣੇ ਲਈ ਇੱਕ ਵੀ ਮਹੱਲ ਨਹੀਂ ਉਸਰਵਾਇਆ। ਉਹ ਖੁੱਲ੍ਹੀ ਫਿਜ਼ਾ ’ਚ ਰਹਿਣਾ ਪਸੰਦ ਕਰਦਾ ਸੀ, ਖ਼ਾਸ ਤੌਰ ’ਤੇ ਉਨ੍ਹਾਂ ਬਾਗ਼ਾਂ ਵਿੱਚ ਜਿਨ੍ਹਾਂ ਦੇ ਨੇੜਿਓਂ ਕੋਈ ਨਦੀ ਗੁਜ਼ਰਦੀ ਹੋਵੇ। ਗ਼ੁਲਬਦਨ ਵੀ ਮਹੱਲਾਂ ਦੀ ਥਾਂ ਤੰਬੂਆਂ ’ਚ ਰਹਿਣ ਨੂੰ ਤਰਜੀਹ ਦਿੰਦੀ ਸੀ। ਇਸੇ ਲਈ ਜੰਗੀ ਜਾਂ ਤਫ਼ਰੀਹੀ ਮੁਹਿੰਮਾਂ ਦੌਰਾਨ ਉਹ ਪਿਤਾ ਬਾਬਰ, ਭਰਾ ਹੁਮਾਯੂੰ ਜਾਂ ਭਤੀਜੇ ਅਕਬਰ ਦੇ ਲਸ਼ਕਰਾਂ ਵਿੱਚ ਸ਼ਾਮਲ ਹੋਣ ਦੀ ਜ਼ਿੱਦ ਕਰਦੀ ਸੀ। ਅਕਬਰ ਵੱਲੋਂ ਸ਼ਾਹੀ ਜ਼ਨਾਨੇ ਲਈ ਉਸਰਵਾਏ ਮਹੱਲਾਂ ਵਿੱਚ ਉਸ ਨੂੰ ਘੁਟਨ ਮਹਿਸੂਸ ਹੁੰਦੀ ਸੀ। ਹੱਜ ਨੂੰ ਉਸ ਨੇ ਮਹੱਲਾਂ ਦੀਆਂ ਚਾਰਦੀਵਾਰੀਆਂ ਤੋਂ ਆਜ਼ਾਦ ਰਹਿਣ ਦੇ ਪੱਜ ਵਜੋਂ ਵਰਤਿਆ। ਸੱਤ ਸਾਲ ਉਹ ਮਹੱਲਾਂ ਤੋਂ ਦੂਰ ਰਹੀ। ਪਹਿਲਾਂ ਸਾਲ ਭਰ ਸੂਰਤ ਵਿੱਚ ਫਸੀ ਰਹੀ, ਪੁਰਤਗੀਜ਼ਾਂ ਦੀ ਬਲੈਕਮੇਲਿੰਗ ਕਾਰਨ (ਪੁਰਤਗੀਜ਼ ਮੁਗ਼ਲ ਹਕੂਮਤ ਤੋਂ ਤਜਾਰਤੀ ਰਿਆਇਤਾਂ ਹਾਸਲ ਕਰਨ ਵਾਸਤੇ ਅਰਬ ਸਾਗਰ ਵਿੱਚ ਆਪਣੀ ਫ਼ੌਜੀ ਸਰਦਾਰੀ ਨੂੰ ਮੁੱਖ ਮੋਹਰੇ ਵਜੋਂ ਵਰਤਦੇ ਰਹੇ)। ਫਿਰ ਚਾਰ ਵਰ੍ਹੇ ਉਹ ਅਰਬ-ਭੂਮੀ ’ਤੇ ਰਹੀ; ਇਸ ਬਹਾਨੇ ਕਿ ਉਹ ਇੱਕ ਨਹੀਂ, ਤਿੰਨ ਵਾਰ ਹੱਜ ਕਰਨ ਦਾ ਮੁਕੱਦਸ ਕਾਰਜ ਪੂਰਾ ਕਰਨਾ ਚਾਹੁੰਦੀ ਹੈ। ਦੋ ਵਰ੍ਹੇ ਵਾਪਸੀ ’ਚ ਗੁਜ਼ਰ ਗਏ; ਸਮੁੰਦਰੀ ਤੂਫ਼ਾਨ ਕਾਰਨ ਦੋ ਸ਼ਾਹੀ ਜਹਾਜ਼ ਟੁੱਟ ਜਾਣ ਮਗਰੋਂ ਯਮਨੀ ਬੰਦਰਗਾਹ ਅਦਨ ਵਿੱਚ ਫਸੇ ਰਹਿਣ ਕਰਕੇ।

Related Posts

ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਫਾਇਰਿੰਗ, ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ : Sukhbir badal

ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗੇਟ ਦੇ ਬਾਹਰ ਫਾਇਰਿੰਗ, ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼, ਹਮਲਾਵਰ ਦਲ ਖਾਲਸਾ ਨਾਲ ਜੁੜੀਆਂ ਹੋਇਆ

ਪੰਜਾਬ ਦੀ ਬਰਬਾਦੀ ਲਈ ਕੌਣ ਜ਼ਿੰਮੇਵਾਰ, Drone ਵਾਕਿਆ ਹੀ Punjab ਲਈ ਘਾਤਕ || Arbide World ||

ਪੰਜਾਬ ਦੀ ਬਰਬਾਦੀ ਲਈ ਕੌਣ ਜ਼ਿੰਮੇਵਾਰ, Drone ਵਾਕਿਆ ਹੀ Punjab ਲਈ ਘਾਤਕ || Arbide World || #arbideworld #punjab #arbidepunjab #punjabpolice #sukhchainsinghgill Join this channel to get access to perks: https://www.youtube.com/channel/UC6czbie57kwqNBN-VVJdlqw/join…

Leave a Reply

Your email address will not be published. Required fields are marked *

This site uses Akismet to reduce spam. Learn how your comment data is processed.