ਕ੍ਰਿਸ਼ਨ ਚੰਦਰ
ਕ੍ਰਿਸ਼ਨ ਚੰਦਰ (23 ਨਵੰਬਰ 1914 –
8 ਮਾਰਚ 1977) ਉਰਦੂ ਅਤੇ ਹਿੰਦੀ ਦੇ ਉੱਘੇ ਕਹਾਣੀਕਾਰ ਅਤੇ ਨਾਵਲਕਾਰ ਸਨ। ਉਨ੍ਹਾਂ ਦਾ ਸਭ ਤੋਂ ਪ੍ਰਸਿੱਧ ਨਾਵਲ ‘ਏਕ ਗਧੇ ਕੀ ਸਰਗੁਜ਼ਸ਼ਤ’ 16 ਤੋਂ ਵੱਧ ਭਾਰਤੀ ਭਾਸ਼ਾਵਾਂ ਅਤੇ ਕੁਝ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਾ ਹੈ। ਹਥਲੀ ਕਹਾਣੀ ‘ਪਿਸ਼ਾਵਰ ਐਕਸਪ੍ਰੈੱਸ’ ਦੇਸ਼ ਵੰਡ ਵੇਲੇ ਦੇ ਹਾਲਾਤ ਨੂੰ ਬੜੀ ਸੂਖ਼ਮਤਾ ਨਾਲ ਬਿਆਨਦੀ ਹੈ। ਉਸ ਵੇਲੇ ਹਾਲਾਤ ਅਜਿਹੇ ਸਨ ਕਿ ਮਨੁੱਖ ਹੀ ਮਨੁੱਖ ਦਾ ਵੈਰੀ ਹੋ ਗਿਆ। ਵਰ੍ਹਿਆਂ ਦੀ ਸਾਂਝ ਪਲ ਛਿਣ ’ਚ ਫ਼ਿਰਕਾਪ੍ਰਸਤੀ ਦੀ ਭੇਟ ਚੜ੍ਹ ਗਈ, ਰਿਸ਼ਤੇ ਨਾਤੇ ਟੁੱਟ ਗਏ। ਸਾਂਝੀ ਧਰਤੀ ’ਤੇ ਵੰਡ ਦੀ ਲਕੀਰ ਖਿੱਚੇ ਜਾਣ ਨਾਲ ਦੋਵੇਂ ਪਾਸੇ ਮਜਬੂਰ ਨਿਹੱਥੇ ਲੋਕਾਂ ਦੀਆਂ ਲਾਸ਼ਾਂ
ਦੇ ਢੇਰ ਲੱਗ ਗਏ। ਲਹੂ ਭਿੱਜੇ ਉਸ ਦੌਰ ਨੂੰ ਕ੍ਰਿਸ਼ਨ ਚੰਦਰ ਨੇ ਰੇਲ ਗੱਡੀ ਦੇ ਮੂੰਹੋਂ ਬਿਆਨਿਆ ਹੈ।
ਕੁਝ ਮਿੰਟਾਂ ਵਿੱਚ ਚਾਰ ਸੌ ਆਦਮੀ ਵੱਢ ਦਿੱਤੇ ਗਏ ਤੇ ਮੈਂ ਅੱਗੇ ਚੱਲ ਪਈ। ਹੁਣ ਮੈਨੂੰ ਆਪਣੇ ਸਰੀਰ ਦੇ ਲੂੰ-ਲੂੰ ਨਾਲ ਨਫ਼ਰਤ ਹੋਣ ਲੱਗੀ। ਮੈਂ ਇਸ ਤਰ੍ਹਾਂ ਮਹਿਸੂਸ ਕਰ ਰਹੀ ਸੀ ਜਿਵੇਂ ਮੈਨੂੰ ਸ਼ੈਤਾਨ ਨੇ ਸਿੱਧਾ ਨਰਕ ਤੋਂ ਧੱਕਾ ਦੇ ਕੇ ਪੰਜਾਬ ਸੁੱਟ ਦਿੱਤਾ ਹੋਵੇ। ਅਟਾਰੀ ਪਹੁੰਚ ਕੇ ਮਾਹੌਲ ਬਦਲ ਗਿਆ। ਮੁਗ਼ਲਪੁਰੇ ਤੋਂ ਬਲੋਚ ਸਿਪਾਹੀ ਬਦਲੇ ਗਏ ਤੇ ਉਨ੍ਹਾਂ ਦੀ ਥਾਂ ਡੋਗਰੇ ਅਤੇ ਸਿੱਖ ਸਿਪਾਹੀਆਂ ਨੇ ਲੈ ਲਈ। ਅਟਾਰੀ ਪਹੁੰਚ ਕੇ ਹਿੰਦੂ ਸ਼ਰਨਾਰਥੀਆਂ ਨੇ ਮੁਸਲਮਾਨਾਂ ਦੀਆਂ ਏਨੀਆਂ ਲਾਸ਼ਾਂ ਦੇਖੀਆਂ ਕਿ ਉਨ੍ਹਾਂ ਦੇ ਦਿਲ ਖ਼ੁਸ਼ੀ ਨਾਲ ਬਾਗ਼ੋ-ਬਾਗ ਹੋ ਗਏ।
ਜਦੋਂ ਮੈਂ ਪਿਸ਼ਾਵਰ ਤੋਂ ਚੱਲੀ ਤਾਂ ਮੈਂ ਸੁਖ ਦਾ ਸਾਹ ਲਿਆ। ਮੇਰੇ ਡੱਬੇ ਵਿੱਚ ਬਹੁਤੇ ਹਿੰਦੂ ਬੈਠੇ ਸਨ। ਇਹ ਲੋਕ ਪਿਸ਼ਾਵਰ ਤੋਂ ਹੁੰਦੇ ਹੋਏ ਮਰਦਾਨ, ਕੁਹਾਟ, ਚਾਰ-ਸੱਦਾ, ਖ਼ੈਬਰ, ਲੰਡੀ-ਕੋਤਲ, ਬੰਨੋ-ਨੌਸ਼ਹਿਰਾ ਤੇ ਮਾਨਸ਼ਹਿਰਾ ਤੋਂ ਆਏ ਸਨ। ਇਹ ਪਾਕਿਸਤਾਨ ਵਿੱਚ ਜਾਨ-ਮਾਲ ਨੂੰ ਅਸੁਰੱਖਿਅਤ ਵੇਖਦੇ ਹੋਏ ਹਿੰਦੋਸਤਾਨ ਵੱਲ ਚੱਲ ਪਏ ਸਨ।
ਸਟੇਸ਼ਨ ਉੱਤੇ ਜ਼ਬਰਦਸਤ ਪਹਿਰਾ ਸੀ ਤੇ ਫ਼ੌਜੀ ਬੜੀ ਚੌਕਸੀ ਨਾਲ ਕੰਮ ਕਰ ਰਹੇ ਸਨ। ਇਹ ਲੋਕ, ਜਿਹੜੇ ਪਾਕਿਸਤਾਨ ਵਿੱਚ ਸ਼ਾਂਤੀਪੂਰਬਕ ਇੱਜ਼ਤਦਾਰ ਜੀਵਨ ਜਿਉਂ ਰਹੇ ਸਨ, ਹਿੰਦੋਸਤਾਨ ਵਿੱਚ ਸ਼ਰਨਾਰਥੀ ਅਖਵਾਉਂਦੇ ਸਨ। ਉਦੋਂ ਤੱਕ ਮੈਨੂੰ ਚੈਨ ਨਾ ਆਇਆ ਜਦੋਂ ਤੱਕ ਮੈਂ ਪੰਜਾਬ ਦੀ ਖੁਸ਼ਹਾਲ ਧਰਤੀ ਵੱਲ ਨਾ ਤੁਰ ਪਈ। ਇਹ ਲੋਕ ਸ਼ਕਲ ਸੂਰਤ ਤੋਂ ਪਠਾਣ ਲੱਗਦੇ ਸਨ; ਗੋਰੇ-ਚਿੱਟੇ, ਤਕੜੇ ਜੁੱਸੇ, ਸਿਰ ’ਤੇ ਕੁੱਲ੍ਹਾ ਤੇ ਅਤੇ ਜਿਸਮ ਉੱਤੇ ਕਮੀਜ਼ ਤੇ ਸਲਵਾਰ। ਇਹ ਲੋਕ ਪਸ਼ਤੋ ਵਿੱਚ ਗੱਲ ਕਰਦੇ ਤੇ ਕਦੇ ਕਦੇ ਖਰਵੀ ਪੰਜਾਬੀ ਵਿੱਚ ਬੋਲਣ ਲੱਗਦੇ।
ਇਨ੍ਹਾਂ ਦੀ ਸੁਰੱਖਿਆ ਲਈ ਹਰ ਡੱਬੇ ਵਿੱਚ ਦੋ-ਦੋ ਸਿਪਾਹੀ ਬੰਦੂਕਾਂ ਲਈ ਖੜ੍ਹੇ ਸਨ। ਇਹ ਬਲੋਚ ਸਿਪਾਹੀ, ਜਿਨ੍ਹਾਂ ਨੇ ਆਪਣੀਆਂ ਪੱਗਾਂ ਉੱਤੇ ਮੋਰ ਦੇ ਖੰਭਾਂ ਵਾਂਗ ਤੁਰ੍ਹੇ ਲਾਏ ਹੋਏ ਸਨ, ਅਕਸਰ ਹੱਥਾਂ ਵਿੱਚ ਨਵੀਆਂ ਬੰਦੂਕਾਂ ਫੜੀ, ਪਠਾਣਾਂ ਅਤੇ ਉਨ੍ਹਾਂ ਦੀਆਂ ਬੀਵੀਆਂ ਤੇ ਬੱਚਿਆਂ ਵੱਲ ਮੁਸਕਰਾ-ਮੁਸਕਰਾ ਕੇ ਦੇਖ ਰਹੇ ਸਨ। ਇਹ ਸਾਰੇ ਇਸ ਖ਼ੌਫ਼ਨਾਕ ਸਿਆਹ ਕਾਲੇ ਫਸਾਦ ਦੇ ਡਰ ਹੇਠ ਆਪਣੀ ਜੰਮਣ ਭੋਇੰ ਤੋਂ ਭੱਜ ਰਹੇ ਸਨ, ਜਿੱਥੇ ਇਹ ਹਜ਼ਾਰਾਂ ਸਾਲਾਂ ਤੋਂ ਰਹਿ ਰਹੇ ਸਨ। ਜਿਹੜੀ ਪਥਰੀਲੀ ਜ਼ਮੀਨ ਤੋਂ ਉਨ੍ਹਾਂ ਤਾਕਤ ਤੇ ਸਮਰੱਥਾ ਹਾਸਿਲ ਕੀਤੀ ਸੀ, ਜੀਹਦੇ ਠੰਢੇ ਝਰਨਿਆਂ ਤੋਂ ਉਨ੍ਹਾਂ ਪਾਣੀ ਪੀਤਾ ਸੀ, ਅੱਜ ਇਹ ਦੇਸ਼ ਉਨ੍ਹਾਂ ਲਈ ਇਕਦਮ ਪਰਾਇਆ ਹੋ ਗਿਆ ਸੀ। ਇਸ ਦੇਸ਼ ਨੇ ਆਪਣੇ ਮਿਹਰਬਾਨ ਦਿਲ ਦੇ ਦਰਵਾਜ਼ੇ ਉਨ੍ਹਾਂ ਲਈ ਬੰਦ ਕਰ ਲਏ ਸਨ ਅਤੇ ਹੁਣ ਉਹ ਇੱਕ ਨਵੇਂ ਦੇਸ਼ ਦੀ ਤਪਦੀ ਧਰਤੀ ਦਾ ਖ਼ਿਆਲ ਦਿਲ ਵਿੱਚ ਲਈ ਬੜੇ ਬੇ-ਦਿਲ ਹੋਏ ਉੱਥੋਂ ਤੁਰ ਪਏ ਸਨ।
ਇਸ ਗੱਲ ਦਾ ਸਕੂਨ ਜ਼ਰੂਰ ਸੀ ਕਿ ਉਨ੍ਹਾਂ ਦੀਆਂ ਜਾਨਾਂ ਬਚ ਗਈਆਂ ਸਨ, ਉਨ੍ਹਾਂ ਦਾ ਬਹੁਤ ਸਾਰਾ ਕੀਮਤੀ ਸਾਮਾਨ ਅਤੇ ਉਨ੍ਹਾਂ ਦੀਆਂ ਨੂੰਹਾਂ-ਧੀਆਂ, ਮਾਵਾਂ-ਭੈਣਾਂ ਦੀ ਇੱਜ਼ਤ ਬਚ ਗਈ ਸੀ ਪਰ ਉਨ੍ਹਾਂ ਦਾ ਦਿਲ ਰੋ ਰਿਹਾ ਸੀ, ਉਨ੍ਹਾਂ ਦੀਆਂ ਅੱਖਾਂ ਸਰਹੱਦ ਦੇ ਪਥਰੀਲੇ ਸੀਨੇ ਉੱਤੇ ਇਸ ਤਰ੍ਹਾਂ ਗੱਡੀਆਂ ਹੋਈਆਂ ਸਨ ਜਿਵੇਂ ਪਿਆਰ ਭਰੀ ਮਮਤਾ ਨਾਲ ਪੁੱਛ ਰਹੀਆਂ ਹੋਣ: ‘ਬੋਲ ਮਾਂ, ਅੱਜ ਕਿਸ ਜੁਰਮ ਦੀ ਸਜ਼ਾ ਬਦਲੇ ਆਪਣੇ ਪੁੱਤਰਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ। ਆਪਣੀਆਂ ਨੂੰਹਾਂ ਨੂੰ ਖ਼ੂਬਸੂਰਤ ਵਿਹੜਿਆਂ ਤੋਂ ਵਾਂਝਾ ਕਰ ਦਿੱਤਾ ਹੈ ਜਿੱਥੇ ਉਹ ਕੱਲ੍ਹ ਰਾਣੀਆਂ ਵਾਂਗ ਰਹਿੰਦੀਆਂ ਸਨ। ਆਪਣੀਆਂ ਅਲਬੇਲੀਆਂ ਕੁਆਰੀਆਂ ਧੀਆਂ ਨੂੰ ਝੰਜੋੜ ਕੇ ਆਪਣੀ ਛਾਤੀ ਨਾਲੋਂ ਵੱਖ ਕਰ ਦਿੱਤਾ ਜਿਹੜੀਆਂ ਅੰਗੂਰ ਦੀ ਵੇਲ ਵਾਂਗ ਤੇਰੀ ਛਾਤੀ ਨਾਲ ਲਿਪਟੀਆਂ ਰਹਿੰਦੀਆਂ ਸਨ। ਕਿਉਂ ਅੱਜ ਇਹ ਦੇਸ਼ ਪਰਾਇਆ ਹੋ ਗਿਆ ਹੈ?
ਮੈਂ ਚੱਲੀ ਜਾ ਰਹੀ ਸੀ ਅਤੇ ਡੱਬਿਆਂ ਵਿੱਚ ਬੈਠੇ ਲੋਕ ਆਪਣੇ ਦੇਸ਼ ਦੀ ਧਰਤੀ ਦੀਆਂ ਉੱਚੀਆਂ ਚਟਾਨਾਂ, ਨੀਵੀਆਂ ਘਾਟੀਆਂ, ਹਰੀਆਂ ਵਾਦੀਆਂ, ਵਗਦੇ ਝਰਨਿਆਂ ਅਤੇ ਬਾਗ਼ਾਂ ਦੇ ਜਾਣੇ-ਪਛਾਣੇ ਨਜ਼ਾਰਿਆਂ ਨੂੰ ਆਪਣੇ ਸੀਨੇ ਵਿੱਚ ਲੁਕੋ ਕੇ ਲੈ ਜਾਣਾ ਚਾਹੁੰਦੇ ਸਨ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਅਸਹਿ ਦੁੱਖ-ਦਰਦ ਨਾਲ ਮੇਰੇ ਕਦਮ ਭਾਰੀ ਹੁੰਦੇ ਜਾ ਰਹੇ ਹਨ ਅਤੇ ਰੇਲ ਦੀ ਪਟੜੀ ਮੇਰਾ ਬੋਝ ਚੁੱਕਣ ਤੋਂ ਜੁਆਬ ਦੇ ਰਹੀ ਹੈ।
ਹਸਨ ਅਬਦਾਲ ਤੱਕ ਲੋਕ ਗ਼ਮਗੀਨ, ਨਿਰਾਸ਼ ਅਤੇ ਉਦਾਸੀ ਦੀ ਤਸਵੀਰ ਬਣੇ ਬੈਠੇ ਰਹੇ। ਹਸਨ ਅਬਦਾਲ ਦੇ ਪੰਜਾ ਸਾਹਿਬ ਸਟੇਸ਼ਨ ਉੱਤੇ ਬਹੁਤ ਸਾਰੇ ਸਿੱਖ, ਸਹਿਮੇ-ਸਹਿਮੇ ਬਾਲ ਬੱਚਿਆਂ ਨਾਲ, ਘਬਰਾਏ ਹੋਏ ਲੰਮੀਆਂ-ਲੰਮੀਆਂ ਕਿਰਪਾਨਾਂ ਲਈ ਪਹੁੰਚੇ ਹੋਏ ਸਨ। ਚਿਹਰਿਆਂ ’ਤੇ ਹਵਾਈਆਂ ਉੱਡ ਰਹੀਆਂ ਸਨ। ਉਨ੍ਹਾਂ ਨੂੰ ਦੇਖ ਕੇ ਇੰਝ ਲੱਗਦਾ ਸੀ ਕਿ ਉਹ ਆਪਣੀਆਂ ਕਿਰਪਾਨਾਂ ਦੇ ਫੱਟਾਂ ਨਾਲ ਆਪਣੇ-ਆਪ ਨੂੰ ਹੀ ਖ਼ਤਮ ਕਰ ਲੈਣਗੇ। ਡੱਬੇ ਵਿੱਚ ਬਹਿ ਕੇ ਇਨ੍ਹਾਂ ਨੇ ਸੁਖ ਦਾ ਸਾਹ ਲਿਆ। ਫਿਰ ਦੂਜੇ ਇਲਾਕਿਆਂ ਤੋਂ ਆਏ ਹੋਏ ਹਿੰਦੂ ਅਤੇ ਸਿੱਖ ਪਠਾਣਾਂ ਨਾਲ ਗੱਲਬਾਤ ਸ਼ੁਰੂ ਹੋ ਗਈ। ਕਿਸੇ ਦਾ ਘਰ ਸੜ ਗਿਆ ਸੀ, ਕੋਈ ਤਨ ਦੇ ਕੱਪੜਿਆਂ ਨਾਲ ਹੀ ਭੱਜ ਕੇ ਬਚਿਆ ਸੀ, ਕਿਸੇ ਦੇ ਪੈਰੀਂ ਜੁੱਤੀ ਨਹੀਂ ਸੀ ਤੇ ਕੋਈ ਇੰਨਾ ਚਲਾਕ ਨਿਕਲਿਆ ਕਿ ਆਪਣੇ ਘਰ ਦੀ ਟੁੱਟੀ ਮੰਜੀ ਤੱਕ ਚੁੱਕ ਲਿਆਇਆ ਸੀ। ਜਿਹੜੇ ਲੋਕਾਂ ਦਾ ਨੁਕਸਾਨ ਬਹੁਤਾ ਹੋਇਆ ਸੀ, ਉਹ ਲੋਕ ਗੁੰਮ-ਸੁੰਮ ਬੈਠੇ ਸਨ। ਜਿਨ੍ਹਾਂ ਕੋਲ ਕਦੇ ਕੁਝ ਹੈ ਹੀ ਨਹੀਂ ਸੀ ਉਹ ਆਪਣੀ ਲੱਖਾਂ ਦੀ ਜਾਇਦਾਦ ਖੁੱਸ ਜਾਣ ਦਾ ਗ਼ਮ ਕਰ ਰਹੇ ਸਨ ਅਤੇ ਆਪਣੀਆਂ ਫ਼ਰਜ਼ੀ ਇਮਾਰਤਾਂ ਦੇ ਕਿੱਸੇ ਸੁਣਾਉਂਦਿਆਂ ਦੂਜਿਆਂ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ ਹੋਏ ਮੁਸਲਮਾਨਾਂ ਨੂੰ ਗਾਲ੍ਹਾਂ ਕੱਢ ਰਹੇ ਸਨ।
ਬਲੋਚ ਸਿਪਾਹੀ ਰੋਹਬ ਨਾਲ ਦਰਵਾਜ਼ਿਆਂ ਉੱਤੇ ਬੰਦੂਕਾਂ ਫੜੀ ਖੜ੍ਹੇ ਸਨ ਤੇ ਕਦੇ-ਕਦੇ ਇੱਕ ਦੂਜੇ ਵੱਲ ਕਨੱਖੀਂ ਝਾਕਦੇ ਮੁਸਕਰਾ ਰਹੇ ਸਨ। ਤਕਸ਼ਿਲਾ ਦੇ ਸਟੇਸ਼ਨ ਉੱਤੇ ਮੈਨੂੰ ਬਹੁਤ ਦੇਰ ਖੜ੍ਹਾ ਰਹਿਣਾ ਪਿਆ। ਪਤਾ ਨਹੀਂ ਕੀਹਦਾ ਇੰਤਜ਼ਾਰ ਸੀ? ਸ਼ਾਇਦ ਨੇੜੇ-ਤੇੜੇ ਦੇ ਪਿੰਡਾਂ ਤੋਂ ਹਿੰਦੂ ਰਫਿਊਜੀ ਆ ਰਹੇ ਸਨ।
ਜਦੋਂ ਗਾਰਡ ਨੇ ਸਟੇਸ਼ਨ ਮਾਸਟਰ ਤੋਂ ਵਾਰ-ਵਾਰ ਪੁੱਛਿਆ ਤਾਂ ਉਸ ਨੇ ਕਿਹਾ, ‘‘ਇਹ ਗੱਡੀ ਅੱਗੇ ਨਹੀਂ ਜਾ ਸਕਦੀ।’’ ਇੱਕ ਘੰਟਾ ਹੋਰ ਲੰਘ ਗਿਆ। ਹੁਣ ਲੋਕਾਂ ਨੇ ਖਾਣ-ਪੀਣ ਲਈ ਲਿਆਂਦਾ ਸਾਮਾਨ ਖੋਲ੍ਹਿਆ ਅਤੇ ਖਾਣ-ਪੀਣ ਲੱਗੇ। ਸਹਿਮੇ-ਸਹਿਮੇ ਬੱਚੇ ਹੱਸਣ ਲੱਗੇ, ਮਾਸੂਮ ਕੁੜੀਆਂ ਤਾਕੀਆਂ ਤੋਂ ਬਾਹਰ ਝਾਕਣ ਲੱਗੀਆਂ, ਬੁੱਢੇ ਹੁੱਕੇ ਗੁੜਗੁੜਾਉਣ ਲੱਗੇ। ਥੋੜ੍ਹੀ ਦੇਰ ਬਾਅਦ ਦੂਰ ਤੋਂ ਸ਼ੋਰ ਸੁਣਾਈ ਦੇਣ ਲੱਗਿਆ ਤੇ ਉੱਚੀ-ਉੱਚੀ ਢੋਲ ਵੱਜਣ ਦੀ ਆਵਾਜ਼ ਆਉਣ ਲੱਗੀ। ਸ਼ਾਇਦ ਹਿੰਦੂ ਸ਼ਰਨਾਰਥੀਆਂ ਦਾ ਟੋਲਾ ਆ ਰਿਹਾ ਸੀ। ਲੋਕਾਂ ਨੇ ਤਾਕੀਆਂ ਵਿੱਚੋਂ ਇੱਧਰ-ਉੱਧਰ ਦੇਖਿਆ। ਹਜੂਮ ਦੂਰੋਂ ਆ ਰਿਹਾ ਸੀ ਤੇ ਉੱਚੀ-ਉੱਚੀ ਨਾਅਰੇ ਲਾ ਰਿਹਾ ਸੀ। ਸਮਾਂ ਲੰਘਣ ਨਾਲ ਜਿਵੇਂ ਹੀ ਹਜੂਮ ਨੇੜੇ ਆਇਆ ਢੋਲਾਂ ਦੀ ਆਵਾਜ਼ ਤੇਜ਼ ਹੁੰਦੀ ਗਈ। ਹਜੂਮ ਦੇ ਨੇੜੇ ਆਉਂਦੇ ਹੀ ਗੋਲੀਆਂ ਚੱਲਣ ਦੀ ਆਵਾਜ਼ ਕੰਨਾਂ ਵਿੱਚ ਪਈ ਤਾਂ ਲੋਕਾਂ ਨੇ ਆਪਣੇ ਸਿਰ ਤਾਕੀਆਂ ਤੋਂ ਅੰਦਰ ਕਰ ਲਏ। ਇਹ ਹਿੰਦੂਆਂ ਦਾ ਟੋਲਾ ਸੀ ਜਿਹੜਾ ਨੇੜੇ-ਤੇੜੇ ਦੇ ਪਿੰਡਾਂ ਤੋਂ ਆ ਰਿਹਾ ਸੀ। ਪਿੰਡ ਦੇ ਮੁਸਲਮਾਨ ਉਨ੍ਹਾਂ ਨੂੰ ਆਪਣੀ ਸੁਰੱਖਿਆ ਹੇਠ ਲਿਆ ਰਹੇ ਸਨ। ਦਰਅਸਲ ਹਰੇਕ ਮੁਸਲਮਾਨ ਨੇ ਇੱਕ ਕਾਫ਼ਰ ਦੀ ਲਾਸ਼ ਆਪਣੇ ਮੋਢੇ ਉੱਤੇ ਚੁੱਕੀ ਹੋਈ ਸੀ, ਜਿਸ ਨੇ ਵੀ ਪਿੰਡ ਵਿੱਚੋਂ ਬਚ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਤਕਰੀਬਨ ਦੋ ਸੌ ਲਾਸ਼ਾਂ ਸਨ। ਹਜੂਮ ਨੇ ਸਟੇਸ਼ਨ ’ਤੇ ਪਹੁੰਚ ਕੇ ਇਹ ਲਾਸ਼ਾਂ ਬਹੁਤ ਸਲੀਕੇ ਨਾਲ ਬਲੋਚ ਦਸਤੇ ਦੇ ਸਪੁਰਦ ਕੀਤੀਆਂ ਤੇ ਕਿਹਾ ਕਿ ਉਹ ਇਹ ਸ਼ਰਨਾਰਥੀਆਂ ਦੀਆਂ ਲਾਸ਼ਾਂ ਪੂਰੀ ਸੁਰੱਖਿਆ ਹੇਠ ਹਿੰਦੋਸਤਾਨ ਦੀ ਸਰਹੱਦ ਉੱਤੇ ਲੈ ਜਾਣ। ਫਲਸਰੂਪ, ਬਲੋਚ ਸਿਪਾਹੀਆਂ ਨੇ ਖ਼ੁਸ਼ੀ ਖ਼ੁਸ਼ੀ ਇਸ ਗੱਲ ਦੀ ਜ਼ਿੰਮੇਵਾਰੀ ਲੈ ਲਈ ਤੇ ਹਰੇਕ ਡੱਬੇ ਵਿੱਚ ਪੰਦਰਾਂ-ਵੀਹ ਲਾਸ਼ਾਂ ਰੱਖ ਦਿੱਤੀਆਂ। ਇਸ ਤੋਂ ਬਾਅਦ ਹਜੂਮ ਨੇ ਹਵਾਈ ਫਾਇਰ ਕੀਤਾ ਤੇ ਗੱਡੀ ਚਲਾਉਣ ਲਈ ਸਟੇਸ਼ਨ ਮਾਸਟਰ ਨੂੰ ਹੁਕਮ ਦਿੱਤਾ।
ਮੈਂ ਚੱਲਣ ਹੀ ਲੱਗੀ ਸੀ ਕਿ ਮੈਨੂੰ ਫਿਰ ਰੋਕ ਦਿੱਤਾ ਗਿਆ। ਹਜੂਮ ਦੇ ਆਗੂ ਨੇ ਸ਼ਰਨਾਰਥੀਆਂ ਨੂੰ ਕਿਹਾ ਕਿ ਦੋ ਸੌ ਬੰਦਿਆਂ ਦੇ ਚਲੇ ਜਾਣ ਨਾਲ ਉਨ੍ਹਾਂ ਦੇ ਪਿੰਡ ਸੁੰਨੇ ਹੋ ਜਾਣਗੇ ਤੇ ਉਨ੍ਹਾਂ ਦਾ ਵਪਾਰ ਵੀ ਤਬਾਹ ਹੋ ਜਾਵੇਗਾ। ਇਸ ਲਈ ਉਹ ਗੱਡੀ ਵਿੱਚੋਂ ਦੋ ਸੌ ਆਦਮੀ ਲਾਹ ਕੇ ਆਪਣੇ ਪਿੰਡ ਲੈ ਜਾਣਗੇ। ਚਾਹੇ ਕੁਝ ਵੀ ਹੋ ਜਾਵੇ ਉਹ ਆਪਣੇ ਮੁਲਕ ਨੂੰ ਇਸ ਤਰ੍ਹਾਂ ਬਰਬਾਦ ਹੁੰਦਾ ਨਹੀਂ ਦੇਖ ਸਕਦੇ। ਇਸ ਗੱਲ ਉੱਤੇ ਬਲੋਚ ਸਿਪਾਹੀਆਂ ਨੇ ਉਨ੍ਹਾਂ ਦੀ ਸਮਝਦਾਰੀ ਦੀ ਤਾਰੀਫ਼ ਕੀਤੀ ਤੇ ਉਨ੍ਹਾਂ ਦੇ ਦੇਸ਼ ਪਿਆਰ ਦੀ ਸ਼ਲਾਘਾ ਕੀਤੀ। ਨਤੀਜੇ ਵਜੋਂ ਬਲੋਚ ਸਿਪਾਹੀਆਂ ਨੇ ਹਰੇਕ ਡੱਬੇ ਵਿੱਚੋਂ ਕੁਝ ਆਦਮੀ ਕੱਢ ਕੇ ਹਜੂਮ ਦੇ ਹਵਾਲੇ ਕਰ ਦਿੱਤੇ। ਪੂਰੇ ਦੋ ਸੌ ਆਦਮੀ ਕੱਢੇ ਗਏ। ਨਾ ਇੱਕ ਘੱਟ ਨਾ ਇੱਕ ਵੱਧ। ‘‘ਲਾਈਨ ਲਾਓ ਕਾਫ਼ਰੋ!’’ ਆਗੂ ਨੇ ਕਿਹਾ। ਆਗੂ ਆਪਣੇ ਇਲਾਕੇ ਦਾ ਸਭ ਤੋਂ ਵੱਡਾ ਜ਼ਿਮੀਂਦਾਰ ਸੀ ਤੇ ਆਪਣੇ ਵੱਲੋਂ ਵਹਾਏ ਖ਼ੂਨ ਵਿੱਚ ਪਵਿੱਤਰ ਜਹਾਦ ਦੀ ਗੂੰਜ ਸੁਣ ਰਿਹਾ ਸੀ। ਕਾਫ਼ਰ ਪੱਥਰ ਦੇ ਬੁੱਤ ਬਣੇ ਖੜ੍ਹੇ ਸਨ। ਹਜੂਮੀਆਂ ਨੇ ਉਨ੍ਹਾਂ ਨੂੰ ਚੁੱਕ-ਚੁੱਕ ਕਤਾਰ ਵਿੱਚ ਲਾਉਣਾ ਸ਼ੁਰੂ ਕਰ ਦਿੱਤਾ। ਦੋ ਸੌ ਆਦਮੀ, ਦੋ ਸੌ ਜਿਊਂਦੀਆਂ ਲਾਸ਼ਾਂ, ਚਿਹਰੇ ਸੁੱਤੇ ਹੋਏ, ਅੱਖਾਂ ਮਾਹੌਲ ਵਿੱਚ ਤੀਰਾਂ ਦੀ ਬਾਰਿਸ਼ ਮਹਿਸੂਸ ਕਰਦੀਆਂ ਹੋਈਆਂ। ਪਹਿਲ ਬਲੋਚ ਸਿਪਾਹੀਆਂ ਨੇ ਕੀਤੀ।
ਪੰਦਰਾਂ ਆਦਮੀ ਗੋਲੀਆਂ ਨਾਲ ਢੇਰ ਹੋ ਗਏ। ਇਹ ਤਕਸ਼ਿਲਾ ਦਾ ਸਟੇਸ਼ਨ ਸੀ। ਵੀਹ ਆਦਮੀ ਹੋਰ ਢੇਰ ਹੋ ਗਏ।
ਇਹ ਏਸ਼ੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਸੀ। ਵਿੱਦਿਆ ਪ੍ਰਾਪਤ ਕਰਨ ਦੇ ਇੱਛੁਕ ਵਿਦਿਆਰਥੀ ਇੱਥੇ ਸੰਸਕ੍ਰਿਤੀ, ਕਲਾ, ਗਿਆਨ ਹਾਸਿਲ ਕਰਨ ਆਉਂਦੇ ਸਨ। ਪੰਜਾਹ ਹੋਰ ਢੇਰ ਕਰ ਦਿੱਤੇ ਗਏ।
ਤਕਸ਼ਿਲਾ ਦੇ ਅਜਾਇਬਘਰ ਵਿੱਚ ਐਨੇ ਸੋਹਣੇ ਬੁੱਤ ਸਨ, ਪੱਥਰਤਰਾਸ਼ੀ ਦੇ ਅਕਹਿ ਨਮੂਨੇ, ਪੁਰਾਤਨ ਸੱਭਿਅਤਾ ਦੇ ਝਿਲਮਿਲਾਉਂਦੇ ਚਿਰਾਗ਼।
ਪੰਜਾਹ ਹੋਰ ਮਾਰ ਦਿੱਤੇ ਗਏ।
ਮੁੱਢ ਵਿੱਚ ਸਰਕੂਬ ਦਾ ਮਹਿਲ ਸੀ, ਕੋਲ ਹੀ ਨਾਟਕ ਖੇਡਣ ਲਈ ਸੁੰਦਰ ਨਾਟ-ਘਰ, ਮੀਲਾਂ ਤੱਕ ਫੈਲੇ ਹੋਏ ਇੱਕ ਵਸੀਹ ਸ਼ਹਿਰ ਦੇ ਖੰਡਰ। ਤਕਸ਼ਿਲਾ ਦੇ ਗੁਜ਼ਰੇ ਸਮੇਂ ਦੀ ਸ਼ਾਨੋ-ਸ਼ੌਕਤ ਦੇ ਪ੍ਰਤੱਖ ਪ੍ਰਮਾਣ।
ਪੰਜਾਹ ਹੋਰ ਮਾਰ ਦਿੱਤੇ ਗਏ।
ਜਿੱਥੇ ਕਨਿਸ਼ਕ ਨੇ ਹਕੂਮਤ ਕੀਤੀ ਸੀ। ਲੋਕਾਂ ਨੂੰ ਅਮਨ-ਚੈਨ, ਸੁੰਦਰਤਾ ਤੇ ਦੌਲਤ ਨਾਲ ਮਾਲਾ-ਮਾਲ ਕੀਤਾ ਸੀ।
ਪੱਚੀ ਹੋਰ ਮਾਰ ਦਿੱਤੇ ਗਏ।
ਜਿੱਥੇ ਬੁੱਧ ਦਾ ਗਿਆਨ ਦਾ ਗੀਤ ਗੂੰਜਿਆ। ਜਿੱਥੇ ਭਿਖਸ਼ੂਆਂ ਨੇ ਸ਼ਾਂਤੀ, ਭਾਈਚਾਰਕ ਸਾਂਝ ਅਤੇ ਸੰਤੁਸ਼ਟ ਜੀਵਨ ਜਿਊਣ ਦਾ ਪਾਠ ਪੜ੍ਹਾਇਆ ਸੀ।
ਹੁਣ ਆਖ਼ਰੀ ਟੁਕੜੀ ਦੀ ਵਾਰੀ ਆ ਗਈ ਸੀ। ਜਿੱਥੇ ਪਹਿਲੀ ਵਾਰ ਹਿੰਦੋਸਤਾਨ ਦੀ ਸਰਹੱਦ ਉੱਤੇ ਇਸਲਾਮ ਦਾ ਪਰਚਮ ਲਹਿਰਾਇਆ ਸੀ। ਭਾਈਚਾਰੇ, ਬਰਾਬਰੀ ਤੇ ਇਨਸਾਨੀਅਤ ਦਾ ਪਰਚਮ।
ਸਭ ਮਾਰੇ ਗਏ। ‘‘ਅੱਲ੍ਹਾ-ਹੂ-ਅਕਬਰ’’ ਫਰਸ਼ ਖ਼ੂਨ ਨਾਲ ਲਾਲ ਸੀ।
ਜਦੋਂ ਮੈਂ ਪਲੈਟਫਾਰਮ ਤੋਂ ਲੰਘੀ ਤਾਂ ਮੇਰੇ ਪੈਰ ਪੱਟੜੀ ਤੋਂ ਤਿਲਕ ਰਹੇ ਸੀ ਜਿਵੇਂ ਮੈਂ ਹੁਣੇ ਡਿੱਗ ਜਾਵਾਂਗੀ ਤੇ ਡਿੱਗ ਕੇ ਬਾਕੀ ਬਚੇ ਮੁਸਾਫ਼ਿਰਾਂ ਨੂੰ ਵੀ ਖ਼ਤਮ ਕਰ ਦੇਵਾਂਗੀ। ਹਰ ਡੱਬੇ ਵਿੱਚ ਮੌਤ ਆ ਗਈ ਸੀ। ਲਾਸ਼ਾਂ ਵਿਚਾਲੇ ਰੱਖ ਦਿੱਤੀਆਂ ਗਈਆਂ ਸਨ ਤੇ ਜਿਊਂਦੀਆਂ ਲਾਸ਼ਾਂ ਦਾ ਇਕੱਠ ਚਾਰੇ ਪਾਸੇ ਸੀ। ਬਲੋਚ ਸਿਪਾਹੀ ਮੁਸਕਰਾ ਰਹੇ ਸਨ।
ਕਿਤੇ ਕੋਈ ਬੱਚਾ ਰੋਣ ਲੱਗਿਆ, ਕਿਤੇ ਕਿਸੇ ਬੁੱਢੀ ਮਾਂ ਨੇ ਹਾਉਕਾ ਲਿਆ, ਕਿਸੇ ਦੇ ਲੁੱਟੇ ਹੋਏ ਸੁਹਾਗ ਨੇ ਆਹ ਭਰੀ ਤੇ ਮੈਂ ਚੀਕਦੀ ਹੋਈ ਰਾਵਲਪਿੰਡੀ ਦੇ ਪਲੈਟਫਾਰਮ ਉੱਤੇ ਆ ਖੜ੍ਹੀ ਹੋਈ। ਇੱਥੋਂ ਕੋਈ ਸ਼ਰਨਾਰਥੀ ਗੱਡੀ ਵਿੱਚ ਸਵਾਰ ਨਾ ਹੋਇਆ। ਇੱਕ ਡੱਬੇ ਵਿੱਚ ਕੁਝ ਮੁਸਲਮਾਨ ਪੰਦਰਾਂ-ਵੀਹ ਬੁਰਕਾਪੋਸ਼ ਔਰਤਾਂ ਨੂੰ ਲੈ ਕੇ ਸਵਾਰ ਹੋਏ। ਹਰੇਕ ਨੌਜਵਾਨ ਕੋਲ ਰਾਈਫਲ ਸੀ। ਇਸ ਡੱਬੇ ਵਿੱਚ ਬਹੁਤ ਸਾਰਾ ਜੰਗ ਦਾ ਸਾਮਾਨ ਲੱਦਿਆ ਗਿਆ- ਮਸ਼ੀਨਗੰਨਾਂ, ਕਾਰਤੂਸ, ਪਿਸਤੌਲ ਤੇ ਬੰਦੂਕਾਂ।
ਜਿਹਲਮ ਤੇ ਗੁੱਜਰ ਖਾਂ ਦੇ ਵਿਚਲੇ ਇਲਾਕੇ ਵਿੱਚ ਮੈਨੂੰ ਸਿਗਨਲ ਖਿੱਚ ਕੇ ਰੋਕ ਦਿੱਤਾ ਗਿਆ। ਮੈਂ ਰੁਕ ਗਈ। ਹਥਿਆਰਬੰਦ ਨੌਜਵਾਨ ਗੱਡੀ ਵਿੱਚੋਂ ਉਤਰਨ ਲੱਗੇ। ਬੁਰਕੇ ਵਾਲੀਆਂ ਔਰਤਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ, ‘‘ਅਸੀਂ ਹਿੰਦੂ ਹਾਂ, ਅਸੀਂ ਸਿੱਖ ਹਾਂ। ਸਾਨੂੰ ਜ਼ਬਰਦਸਤੀ ਲਿਜਾ ਰਹੇ ਹਨ।’’ ਉਨ੍ਹਾਂ ਨੇ ਬੁਰਕੇ ਪਾੜ ਸੁੱਟੇ ਅਤੇ ਚੀਕਣਾ ਸ਼ੁਰੂ ਕਰ ਦਿੱਤਾ। ਨੌਜਵਾਨ ਮੁਸਲਮਾਨ ਹੱਸਦੇ ਹੋਏ ਉਨ੍ਹਾਂ ਨੂੰ ਘੜੀਸ ਕੇ ਗੱਡੀ ਵਿੱਚੋਂ ਕੱਢ ਲਿਆਏ। ‘‘ਹਾਂ! ਇਹ ਹਿੰਦੂ ਔਰਤਾਂ ਨੇ, ਅਸੀਂ ਉਨ੍ਹਾਂ ਨੂੰ ਰਾਵਲਪਿੰਡੀ ਤੋਂ ਇਨ੍ਹਾਂ ਦੇ ਆਰਾਮਦੇਹ ਘਰਾਂ ਵਿੱਚੋਂ, ਇਨ੍ਹਾਂ ਦੇ ਖੁਸ਼ਹਾਲ ਘਰਾਣਿਆਂ ਵਿੱਚੋਂ, ਇਨ੍ਹਾਂ ਦੇ ਇੱਜ਼ਤਦਾਰ ਮਾਪਿਆਂ ਤੋਂ ਖੋਹ ਕੇ ਲਿਆਏ ਹਾਂ। ਹੁਣ ਇਹ ਸਾਡੀਆਂ ਹਨ, ਅਸੀਂ ਇਨ੍ਹਾਂ ਨਾਲ ਜੋ ਚਾਹੇ ਸਲੂਕ ਕਰੀਏ, ਜੇ ਕਿਸੇ ਵਿੱਚ ਹਿੰਮਤ ਹੈ ਤਾਂ ਸਾਡੇ ਤੋਂ ਖੋਹ ਕੇ ਲੈ ਜਾਵੇ।’’
ਸਰਹੱਦ ਦੇ ਦੋ ਹਿੰਦੂ ਪਠਾਣ ਨੌਜਵਾਨ ਛਾਲ ਮਾਰ ਕੇ ਗੱਡੀ ਤੋਂ ਉਤਰ ਆਏ। ਬਲੋਚ ਸਿਪਾਹੀਆਂ ਨੇ ਬੜੀ ਸਹਿਜਤਾ ਨਾਲ ਫਾਇਰ ਮਾਰ ਕੇ ਉਨ੍ਹਾਂ ਨੂੰ ਮਾਰ ਦਿੱਤਾ। ਪੰਦਰਾਂ-ਵੀਹ ਨੌਜਵਾਨ ਹੋਰ ਨਿਕਲੇ, ਉਨ੍ਹਾਂ ਨੂੰ ਹਥਿਆਰਬੰਦ ਮੁਸਲਮਾਨਾਂ ਦੇ ਗਰੋਹ ਨੇ ਮਿੰਟਾਂ ਵਿੱਚ ਖ਼ਤਮ ਕਰ ਦਿੱਤਾ। ਅਸਲ ਵਿੱਚ ਹੱਡ-ਮਾਸ ਦੀ ਕੰਧ ਲੋਹੇ ਦੀ ਗੋਲੀ ਦਾ ਮੁਕਾਬਲਾ ਨਹੀਂ ਕਰ ਸਕਦੀ।
ਨੌਜਵਾਨ, ਹਿੰਦੂ ਔਰਤਾਂ ਨੂੰ ਘੜੀਸ ਕੇ ਜੰਗਲ ਵਿੱਚ ਲੈ ਗਏ ਤੇ ਮੈਂ ਮੂੰਹ ਲੁਕੋ ਕੇ ਉੱਥੋਂ ਦੌੜੀ। ਕਾਲਾ ਡਰਾਉਣਾ ਧੂੰਆਂ ਮੇਰੇ ਮੂੰਹ ਵਿੱਚੋਂ ਨਿਕਲ ਰਿਹਾ ਸੀ। ਸਾਰੀ ਸ੍ਰਿਸ਼ਟੀ ਉੱਤੇ ਕਮੀਨਗੀ ਦੀ ਸਿਆਹੀ ਛਾ ਗਈ ਸੀ। ਸਾਹ ਮੇਰੇ ਸੀਨੇ ਵਿੱਚ ਇਸ ਤਰ੍ਹਾਂ ਉਲਝਣ ਲੱਗੇ, ਲੱਗਿਆ ਜਿਵੇਂ ਮੇਰੀ ਮਜ਼ਬੂਤ ਛਾਤੀ ਹੁਣੇ ਫਟ ਜਾਵੇਗੀ ਤੇ ਅੰਦਰਲੇ ਲਾਲ-ਲਾਲ ਅੰਗਾਰ ਇਸ ਜੰਗਲ ਨੂੰ ਕਾਲੀ ਰਾਖ਼ ਬਣਾ ਦੇਣਗੇ ਜੋ ਉਸ ਸਮੇਂ ਮੇਰੇ ਅੱਗੇ ਪਿੱਛੇ ਫੈਲਿਆ ਹੋਇਆ ਸੀ ਅਤੇ ਜਿਸ ਨੇ ਇਨ੍ਹਾਂ ਔਰਤਾਂ ਨੂੰ ਅੱਖ ਦੇ ਫੋਰ ਵਿੱਚ ਨਿਗਲ ਲਿਆ ਸੀ।
ਲਾਲਾ ਮੂਸਾ ਤੱਕ ਪਹੁੰਚਦਿਆਂ-ਪਹੁੰਚਦਿਆਂ ਲਾਸ਼ਾਂ ਵਿੱਚੋਂ ਸੜ੍ਹਾਂਦ ਆਉਣ ਲੱਗੀ ਕਿ ਬਲੋਚ ਸਿਪਾਹੀ ਉਨ੍ਹਾਂ ਨੂੰ ਬਾਹਰ ਸੁੱਟਣ ਲਈ ਮਜਬੂਰ ਹੋ ਗਏ। ਉਹ ਹੱਥ ਦੇ ਇਸ਼ਾਰੇ ਨਾਲ ਇੱਕ ਆਦਮੀ ਨੂੰ ਬੁਲਾਉਂਦੇ ਤੇ ਉਸ ਨੂੰ ਆਖਦੇ, ‘‘ਇਸ ਲਾਸ਼ ਨੂੰ ਚੁੱਕ ਕੇ ਇੱਥੇ ਲਿਆ, ਦਰਵਾਜ਼ੇ ਤੱਕ।’’ ਤੇ ਜਦੋਂ ਉਹ ਆਦਮੀ ਇੱਕ ਲਾਸ਼ ਚੁੱਕ ਕੇ ਦਰਵਾਜ਼ੇ ’ਤੇ ਲਿਆਉਂਦਾ ਤਾਂ ਉਹ ਉਸ ਆਦਮੀ ਨੂੰ ਗੱਡੀ ਤੋਂ ਬਾਹਰ ਧੱਕਾ ਦੇ ਦਿੰਦੇ। ਥੋੜ੍ਹੀ ਦੇਰ ਬਾਅਦ ਸਾਰੀਆਂ ਲਾਸ਼ਾਂ ਇੱਕ-ਇੱਕ ਹਮਰਾਹੀ ਦੇ ਨਾਲ ਬਾਹਰ ਸੁੱਟ ਦਿੱਤੀਆਂ ਗਈਆਂ ਤੇ ਡੱਬੇ ਵਿੱਚ ਆਦਮੀ ਘੱਟ ਹੋ ਜਾਣ ਨਾਲ ਲੱਤਾਂ ਸਿੱਧੀਆਂ ਕਰਨ ਜੋਗੀ ਥਾਂ ਹੋ ਗਈ। ਫੇਰ ਲਾਲਾ ਮੂਸਾ ਲੰਘ ਗਿਆ ਤੇ ਵਜ਼ੀਰਾਬਾਦ ਆ ਗਿਆ।
ਵਜ਼ੀਰਾਬਾਦ ਦਾ ਮਸ਼ਹੂਰ ਜੰਕਸ਼ਨ, ਵਜ਼ੀਰਾਬਾਦ ਦਾ ਮਸ਼ਹੂਰ ਸ਼ਹਿਰ, ਜਿੱਥੇ ਸਾਰੇ ਹਿੰਦੋਸਤਾਨ ਲਈ ਛੁਰੀਆਂ ਤੇ ਚਾਕੂ ਤਿਆਰ ਹੁੰਦੇ ਹਨ। ਵਜ਼ੀਰਾਬਾਦ ਜਿੱਥੇ ਹਿੰਦੂ ਤੇ ਮੁਸਲਮਾਨ ਵਿਸਾਖੀ ਦਾ ਮੇਲਾ ਬੜੀ ਧੂਮਧਾਮ ਨਾਲ ਮਨਾਉਂਦੇ ਹਨ ਤੇ ਇਸਦੀਆਂ ਖ਼ੁਸ਼ੀਆਂ ਵਿੱਚ ਇਕੱਠੇ ਹਿੱਸਾ ਲੈਂਦੇ ਹਨ।
ਵਜ਼ੀਰਾਬਾਦ ਦਾ ਸਟੇਸ਼ਨ ਲਾਸ਼ਾਂ ਨਾਲ ਭਰਿਆ ਪਿਆ ਸੀ। ਸ਼ਾਇਦ ਇਹ ਲੋਕ ਵਿਸਾਖੀ ਦਾ ਮੇਲਾ ਦੇਖਣ ਆਏ ਸਨ। ਲਾਸ਼ਾਂ ਦਾ ਮੇਲਾ! ਸ਼ਹਿਰ ਵਿੱਚ ਧੂੰਆਂ ਉੱਠ ਰਿਹਾ ਸੀ ਤੇ ਸਟੇਸ਼ਨ ਦੇ ਨੇੜੇ ਅੰਗਰੇਜ਼ੀ ਬੈਂਡ ਦੀ ਧੁਨ ਸੁਣਾਈ ਦੇ ਰਹੀ ਸੀ, ਹਜੂਮ ਦੀਆਂ ਜ਼ੋਰਦਾਰ ਤਾੜੀਆਂ ਤੇ ਹਾਸਿਆਂ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਕੁਝ ਮਿੰਟਾਂ ਬਾਅਦ ਹਜੂਮ ਸਟੇਸ਼ਨ ਉੱਤੇ ਪਹੁੰਚ ਗਿਆ। ਮੂਹਰੇ-ਮੂਹਰੇ ਪੇਂਡੂ ਲੋਕ ਨੱਚਦੇ ਗਾਉਂਦੇ ਆ ਰਹੇ ਸਨ ਤੇ ਉਨ੍ਹਾਂ ਮਗਰ ਨੰਗੀਆਂ ਔਰਤਾਂ ਦਾ ਇਕੱਠ; ਅਲਫ਼ ਨੰਗੀਆਂ, ਬੁੱਢੀਆਂ, ਨੌਜਵਾਨ, ਬੱਚੀਆਂ, ਦਾਦੀਆਂ ਤੇ ਪੋਤੀਆਂ, ਮਾਵਾਂ-ਨੂੰਹਾਂ ਤੇ ਧੀਆਂ, ਕੁਆਰੀਆਂ ਤੇ ਗਰਭਵਤੀ ਔਰਤਾਂ, ਨੱਚਦੇ ਗਾਉਂਦੇ ਹੋਏ ਮਰਦਾਂ ਦੀ ਭੀੜ ਵਿਚਕਾਰ।
ਔਰਤਾਂ ਹਿੰਦੂ ਤੇ ਸਿੱਖ ਸਨ ਅਤੇ ਮਰਦ ਮੁਸਲਮਾਨ। ਦੋਵਾਂ ਨੇ ਮਿਲ ਕੇ ਅਜੀਬ ਵਿਸਾਖੀ ਮਨਾਈ ਸੀ। ਔਰਤਾਂ ਦੇ ਵਾਲ ਖੁੱਲ੍ਹੇ ਤੇ ਜਿਸਮਾਂ ਉੱਤੇ ਜ਼ਖ਼ਮਾਂ ਦੇ ਨਿਸ਼ਾਨ ਸਨ। ਉਹ ਇਸ ਤਰ੍ਹਾਂ ਸਿੱਧੀਆਂ ਤਣ ਕੇ ਚੱਲ ਰਹੀਆਂ ਸਨ ਜਿਵੇਂ ਉਨ੍ਹਾਂ ਦੀਆਂ ਰੂਹਾਂ ਉੱਤੇ ਚੈਨ ਦੇਣ ਵਾਲਾ ਮੌਤ ਦਾ ਗੂੜ੍ਹਾ ਸਾਇਆ ਛਾ ਗਿਆ ਹੋਵੇ। ਉਨ੍ਹਾਂ ਦੀਆਂ ਨਜ਼ਰਾਂ ਦਾ ਜਲੌਅ ਦਰੋਪਦੀ ਨੂੰ ਵੀ ਮਾਤ ਪਾ ਰਿਹਾ ਸੀ। ਉਨ੍ਹਾਂ ਦੇ ਬੁੱਲ੍ਹ ਦੰਦਾਂ ਹੇਠ ਇੰਝ ਦੱਬੇ ਹੋਏ ਸਨ ਜਿਵੇਂ ਕਿਸੇ ਭਿਆਨਕ ਜਵਾਲਾਮੁਖੀ ਦਾ ਮੂੰਹ ਬੰਦ ਕੀਤਾ ਗਿਆ ਹੋਵੇ। ਸ਼ਾਇਦ ਹੁਣੇ ਹੀ ਲਾਵਾ ਫਟੇਗਾ ਤੇ ਆਪਣੀ ਅੱਗ ਦੀ ਲਪੇਟ ਵਿੱਚ ਦੁਨੀਆ ਨੂੰ ਨਰਕ ਵਿੱਚ ਤਬਦੀਲ ਕਰ ਦੇਵੇਗਾ। ਹਜੂਮ ਵਿੱਚੋਂ ਆਵਾਜ਼ਾਂ ਆਈਆਂ, ‘‘ਪਾਕਿਸਤਾਨ ਜ਼ਿੰਦਾਬਾਦ!’’ ‘‘ਇਸਲਾਮ ਜ਼ਿੰਦਾਬਾਦ!’’ ‘‘ਕਾਇਦੇ-ਆਜ਼ਮ ਮੁਹੰਮਦ ਅਲੀ ਜਿਨਾਹ ਜ਼ਿੰਦਾਬਾਦ!’’
ਨੱਚਦੇ ਥਿਰਕਦੇ ਕਦਮ ਪਿੱਛੇ ਹਟ ਗਏ ਤੇ ਹੁਣ ਇਹ ਅਜੀਬੋ-ਗ਼ਰੀਬ ਹਜੂਮ ਡੱਬੇ ਦੇ ਐਨ ਸਾਹਮਣੇ ਸੀ। ਡੱਬੇ ਵਿੱਚ ਬੈਠੀਆਂ ਔਰਤਾਂ ਨੇ ਘੁੰਡ ਕੱਢ ਲਏ ਤੇ ਡੱਬੇ ਦੀਆਂ ਤਾਕੀਆਂ ਬੰਦ ਹੋਣ ਲੱਗੀਆਂ। ਬਲੋਚ ਸਿਪਾਹੀਆਂ ਨੇ ਕਿਹਾ, ‘‘ਤਾਕੀਆਂ ਬੰਦ ਨਾ ਕਰੋ, ਹਵਾ ਰੁਕਦੀ ਹੈ।’’ ਤਾਕੀਆਂ ਬੰਦ ਹੁੰਦੀਆਂ ਗਈਆਂ।
ਬਲੋਚ ਸਿਪਾਹੀਆਂ ਨੇ ਬੰਦੂਕਾਂ ਤਾਣ ਲਈਆਂ, ਠਾਹ! ਠਾਹ! ਫੇਰ ਵੀ ਤਾਕੀਆਂ ਬੰਦ ਹੁੰਦੀਆਂ ਗਈਆਂ ਤੇ ਡੱਬੇ ਦੀ ਇੱਕ ਵੀ ਖਿੜਕੀ ਖੁੱਲ੍ਹੀ ਨਾ ਰਹੀ। ਹਾਂ! ਕੁਝ ਸ਼ਰਨਾਰਥੀ ਜ਼ਰੂਰ ਮਾਰੇ ਗਏ।
ਨੰਗੀਆਂ ਔਰਤਾਂ ਸ਼ਰਨਾਰਥੀਆਂ ਦੇ ਨਾਲ ਬਿਠਾ ਦਿੱਤੀਆਂ ਗਈਆਂ ਤੇ ਮੈਂ, ਇਸਲਾਮ-ਜ਼ਿੰਦਾਬਾਦ, ਕਾਇਦੇ-ਆਜ਼ਮ ਮੁਹੰਮਦ ਅਲੀ ਜਿਨਾਹ-ਜ਼ਿੰਦਾਬਾਦ ਦੇ ਨਾਅਰਿਆਂ ਦਰਮਿਆਨ ਚੱਲ ਪਈ।
ਡੱਬੇ ਵਿੱਚ ਬੈਠਾ ਇੱਕ ਬੱਚਾ ਖਿਸਕਦਾ-ਖਿਸਕਦਾ ਬੁੱਢੀ ਦਾਦੀ ਕੋਲ ਚਲਿਆ ਗਿਆ ਤੇ ਪੁੱਛਣ ਲੱਗਿਆ, ‘‘ਮਾਂ! ਤੂੰ ਨ੍ਹਾ ਕੇ ਆਈ ਐਂ?’’ ਦਾਦੀ ਨੇ ਆਪਣੇ ਹੰਝੂਆਂ ਨੂੰ ਰੋਕਦੇ ਹੋਏ ਕਿਹਾ, ‘‘ਹਾਂ! ਨਿੱਕੇ ਅੱਜ ਮੈਨੂੰ ਦੇਸ਼ ਦੇ ਪੁੱਤਰਾਂ ਤੇ ਭਰਾਵਾਂ ਨੇ ਨਵ੍ਹਾਇਆ ਹੈ।’’ ‘‘ਤੇਰੇ ਕੱਪੜੇ ਕਿੱਥੇ ਨੇ ਅੰਮਾ?’’ ‘‘ਉਨ੍ਹਾਂ ਉੱਤੇ ਮੇਰੇ ਸੁਹਾਗ ਦੇ ਖ਼ੂਨ ਦੇ ਛਿੱਟੇ ਸਨ ਪੁੱਤਰ, ਉਹ ਲੋਕ ਕੱਪੜਿਆਂ ਨੂੰ ਧੋਣ ਲਈ ਲੈ ਗਏ ਹਨ।’’
ਦੋ ਨੰਗੀਆਂ ਕੁੜੀਆਂ ਨੇ ਗੱਡੀ ’ਚੋਂ ਛਾਲ ਮਾਰ ਦਿੱਤੀ ਤੇ ਮੈਂ ਚੀਕਦੀ ਹੋਈ ਅੱਗੇ ਭੱਜੀ ਤੇ ਲਾਹੌਰ ਪੁੱਜ ਕੇ ਦਮ ਲਿਆ। ਮੈਨੂੰ ਇਕ ਨੰਬਰ ਪਲੈਟਫਾਰਮ ਉੱਤੇ ਖੜ੍ਹਾ ਦਿੱਤਾ ਗਿਆ। ਨੰਬਰ 2 ਪਲੇਟਫਾਰਮ ਉੱਤੇ ਦੂਜੀ ਗੱਡੀ ਖੜ੍ਹੀ ਸੀ। ਇਹ ਅੰਮ੍ਰਿਤਸਰ ਤੋਂ ਆਈ ਸੀ ਤੇ ਇਸ ਵਿੱਚ ਮੁਸਲਮਾਨ ਸ਼ਰਨਾਰਥੀ ਬੰਦ ਸਨ।
ਥੋੜ੍ਹੇ ਚਿਰ ਪਿੱਛੋਂ ਮੁਸਲਿਮ ਸੇਵਾਦਾਰ ਮੇਰੇ ਡੱਬੇ ਦੀ ਤਲਾਸ਼ੀ ਲੈਣ ਲੱਗੇ। ਗਹਿਣੇ, ਨਕਦੀ ਅਤੇ ਹੋਰ ਕੀਮਤੀ ਸਾਮਾਨ ਸ਼ਰਨਾਰਥੀਆਂ ਤੋਂ ਖੋਹ ਲਿਆ ਗਿਆ। ਉਸ ਪਿੱਛੋਂ ਚਾਰ ਸੌ ਆਦਮੀ ਡੱਬੇ ਵਿੱਚੋਂ ਕੱਢ ਕੇ ਸਟੇਸ਼ਨ ਉੱਤੇ ਖੜ੍ਹੇ ਕੀਤੇ ਗਏ। ਇਹ ਮਜ਼ਹਬੀ ਬੱਕਰੇ ਸਨ ਕਿਉਂਕਿ ਹੁਣੇ-ਹੁਣੇ ਨੰਬਰ 2 ਪਲੈਟਫਾਰਮ ’ਤੇ ਜੋ ਮੁਸਲਿਮ ਸ਼ਰਨਾਰਥੀਆਂ ਦੀ ਗੱਡੀ ਪਹੁੰਚੀ ਸੀ ਉਸ ਵਿੱਚ ਚਾਰ ਸੌ ਮੁਸਲਿਮ ਮੁਸਾਫ਼ਿਰ ਘੱਟ ਸਨ ਤੇ ਪੰਜਾਹ ਮੁਸਲਿਮ ਔਰਤਾਂ ਅਗਵਾ ਕਰ ਲਈਆਂ ਗਈਆਂ ਸਨ। ਇਸ ਲਈ ਇੱਥੇ ਵੀ ਪੰਜਾਹ ਔਰਤਾਂ ਚੁਣ-ਚੁਣ ਕੇ ਕੱਢ ਲਈਆਂ ਗਈਆਂ। ਚਾਰ ਸੌ ਹਿੰਦੋਸਤਾਨੀ ਸ਼ਰਨਾਰਥੀਆਂ ਨੂੰ ਤਲਵਾਰਾਂ ਨਾਲ ਵੱਢ ਦਿੱਤਾ ਗਿਆ ਤਾਂ ਜੋ ਹਿੰਦੋਸਤਾਨ ਅਤੇ ਪਾਕਿਸਤਾਨ ਵਿੱਚ ਆਬਾਦੀ ਦਾ ਸਮਤੋਲ ਬਣਿਆ ਰਹੇ।
ਮੁਸਲਿਮ ਸੇਵਕਾਂ ਨੇ ਇੱਕ ਘੇਰਾ ਬਣਾ ਰੱਖਿਆ ਸੀ ਤੇ ਛੁਰੇ ਉਨ੍ਹਾਂ ਦੇ ਹੱਥਾਂ ਵਿੱਚ ਸਨ। ਘੇਰੇ ਵਿੱਚ ਵਾਰੀ-ਵਾਰੀ ਇੱਕ ਸ਼ਰਨਾਰਥੀ ਉਨ੍ਹਾਂ ਦੇ ਛੁਰੇ ਦੀ ਹੱਦ ਵਿੱਚ ਆਉਂਦਾ ਅਤੇ ਬੜੀ ਫੁਰਤੀ ਤੇ ਕੁਸ਼ਲਤਾ ਨਾਲ ਵੱਢ ਦਿੱਤਾ ਜਾਂਦਾ।
ਕੁਝ ਮਿੰਟਾਂ ਵਿੱਚ ਚਾਰ ਸੌ ਆਦਮੀ ਵੱਢ ਦਿੱਤੇ ਗਏ ਤੇ ਮੈਂ ਅੱਗੇ ਚੱਲ ਪਈ। ਹੁਣ ਮੈਨੂੰ ਆਪਣੇ ਸਰੀਰ ਦੇ ਲੂੰ-ਲੂੰ ਨਾਲ ਨਫ਼ਰਤ ਹੋਣ ਲੱਗੀ। ਮੈਂ ਇਸ ਤਰ੍ਹਾਂ ਨਾਪਾਕ, ਅਪਵਿੱਤਰ ਤੇ ਬਦਬੂਦਾਰ ਮਹਿਸੂਸ ਕਰ ਰਹੀ ਸੀ ਜਿਵੇਂ ਮੈਨੂੰ ਸ਼ੈਤਾਨ ਨੇ ਸਿੱਧਾ ਨਰਕ ਤੋਂ ਧੱਕਾ ਦੇ ਕੇ ਪੰਜਾਬ ਸੁੱਟ ਦਿੱਤਾ ਹੋਵੇ। ਅਟਾਰੀ ਪਹੁੰਚ ਕੇ ਮਾਹੌਲ ਬਦਲ ਗਿਆ। ਮੁਗ਼ਲਪੁਰੇ ਤੋਂ ਬਲੋਚ ਸਿਪਾਹੀ ਬਦਲੇ ਗਏ ਤੇ ਉਨ੍ਹਾਂ ਦੀ ਥਾਂ ਡੋਗਰੇ ਅਤੇ ਸਿੱਖ ਸਿਪਾਹੀਆਂ ਨੇ ਲੈ ਲਈ। ਅਟਾਰੀ ਪਹੁੰਚ ਕੇ ਹਿੰਦੂ ਸ਼ਰਨਾਰਥੀਆਂ ਨੇ ਮੁਸਲਮਾਨਾਂ ਦੀਆਂ ਏਨੀਆਂ ਲਾਸ਼ਾਂ ਦੇਖੀਆਂ ਕਿ ਉਨ੍ਹਾਂ ਦੇ ਦਿਲ ਖ਼ੁਸ਼ੀ ਨਾਲ ਬਾਗ਼ੋ-ਬਾਗ ਹੋ ਗਏ।
ਆਜ਼ਾਦ ਹਿੰਦੋਸਤਾਨ ਦੀ ਸਰਹੱਦ ਆ ਗਈ ਸੀ, ਨਹੀਂ ਤਾਂ ਏਨਾ ਖ਼ੂਬਸੂਰਤ ਦ੍ਰਿਸ਼ ਕਿਵੇਂ ਦੇਖਣ ਨੂੰ ਮਿਲਦਾ! ਤੇ ਜਦੋਂ ਮੈਂ ਅੰਮ੍ਰਿਤਸਰ ਸਟੇਸ਼ਨ ’ਤੇ ਪੁੱਜੀ ਤਾਂ ਸਿੱਖਾਂ ਦੇ ਨਾਅਰਿਆਂ ਨੇ ਜ਼ਮੀਨ-ਆਸਮਾਨ ਗੂੰਜਣ ਲਾ ਦਿੱਤਾ। ਇੱਥੇ ਵੀ ਮੁਸਲਮਾਨਾਂ ਦੀਆਂ ਲਾਸ਼ਾਂ ਦੇ ਢੇਰਾਂ ਦੇ ਢੇਰ ਸਨ ਅਤੇ ਹਿੰਦੂ ਜਾਟ, ਸਿੱਖ ਅਤੇ ਡੋਗਰੇ ਹਰੇਕ ਡੱਬੇ ਵਿੱਚ ਝਾਕ ਕੇ ਪੁੱਛ ਰਹੇ ਸਨ, ‘‘ਕੋਈ ਸ਼ਿਕਾਰ ਹੈ?’’ ਭਾਵ ਕੋਈ ਮੁਸਲਮਾਨ ਹੈ?
ਇੱਕ ਡੱਬੇ ਵਿੱਚ ਚਾਰ ਹਿੰਦੂ ਬ੍ਰਾਹਮਣ ਸਵਾਰ ਹੋਏ। ਮੋਨੇ ਸਿਰ, ਲੰਬੀਆਂ ਬੋਦੀਆਂ ਤੇ ਰਾਮ-ਨਾਮ ਦੀਆਂ ਧੋਤੀਆਂ ਬੰਨ੍ਹੀ ਹਰਿਦੁਆਰ ਦਾ ਸਫ਼ਰ ਕਰ ਰਹੇ ਸਨ। ਇੱਥੇ ਹਰੇਕ ਡੱਬੇ ਵਿੱਚ ਅੱਠ-ਦਸ ਸਿੱਖ ਤੇ ਜਾਟ ਵੀ ਬੈਠ ਗਏ। ਇਹ ਲੋਕ ਬੰਦੂਕਾਂ ਤੇ ਬਰਛਿਆਂ ਨਾਲ ਲੈਸ ਪੂਰਬੀ ਪੰਜਾਬ ਵੱਲ ਸ਼ਿਕਾਰ ਦੀ ਤਲਾਸ਼ ਵਿੱਚ ਜਾ ਰਹੇ ਸਨ। ਉਨ੍ਹਾਂ ਵਿੱਚੋਂ ਇੱਕ ਦੇ ਦਿਲ ਵਿੱਚ ਸ਼ੱਕ ਜਿਹਾ ਹੋਇਆ, ਉਸ ਨੇ ਇੱਕ ਬ੍ਰਾਹਮਣ ਤੋਂ ਪੁੱਛਿਆ, ‘‘ਬ੍ਰਾਹਮਣ ਦੇਵਤਾ ਕਿੱਧਰ ਜਾ ਰਹੇ ਹੋ?’’ ‘‘ਹਰਿਦੁਆਰ ਤੀਰਥ ਕਰਨ।’’ ‘‘ਹਰਿਦੁਆਰ ਜਾ ਰਹੇ ਜਾਂ ਪਾਕਿਸਤਾਨ?’’ ‘‘ਮੀਆਂ ਅੱਲ੍ਹਾ-ਅੱਲ੍ਹਾ ਕਰੋ।’’ ਦੂਜੇ ਬ੍ਰਾਹਮਣ ਦੇ ਮੂੰਹੋਂ ਨਿਕਲਿਆ। ਜਾਟ ਹੱਸਿਆ, ‘‘ਤਾਂ ਆਓ ਅੱਲ੍ਹਾ-ਅੱਲ੍ਹਾ ਕਰੀਏ। ਬੰਤਾ ਸਿਆਂ! ਸ਼ਿਕਾਰ ਲੱਭ ਗਿਆ, ਆ ਇਹਦਾ ਅੱਲ੍ਹਾ ਬੇਲੀ ਕਰੀਏ।’’ ਏਨਾ ਕਹਿ ਕੇ ਜਾਟ ਨੇ ਬਰਛੀ ਉਹਦੇ ਸੀਨੇ ਵਿੱਚ ਮਾਰੀ। ਦੂਜੇ ਬ੍ਰਾਹਮਣ ਭੱਜਣ ਲੱਗੇ, ਜਾਟਾਂ ਨੇ ਉਨ੍ਹਾਂ ਨੂੰ ਫੜ ਲਿਆ, ‘‘ਇਸ ਤਰ੍ਹਾਂ ਨਹੀਂ ਬ੍ਰਾਹਮਣ ਦੇਵਤਾ ਜ਼ਰਾ ਡਾਕਟਰੀ ਮੁਆਇਨਾ ਕਰਵਾਉਂਦੇ ਜਾਓ। ਹਰਿਦੁਆਰ ਜਾਣ ਤੋਂ ਪਹਿਲਾਂ ਡਾਕਟਰੀ ਮੁਆਇਨਾ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ।’’ ਡਾਕਟਰੀ ਮੁਆਇਨੇ ਤੋਂ ਮੁਰਾਦ ਇਹ ਸੀ ਕਿ ਉਹ ਲੋਕ ਖ਼ਤਨਾ ਦੇਖਦੇ ਅਤੇ ਜੀਹਦੇ ਖ਼ਤਨਾ ਹੋਇਆ ਹੁੰਦਾ ਉਸ ਨੂੰ ਉੱਥੇ ਹੀ ਮਾਰ ਦਿੰਦੇ। ਚਾਰੇ ਮੁਸਲਮਾਨ ਜੋ ਬ੍ਰਾਹਮਣ ਦਾ ਰੂਪ ਧਾਰ ਕੇ ਜਾਨ ਬਚਾਉਣ ਲਈ ਭੱਜ ਰਹੇ ਸਨ, ਉੱਥੇ ਹੀ ਮਾਰ ਦਿੱਤੇ ਗਏ ਤੇ ਮੈਂ ਅੱਗੇ ਚੱਲ ਪਈ।
ਰਸਤੇ ਵਿੱਚ ਇੱਕ ਥਾਂ ਜੰਗਲ ਵਿੱਚ ਮੈਨੂੰ ਖੜ੍ਹਾ ਦਿੱਤਾ ਗਿਆ। ਸਿਪਾਹੀ, ਦੰਗਾਕਾਰੀ ਜਾਟ ਤੇ ਸਿੱਖ ਸਭ ਨਿਕਲ ਕੇ ਜੰਗਲ ਵੱਲ ਭੱਜਣ ਲੱਗੇ। ਮੈਂ ਸੋਚਿਆ ਸ਼ਾਇਦ ਮੁਸਲਮਾਨਾਂ ਦੀ ਵੱਡੀ ਫ਼ੌਜ ਉਨ੍ਹਾਂ ਉੱਤੇ ਹਮਲਾ ਕਰਨ ਆ ਰਹੀ ਹੈ। ਏਨੇ ’ਚ ਕੀ ਦੇਖਦੀ ਹਾਂ ਕਿ ਜੰਗਲ ਵਿੱਚ ਬਹੁਤ ਸਾਰੇ ਮੁਸਲਿਮ ਕਾਮੇ ਆਪਣੇ ਬੀਵੀ-ਬੱਚਿਆਂ ਸਮੇਤ ਲੁਕੇ ਬੈਠੇ ਹਨ।
‘‘ਸਤਿ ਸ੍ਰੀ ਅਕਾਲ’’ ਤੇ ‘‘ਹਿੰਦੂ ਧਰਮ ਦੀ ਜੈ’’ ਦੇ ਨਾਅਰਿਆਂ ਨਾਲ ਜੰਗਲ ਕੰਬ ਗਿਆ। ਉਹ ਲੋਕ ਗੇੜ ਵਿੱਚ ਲੈ ਲਏ ਗਏ। ਅੱਧੇ ਘੰਟੇ ਵਿੱਚ ਸਭ ਸਫ਼ਾਇਆ ਹੋ ਗਿਆ। ਬੁੱਢੇ, ਜਵਾਨ, ਔਰਤਾਂ ਤੇ ਬੱਚੇ ਸਭ ਮਾਰ ਦਿੱਤੇ ਗਏ। ਇੱਕ ਜਾਟ ਦੇ ਨੇਜ਼ੇ ਉੱਤੇ ਇੱਕ ਬੱਚੇ ਦੀ ਲਾਸ਼ ਸੀ ਤੇ ਉਹ ਉਸ ਨੂੰ ਹਵਾ ਵਿੱਚ ਘੁੰਮਾ-ਘੁੰਮਾ ਕੇ ਕਹਿ ਰਿਹਾ ਸੀ, ‘‘ਆਈ ਵਿਸਾਖੀ, ਆਈ ਵਿਸਾਖੀ, ਜੱਟਾਂ ਲਾਈ ਹੇ! ਹੇ!’’
ਜਲੰਧਰ ਤੋਂ ਅੱਗੇ ਪਠਾਣਾਂ ਦਾ ਇੱਕ ਪਿੰਡ ਸੀ। ਇੱਥੇ ਗੱਡੀ ਰੋਕ ਕੇ ਫਸਾਦੀ ਪਿੰਡ ਵਿੱਚ ਚਲੇ ਗਏ। ਸਿਪਾਹੀ, ਧਾੜਵੀਆਂ ਤੇ ਪਠਾਣਾਂ ਵਿੱਚ ਮੁਕਾਬਲਾ ਹੋਇਆ ਪਰ ਅਖ਼ੀਰ ਵਿੱਚ ਸਭ ਮਾਰੇ ਗਏ। ਬੱਚੇ ਤੇ ਮਰਦ ਕਤਲ ਹੋ ਗਏ, ਔਰਤਾਂ ਦੀ ਵਾਰੀ ਆਈ ਉਸੇ ਹੀ ਖੁੱਲ੍ਹੇ ਮੈਦਾਨ ਵਿੱਚ ਜਿੱਥੇ ਕਣਕਾਂ ਦੇ ਬੋਹਲ਼ ਲਾਏ ਜਾਂਦੇ ਸਨ, ਜਿੱਥੇ ਸਰ੍ਹੋਂ ਦੇ ਫੁੱਲ ਖਿੜਦੇ ਸਨ, ਜਿੱਥੇ ਸਦਾਚਾਰਕ ਔਰਤਾਂ ਆਪਣੇ ਪਤੀਆਂ ਦੀਆਂ ਸ਼ੋਖ਼ ਨਿਗਾਹਾਂ ਦੀ ਤਾਬ ਨਾ ਝੱਲਦੀਆਂ ਹੋਈਆਂ ਸ਼ਰਮ ਨਾਲ ਦੂਹਰੀਆਂ ਹੁੰਦੀਆਂ ਜਾਂਦੀਆਂ ਸਨ। ਉਸੇ ਵਿਸ਼ਾਲ ਮੈਦਾਨ ਵਿੱਚ ਜਿੱਥੇ ਪੰਜਾਬ ਦੇ ਦਿਲ ਨੇ ਹੀਰ-ਰਾਂਝੇ ਅਤੇ ਸੋਹਣੀ-ਮਹੀਂਵਾਲ ਦੀ ਬੇਮਿਸਾਲ ਮੁਹੱਬਤ ਦੇ ਗੀਤ ਗਾਏ ਸਨ। ਉਨ੍ਹਾਂ ਹੀ ਟਾਲ੍ਹੀਆਂ, ਪਿੱਪਲ ਤੇ ਬੋਹੜਾਂ ਦੇ ਦਰੱਖ਼ਤਾਂ ਥੱਲੇ ਵਕਤੀ ਕੋਠੇ ਖੁੱਲ੍ਹ ਗਏ। ਪੰਜਾਹ ਔਰਤਾਂ ਤੇ ਪੰਜ ਸੌ ਮਰਦ, ਪੰਜਾਹ ਭੇਡਾਂ ਤੇ ਪੰਜ ਸੌ ਕਸਾਈ, ਪੰਜਾਹ ਸੋਹਣੀਆਂ ਤੇ ਪੰਜ ਸੌ ਮਹੀਂਵਾਲ। ਸ਼ਾਇਦ ਹੁਣ ਚਨਾਬ ਵਿੱਚ ਕਦੇ ਹੜ੍ਹ ਨਹੀਂ ਆਵੇਗਾ, ਸ਼ਾਇਦ ਹੁਣ ਕੋਈ ਵਾਰਿਸ ਸ਼ਾਹ ਦੀ ਹੀਰ ਨਹੀਂ ਗਾਵੇਗਾ। ਸ਼ਾਇਦ ਹੁਣ ਮਿਰਜ਼ਾ-ਸਾਹਿਬਾਂ ਦੀ ਪਿਆਰ ਦੀ ਕਹਾਣੀ ਇਨ੍ਹਾਂ ਮੈਦਾਨਾਂ ਵਿੱਚ ਕਦੇ ਵੀ ਨਹੀਂ ਗੂੰਜੇਗੀ।
ਲੱਖ-ਲੱਖ ਲਾਹਨਤਾਂ ਉਨ੍ਹਾਂ ਫਸਾਦੀ ਆਗੂਆਂ ਉੱਤੇ ਅਤੇ ਉਨ੍ਹਾਂ ਦੀਆਂ ਸੱਤ ਪੁਸ਼ਤਾਂ ਉੱਤੇ ਜਿਨ੍ਹਾਂ ਨੇ ਇਸ ਅਲਬੇਲੇ, ਪਿਆਰੇ ਤੇ ਸੁਨਹਿਰੇ ਪੰਜਾਬ ਦੇ ਟੁਕੜੇ ਕਰ ਦਿੱਤੇ ਸਨ। ਇਸ ਦੀ ਪਵਿੱਤਰ ਰੂਹ ਨੂੰ ਗੰਧਲਾ ਕਰ ਦਿੱਤਾ ਸੀ ਅਤੇ ਇਸ ਦੇ ਮਜ਼ਬੂਤ ਜੁੱਸੇ ਵਿੱਚ ਨਫ਼ਰਤ ਦੀ ਪੀਕ ਭਰ ਦਿੱਤੀ ਸੀ।
ਅੱਜ ਪੰਜਾਬ ਮਰ ਗਿਆ ਸੀ। ਇਸ ਦੇ ਗੀਤ ਮੂਕ ਹੋ ਗਏ ਸਨ। ਇਸ ਦੀ ਜ਼ੁਬਾਨ ਮੁਰਦਾ। ਇਸ ਦਾ ਬੇਬਾਕ, ਨਿਡਰ ਤੇ ਭੋਲਾ-ਭਾਲਾ ਦਿਲ ਮੁਰਦਾ। ਮੈਂ ਬੇਜਾਨ, ਅੱਖਾਂ-ਕੰਨਾਂ ਤੋਂ ਬਿਨਾਂ ਹੁੰਦਿਆਂ ਹੋਇਆਂ ਵੀ ਪੰਜਾਬ ਦੀ ਮੌਤ ਦੇਖੀ। ਡਰ, ਸਹਿਮ ਤੇ ਅਸਚਰਜਤਾ ਨਾਲ ਮੇਰੇ ਪੈਰ ਪਟੜੀ ਉੱਤੇ ਰੁਕ ਗਏ।
ਪਠਾਣ ਮਰਦ, ਔਰਤਾਂ ਦੀਆਂ ਲਾਸ਼ਾਂ ਚੁੱਕੀ ਜਾਣ, ਸਿੱਖ, ਡੋਗਰੇ ਤੇ ਸਰਹੱਦੀ ਹਿੰਦੂ ਵਾਪਸ ਆਏ ਤੇ ਮੈਂ ਅੱਗੇ ਤੁਰ ਪਈ।
ਰਾਹ ਵਿੱਚ ਇੱਕ ਨਹਿਰ ਆਉਂਦੀ ਸੀ। ਥੋੜ੍ਹੇ-ਥੋੜ੍ਹੇ ਚਿਰ ਪਿੱਛੋਂ ਮੈਨੂੰ ਰੋਕ ਦਿੱਤਾ ਜਾਂਦਾ, ਜਿਉਂ ਹੀ ਕੋਈ ਡੱਬਾ ਨਹਿਰ ਦੇ ਪੁਲ਼ ਉੱਤੋਂ ਲੰਘਦਾ, ਲਾਸ਼ਾਂ ਨੂੰ ਹੇਠਾਂ ਨਹਿਰ ਦੇ ਪਾਣੀ ਵਿੱਚ ਸੁੱਟ ਦਿੱਤਾ ਜਾਂਦਾ। ਇਸ ਤਰ੍ਹਾਂ ਜਦੋਂ ਹਰੇਕ ਡੱਬੇ ਦੇ ਰੁਕਣ ਪਿੱਛੋਂ ਸਾਰੀਆਂ ਲਾਸ਼ਾਂ ਪਾਣੀ ਵਿੱਚ ਸੁੱਟ ਦਿੱਤੀਆਂ ਗਈਆਂ ਤਾਂ ਫਸਾਦੀਆਂ ਨੇ ਦੇਸੀ ਸ਼ਰਾਬ ਦੀਆਂ ਬੋਤਲਾਂ ਖੋਲ੍ਹੀਆਂ ਤੇ ਮੈਂ ਖ਼ੂਨ, ਸ਼ਰਾਬ ਤੇ ਨਫ਼ਰਤ ਦੀ ਭਾਫ਼ ਉਗਲਦੀ ਹੋਈ ਅੱਗੇ ਵਧੀ।
ਲੁਧਿਆਣੇ ਪਹੁੰਚ ਕੇ ਫਸਾਦੀ ਗੱਡੀ ਤੋਂ ਉਤਰ ਗਏ ਤੇ ਸ਼ਹਿਰ ਵਿੱਚ ਵੜ ਕੇ ਉਨ੍ਹਾਂ ਮੁਸਲਿਮ ਮੁਹੱਲਿਆਂ ਦਾ ਪਤਾ ਲੱਭ ਲਿਆ, ਹਮਲਾ ਕੀਤਾ ਤੇ ਲੁੱਟ-ਮਾਰ ਕੀਤੀ। ਉਹ ਲੁੱਟਿਆ ਹੋਇਆ ਮਾਲ ਮੋਢਿਆਂ ਉੱਤੇ ਚੁੱਕੀ ਤਿੰਨ-ਚਾਰ ਘੰਟਿਆਂ ਬਾਅਦ ਸਟੇਸ਼ਨ ਉੱਤੇ ਵਾਪਸ ਆਏ। ਜਦੋਂ ਤੱਕ ਲੁੱਟ-ਖੋਹ ਪੂਰੀ ਨਾ ਹੋ ਜਾਂਦੀ, ਦਸ-ਵੀਹ ਮੁਸਲਮਾਨਾਂ ਦਾ ਕਤਲ ਨਾ ਹੋ ਜਾਂਦਾ, ਜਦ ਤਕ ਸਾਰੇ ਫਸਾਦੀ ਆਪਣੀ ਨਫ਼ਰਤ ਨੂੰ ਪੱਠੇ ਨਾ ਪਾ ਲੈਂਦੇ, ਮੇਰਾ ਅੱਗੇ ਵਧਣਾ ਮੁਸ਼ਕਿਲ ਤਾਂ ਕੀ ਅਸੰਭਵ ਹੀ ਸੀ। ਮੇਰੀ ਰੂਹ ਉੱਤੇ ਐਨੇ ਜ਼ਖ਼ਮ ਸਨ ਤੇ ਮੇਰੇ ਸਰੀਰ ਦਾ ਲੂੰ-ਲੂੰ ਗੰਦੇ ਵਹਿਸ਼ੀ ਕਾਤਲਾਂ ਦੇ ਕਹਿਕਹਿਆਂ ਨਾਲ ਇਸ ਤਰ੍ਹਾਂ ਲਿੱਬੜ ਗਿਆ ਕਿ ਮੈਨੂੰ ਨਹਾਉਣ ਦੀ ਤੀਬਰ ਇੱਛਾ ਮਹਿਸੂਸ ਹੋਈ ਪਰ ਮੈਨੂੰ ਪਤਾ ਸੀ ਕਿ ਇਸ ਸਫ਼ਰ ਵਿੱਚ ਕੋਈ ਮੈਨੂੰ ਨਹਾਉਣ ਨਹੀਂ ਦੇਵੇਗਾ।
ਅੰਬਾਲਾ ਰੇਲਵੇ ਸਟੇਸ਼ਨ ਉੱਤੇ ਰਾਤ ਵੇਲੇ ਮੇਰੇ ਇੱਕ ਫਸਟ-ਕਲਾਸ ਡੱਬੇ ਵਿੱਚ ਇੱਕ ਮੁਸਲਿਮ ਡਿਪਟੀ ਕਮਿਸ਼ਨਰ ਅਤੇ ਉਹਦੇ ਬੀਵੀ ਬੱਚੇ ਸਵਾਰ ਹੋਏ। ਇਸ ਡੱਬੇ ਵਿੱਚ ਇੱਕ ਸਰਦਾਰ ਸਾਹਿਬ ਤੇ ਉਨ੍ਹਾਂ ਦੀ ਪਤਨੀ ਵੀ ਸਨ। ਫ਼ੌਜੀਆਂ ਦੇ ਪਹਿਰੇ ਹੇਠ ਮੁਸਲਿਮ ਡਿਪਟੀ ਕਮਿਸ਼ਨਰ ਨੂੰ ਸਵਾਰ ਕੀਤਾ ਗਿਆ ਅਤੇ ਫ਼ੌਜੀਆਂ ਨੂੰ ਉਨ੍ਹਾਂ ਦੇ ਜਾਨ-ਮਾਲ ਦੀ ਸੁਰੱਖਿਆ ਦਾ ਜ਼ਿੰਮਾ ਸੌਂਪਿਆ ਗਿਆ। ਰਾਤ ਦੇ ਦੋ ਵਜੇ ਮੈਂ ਅੰਬਾਲੇ ਤੋਂ ਚੱਲੀ ਅਤੇ ਦਸ ਮੀਲ ਅੱਗੇ ਜਾ ਕੇ ਰੋਕ ਦਿੱਤੀ ਗਈ।
ਫਸਟ-ਕਲਾਸ ਦਾ ਡੱਬਾ ਅੰਦਰੋਂ ਬੰਦ ਸੀ। ਇਸ ਲਈ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਲੋਕ ਅੰਦਰ ਵੜ ਗਏ ਅਤੇ ਡਿਪਟੀ ਕਮਿਸ਼ਨਰ, ਉਸਦੀ ਬੀਵੀ ਤੇ ਛੋਟੇ ਬੱਚਿਆਂ ਨੂੰ ਕਤਲ ਕਰ ਦਿੱਤਾ ਗਿਆ। ਉਸ ਦੀ ਇੱਕ ਜਵਾਨ ਧੀ ਸੀ, ਬਹੁਤ ਖ਼ੂਬਸੂਰਤ! ਉਹ ਕਿਸੇ ਕਾਲਜ ਵਿੱਚ ਪੜ੍ਹਦੀ ਸੀ। ਇੱਕ-ਦੋ ਨੌਜਵਾਨਾਂ ਨੇ ਸੋਚਿਆ ਕਿ ਇਸ ਨੂੰ ਬਚਾਅ ਲਿਆ ਜਾਵੇ। ਇਹ ਹੁਸਨ, ਇਹ ਤਾਜ਼ਗੀ, ਇਹ ਜਵਾਨੀ ਕਿਸੇ ਦੇ ਕੰਮ ਆ ਸਕਦੀ ਹੈ। ਏਨਾ ਸੋਚ ਕੇ ਉਨ੍ਹਾਂ ਨੇ ਕਾਹਲੀ ਨਾਲ ਕੁੜੀ ਅਤੇ ਗਹਿਣਿਆਂ ਦੇ ਬਕਸੇ ਨੂੰ ਸਾਂਭਿਆ ਅਤੇ ਗੱਡੀ ਵਿੱਚੋਂ ਉਤਰ ਕੇ ਜੰਗਲ ਵਿੱਚ ਚਲੇ ਗਏ। ਕੁੜੀ ਦੇ ਹੱਥ ਵਿੱਚ ਇੱਕ ਕਿਤਾਬ ਸੀ। ਫਿਰ ਇਹ ਵਿਚਾਰ-ਵਟਾਂਦਰਾ ਸ਼ੁਰੂ ਹੋਇਆ ਕਿ ਇਸ ਕੁੜੀ ਨੂੰ ਮਾਰ ਦਿੱਤਾ ਜਾਵੇ ਜਾਂ ਛੱਡ ਦਿੱਤਾ ਜਾਵੇ। ਕੁੜੀ ਨੇ ਕਿਹਾ, ‘‘ਮੈਨੂੰ ਮਾਰਦੇ ਕਿਉਂ ਹੋ? ਮੈਨੂੰ ਹਿੰਦੂ ਬਣਾ ਲਵੋ, ਤੁਹਾਡੇ ਵਿੱਚੋਂ ਮੇਰੇ ਨਾਲ ਕੋਈ ਵਿਆਹ ਕਰ ਲਵੇ, ਮੇਰੀ ਜਾਨ ਲੈਣ ਦਾ ਕੀ ਫ਼ਾਇਦਾ?’’
‘‘ਠੀਕ ਹੀ ਕਹਿ ਰਹੀ ਹੈ।’’ ਇੱਕ ਬੋਲਿਆ, ‘‘ਮੇਰੇ ਖ਼ਿਆਲ ਵਿੱਚ…।’’ ਦੂਜੇ ਨੇ ਕੁੜੀ ਦੇ ਢਿੱਡ ਵਿੱਚ ਛੁਰਾ ਮਾਰਦੇ ਹੋਏ ਕਿਹਾ, ‘‘ਮੇਰੇ ਖ਼ਿਆਲ ਨਾਲ ਇਸ ਨੂੰ ਮਾਰ ਦੇਣਾ ਹੀ ਚੰਗਾ ਹੈ। ਚੱਲੋ ਗੱਡੀ ਵਿੱਚ ਵਾਪਸ ਚੱਲੋ। ਇੱਥੇ ਕੀ ਮਹਿਫ਼ਿਲ ਲਾ ਰੱਖੀ ਹੈ ਤੁਸੀਂ।’’
ਲੜਕੀ ਜੰਗਲ ਵਿੱਚ ਘਾਹ ਉੱਤੇ ਤੜਫ਼ ਤੜਫ਼ ਕੇ ਮਰ ਗਈ। ਉਸ ਦੀ ਕਿਤਾਬ ਉਹਦੇ ਖ਼ੂਨ ਨਾਲ ਲੱਥ-ਪੱਥ ਹੋ ਗਈ। ਕਿਤਾਬ ਦਾ ਟਾਈਟਲ ਸੀ ‘ਮਿਲਵਰਤਣ, ਵਿਹਾਰ ਤੇ ਗਿਆਨ ਦਾ ਫਲਸਫ਼ਾ’।
ਜ਼ਰੂਰ ਹੀ ਉਹ ਕੁੜੀ ਪ੍ਰਤਿਭਾਸ਼ਾਲੀ ਹੋਵੇਗੀ। ਉਹਦੇ ਦਿਲ ਵਿੱਚ ਆਪਣੇ ਦੇਸ਼-ਕੌਮ ਦੀ ਸੇਵਾ ਕਰਨ ਦਾ ਇਰਾਦਾ ਹੋਵੇਗਾ। ਉਹਦੀ ਰੂਹ ਵਿੱਚ ਕਿਸੇ ਨਾਲ ਮੁਹੱਬਤ ਕਰਨ, ਕਿਸੇ ਨੂੰ ਚਾਹੁਣ, ਕਿਸੇ ਦੇ ਗਲ਼ ਲੱਗਣ ਅਤੇ ਕਿਸੇ ਬੱਚੇ ਨੂੰ ਦੁੱਧ ਪਿਆਉਣ ਦਾ ਜਜ਼ਬਾ ਹੋਵੇਗਾ। ਉਹ ਕੁੜੀ ਸੀ, ਉਹ ਮਾਂ ਸੀ, ਉਹ ਬੀਵੀ ਸੀ, ਉਹ ਮਹਿਬੂਬਾ ਸੀ। ਉਹ ਕੁਦਰਤ ਦੀ ਪੁਨਰ-ਸੁਰਜੀਤੀ ਦਾ ਪਵਿੱਤਰ ਭੇਤ ਸੀ ਤੇ ਹੁਣ ਉਸ ਦੀ ਲਾਸ਼ ਜੰਗਲ ਵਿੱਚ ਪਈ ਸੀ। ਹੁਣ ਗਿੱਦੜ, ਗਿੱਧ ਤੇ ਕਾਂ ਉਸ ਦੀ ਲਾਸ਼ ਨੂੰ ਚੂੰਡ-ਚੂੰਡ ਕੇ ਖਾਣਗੇ। ‘ਮਿਲਵਰਤਣ, ਵਿਹਾਰ ਤੇ ਗਿਆਨ ਦਾ ਫਲਸਫ਼ਾ’ ਵਹਿਸ਼ੀ ਦਰਿੰਦੇ ਉਹਨੂੰ ਨੋਚ-ਨੋਚ ਕੇ ਖਾ ਰਹੇ ਸੀ ਪਰ ਕੋਈ ਨਹੀਂ ਸੀ ਬੋਲਿਆ, ਕੋਈ ਅੱਗੇ ਨਹੀਂ ਸੀ ਵਧਿਆ ਤੇ ਕਿਸੇ ਨੇ ਜਨਤਾ ਵਿੱਚੋਂ ਇਨਕਲਾਬ ਦਾ ਬੂਹਾ ਨਹੀਂ ਸੀ ਖੋਲ੍ਹਿਆ।
ਮੈਂ ਰਾਤ ਦੀ ਸਿਆਹ ਅੱਗ ਤੇ ਲਾਟਾਂ ਨੂੰ ਲੁਕੋ ਕੇ ਅੱਗੇ ਵਧ ਰਹੀ ਹਾਂ ਤੇ ਮੇਰੇ ਡੱਬਿਆਂ ਵਿੱਚ ਲੋਕ ਸ਼ਰਾਬ ਪੀਂਦੇ ਹੋਏ ਮਹਾਤਮਾ ਗਾਂਧੀ ਦੇ ਜੈਕਾਰੇ ਛੱਡ ਰਹੇ ਹਨ।
ਇੱਕ ਅਰਸੇ ਤੋਂ ਬਾਅਦ ਮੈਂ ਬੰਬਈ ਵਾਪਸ ਆਈ ਹਾਂ। ਇੱਥੇ ਮੈਨੂੰ ਨਵ੍ਹਾ-ਧਵਾ ਕੇ ਸ਼ੈੱਡ ਵਿੱਚ ਰੱਖ ਦਿੱਤਾ ਗਿਆ। ਮੇਰੇ ਡੱਬਿਆਂ ਵਿੱਚ ਹੁਣ ਸ਼ਰਾਬ ਦੇ ਫੁਹਾਰੇ ਨਹੀਂ ਹਨ, ਖ਼ੂਨ ਦੇ ਛਿੱਟੇ ਨਹੀਂ ਹਨ, ਵਹਿਸ਼ੀ ਖ਼ੂਨੀ ਹਾਸੇ ਨਹੀਂ ਹਨ, ਪਰ ਰਾਤ ਦੇ ਸੰਨਾਟੇ ਵਿੱਚ ਜਿਵੇਂ ਭੂਤ ਜਾਗ ਉੱਠਦੇ ਹੋਣ, ਮੁਰਦਾ ਰੂਹਾਂ ਜਾਗ ਜਾਂਦੀਆਂ ਹੋਣ, ਜ਼ਖ਼ਮੀ ਲੋਕਾਂ ਦੀਆਂ ਚੀਕਾਂ, ਔਰਤਾਂ ਦੇ ਵੈਣ, ਬੱਚਿਆਂ ਦੀ ਚੀਖ਼-ਪੁਕਾਰ ਚਾਰੇ ਪਾਸੇ ਗੂੰਜਣ ਲੱਗ ਜਾਂਦੀ ਹੈ।
ਮੈਂ ਚਾਹੁੰਦੀ ਹਾਂ ਕਿ ਹੁਣ ਮੈਨੂੰ ਕਦੇ ਵੀ ਕਿਸੇ ਸਫ਼ਰ ਉੱਤੇ ਨਾ ਲਿਜਾਇਆ ਜਾਵੇ। ਮੈਂ ਇਸ ਸ਼ੈੱਡ ਤੋਂ ਬਾਹਰ ਨਹੀਂ ਨਿਕਲਣਾ ਚਾਹੁੰਦੀ, ਮੈਂ ਉਸ ਦਿਲ ਦਹਿਲਾਉਣ ਵਾਲੇ ਸਫ਼ਰ ਉੱਤੇ ਫੇਰ ਨਹੀਂ ਜਾਣਾ ਚਾਹੁੰਦੀ। ਹੁਣ ਮੈਂ ਉਸ ਵੇਲੇ ਜਾਊਂਗੀ ਜਦੋਂ ਮੇਰੇ ਸਫ਼ਰ ਮੌਕੇ ਦੋਵੇਂ ਪਾਸੇ ਸੁਨਹਿਰੀ ਕਣਕਾਂ ਲਹਿਰਾਉਣਗੀਆਂ। ਸਰ੍ਹੋਂ ਦੇ ਫੁੱਲ ਝੂਮ-ਝੂਮ ਕੇ ਪੰਜਾਬ ਦੇ ਸੁਰੀਲੇ ਗੀਤ ਗਾਉਣਗੇ। ਹਿੰਦੂ ਤੇ ਮੁਸਲਮਾਨ ਕਿਸਾਨ ਦੋਵੇਂ ਰਲ ਕੇ ਫ਼ਸਲਾਂ ਵੱਢਣਗੇ, ਬੀਜ ਬੀਜਣਗੇ। ਉਨ੍ਹਾਂ ਦੀਆਂ ਅੱਖਾਂ ਵਿੱਚ ਸ਼ਰਮ ਤੇ ਰੂਹਾਂ ਵਿੱਚ ਔਰਤਾਂ ਲਈ ਪਿਆਰ ਤੇ ਇੱਜ਼ਤ ਦਾ ਜਜ਼ਬਾ ਹੋਵੇਗਾ।
ਮੈਂ ਇੱਕ ਬੇਜਾਨ ਗੱਡੀ ਹਾਂ। ਫਿਰ ਵੀ ਮੈਂ ਚਾਹੁੰਦੀ ਹਾਂ ਕਿ ਮੈਨੂੰ ਖ਼ੂਨ, ਲਾਸ਼ਾਂ ਤੇ ਨਫ਼ਰਤ ਦੇ ਬੋਝ ਨਾਲ ਨਾ ਲੱਦਿਆ ਜਾਵੇ। ਮੈਂ ਕਾਲ਼ ਵਾਲੇ ਇਲਾਕਿਆਂ ਵਿੱਚ ਅਨਾਜ ਪਹੁੰਚਾਵਾਂਗੀ, ਮੈਂ ਕੋਲਾ, ਲੋਹਾ ਤੇ ਤੇਲ ਲੈ ਕੇ ਕਾਰਖਾਨਿਆਂ ਵਿੱਚ ਜਾਵਾਂਗੀ। ਮੈਂ ਕਿਸਾਨਾਂ ਲਈ ਨਵੇਂ ਹਲ਼, ਨਵੀਆਂ ਖਾਦਾਂ ਲੈ ਕੇ ਜਾਵਾਂਗੀ। ਮੈਂ ਆਪਣੇ ਡੱਬਿਆਂ ਵਿੱਚ ਕਿਸਾਨ ਤੇ ਮਜ਼ਦੂਰਾਂ ਦੀਆਂ ਖੁਸ਼ਹਾਲ ਟੋਲੀਆਂ ਲੈ ਕੇ ਜਾਵਾਂਗੀ।
ਇੱਜ਼ਤਦਾਰ ਔਰਤਾਂ ਨੂੰ ਲੈ ਕੇ ਜਾਵਾਂਗੀ ਜਿਨ੍ਹਾਂ ਦੀਆਂ ਪਿਆਰ ਭਰੀਆਂ ਨਜ਼ਰਾਂ ਆਪਣੇ ਪਤੀਆਂ ਦਾ ਦਿਲ ਲੁਭਾ ਰਹੀਆਂ ਹੋਣਗੀਆਂ, ਜਿਨ੍ਹਾਂ ਦੇ ਨੰਨ੍ਹੇ-ਮੁੰਨੇ ਖ਼ੂਬਸੂਰਤ ਬੱਚਿਆਂ ਦੇ ਚਿਹਰੇ ਕਮਲ ਦੇ ਫੁੱਲਾਂ ਵਾਂਗ ਨਜ਼ਰ ਆਉਣਗੇ। ਉਹ ਇਸ ਮੌਤ ਨੂੰ ਨਹੀਂ ਸਗੋਂ ਆਉਣ ਵਾਲੀ ਜ਼ਿੰਦਗੀ ਨੂੰ ਝੁਕ-ਝੁਕ ਸਲਾਮਾਂ ਕਰਨਗੇ। ਜਦੋਂ ਨਾ ਕੋਈ ਹਿੰਦੂ ਹੋਵੇਗਾ ਨਾ ਮੁਸਲਮਾਨ ਸਗੋਂ ਸਭ ਮਜ਼ਦੂਰ ਤੇ ਇਨਸਾਨ ਹੋਣਗੇ।