ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਵਿੱਚ ਵਾਪਸੀ ਦੇ ਸੰਕੇਤ ਦਿੱਤੇ ਹਨ। ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਵੀਡੀਓ ਸਾਂਝੀ ਕਰਦਿਆਂ ਸ਼ੇਰ ਰਾਹੀਂ ਵਿਰੋਧੀਆਂ ਨੂੰ ਸਖ਼ਤ ਚੇਤਾਵਨੀ ਦਿੱਤੀ।
ਵੀਡੀਓ ਵਿੱਚ ਸਿੱਧੂ ਕਹਿੰਦੇ ਹਨ ਕਿ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਅੰਦਾਜ਼ਾ ਨਹੀਂ ਕਿ ਜੇ ਹਵਾਵਾਂ ਨੇ ਰੁਖ ਬਦਲ ਲਿਆ ਤਾਂ ਉਹ ਖੁਦ ਖਾਕ ਹੋ ਜਾਣਗੇ। ਸ਼ੇਰ ਦੇ ਜ਼ਰੀਏ ਸਿੱਧੂ ਨੇ ਆਪਣੇ ਰੁਤਬੇ, ਚਾਲ ਅਤੇ ਸਿਆਸੀ ਖੇਡ ਖਤਮ ਕਰਨ ਦੀ ਗੱਲ ਕਹੀ, ਜਿਸਨੂੰ ਸਿਆਸੀ ਵਾਪਸੀ ਦਾ ਸੰਕੇਤ ਮੰਨਿਆ ਜਾ ਰਿਹਾ ਹੈ।
ਗੌਰਤਲਬ ਹੈ ਕਿ 2022 ਦੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਸਿੱਧੂ ਸਰਗਰਮ ਰਾਜਨੀਤੀ ਤੋਂ ਦੂਰ ਹਨ ਅਤੇ ਕ੍ਰਿਕਟ ਕੁਮੈਂਟਰੀ ਤੇ ਟੀਵੀ ਸ਼ੋਅਜ਼ ਵਿੱਚ ਨਜ਼ਰ ਆ ਰਹੇ ਹਨ। ਹਾਲਾਂਕਿ ਉਹ ਕਦੇ-ਕਦੇ ਕਾਂਗਰਸ ਆਗੂਆਂ ਅਤੇ ਆਪਣੇ ਸਮਰਥਕਾਂ ਨਾਲ ਮੁਲਾਕਾਤ ਕਰਦੇ ਰਹੇ ਹਨ।
2022 ਵਿੱਚ ਸਿੱਧੂ ਕਾਂਗਰਸ ਵੱਲੋਂ ਮੁੱਖ ਮੰਤਰੀ ਚਿਹਰਾ ਬਣਨਾ ਚਾਹੁੰਦੇ ਸਨ, ਪਰ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਤਰਜੀਹ ਦਿੱਤੀ। ਅੰਮ੍ਰਿਤਸਰ ਪੂਰਬੀ ਸੀਟ ਤੋਂ ਹਾਰ ਮਗਰੋਂ ਸਿੱਧੂ ਨੇ ਸਰਗਰਮ ਸਿਆਸਤ ਤੋਂ ਪਿੱਛੇ ਹਟਣਾ ਚੁਣਿਆ, ਹਾਲਾਂਕਿ ਕਾਂਗਰਸ ਨਾਲ ਨਾਤਾ ਬਣਿਆ ਰਿਹਾ।







