ਸਿਆਸੀ ਪਿਡ਼ ’ਚ ਸਿੱਧੂ ਦੀ ਲੰਮੀ ਗ਼ੈਰ ਹਾਜ਼ਰੀ ਦੇ ਮਾਇਨੇ !
ਕਿਉਂ ਭਰੋਸਾ ਗੁਆ ਬੈਠੇ ਨਵਜੋਤ ਸਿੱਧੂ?
ਦੋਸਤੋ, ਅੱਜ ਅਸੀਂ ਚਰਚਾ ਕਰ ਰਹੇ ਹਾਂ ਪੰਜਾਬ ਦੀ ਇੱਕ ਅਜਿਹੀ ਸ਼ਖ਼ਸੀਅਤ ਦੀ, ਜਿਸ ਨੇ ਕ੍ਰਿਕਟ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਕੇ ਮਨੋਰੰਜਨ ਜਗਤ ਤੋਂ ਹੁੰਦੇ ਹੋਏ ਆਪਣੇ ਆਪ ਨੂੰ ਸਿਆਸਤ ਦੇ ਬਹੁਤ ਹੀ ਚਰਚਿਤ, ਵਿਵਾਦਗ੍ਰਸਤ ਤੇ ਦਿਲਕਸ਼ ਕਿਰਦਾਰ ਵਜੋਂ ਸਥਾਪਤ ਕੀਤਾ। ਇਹ ਸ਼ਖ਼ਸ ਦਾ ਨਾਂ ਹੈ ਨਵਜੋਤ ਸਿੰਘ ਸਿੱਧੂ ਉਰਫ਼ ਸ਼ੈਰੀ। ਪੰਜਾਬ ਦੀ ਸਿਆਸਤ ’ਚ ਲੰਮੀ ਸਰਗਰਮੀ ਤੋਂ ਬਾਅਦ ਸਿੱਧੂ ਦੇ ਹੁਣ ਇਕ ਮੋਟੀਵੇਸ਼ਨਲ ਵਕਤਾ ਦੇ ਤੌਰ ’ਤੇ ਮੈਦਾਨ ’ਚ ਪਰਤਣ ਦੀਆਂ ਕਨਸੋਆਂ ਮਿਲ ਰਹੀਆਂ ਹਨ। ਉਸ ਦੇ ਨਾਂ ਨਾਲ ਜੁਡ਼ੇ ਵਿਵਾਦਾਂ ਜਾਂ ਖੂਬੀਆਂ ਦੀ ਸੂਚੀ ਬਹੁਤ ਲੰਮੀ ਹੈ ਪਰ ਉਸ ਵਿਚ ਇੱਕ ਖੂਬੀ ਹੈ ਕਿ ਸਟੇਜ ’ਤੇ ਜਦੋਂ ਮਾਈਕ ਹੱਥ ਵਿਚ ਆ ਜਾਵੇ ਤਾਂ ਉਹ ਸਾਹਮਣੇ ਬੈਠੇ ਹਰ ਬੰਦੇ ਨੂੰ ਕੀਲਕੇ ਬਿਠਾ ਲੈਂਦਾ ਹੈ। ਸਰੋਤੇ ਇਸ ਤਰ੍ਹਾਂ ਮੰਤਰ ਮੁਗਧ ਹੋ ਕੇ ਤਾਡ਼ੀਆਂ ਦੀ ਵਾਛਡ਼ ਕਰਦੇ ਨੇ ਜਿਵੇਂ ਉਹ ਕਿਸੇ ਨੇਤਾ ਦਾ ਭਾਸ਼ਨ ਨਹੀਂ ਸਗੋਂ ਕਿਸੇ ਮੰਝੇ ਹੋਏ ਕਲਾਕਾਰ ਦਾ ਮਜਮਾ ਦੇਖ ਰਹੇ ਹੋਣ। ਇੱਕ ਖਾਸ ਗੱਲ ਹੋਰ ਉਸ ਦੇ ਹਿੱਸੇ ਆਉਂਦੀ ਹੈ ਉਹ ਇਹ ਹੈ ਕਿ ਹੁਣ ਤੱਕ ਰਿਸ਼ਵਤਖੋਰੀ ਦਾ ਕੋਈ ਦਾਗ ਨਾ ਲੱਗਣਾ। ਹਾਲਾਂਕਿ ਰਾਜਨੀਤੀ ਦੇ ਖੇਤਰ ’ਚ ਗਿਣੇ ਚੁਣੇ ਬੰਦੇ ਹੀ ਬੇਦਾਗ ਹੋਕ ਕੇ ਨਿੱਕਲਦੇ ਹਨ। ਸਿੱਧੂ ਦੇ ਵਿਰੋਧੀ ਭਾਵੇਂ ਉਸ ਨੂੰ ਸਿਰੇ ਦਾ ਮਤਲਬੀ, ਫਰੇਬੀ, ਗੱਪੀ ਤੇ ਬੇਇਤਬਾਰਾ ਜਿਹੇ ਲਕਬਾਂ ਨਾਲ ਸੰਬੋਧਨ ਕਰਦੇ ਰਹੇ ਹਨ ਪਰ ਇਸ ਦੇ ਬਾਵਜੂਦ ਆਮ ਲੋਕਾਂ ਦੇ ਦਿਲਾਂ ’ਚ ਉਸ ਨੇ ਆਪਣੀ ਥਾਂ ਬਣਾਈ ਹੋਈ ਹੈ। ਜਦੋਂ ਉਹ ਪੰਜਾਬ ਦੇ ਭਲੇ ਦੀ ਗੱਲ ਕਰਦਾ ਹੈ ਤਾਂ ਲੋਕ ਉਸ ’ਤੇ ਭਰੋਸਾ ਕਰਦੇ ਨੇ ਜਦੋਂ ਕਿ ਉਸ ਦੇ ਨਾਲ ਰਹੇ ਲੋਕਾਂ ਦਾ ਕਹਿਣਾ ਹੈ ਕਿ ਸਿੱਧੂ ਆਪਣਾ ਮਤਲਬ ਕੱਢਣ ਲਈ ਕਿਸੇ ਦੀ ਵੀ ਬੇਹੱਦ ਖੁਸ਼ਾਮਦ ਕਰ ਸਕਦਾ ਹੈ। ਉਸ ਦੇ ਪੁਰਾਣੇ ਸਾਥੀ ਆਖਦੇ ਹਨ ਕਿ ਸ਼ੈਰੀ ਦਾ ਸਭ ਤੋਂ ਵੱਡਾ ਗੁਣ ਜਾਂ ਔਗੁਣ ਇਹ ਹੈ ਕਿ ਉਹ ਨਾਟਕੀ ਅੰਦਾਜ਼ ਵਾਂਗ ਪਤਾ ਨਹੀਂ ਕਦੋਂ ਪਰਦੇ ਪਿੱਛੇ ਚਲਿਆ ਜਾਵੇ ਤੇ ਉਸ ਦੇ ਪ੍ਰਸ਼ੰਸਕਾਂ ਨੂੰ ਇਉਂ ਲਗਦੈ ਜਿਵੇਂ ‘ਮਿਸਟਰ ਇੰਡੀਆ’ ਫਿਲਮ ਦਾ ਕੋਈ ਦ੍ਰਿਸ਼ ਦੇਖ ਰਹੇ ਹੋਣ। ਸਿੱਧੂ ਦੇ ਕਰੀਬੀ ਇਹ ਵੀ ਮੰਨਦੇ ਹਨ ਕਿ ਖ਼ੁਦਾ-ਨਾਖ਼ਾਸਤਾ, ਜਦੋਂ ਤੁਹਾਨੂੰ ਕੋਈ ਜ਼ਰੂਰਤ ਹੋਵੇ ਤਾਂ ਸ਼ਾਇਦ ਉਹ ਤੁਹਾਡਾ ਫੋਨ ਵੀ ਨਾ ਚੁੱਕੇ ਤੇ ਘਰ ਮਿਲਣ ਗਿਆਂ ਨੂੰ ਅਕਸਰ ਇਹ ਆਖ ਕੇ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ਕਿ ‘ਸਿੱਧੂ ਸਾਹਿਬ ਤਾਂ ਇਸ ਵੇਲੇ ਧਿਆਨ ’ਚ ਬੈਠੇ ਨੇ!’ ਦੇਸ਼ ’ਚ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਸਿਰ ਧਡ਼ ਦੀ ਬਾਜ਼ੀ ਲਾਈ ਹੋਈ ਸੀ ਪਰ ਸਿੱਧੂ ਨੂੰ ਕੋਈਅ ਖਾਸ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਹਾਲਾਂਕਿ 2019 ਦੀਆਂ ਸੰਸਦੀ ਚੋਣਾਂ ਦੌਰਾਨ ਸਿੱਧੂ ਮੁਲਕ ਭਰ ’ਚ ਕਾਂਗਰਸ ਦਾ ਸਟਾਰ ਪ੍ਰਚਾਰਕ ਬਣ ਕੇ ਘੁੰਮਿਆ ਸੀ। ਇਹ ਗੱਲ ਵੱਖਰੀ ਹੈ ਕਿ ਕਾਂਗਰਸ ਨੂੰ ਉਦੋਂ 48 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ। ਖ਼ੈਰ, ਐਤਕੀਂ ਕਾਂਗਰਸ ਨੇ ਸਿੱਧੂ ਦੀ ਗ਼ੈਰ ਮੌਜੂਦਗੀ ’ਚ ਪੰਜਾਬ ’ਚੋਂ ਸੱਤ ਤੇ ਦੇਸ਼ ਭਰ ਵਿੱਚੋਂ ਕੁੱਲ ਮਿਲਾ ਕੇ 99 ਸੀਟਾਂ ਜਿੱਤ ਲਈਆਂ। ਦੋਸਤੋ, ਸਿੱਧੂ ਅਕਸਰ ਆਪਣੇ ਭਾਸ਼ਣਾਂ ’ਚ ਸਰੋਤਿਆਂ ਨੂੰ ਪੱਗ ਦੇ ਲਡ਼ ਵਾਂਗ ਹੋਣ ਦਾ ਸਤਿਕਾਰ ਦੇਣ ਅਤੇ ਆਪਣੇ ਪਰਿਵਾਰ ਦਾ ਹਿੱਸਾ ਮੰਨਣ ਦੀਆਂ ਗੱਲਾਂ ਕਰਦਾ ਹੈ। ਉਹ ਤਾਂ ਸਮੇਂ ਸਮੇਂ ਆਪਣੇ ਨਾਲ ਰਹੇ ਬੰਦਿਆਂ ਲਈ ਵੀ ਇਹੋ ਜਿਹੇ ਰਿਸ਼ਤੇ ਰੱਖਣ ਦਾ ਹਿੱਕ ਠੋਕ ਕੇ ਦਾਅਵਾ ਕਰਦਾ ਰਿਹਾ ਹੈ। ਤੁਸੀਂ ਸਿਆਸੀ ਸਮਾਗਮਾਂ ਜਾਂ ਕਿਤੇ ਹੋਰ ਇਹ ਵੀ ਦੇਖਿਆ ਹੋਊ ਕਿ ਕਿਸੇ ਵੀ ਸ਼ਖ਼ਸੀਅਤ ਦੇ ਚਰਨੀਂ ਹੱਥ ਲਾਉਣੇ ਤੇ ਫਿਰ ਕਿਸੇ ਸਮੇਂ ਅਤਿ ਸਤਿਕਾਰਤ ਰਹੀ ਸ਼ਖ਼ਸੀਅਤ ਦਾ ਭੰਡੀ ਪ੍ਰਚਾਰ ਕਰਨ ਜਾਂ ਕਿਸੇ ਖ਼ਾਸ ਹਸਤੀ ਨੂੰ ਪਿਤਾ ਦਾ ਦਰਜਾ ਦੇਣਾ ਤਾਂ ਸਿੱਧੂ ਲਈ ਸਧਾਰਨ ਜਿਹੀ ਗੱਲ ਹੈ।
ਦੋਸਤੋ ਗੱਲ ਕਰਦੇ ਹਾਂ ਉਸ ਦੇ ਸਿਆਸੀ ਸਫ਼ਰ ਦੀ। ਨਵਜੋਤ ਸਿੱਧੂ ਨੇ ਆਪਣਾ ਸਿਆਸੀ ਸਫ਼ਰ ਭਾਰਤੀ ਜਨਤਾ ਪਾਰਟੀ ਤੋਂ ਸ਼ੁਰੂ ਕੀਤਾ ਅਤੇ ਸਾਲ 2004 ’ਚ ਪਹਿਲੀ ਵਾਰੀ ਅਕਾਲੀ-ਭਾਜਪਾ ਗੱਠਜੋਡ਼ ਦੇ ਸਾਂਝੇ ਉਮੀਦਵਾਰ ਵਜੋਂ ਅੰਮ੍ਰਿਤਸਰ ਪਾਰਲੀਮਾਨੀ ਹਲਕੇ ਤੋਂ ਕਾਂਗਰਸ ਨੇਤਾ ਰਘੂਨੰਦਨ ਲਾਲ ਭਾਟੀਆ ਨੂੰ ਸਿਕਸ਼ਤ ਦੇ ਕੇ ਚੋਣ ਜਿੱਤੀ ਸੀ। ਸਿੱਧੂ ਨੇ ਦਸ ਸਾਲਾਂ ਤੱਕ ਭਾਜਪਾ ਦੀ ਨੁਮਾਇੰਦਗੀ ਕੀਤੀ ਤੇ ਤਿੰਨ ਸੰਸਦੀ ਚੋਣਾਂ ਤੇ ਦੋ ਵਿਧਾਨ ਸਭਾ ਚੋਣਾਂ ’ਚ ਅੰਮ੍ਰਿਤਸਰ ਦੇ ਲੋਕਾਂ ਨੇ ਅਥਾਹ ਪਿਆਰ ਤੇ ਸਤਿਕਾਰ ਦਿੱਤਾ। ਸਿੱਧੂ ਦਾ ਰਾਜਨੀਤੀ ’ਚ ਦਾਖ਼ਲਾ ਕਿਉਂਕਿ ਭਗਵਾਂ ਪਾਰਟੀ ਰਾਹੀਂ ਹੋਇਆ ਇਸ ਲਈ ਉਹ ਭਾਜਪਾ ਦੇ ਮਰਹੂਮ ਨੇਤਾ ਅਰੁਣ ਜੇਤਲੀ ਨੂੰ ਆਪਣਾ ਸਿਆਸੀ ਗੁਰੂ ਮੰਨਦੇ ਹਨ। ਇਸ ਦਾ ਦੂਸਰਾ ਪੱਖ ਦੇਖਿਆ ਜਾਵੇ ਤਾਂ ਜਦੋਂ ਭਾਜਪਾ ਨੇ ਸਾਲ 2014 ’ਚ ਨਵਜੋਤ ਸਿੱਧੂ ਦੀ ਥਾਂ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਉਮੀਦਵਾਰ ਬਣਾਇਆ ਤਾਂ ਉਸ ਨੇ ਅਰੁਣ ਜੇਤਲੀ ਦੀ ਚੋਣ ਮੁਹਿੰਮ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਲਿਆ। ਖ਼ੈਰ, ਉਸ ਚੋਣ ਵਿਚ ਜੇਤਲੀ ਨੂੰ ਕੈਪਟਨ ਅਮਰਿੰਦਰ ਸਿੰਘ ਹੱਥੋਂ ਨਮੋਸ਼ੀ ਭਰੀ ਸ਼ਿਕਸਤ ਖਾਣੀ ਪਈ ਜਿਨ੍ਹਾਂ ਬਾਅਦ ਵਿਚ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਨ ’ਤੇ ਸ਼ੈਰੀ ਨੂੰ ਖੁੱਡੇ ਲਾਈਨ ਲਾਉਣ ’ਚ ਕੋਈ ਸਕਰ ਨਹੀਂ ਛੱਡੀ। ਭਾਜਪਾ ਤੇ ਸ਼ੈਰੀ ਦੇ ਰਿਸ਼ਤਿਆਂ ’ਚ ਖਟਾਸ ਤਾਂ ਭਾਵੇਂ ਪਹਿਲਾਂ ਹੀ ਚੱਲ ਰਹੀ ਸੀ ਪਰ 2014 ਦੀ ਪਾਰਲੀਮੈਂਟ ਚੋਣ ਇੱਕ ਲੇਖੇ ਨਵਜੋਤ ਸਿੱਧੂ ਅਤੇ ਭਾਜਪਾ ਵਿਚਕਾਰ ਦੁਫੇਡ਼ ਦਾ ਵੱਡਾ ਸਬੱਬ ਬਣੀ ਸੀ। ਉਦੋਂ ਤੱਕ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬਹੁਤ ਇੱਜ਼ਤ ਕਰਦੇ ਸਨ, ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸਟੇਜਾਂ ਤੋਂ ਆਪਣਾ ਭਰਾ ਐਲਾਨਦੇ ਸਨ ਤੇ ਬਿਕਰਮ ਸਿੰਘ ਮਜੀਠੀਆ ਨਾਲ ਹੀ ਬੇਹੱਦ ਕਰੀਬੀ ਤੇ ਨਿੱਘੇ ਸਬੰਧਾਂ ਦਾ ਹਵਾਲਾ ਦਿੰਦੇ ਹੁੰਦੇ ਸਨ। ਭਾਜਪਾ ਦੇ ਨਾਲੋ-ਨਾਲ ਅਕਾਲੀਆਂ ਖਾਸ ਕਰ ਕੇ ਬਾਦਲ ਪਰਿਵਾਰ ਨਾਲ ਵੀ ਉਨ੍ਹਾਂ ਦੇ ਰਿਸ਼ਤੇ ਕੌਡ਼ੇ ਹੋਣ ਲੱਗੇ। ਸੁਖਬੀਰ ਬਾਦਲ ਅਤੇ ਮਜੀਠੀਆ ਯਕਦਮ ਸਿੱਧੂ ਦੇ ਸਿਆਸੀ ਦੁਸ਼ਮਣਾਂ ਦੀ ਕਤਾਰ ’ਚ ਆ ਗਏ। ਜ਼ਰਾ, 2017 ਤੋਂ ਲੈ ਕੇ 2022 ਤੱਕ ਕਾਂਗਰਸ ਸਰਕਾਰ ਦੇ ਕਾਰਜਕਾਲ ਨੂੰ ਯਾਦ ਕਰੋ। ਜਦੋਂ ਵੀ ਮੌਕਾ ਮਿਲਿਆ ਤਾਂ ਸਿੱਧੂ ਨੇ ਮਜੀਠੀਆ ਨੂੰ ‘ਨਸ਼ਾ ਤਸਕਰ’ ਕਹਿਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਇੱਥੋਂ ਤੱਕ ਕਿ ਪੰਜਾਬ ਵਿਧਾਨ ਸਭਾ ’ਚ ਕਈ ਵਾਰੀ ਮਜੀਠੀਆ ਤੇ ਸਿੱਧੂ ਦਰਿਮਆਨ ਸਿੱਧਾ ਟਕਰਾਅ ਵੀ ਹੋਇਆ। ਨੌਬਤ ਤਾਂ ਇੱਥੋਂ ਤੱਕ ਆ ਗਈ ਸੀ ਕਿ ਜਦੋਂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ 111 ਦਿਨਾਂ ਲਈ ਕਾਂਗਰਸ ਦੀ ਸਰਕਾਰ ਬਣੀ ਤਾਂ ਚਰਚਿਤ ਪੁਲੀਸ ਅਧਿਕਾਰੀ ਸਿਧਾਰਥ ਚਟੋਪਾਧਿਆਏ ਨੂੰ ਉਨ੍ਹਾਂ ਪੰਜਾਬ ਦਾ ਡੀਜੀਪੀ ਨਿਯੁਕਤ ਕਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਤੇ ਆਪਣੀ ਹਿੰਡ ਪੁਗਾ ਕੇ ਛੱਡੀ। ਚਟੋਪਾਧਿਆਏ ਦੇ ਡੀਜੀਪੀ ਹੁੰਦਿਆਂ ਹੀ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਅਕਾਲੀ ਨੇਤਾ ਬਿਕਰਮ ਮਜੀਠੀਆ ਦੇ ਖਿਲਾਫ਼ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ ਤੇ ਉਸ ਨੂੰ ਕਈ ਮਹੀਨਿਆਂ ਤੱਕ ਜੇਲ੍ਹ ਦੀ ਹਵਾ ਵੀ ਖਾਣੀ ਪਈ। ਇਸ ਦੇ ਐਨ ਉਲਟ ਜਦੋਂ ‘ਅਜੀਤ’ ਅਖਬਾਰ ਦੇ ਮੈਨੇਜਿੰਗ ਐਡੀਟਰ ਬਰਜਿੰਦਰ ਸਿੰਘ ਹਮਦਰਦ ਖਿਲਾਫ਼ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਜੀਲੈਂਸ ਜਾਂਚ ਦੇ ਖਿਲਾਫ਼ ਜਲੰਧਰ ’ਚ ਸਿਆਸੀ ਆਗੂਆਂ ਦੀ ਇਕੱਤਰਤਾ ਹੋਈ ਤਾਂ ਨਵਜੋਤ ਸਿੰਘ ਸਿੱਧੂ ਨੇ ਬਿਕਰਮ ਮਜੀਠੀਆ ਨਾਲ ਜਨਤਕ ਤੌਰ ’ਤੇ ਜੱਫੀ ਪਾ ਲਈ। ਸਿੱਧੂ ਦੇ ਹਮਾਇਤੀਆਂ ਨੇ ਭਾਵੇਂ ਇਸ ਜੱਫੀ ਨੂੰ ‘ਸ਼ਿਸ਼ਟਾਚਾਰ’ ਕਰਾਰ ਦੇ ਕੇ ਹਉ ਪਰ੍ਹੇ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਘਟਨਾ ਨੇ ਸਿੱਧੂ ਦੇ ਸਿਆਸੀ ਅਕਸ ਨੂੰ ਭਾਰੀ ਸੱਟ ਮਾਰੀ ਤੇ ਬਹੁਤੇ ਲੋਕਾਂ ਨੇ ਇਸ ਨੂੰ ਉਵੇਂ ਨਹੀਂ ਲਿਆ ਸੀ ਕਿਉਂਕਿ ਨਵਜੋਤ ਸਿੱਧੂ ਜਿਸ ਸ਼ਖ਼ਸ ਨੂੰ ‘ਤਸਕਰ ਤਸਕਰ’ ਆਖ ਕੇ ਭੰਡਦੇ ਰਹੇ ਸਨ, ਉਸੇ ਨਾਲ ਘਿਓ ਖਿਚਡ਼ੀ ਹੋਣ ਦਾ ਸੰਦੇਸ਼ ਚਲਿਆ ਗਿਆ ਜਾਂ ਲੋਕਾਂ ਨੇ ਇਵੇਂ ਅੰਦਾਜ਼ੇ ਲਗਾ ਲਏ।
ਸਿੱਧੂ ਦੇ ਸਿਆਸੀ ਸਫ਼ਰ ਦੌਰਾਨ ਹੀ ਜਦੋਂ ਉਨ੍ਹਾਂ ਦੀ ਪਤਨੀ ਨੇ ਰਾਜਨੀਤੀ ’ਚ ਆਉਣ ਦਾ ਫ਼ੈਸਲਾ ਕੀਤਾ ਤਾਂ ਸਾਲ 2012 ਵਿੱਚ ਡਾ. ਨਵਜੋਤ ਕੌਰ ਸਿੱਧੂ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਭਾਜਪਾ ਦੀ ਵਿਧਾਇਕਾ ਚੁਣੀ ਗਈ। ਪੰਜਾਬ ’ਚ ਅਕਾਲੀ-ਭਾਜਪਾ ਸਰਕਾਰ ਦੌਰਾਨ ਸ੍ਰੀਮਤੀ ਸਿੱਧੂ ਨੂੰ ਮੁੱਖ ਸੰਸਦੀ ਸਕੱਤਰ ਬਣਾਇਆ ਗਿਆ ਹਾਲਾਂਕਿ ਇਸ ਦੌਰਾਨ ਅੰਮ੍ਰਿਤਸਰ ਨੂੰ ਮਿਲਣ ਵਾਲੇ ਫੰਡਾਂ, ਅੰਮ੍ਰਿਤਸਰ ਵਿਚ ਡੰਪਿੰਗ ਗਰਾਊਂਡ ਸਮੇਤ ਹੋਰਨਾਂ ਕਈ ਮੁੱਦਿਆਂ ’ਤੇ ਸਿੱਧੂ ਜੋਡ਼ੇ ਦੇ ਸਿੰਗ ਆਪਣੀ ਹੀ ਸਰਕਾਰ ਨਾਲ ਫਸਦੇ ਰਹੇ। ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਆਪਣੀ ਹੀ ਪਾਰਟੀ ਨਾਲ ਸਬੰਧਤ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਅਤੇ ਸੁਰਜੀਤ ਕੁਮਾਰ ਜਿਆਣੀ ਵੀ ਉਲਝਦੇ ਰਹੇ। ਦੋਸਤੋ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2017 ਦੀ ਸਮਾਂ ਜਿਵੇਂ ਜਿਵੇਂ ਨਜ਼ਦੀਕ ਆਉਣ ਲੱਗਾ ਤਾਂ ਨਵਜੋਤ ਸਿੱਧੂ ਦੀ ਗੁੱਡੀ ਇੱਕ ਵਾਰੀ ਫਿਰ ਚਡ਼੍ਹਦੀ ਦੇਖੀ ਗਈ। ਇਹੀ ਕਾਰਨ ਹੈ ਕਿ ਪੰਜਾਬ ’ਚ ਨਵੀਂ ਉਭਰੀ ਸਿਆਸੀ ਧਿਰ ਆਮ ਆਦਮੀ ਪਾਰਟੀ ਨੇ ਸਿੱਧੂ ਜੋਡ਼ੇ ’ਤੇ ਸਿਆਸੀ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ। ਭਾਜਪਾ ਨੇ ਵੀ ਸਿੱਧੂ ਨੂੰ ਪਾਰਟੀ ’ਚ ਰੱਖਣ ਲਈ 28 ਅਪਰੈਲ 2016 ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ। ਇਹ ਇੱਕ ਅਜਿਹਾ ਸਮਾਂ ਸੀ ਜਦੋਂ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੇ ਚਰਚੇ ਜ਼ੋਰਾਂ ’ਤੇ ਸਨ। ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਸਿਆਸੀ ਉਥਲ ਪੁਥਲ। 18 ਜੁਲਾਈ 2016 ਨੂੰ ਸਿੱਧੂ ਨੇ ਇਹ ਕਹਿ ਕੇ ਰਾਜ ਸਭਾ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਕਿ ਉਹ ਕਿਸੇ ਕੀਮਤ ’ਤੇ ਵੀ ਪੰਜਾਬ ਛੱਡ ਕੇ ਨਹੀਂ ਜਾਵੇਗਾ। ਉਸ ਵੇਲੇ ਉਹ ਦਾਅਵਾ ਕਰਿਆ ਕਰਦੇ ਸਨ ਕਿ ਉਸ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਦੀ ਟਿਕਟ ਇਸ ਲਈ ਨਹੀਂ ਦਿੱਤੀ ਗਈ ਸੀ ਕਿਉਂÎਕਿ ਭਾਜਪਾ ਉਸ ਨੂੰ ਦੱਖਣੀ ਦਿੱਲੀ ਜਾਂ ਕੁਰੂਕਸ਼ੇਤਰ ਤੋਂ ਚੋਣ ਲਡ਼ਾਉਣਾ ਚਾਹੁੰਦੀ ਸੀ ਅਤੇ ਉਸ ਨੂੰ ਕੇਂਦਰ ਸਰਕਾਰ ਵਿੱਚ ਸੂਚਨਾ ਤੇ ਪ੍ਰਸਾਰਨ ਮੰਤਰੀ ਬਣਾਉਣ ਦੀ ਯੋਜਨਾ ਸੀ। ਪੰਜਾਬ ’ਚ ਸਿਆਸੀ ਗਤੀਵਿਧੀਆਂ ਦੌਰਾਨ ਹੀ ਸਤੰਬਰ 2016 ਵਿੱਚ ਸਿੱਧੂ ਨੇ ਆਪਣੇ ਹੀ ਪੁਰਾਣੇ ਮਿੱਤਰ ਤੇ ਭਾਰਤ ਦੀ ਹਾਕੀ ਟੀਮ ਦੇ ਕਪਤਾਨ ਰਹੇ ਪਰਗਟ ਸਿੰਘ ਅਤੇ ਲੁਧਿਆਣਾ ਦੇ ਬੈਂਸ ਭਰਾਵਾਂ ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ ਨਾਲ ਮਿਲ ਕੇ ਪੰਜਾਬ ਵਿੱਚ ਵੱਖਰੀ ਖੇਤਰੀ ਪਾਰਟੀ ‘ਆਵਾਜ਼-ਏ-ਪੰਜਾਬ’ ਬਣਾਉਣ ਦਾ ਐਲਾਨ ਕਰ ਦਿੱਤਾ ਪਰ ਇਹ ਸਾਂਝ ਜ਼ਿਆਦਾ ਦੇਰ ਤੱਕ ਨਾ ਨਿਭੀ। ਇਸੇ ਦੌਰਾਨ ਭਾਜਪਾ ਵਿਧਾਇਕਾ ਨਵਜੋਤ ਕੌਰ ਸਿੱਧੂ ਅਤੇ ਅਕਾਲੀ ਵਿਧਾਇਕ ਪਰਗਟ ਸਿੰਘ ਨੇ ਵਿਧਾਨ ਸਭਾ ਦੀ ਮਿਆਦ ਮੁੱਕਣ ਉਤੇ ਆਪੋ-ਆਪਣੀਆਂ ਪਾਰਟੀਆਂ ਛੱਡ ਦਿੱਤੀਆਂ।
2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੱਕ ਨਵਜੋਤ ਸਿੰਘ ਸਿੱਧੂ ਬਾਰੇ ਕਿਆਫ਼ੇ ਸਨ ਕਿ ਉਹ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਰਹੇ ਹਨ ਪਰ ਜਨਵਰੀ 2017 ਵਿੱਚ ਉਸ ਨੇ ਇਹ ਕਹਿ ਕੇ ਕਾਂਗਰਸ ਜੁਆਇਨ ਕਰ ਲਈ ਕਿ ਉਸ ਦਾ ਜਨਮ ਇਸੇ ਪਾਰਟੀ ਵਿੱਚ ਹੋਇਆ ਸੀ ਅਤੇ ਉਸ ਨੇ ਹੁਣ ‘ਘਰ ਵਾਪਸੀ’ ਕੀਤੀ ਹੈ। ਅਹਿਮ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਹੋਈਆਂ ਮੀਟਿੰਗਾਂ ਬਾਰੇ ਸਿੱਧੂ ਨੇ ਕਦੇ ਪਰਦਾਦਾਰੀ ਨਹੀਂ ਵਰਤੀ ਅਤੇ ਅਕਸਰ ਕਈ ਖੁਲਾਸੇ ਕੀਤੇ ਸਨ। ਖ਼ੈਰ, ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤ ਕੇ ਸੂਬਾਈ ਰਾਜਨੀਤੀ ਵਿੱਚ ਬਾਕਾਇਦਾ ਸ਼ਮੂਲੀਅਤ ਕਰ ਲਈ। ਕਾਂਗਰਸ ਨੇ 2017 ਦੀਆਂ ਚੋਣਾਂ ’ਚ ਸਿੱਧੂ ਤੋਂ ਪੂਰੇ ਪੰਜਾਬ ’ਚ ਪ੍ਰਚਾਰ ਕਰਾਇਆ। ਨਵਜੋਤ ਸਿੰਘ ਸਿੱਧੂ ਜਦੋਂ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਸਨ ਤਾਂ ਕਾਂਗਰਸ ਨੂੰ ‘ਮੁੰਨੀ ਨਾਲੋਂ ਵੀ ਜ਼ਿਆਦਾ ਬਦਨਾਮ ਪਾਰਟੀ’ ਕਰਾਰ ਦਿੰਦੇ ਸਨ। ਕੌਮੀ ਸਿਆਸਤ ’ਚ ਸਾਊ ਗਿਣੇ ਜਾਂਦੇ ਤੇ ਕੌਮਾਂਤਰੀ ਪੱਧਰ ਦੇ ਅਰਥ ਸਾਸ਼ਤਰੀ ਡਾ. ਮਨਮੋਹਨ ਸਿੰਘ ਜਿਨ੍ਹਾਂ ਦੀ ਸਖ਼ਤ ਅਲੋਚਨਾ ਦੇ ਤਿੱਖੇ ਬੋਲ ਸਿੱਧੂ ਦੀਆਂ ਤਕਰੀਰਾਂ ਦੇ ਹਿੱਸਾ ਰਹੇ ਤਾਂ ਸਿਆਸੀ ਅਖਾਡ਼ਾ ਬਦਲਦਿਆਂ ਹੀ ਉਸੇ ਸਿੱਧੁੂ ਲਈ ਡਾ. ਮਨਮੋਹਨ ਸਿੰਘ ਦੇਵਤਾ ਸਰੂਪ ਹੋ ਗਏ। ਪ੍ਰਿਅੰਕਾ ਗਾਂਧੀ ਸਿੱਧੂ ਦੇ ਰਹਿਨੁਮਾ ਬਣ ਗਏ। ਜਿਸ ਰਾਹੁਲ ਗਾਂਧੀ ਨੂੰ ‘ਪੱਪੂ’ ਆਖ ਕੇ ਚਿਡ਼ਾਇਆ ਸੀ, ਉਹ ਵੀ ਭਰਾ ਬਣ ਗਏ। ਯਾਦ ਕਰੋ ਦਿੱਲੀ ’ਚ ਹੋਇਆ ਕਾਂਗਰਸ ਦਾ ਇੱਕ ਸੰਮੇਲਨ ਜਦੋਂ ਸਿੱਧੂ ਨੇ ਸੋਨੀਆ ਗਾਂਧੀ ਅਤੇ ਡਾ. ਮਨਮੋਹਨ ਸਿੰਘ ਦੋਹਾਂ ਦੇ ਚਰਨੀਂ ਹੱਥ ਲਾ ਕੇ ਆਸ਼ੀਰਵਾਦ ਲਿਆ ਸੀ। ਇਹ ਗੱਲ ਵੱਖਰੀ ਹੈ ਕਿ ਇਸ ਸਮਾਗਮ ਦੌਰਾਨ ਦਿੱਤੇ ਭਾਸ਼ਨ ’ਚ ਕਾਂਗਰਸ ਨੇਤਾਵਾਂ ਦੀ ਤਾਰੀਫ ’ਚ ਕਸੀਦੇ ਪਡ਼੍ਹਨ ਵੇਲੇ ਸਕਰਿਪਟ ਉਹੀ ਸੀ ਜੋ ਭਾਜਪਾਈਆਂ ਦੇ ਕਸੀਦੇ ਪਡ਼੍ਹਨ ਵੇਲੇ ਵਰਤੀ ਜਾਂਦੀ ਸੀ।
ਖ਼ੈਰ, ਗੱਲ ਕਰਦੇ ਹਾਂ ਕਾਂਗਰਸ ਦੀ ਸਰਕਾਰ ’ਚ ਸਿੱਧੂ ਦੀ ਚਡ਼੍ਹਾਈ ਦੇ ਦਿਨਾਂ ਦੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦਾ ਆਪਣੀ ਹੀ ਸਰਕਾਰ ਅਤੇ ਮੁੱਖ ਮੰਤਰੀ ਨਾਲ ਇੱਟ ਖਡ਼ੱਕਾ ਸ਼ੁਰੂ ਹੋ ਗਿਆ। ਮਾਈਨਿੰਗ ਪਾਲਿਸੀ ਬਣਾਉਂਦਿਆਂ ਸਬ ਕਮੇਟੀ ਦੇ ਸਾਥੀ ਮੰਤਰੀਆਂ ਨਾਲ ਵਿਵਾਦ, ਆਊਟ ਡੋਰ ਇਸ਼ਤਿਹਾਰ ਪਾਲਿਸੀ, ਅੰਮ੍ਰਿਤਸਰ ਦੇ ਮੇਅਰ ਦੀ ਚੋਣ ਵਿੱਚ ਅਣਦੇਖਿਆ ਕਰਨਾ, ਕੈਬਨਿਟ ਮੀਟਿੰਗਾਂ ਵਿੱਚ ਸਾਥੀ ਵਜ਼ੀਰਾਂ ਨਾਲ ਉਲਝਣਾ ਤਾਂ ਆਮ ਵਰਤਾਰਾ ਬਣ ਗਿਆ। ਕਾਂਗਰਸ ਪਾਰਟੀ ’ਚ ਰਹਿੰਦਿਆਂ ਨਵਜੋਤ ਸਿੰਘ ਸਿੱਧੂ ਨੂੰ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਕਰੀਬੀ ਮੰਨਿਆ ਜਾਂਦਾ ਸੀ। ਇਹੀ ਕਾਰਨ ਹੈ ਸਥਾਨਕ ਸਰਕਾਰਾਂ ਵਰਗਾ ਪਸੰਦੀਦਾ ਵਿਭਾਗ ਮਿਲਿਆ ਤੇ ਇਸ ਦੇ ਨਾਲ ਹੀ ਕਾਂਗਰਸ ਸਰਕਾਰ ਵੱਲੋਂ ਡਾ. ਨਵਜੋਤ ਕੌਰ ਸਿੱਧੂ ਨੂੰ ਪੰਜਾਬ ਵੇਅਰਹਾਊਸ ਕਾਰਪੋਰੇਸ਼ਨ ਦਾ ਚੇਅਰਮੈਨ ਅਤੇ ਉਸ ਦੇ ਪੁੱਤਰ ਕਰਨ ਸਿੱਧੂ ਨੂੰ ਅਸਿਸਟੈਂਟ ਐਡਵੋਕੇਟ ਜਨਰਲ ਲਗਾ ਦਿੱਤਾ ਗਿਆ। ਅਮਰਿੰਦਰ ਸਿੰਘ ਨਾਲ ਮੱਤਭੇਦਾਂ ਦੌਰਾਨ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਜਾਣ ਲੱਗਾ ਕਿ ਇਹ ਦੋਵੇਂ ਅਹੁਦੇ ਉਸ ਨੂੰ ਚੁੱਪ ਕਰਵਾਉਣ ਲਈ ਦਿੱਤੇ ਗਏ ਹਨ। ਇਸ ਉਤੇ ਦੋਵਾਂ ਨੇ ਅਹੁਦੇ ਸਾਂਭਣ ਤੋਂ ਇਨਕਾਰ ਕਰ ਦਿੱਤਾ ਜਿਸ ਕਰ ਕੇ ਨਵਜੋਤ ਸਿੰਘ ਸਿੱਧੂ ਦਾ ਕੱਦ ਹੋਰ ਵੱਡਾ ਹੋ ਗਿਆ। ਗਾਂਧੀ ਪਰਿਵਾਰ ਨਾਲ ਨੇਡ਼ਤਾ ਅਤੇ ਤਿੰਨੋ ਭਾਸ਼ਾਵਾਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿਚ ਸਿੱਧੂ ਵਧੀਆ ਬੁਲਾਰਾ ਹੋਣ ਕਰ ਕੇ 2018 ਵਿੱਚ ਚਾਰ ਸੂਬਿਆਂ ਦੀਆਂ ਚੋਣਾਂ ਦੌਰਾਨ ਹਿੰਦੀ ਭਾਸ਼ੀ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗਡ਼੍ਹ ’ਚ ਸਟਾਰ ਪ੍ਰਚਾਰਕ ਬਣ ਕੇ ਪ੍ਰਚਾਰ ਕੀਤਾ। ਉਦੋਂ ਤਿੰਨ ਸੂਬਿਆਂ ਵਿੱਚ ਕਾਂਗਰਸ ਦੀ ਜਿੱਤ ਤੋਂ ਬਾਅਦ ਉਸ ਦੀ ਬੱਲੇ ਬੱਲੇ ਹੋ ਗਈ। ਇਹੀ ਕਾਰਨ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸਾਰੇ ਦੇਸ਼ ਵਿੱਚ ਪ੍ਰਚਾਰ ਕੀਤਾ ਅਤੇ ਪੰਜਾਬ ਦੇ ਪ੍ਰਚਾਰ ਦੌਰਾਨ ਬਠਿੰਡਾ ਦੀ ਰੈਲੀ ਵਿੱਚ ਉਸ ਨੇ ਪ੍ਰਿਅੰਕਾ ਗਾਂਧੀ ਦੀ ਹਾਜ਼ਰੀ ਵਿੱਚ ‘75-25’ ਦੀ ਚੁਟਕੀ ਲੈ ਕੇ ਆਪਣੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਠਿੱਠ ਕੀਤਾ ਸੀ ਅਤੇ ਅਕਾਲੀਆਂ ਨਾਲ ਗੰਢਤੁਪ ਦਾ ਦੋਸ਼ ਲਾਇਆ ਸੀ। ਜਿਸ ਦਾ ਮਤਲਬ ਇਹ ਸੀ ਕਿ ਸੂਬੇ ’ਚ ਕਾਂਗਰਸੀਆਂ ਦੀ ਸਰਕਾਰ ’ਚ 75 ਫ਼ੀਸਦ ਕਾਂਗਰਸ 25 ਫੀਸਦੀ ਬਾਦਲਾਂ ਦੀ ਹਿੱਸੇਦਾਰੀ ਹੈ ਜਾਂ ਆਖ ਲਓ ਤੂਤੀ ਬੋਲਦੀ ਹੈ। ਸੰਸਦੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜੂਨ 2019 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਕੋਲੋਂ ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਦੇ ਦੋਵੇਂ ਮਹਿਕਮੇ ਵਾਪਸ ਲੈ ਲਏ ਅਤੇ ਬਿਜਲੀ ਦਾ ਮਹਿਕਮਾ ਦੇ ਦਿੱਤਾ। ਨਵਜੋਤ ਸਿੱਧੂ ਨੇ ਨਵੇਂ ਵਿਭਾਗ ਦਾ ਕੰਮ ਨਾ ਸਾਂਭਿਆ ਤੇ ਕੈਪਟਨ ਨਾਲ ਟਕਰਾਅ ਵਧਦਾ ਚਲਿਆ ਗਿਆ। ਅਖੀਰ, 14 ਜੁਲਾਈ 2019 ਨੂੰ ਉਨ੍ਹਾਂ ਕੈਬਨਿਟ ਮੰਤਰੀ ਤੋਂ ਅਸਤੀਫਾ ਦੇ ਦਿੱਤਾ। ਦੋ ਸਾਲ ਉਹ ਪੂਰੀ ਤਰ੍ਹਾਂ ਅਲੱਗ-ਥਲੱਗ ਰਹੇ ਪਰ ਸਮੁੱਚੀ ਕਾਂਗਰਸ ਅਤੇ ਪੰਜਾਬ ਦੇ ਲੋਕਾਂ ਨੇ ਸਿੱਧੂ ’ਤੇ ਨਜ਼ਰਾਂ ਟਿਕਾਈਆਂ ਹੋਈਆਂ ਸਨ। ਸਿੱਧੂ ਦਾ ਇੱਕ ਟਵੀਟ ਸਿਆਸਤ ’ਚ ਗਾਹ ਪਾਉਣ ਦਾ ਕੰਮ ਕਰਦਾ ਤੇ ਜਦੋਂ ਉਹ ਕਿਸੇ ਟੈਲੀਵਿਜ਼ਨ ਚੈਨਲ ਨੂੰ ਇੰਟਰਵਿਊ ਦੇਣ ਬੈਠਦਾ ਤਾਂ ਸਿਆਸੀ ਵਿਰੋਧੀਆਂ ਨੂੰ ਫ਼ਿਕਰ ਪੈ ਜਾਂਦਾ ਕਿ ‘ਪਤਾ ਨੀ ਅੱਜ ਸਿੱਧੂ ਕੀਹਦੀ ਪੋਲ੍ਹ ਖੋਲ੍ਹੇਗਾ’। ਗਾਂਧੀ ਪਰਿਵਾਰ ਨਾਲ ਨੇਡ਼ਤਾ ਅਤੇ ਸੂਬੇ ’ਚ 2022 ਦੌਰਾਨ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿੱਧੂ ਦੇ ਜਨ ਅਧਾਰ ਦਾ ਲਾਭ ਲੈਣ ਦੇ ਮਕਸਦ ਨਾਲ 18 ਜੁਲਾਈ 2021 ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਟਕਰਾਅ ਇਸ ਹੱਦ ਤੱਕ ਅੱਪਡ਼ ਗਿਆ ਕਿ ਸਿੱਧੂ ਤੇ ਉਸ ਦੇ ਸਾਥੀਆਂ ਨੇ ਸਤੰਬਰ 2021 ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਰਾਤੋ ਰਾਤ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹ ਦਿੱਤਾ। ਚੰਡੀਗੜ੍ਹ ’ਚ ਚੱਲੇ ਮੀਟਿੰਗਾਂ ਦੇ ਦੌਰ ਦੌਰਾਨ ਨਵੇਂ ਮੁੱਖ ਮੰਤਰੀ ਦੀ ਚੋਣ ਵਿੱਚ ਪਹਿਲਾਂ ਸੁਨੀਲ ਜਾਖਡ਼ ਤੇ ਫੇਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਚੱਲੀ। ਸੂਤਰ ਦੱਸਦੇ ਹਨ ਕਿ ਨਵਜੋਤ ਸਿੱਧੂ ਦੋਵਾਂ ਦੇ ਨਾਮ ਉਤੇ ਸਹਿਮਤ ਨਹੀਂ ਸੀ। ਆਖਰ, ਗੁਣੀਆ ਚਰਨਜੀਤ ਸਿੰਘ ਚੰਨੀ ਉਤੇ ਪਿਆ। ਮੁੱਖ ਮੰਤਰੀ ਬਣਨ ਤੋਂ ਬਾਅਦ ਚੰਨੀ ਦੇ ਪਹਿਲੇ ਦਿਨ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਲੈ ਕੇ ਸ਼ੁਰੂ ਹੋਈ ਯਾਤਰਾ ਮੌਕੇ ਜਿਵੇਂ ਨਵਜੋਤ ਸਿੱਧੂ ਜਦੋਂ ਇਕ ਮੁੱਖ ਮੰਤਰੀ ਨੂੰ ਬਾਂਹ ਤੋਂ ਫਡ਼ ਕੇ ਤੋਰ ਰਿਹਾ ਸੀ ਤਾਂ ਸੋਸ਼ਲ ਮੀਡੀਆ ’ਤੇ ਇਹ ਚਰਚਾ ਚੱਲ ਪਈ ਕਿ ਮੁੱਖ ਮੰਤਰੀ ਚੰਨੀ ਤਾਂ ਸਿੱਧੂ ਦੀ ਕਠਪੁਤਲੀ ਹੈ। ਚੰਨੀ ਦੇ ਮੁੱਖ ਮੰਤਰੀ ਬਣਨ ਦੇ ਚੰਦ ਦਿਨਾਂ ਅੰਦਰ ਹੀ ਨਵਜੋਤ ਸਿੱਧੂ ਦਾ ਚੰਨੀ ਨਾਲ ਖਡ਼ਕਾ ਦਡ਼ਕਾ ਹੋਣ ਦੀਆਂ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ। ਡੀਜੀਪੀ ਅਤੇ ਐਡਵੋਕੇਟ ਜਨਰਲ ਐਚਪੀਐਸ ਦਿਉਲ ਨੂੰ ਤਬਦੀਲ ਕਰਨ ਦੇ ਮੁੱਦੇ ਉਤੇ ਨਾਰਾਜ਼ ਹੋ ਕੇ ਉਸ ਨੇ 28 ਸਤੰਬਰ 2021 ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਲਿਖ ਕੇ ਹਾਈਕਮਾਨ ਨੂੰ ਭੇਜ ਦਿੱਤਾ। ਸਿੱਧੂ ਨੇ ਪਹਿਲਾਂ ਤਾਂ ਕਾਂਗਰਸ ਹਾਈ ਕਮਾਂਡ ਖਾਸ ਕਰ ਰਾਹੁਲ ਗਾਂਧੀ ’ਤੇ ਦਬਾਅ ਬਣਾਇਆ ਕਿ ਅਗਾਲੀਆਂ ਭਾਵ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ ਜਾਵੇ। ਜਦੋਂ ਲੁਧਿਆਣਾ ਦੇ ਇੱਕ ਸਮਾਗਮ ਦੌਰਾਨ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਦੇ ਨਾਮ ਦਾ ਐਲਾਨ ਕਰ ਦਿੱਤਾ ਤਾਂ ਸਿੱਧੂ ਸੁੰਨ ਹੋ ਗਿਆ ਤੇ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਹੋਣ ਦੇ ਬਾਵਜੂਦ ਪੰਜਾਬ ’ਚ ਪਾਰਟੀ ਨੂੰ ਜੇਤੂ ਬਣਾਉਣ ਲਈ ਸਿਰ ਧਡ਼ ਦੀ ਬਾਜ਼ੀ ਲਾਉਣ ਵਾਲਾ ਪ੍ਰਚਾਰ ਨਾ ਕਰ ਸਕਿਆ। ਇਹ ਸ਼ਾਇਦ ਇਸ ਕਰ ਕੇ ਵੀ ਸੀ ਕਿਉਂਕਿ ਸਿੱਧੂ ਦੀ ਆਪਣੀ ਜਿੱਤ ਬੇਹੱਦ ਮੁਸ਼ਕਿਲ ਹੋਈ ਪਈ ਸੀ ਪਰ ਉਸ ਨੇ ਆਪਣੀ ਨਾਰਾਜ਼ਗੀ ਦਾ ਪ੍ਰਗਟਾਵਾ ਧੂਰੀ ਹਲਕੇ ’ਚ ਜਨਤਕ ਰੈਲੀ ਦੌਰਾਨ ਪ੍ਰਿਅੰਕਾ ਗਾਂਧੀ ਦੀ ਮੌਜੂਦਗੀ ’ਚ ਕੀਤਾ। ਦੇਖਿਆ ਜਾਵੇ ਤਾਂ ਸਿੱਧੂ ਦਾ ਜਲੌਅ ਘਟਣਾ ਸ਼ੁਰੂ ਹੋ ਗਿਆ। ਕਾਂਗਰਸੀ ਨੇਤਾ ਖੁਦ ਆਖਦੇ ਹਨ ਕਿ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸਿੱਧੂ ਦੀ 2017 ਦੀਆਂ ਚੋਣਾਂ ਵਾਂਗ ਰੈਲੀਆਂ ਦੀ ਮੰਗ ਵੀ ਨਾ ਰਹੀ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਪੂਰਬੀ ਤੋਂ ਉਹ ਅਤੇ ਬਿਕਰਮ ਮਜੀਠੀਆ ਇਕ ਦੂਜੇ ਦੇ ਆਹਮੋ-ਸਾਹਮਣੇ ਆ ਗਏ ਪਰ ਉਹ ਦੋਵੇਂ ‘ਆਪ’ ਦੀ ਜੀਵਨ ਜੋਤ ਕੌਰ ਹੱਥੋਂ ਹਾਰ ਗਏ। ਇਸ ਹਾਰ ਦੇ ਨਾਲ ਹੀ ਨਵਜੋਤ ਸਿੱਧੂ ਦਾ ਇਹ ਭਰਮ ਵੀ ਖਤਮ ਹੋ ਗਿਆ ਕਿ ਉਹ ਕਦੇ ਚੋਣ ਨਹੀਂ ਹਾਰਦਾ। ਇੱਕ ਹੋਰ ਅਹਿਮ ਗੱਲ ਇਹ ਹੈ ਕਿ ਇਸੇ ਦੌਰਾਨ ਪਾਕਿਸਤਾਨ ਦੀ ਰਾਜਨੀਤੀ ’ਚ ਵੱਡੀ ਤਬਦੀਲੀ ਆਈ ਤੇ ਸਿੱਧੂ ਦੇ ਪੁਰਾਣੇ ਦੋਸਤ ਤੇ ਸਾਬਕਾ ਕ੍ਰਿਕਟਰ ਇਮਰਾਨ ਖਾਨ ਗੁਆਂਢੀ ਮੁਲਕ ਦੇ ਵਜ਼ੀਰੇ ਆਜ਼ਮ ਬਣ ਗਏ। ਸਿੱਧੂ ਨੂੰ ਸਰਹੱਦ ਪਾਰ ਤੋਂ ਖਾਨ ਸਾਹਿਬ ਦੇ ਸਹੁੰ ਚੁੱਕ ਸਮਾਗਮ ਲਈ ਵਿਸ਼ੇਸ਼ ਸੱਦਾ ਆਇਆ। ਪਾਕਿਸਤਾਨ ਜਾ ਕੇ ਇਮਰਾਨ ਖਾਨ ਦੇ ਤਾਜਪੋਸ਼ੀ ਸਮਾਗਮ ਵਿੱਚ ਸ਼ਿਰਕਤ ਕਰਨੀ ਅਤੇ ਪਾਕਿਸਤਾਨ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨਾਲ ਪਾਈ ਜੱਫੀ ਨੂੰ ਲੈ ਕੇ ਕਈ ਮਾਮਲਿਆਂ ਉਤੇ ਰੌਲਾ ਪਿਆ। ਹਿੰਦੁਸਤਾਨ ’ਚ ਜਿਵੇਂ ਉਸ ਦੇ ਵਿਰੋਧੀ ਮੌਕੇ ਦੀ ਤਾਕ ਸਨ ਤੇ ਇਸ ਮਾਮਲੇ ’ਤੇ ਪੂਰਾ ਘੇਰਨ ਦਾ ਯਤਨ ਕੀਤਾ। ਇਸ ਦੌਰਾਨ ਜੇ ਸਿੱਧੂ ਦੀ ਵਾਕਿਆ ਹੀ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਸ਼ਲਾਘਾ ਹੋਈ ਤਾਂ ਉਹ ਸੀ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦਾ ਇਤਹਾਸਕ ਪਲ। ਸਿੱਖ ਮਨਾਂ ’ਚ ਸਿੱਧੂ ਦਾ ਸਤਿਕਾਰ ਵਧ ਗਿਆ। ਉਸ ਦੇ ਸਿਆਸੀ ਵਿਰੋਧੀ ਦੋਸ਼ ਲਾਉਂਦੇ ਹਨ ਕਿ ਨਵਜੋਤ ਸਿੱਧੂ ਨੇ ਅੰਮ੍ਰਿਤਸਰ ਸ਼ਹਿਰ ਤੋਂ ਕਿਨਾਰਾ ਕਰ ਕੇ ਪੱਕਾ ਟਿਕਾਣਾ ਪਟਿਆਲਾ ਨੂੰ ਬਣਾ ਲਿਆ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਡਾ ਨਵਜੋਤ ਕੌਰ ਸਿੱਧੂ ਨੂੰ ਕੈਂਸਰ ਦੇ ਰੋਗ ਨੇ ਘੇਰ ਲਿਆ ਜਿਸ ਕਾਰਨ ਸਿੱਧੂ ਆਪਣੀ ਪਤਨੀ ਦੀ ਦੇਖ ਭਾਲ ਵਿੱਚ ਜੁੱਟ ਗਏ ਤੇ ਇਕ ਤਰ੍ਹਾਂ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਲਿਆ। ਐਤਕੀਂ ਆਈਪੀਐੱਲ ਸੀਜ਼ਨ ਵਿਚ ਉਨ੍ਹਾਂ ਕੁਮੈਂਟੇਟਰ ਵਜੋਂ ਵਾਪਸੀ ਕੀਤੀ।
ਇਸ ਵਾਰੀ ਕਰੀਬ ਢਾਈ ਮਹੀਨੇ ਚੱਲੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਨਵਜੋਤ ਸਿੱਧੂ ਕਿਤੇ ਵੀ ਪ੍ਰਚਾਰ ਕਰਨ ਨਹੀਂ ਗਿਆ। ਹਾਲਾਂਕਿ ਉਸ ਦਾ ਨਾਮ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਦਰਜ ਸੀ। ਪੰਜਾਬ ਦੀਆਂ ਕਈ ਸੀਟਾਂ ਤੋਂ ਉਸ ਨੂੰ ਪ੍ਰਚਾਰ ਕਰਨ ਲਈ ਸੱਦੇ ਵੀ ਆਏ। ਜਦੋਂ ਪ੍ਰਿਅੰਕਾ ਅਤੇ ਰਾਹੁਲ ਗਾਂਧੀ ਪੰਜਾਬ ਆਏ ਤਾਂ ਵੀ ਸਿੱਧੂ ਨੇ ਕਿਸੇ ਵੀ ਰੈਲੀ ਵਿਚ ਹਾਜ਼ਰੀ ਨਾ ਭਰੀ। ਹਾਲਾਂਕਿ ਪ੍ਰਿਅੰਕਾ ਗਾਂਧੀ ਨੇ ਇਲਾਜ ਅਧੀਨ ਡਾ. ਨਵਜੋਤ ਕੌਰ ਸਿੱਧੂ ਦੀ ਸਿਹਤ ਦਾ ਹਾਲ ਜਾਣ ਕੇ ਸਿੱਧੂ ਨਾਲ ਪਿਆਰ ਤੇ ਸਨੇਹ ਦਾ ਸੰਦੇਸ਼ ਦਿੱਤਾ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਨਵਜੋਤ ਸਿੱਧੂ ‘ਟੀ20 ਵਿਸ਼ਵ ਕ੍ਰਿਕਟ ਕੱਪ’ ਦੀ ਕੁਮੈਂਟਰੀ ਲਈ ਅਮਰੀਕਾ ਚਲੇ ਗਏ ਅਤੇ ਇੱਧਰ ਪੰਜਾਬ ਵਿੱਚ ਕਾਂਗਰਸ ਨੇ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਦੇ ਇੰਚਾਰਜ ਤੋਂ ਉਸ ਨੂੰ ਹਟਾ ਕੇ ਸਾਬਕਾ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ। ਨਵਜੋਤ ਸਿੰਘ ਸਿੱਧੂ ਹੁਣ ਕਾਂਗਰਸ ਪਾਰਟੀ ਵਿੱਚੋਂ ਪੂਰੀ ਤਰ੍ਹਾਂ ਅਲੱਗ-ਥਲੱਗ ਹੋ ਗਿਆ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ’ਚ ਪੌਣੇ ਤਿੰਨ ਸਾਲ ਦਾ ਵਕਫ਼ਾ ਪਿਆ ਹੈ। ਉਦੋਂ ਤੱਕ ਸਿੱਧੂ ਕਿਹੜਾ ਪੈਂਤੜਾ ਖੇਡੂ। ਇਸ ’ਤੇ ਸਭਨਾਂ ਦੀਆਂ ਖਾਸ ਕਰ ਉਸ ਦੇ ਹਮਾਇਤੀਆਂ ਅਤੇ ਪ੍ਰਸੰਸਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਹਾਲਾਂਕਿ ਪਿਛਲੇ ਮਹੀਨਿਆਂ ਦੌਰਾਨ ਰੈਲੀਆਂ ਕਰ ਕੇ ਪ੍ਰਦੇਸ਼ ਕਾਂਗਰਸ ’ਚ ਆਪਣਾ ਧਡ਼ਾ ਕਾਇਮ ਕਰ ਕੇ ਹਾਈ ਕਮਾਂਡ ਨੂੰ ਤਕਡ਼ੀ ਚੁਣੌਤੀ ਦੇ ਦਿੱਤੀ ਸੀ ਪਰ ਯਕਦਮ ਸਿਆਸੀ ਸਰਗਰਮੀਆਂ ਛੱਡ ਕੇ ਕ੍ਰਿਕਟ ਦੀ ਕੁਮੈਂਟਰੀ ਕਰਨ ਚਲੇ ਜਾਣ ਨਾਲ ਉਸ ਦੇ ਧਡ਼ੇ ਨੂੰ ਵੱਡੀ ਸੱਟ ਵੱਜੀ ਹੈ। ਇਹ ਵੀ ਪ੍ਰਭਾਵ ਚਲਿਆ ਗਿਆ ਕਿ ਪੰਜਾਬ ਦੇ ਕਿਸੇ ਵੀ ਵੱਡੇ ਲੀਡਰ ਨਾਲ ਉਸ ਦੇ ਸਬੰਧ ਸੁਖਾਵੇਂ ਨਹੀਂ ਰਹੇ। ਇਥੋਂ ਤੱਕ ਕਿ ਉਹ ਖੁਦ ਵੀ ਆਪਣੇ ਧਡ਼ੇ ਦੇ ਆਗੂਆਂ ਅਤੇ ਕਈ ਪੁਰਾਣੇ ਸਾਥੀਆਂ ਤੋਂ ਵੱਖ ਹੋ ਗਿਆ ਹੈ। ਉਸ ਬਾਰੇ ਇਹ ਅਕਸਰ ਆਖਿਆ ਜਾਂਦਾ ਹੈ ਕਿ ਉਹ ਆਪਣੇ ਪੁਰਾਣੇ ਸਾਥੀਆਂ ਨਾਲ ਤੇਹ ਨਹੀਂ ਰੱਖਦਾ ਅਤੇ ਨਾ ਹੀ ਕਿਸੇ ਨੂੰ ਨਾਲ ਲੈ ਕੇ ਚੱਲਦਾ ਹੈ ਅਤੇ ਨਾ ਹੀ ਉਨ੍ਹਾਂ ਨਾਲ ਸਲਾਹ ਮਸ਼ਵਰਾ ਕਰ ਕੇ ਕੋਈ ਫੈਸਲਾ ਕਰਦਾ ਹੈ। ਇਸ ਦੀ ਮਿਸਾਲ 2017 ’ਚ ਭਾਰਤੀ ਜਨਤਾ ਪਾਰਟੀ ਛੱਡ ਕੇ ਕਾਂਗਰਸ ’ਚ ਸ਼ਮੂਲੀਅਤ ਕਰਨ ਤੋਂ ਲਈ ਜਾ ਸਕਦੀ ਹੈ। ਸਿੱਧੂ ਨੇ ਡੇਢ ਦਹਾਕਾ ਭਾਜਪਾ ’ਚ ਕੰਮ ਕੀਤਾ ਤੇ 10 ਸਾਲਾਂ ਤੋਂ ਵੱਧ ਪਾਰਲੀਮੈਂਟ ਦਾ ਮੈਂਬਰ ਰਿਹਾ। ਲੋਕਾਂ ਨੂੰ ਹੈਰਾਨੀ ਇਸ ਗੱਲ ਦੀ ਹੋਈ ਕਿ ਸਿੱਧੂ ਦੇ ਕਾਂਗਰਸ ’ਚ ਸ਼ਾਮਲ ਹੋਣ ਸਮੇਂ ਅੰਮ੍ਰਿਤਸਰ ਦਾ ਕੋਈ ਵੀ ਸਿਰਕੱਢ ਆਗੂ ਸਿੱਧੂ ਨਾਲ ਕਾਂਗਰਸ ’ਚ ਸ਼ਾਮਲ ਨਹੀਂ ਹੋਇਆ ਸੀ। ਸਿੱਧੂ ਦੇ ਅਦਾਲਤੀ ਕੇਸ ਅਤੇ ਸਜ਼ਾ ਦੀ ਗੱਲ ਕਰੀਏ, ਤਾਂ ਸਾਲ 1988 ਦੀ ਗੱਲ ਹੈ ਜਦੋਂ ਪਟਿਆਲਾ ਸ਼ਹਿਰ ’ਚ ਸਡ਼ਕ ’ਤੇ ਝਗਡ਼ੇ ਦੌਰਾਨ ਧੱਕਾ ਮੁੱਕੀ ’ਚ ਗੁਰਨਾਮ ਸਿੰਘ ਦੀ ਮੌਤ ਹੋ ਜਾਂਦੀ ਹੈ। ਟ੍ਰਾਇਲ ਕੋਰਟ ਤੋਂ ਸੁਪਰੀਮ ਕੋਰਟ ਤੱਕ ਤਿੰਨ ਦਹਾਕਿਆ ਤੱਕ ਚਲਦੇ ਰਹੇ ਇਸ ਕੇਸ ਵਿੱਚ ਨਵਜੋਤ ਸਿੱਧੂ ਉਪਰ ਗੁਰਨਾਮ ਸਿੰਘ ਨਾਮ ਦੇ ਵਿਅਕਤੀ ਉਤੇ ਕਥਿਤ ਕੁੱਟਮਾਰ ਕਰ ਕੇ ਮਾਰਨ ਦਾ ਦੋਸ਼ ਲੱਗਿਆ। ਅੰਤ ਨੂੰ 2022 ਵਿੱਚ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਦੇ ਫੈਸਲੇ ਤਹਿਤ ਪੌਣਾ ਸਾਲ ਸਜ਼ਾ ਭੁਗਤਣੀ ਪਈ। ਉਨ੍ਹਾਂ ਦੀ ਜੇਲ੍ਹ ਯਾਤਰਾ ਦੀਆਂ ਵੀ ਕਈ ਦਿਲਚਸਪ ਕਹਾਣੀਆਂ ਹਨ। ਖ਼ਬਰਾਂ ਇਹ ਆਈਆਂ ਕਿ ਜੇਲ੍ਹ ’ਚ ਉਹ ਆਪਣੇ ਕਰੀਬੀ ਸਾਥੀਆਂ ਨੂੰ ਵੀ ਨਹੀਂ ਮਿਲਦਾ ਸੀ। ਰਿਹਾਅ ਹੋਣ ਤੋਂ ਬਾਅਦ ਵੀ ਉਸ ਨੇ ਪਰਗਟ ਸਿੰਘ, ਬੰਨੀ ਸੰਧੂ ਵਰਗੇ ਆਪਣੇ ਪੁਰਾਣੇ ਤੇ ਕਰੀਬੀ ਸਾਥੀਆਂ ਤੋਂ ਵੀ ਕਿਨਾਰਾ ਕਰ ਲਿਆ। ਨਵਜੋਤ ਦੇ ਪਿਤਾ ਭਗਵੰਤ ਸਿੰਘ ਸਿੱਧੂ ਉਚ ਕੋਟੀ ਦੇ ਵਕੀਲ, ਪੰਜਾਬ ਦੇ ਐਡਵੋਕੇਟ ਜਨਰਲ, ਪੰਜਾਬ ਵਿਧਾਨ ਪ੍ਰੀਸ਼ਦ ਦੇ ਮੈਂਬਰ, ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਕ੍ਰਿਕਟ ਐਸੋਸੀਏਸ਼ਨ ਨਾਲ ਜੁਡ਼ੇ ਰਹੇ ਸਨ। ਪਿਤਾ ਦੇ ਸੁਫਨੇ ਨੂੰ ਪੂਰਾ ਕਰਨ ਲਈ ਨਵਜੋਤ ਸਿੰਘ ਸਿੱਧੂ ਭਾਰਤੀ ਕ੍ਰਿਕਟ ਟੀਮ ਵੱਲੋਂ ਖੇਡਿਆ ਸੀ। ਖੇਡ ਦੌਰਾਨ ਆਪਣੇ ਹਮਲਾਵਰ ਸੁਭਾਅ ਕਾਰਨ ਕਈ ਵਾਰ ਉਹ ਸੁਰਖੀਆ ਵਿੱਚ ਰਿਹਾ। 1996 ਵਿੱਚ ਉਸ ਵੇਲੇ ਦੇ ਭਾਰਤੀ ਕ੍ਰਿਕਟ ਕਪਤਾਨ ਮੁਹੰਮਦ ਅਜ਼ਹਰੂਦੀਨ ਨਾਲ ਕਿਸੇ ਗੱਲੋਂ ਕਹਾ ਸੁਣੀ ਹੋਣ ਕਾਰਨ ਇੰਗਲੈਂਡ ਦਾ ਦੌਰਾ ਵਿਚਾਲੇ ਛੱਡ ਕੇ ਭਾਰਤ ਪਰਤ ਆਇਆ ਸੀ।
ਮਨੋਰੰਜਨ ਜਗਤ ਦੀ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਨੇ ਕਮੇਡੀ ਸਰਕਸ ਸ਼ੋਅ ਰਾਹੀਂ ਆਪਣਾ ਨਾਮ ਆਪਣੀ ਛਾਪ ਛੱਡੀ। ਦੇਸ਼ ਦੇ ਨਾਮੀ ਕਮੇਡੀਅਨ ਕਪਿਲ ਸ਼ਰਮਾ ਦੇ ਪਾਪੂਲਰ ਸ਼ੋਅ ਦਾ ਸ਼ਿੰਗਾਰ ਬਣੇ। ਇਸ ਦਾ ਇੱਕ ਕਿੱਸਾ ਇਹ ਹੈ ਕਿ ਇੱਕ ਦਿਨ ਕਪਿਲ ਦੇ ਪ੍ਰੋਗਰਾਮ ’ਚ ਪ੍ਰਸਿੱਧ ਲੇਖਕ ਸਲੀਮ ਖ਼ਾਨ ਤੇ ਉਸ ਦੇ ਤਿੰਨੋ ਪੁੱਤਰ ਸਲਮਾਨ ਖ਼ਾਨ, ਅਰਬਾਜ਼ ਖ਼ਾਨ ਅਤੇ ਸੁਹੇਲ ਖਾਨ ਮਹਿਮਾਨ ਬਣ ਕੇ ਆਏ ਤਾਂ ਉਥੇ ਸਲੀਮ ਖ਼ਾਨ ਨੂੰ ਇੱਕ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਹਾਡੀ ਨਜ਼ਰ ’ਚ ਇੱਕ ਬਿਹਤਰੀਨ ਮਨੁੱਖ ਦੀ ਮਿਸਾਲ ਕੀ ਹੈ। ਇਸ ਦੇ ਜਵਾਬ ’ਚ ਸਲੀਮ ਖ਼ਾਨ ਨੇ ਕਿਹਾ ਕਿ ‘ਜਿਸ ਬੰਦੇ ਦੀ ਸੰਗਤ ’ਚ ਸਭ ਤੋਂ ਪੁਰਾਣੇ ਦੋਸਤ ਹੋਣ ਤੇ ਘਰ ’ਚ ਸਭ ਤੋਂ ਪੁਰਾਣਾ ਨੌਕਰ ਹੋਵੇ ਤਾਂ ਬਿਨਾਂ ਸ਼ੱਕ ਉਸ ਨੂੰ ਇੱਕ ਸ਼ਾਨਦਾਰ ਤੇ ਵਧੀਆ ਇਨਸਾਨ ਗਿਣਿਆ ਜਾ ਸਕਦਾ ਹੈ।’ ਸਲੀਮ ਖ਼ਾਨ ਦਾ ਇਹ ਪੈਮਾਨਾ ਵਰਤ ਕੇ ਤੁਸੀਂ ਸਿੱਧੂ ਵਰਗੇ ਵੱਡੇ ਬੰਦਿਆਂ ਬਾਰੇ ਆਪ ਨਤੀਜਾ ਕੱਢ ਸਕਦੇ ਹੋ।
Devinder Pal
ਵੀਡੀਓ ਅਾਵਾਜ਼-ਅਵਤਾਰ ਸਿੰਘ ਢਿੱਲੋਂ