
NEET SCAM ਪੰਜਾਬ ’ਚ ਹੋਏ ਨੌਕਰੀ ਘੁਟਾਲੇ ਦੀਆਂ ਤੰਦਾਂ ਨੀਟ ਪੇਪਰ ਲੀਕ ਘੁਟਾਲੇ ਨਾਲ ਕਿਵੇਂ ਜੁੜੀਆਂ
BADAL ਬਾਦਲਾਂ ਦੇ ਰਾਜ ’ਚ ਹੋਇਆ ਸੀ ਵੱਡਾ ਨੌਕਰੀ ਘੁਟਾਲਾ
ਵਿਜੀਲੈਂਸ ਦੀ ਤਫਤੀਸ਼ ਦੌਰਾਨ ਸਾਹਮਣੇ ਲਿਆਂਦੇ ਤੱਥਾਂ ਨੂੰ ਕਿਉਂ ਕੀਤਾ ਨਜ਼ਰਅੰਦਾਜ਼
ਦੋਸਤੋ ਕੌਮੀ ਪੱਧਰ ’ਤੇ ਇਨ੍ਹਾਂ ਦਿਨਾਂ ਦੌਰਾਨ ਮੈਡੀਕਲ ਕਾਲਜਾਂ ’ਚ ਦਾਖਲੇ ਖਾਤਰ ਲਈ ਜਾਂਦੀ ਪ੍ਰੀਖਿਆ ਨੀਟ ਅਤੇ ਕਾਲਜਾਂ ਯੂਨੀਵਰਸਿਟੀਆਂ ’ਚ ਅਧਿਆਪਕ ਦੇ ਯੋਗ ਬਨਾਉਣ ਵਾਲੀ ਪ੍ਰੀਖਿਆ ਨੈਟ ਦੇ ਪੇਪਰ ਲੀਕ ਹੋਣ ਦਾ ਪੂਰਾ ਰੌਲਾ ਪਿਆ ਹੋਇਆ ਹੈ। ਦੇਸ਼ ’ਚ ਹੁਣ ਸੰਪੰਨ ਹੋਈਆਂ ਸੰਸਦੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਹਾਲੇ ਲਗਾਤਾਰ ਤੀਜੀ ਵਾਰੀ ਸੱਤਾ ’ਚ ਆਉਣ ਦੇ ਜਸ਼ਨ ਮਨਾ ਹੀ ਰਹੀ ਸੀ ਕਿ ਨੀਟ ਅਤੇ ਨੈਟ ਦੀ ਪ੍ਰੀਖਿਆ ਦੇ ਪੇਪਲ ਲੀਕ ਹੋਣ ਦੀ ਹੋਰ ਰਹੀ ਬਦਨਾਮੀ ਨੇ ਕੇਂਦਰ ਸਰਕਾਰ ਦੇ ਜਸ਼ਨਾਂ ਨੂੰ ਵੀ ਫਿੱਕਾ ਪਾ ਦਿੱਤਾ ਹੈ। ਦੋਸਤੋ ਇਸ ਮਾਮਲੇ ’ਤੇ ਅੱਜ ਦੇ ਮੌਕੇ ਗੱਲ ਕਰਨੀ ਇਸ ਕਰਕੇ ਲਾਜ਼ਮੀ ਬਣ ਜਾਂਦੀ ਹੈ ਕਿ ਨੀਟ ਅਤੇ ਨੈਟ ਪੇਪਰ ਘੁਟਾਲੇ ਦੀਆਂ ਤੰਦਾਂ ਕਿਵੇਂ ਨਾ ਕਿਵੇਂ ਪੰਜਾਬ ਨਾਲ ਵੀ ਜੁੜੀਆਂ ਹੋਈਆਂ ਹਨ। ਤੁਸੀਂ ਇਸ ਸਟੋਰੀ ਨਾਲ ਸਬੰਧਤ ਵੀਡੀਓ ਨੂੰ ਦੇਖ ਸਕਦੇ ਹੋ ਤਾਂ ਸਾਰੇ ਤੱਥ ਸਾਹਮਣੇ ਆ ਜਾਣਗੇ ਕਿ ਪੈਸੇ ਦੇ ਜ਼ੋਰ ਨਾਲ ਪੰਜਾਬ ’ਚ ਉਤਰ ਪ੍ਰਦੇਸ਼, ਦਿੱਲੀ ਅਤੇ ਬਿਹਾਰ ਨਾਲ ਸਬੰਧਤ ਗਿਰੋਹ ਕਿਵੇਂ ਪੰਜਾਬ ’ਚ ਸਰਗਰਮ ਰਹੇ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਾਦਲਾਂ ਦੀ ਹਕੂਮਤ ਦੇ ਸਮੇਂ ਸਾਲ 2015 ਅਤੇ 2016 ਵਿੱਚ ਵਾਪਰੇ ਨੌਕਰੀ ਘੁਟਾਲੇ ਦੀ। ਇਸ ਦੇ ਵਿਸਥਾਰ ’ਚ ਵੀ ਜਾਵਾਂਗੇ ਪਹਿਲਾਂ ਨੀਟ ਅਤੇ ਨੈਟ ਨਾਲ ਜੁੜਦੀਆਂ ਤੰਦਾਂ ਦੀ ਗੱਲ ਕਰ ਲਈਏ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਨੌਕਰੀ ਘੁਟਾਲੇ ਦੀ ਜਾਂਚ ਕਰਦਿਆਂ ਨੌਕਰੀਆਂ ਦੇ ਯੋਗ ਬਨਾਉਣ ਵਾਲੇ ਘਪਲੇਬਾਜਾਂ ਅਤੇ ਪੈਸੇ ਦੇਣ ਵਾਲਿਆਂ ਸਮੇਤ 140 ਦੇ ਕਰੀਬ ਵਿਅਕਤੀਆਂ ਨੂੰ ਵੱਖ- ਵੱਖ 4 ਐਫ.ਆਈ.ਆਰਜ਼ ’ਚ ਨਾਮਜ਼ਦ ਕੀਤਾ ਗਿਆ ਸੀ। ਸਾਡੀਆਂ ਤਫਤੀਸ਼ੀ ਏਜੰਸੀਆਂ ਅਤੇ ਸਰਕਾਰਾਂ ਵੱਲੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਝ ਗ੍ਰਿਫਤਾਰੀਆਂ ਹੋਣ ਅਤੇ ਮੀਡੀਆ ’ਚ ਮਾਮਲਾ ਠੰਡਾ ਹੋਣ ਤੋਂ ਬਾਅਦ ਪਾਸਾ ਵੱਟ ਲਿਆ ਜਾਂਦਾ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਉਨ੍ਹਾਂ ਅਫ਼ਸਰਾਂ ਜੋ ਇਸ ਮਾਮਲੇ ਦੀ ਤਫ਼ਤੀਸ਼ ਨਾਲ ਜੁੜੇ ਰਹੇ ਹਨ ਦਾ ਦੱਸਣਾ ਹੈ ਕਿ ਪੰਜਾਬ ’ਚ ਨੌਕਰੀਆਂ ਦਿਵਾਉਣ ਲਈ ਵੱਡੇ ਜੁਗਾੜ ਕਰੀ ਬੈਠਾ ਇਹ ਗਿਰੋਹ ਯੂਪੀਐਸਸੀ ਤੱਕ ਦੀਆਂ ਪ੍ਰੀਖਿਆਵਾਂ ’ਚ ਘੁਸਪੈਠ ਕਰੀ ਬੈਠੇ ਸਨ।
ਪੰਜਾਬ ’ਚ ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੇ ਜਦੋਂ ਨੌਕਰੀਆਂ ਦੇ ਮਾਮਲੇ ਵਿੱਚ ਇਮਾਨਦਾਰੀ, ਭਰੋਸੇਯੋਗਤਾ ਅਤੇ ਵੱਕਾਰ ਬਹਾਲ ਕਰਨ ਦੇ ਯਤਨ ਕਰਦਿਆਂ ਸਰਕਾਰੀ ਵਿਭਾਗਾਂ ’ਚ ਭਰਤੀ ਦਾ ਜ਼ਿੰਮਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਸੌਂਪ ਦਿੱਤਾ ਤਾਂ ਉਤਰ ਪ੍ਰਦੇਸ਼ ਦੇ ਇੱਕ ਗਿਰੋਹ ਜਿਸ ਦੀ ਅਗਵਾਈ ਸੰਜੈ ਕੁਮਾਰ ਸ੍ਰੀਵਾਸਤਵ ਉਰਫ਼ ਗੁਰੂ ਹੀ ਉਰਫ਼ ਮਾਸਟਰ ਜੀ ਉਰਫ਼ ਮਿਥਲੇਸ਼ ਪਾਂਡੇ ਪੁੱਤਰ ਮੁੰਨੀ ਲਾਲ ਵਾਸੀ ਇੰਦਰਾ ਨਗਰ ਸੈਕਟਰ 20 ਲਖਨਉ ਕਰਦਾ ਸੀ ਜਿਸ ਨੇ ਸਰਕਾਰੀ ਵਿਭਾਗਾਂ ’ਚ ਨੌਕਰੀਆਂ ਦੇ ਚਾਹਵਾਨਾਂ ਦੀ ਇੱਛਾ ਪੂਰਤੀ ਲਈ ਨਵੇਂ ਰਾਹ ਈਜ਼ਾਦ ਕੀਤੇ। ਸਾਲ 2015 ਤੋਂ ਭਰਤੀ ਘੁਟਾਲੇ ਦੀ ਅਗਵਾਈ ਕਰਦੇ ਆ ਰਹੇ ਇਸ ਸਖਸ਼ ਨੂੰ ਪੰਜਾਬ ਵਿਜੀਲੈਂਸ ਬਿਉਰੋ ਨੇ 16 ਮਈ 2017 ਨੂੰ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਉ ਤੋਂ ਕਾਬੂ ਕੀਤਾ ਸੀ। ਇਸ ਮਾਮਲੇ ਦਾ ਸਭ ਤੋਂ ਮਹੱਤਵਪੂਰਨ ਤੱਥ ਇਹ ਵੀ ਹੈ ਕਿ ਪੰਜਾਬ ਦੇ ਵਿਭਾਗਾਂ ਵਿੱਚ ਸਰਕਾਰੀ ਨੌਕਰੀਆਂ ਦੀ ਨਿਲਾਮੀ ਕਰਨ ਵਾਲਾ ਇਹ ਗਿਰੋਹ ਉਤਰੀ ਭਾਰਤ ਦੇ ਹੋਰਨਾਂ ਕਈ ਸੂਬਿਆਂ ਇੱਥੋਂ ਤੱਕ ਕਿ ਕੌਮੀ ਪੱਧਰ ਦੇ ਇਮਿਤਹਾਨ ਪਾਸ ਕਰਾਉਣ ਲਈ ਵੀ ਵੱਡਿਆਂ ਘਰਾਂ ਦੇ ਕਈ ਨਲਾਇਕ ਬੱਚਿਆਂ ਨੂੰ ਪੈਸੇ ਦੇ ਦਮ ’ਤੇ ਸਰਕਾਰੀ ਦਫ਼ਤਰਾਂ ਦੀਆਂ ਪੌੜੀਆਂ ਚਾੜ੍ਹਨ ’ਚ ਕਾਮਯਾਬੀ ਹਾਸਲ ਕਰਨ ਦੇ ਤੱਥ ਸਾਹਮਣੇ ਆਏ ਸਨ। ਗੱਲ ਪੰਜਾਬ ਦੀ ਕਰੀਏ ਤਾਂ ਸਾਲ 2016 ਦੀ ਹੈ ਇਕ ਦਿਨ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਾਣਕਾਰ ਇੱਕ ਵਿਅਕਤੀ ਜਦੋਂ ਬਾਦਲ ਦੇ ਸਨਮੁਖ ਹੋ ਕੇ ਬਿਆਨ ਕਰਦਾ ਹੈ ਕਿ ਮੇਰੇ ਇੱਕ ਕਰੀਬੀ ਰਿਸ਼ਤੇਦਾਰ ਨੇ ਪੰਜਾਬ ਸਰਕਾਰ ਦੇ ਕਈ ਵਿਭਾਗਾਂ ਵਿੱਚ ਨੌਕਰੀ ਹਾਸਲ ਕਰਨ ਲਈ ਪ੍ਰੀਖਿਆ ਦਿੱਤੀ ਸੀ ਪਰ ਉਹ ਕਾਮਯਾਬ ਨਹੀਂ ਹੋਇਆ। ਪੰਜਾਬ ਦੇ ਹੀ ਇੱਕ ਸਰਕਾਰੀ ਵਿਭਾਗ ਦਾ ਇਹ ਅਫ਼ਸਰ ਕਿਉਂਕਿ ਬਾਦਲ ਦਾ ਜਾਣਕਾਰ ਤੇ ਕਰੀਬੀ ਤਾਂ ਸੀ ਮੁੱਖ ਮੰਤਰੀ ਨੇ ਗੱਲ ਵੀ ਧਿਆਨ ਨਾਲ ਸੁਣੀ ਤੇ ਇਸ ਵਿਅਕਤੀ ਨੇ ਮੁੱਖ ਮੰਤਰੀ ਨਾਲ ਗੱਲਬਾਤ ਦੌਰਾਨ ਇਹ ਵੀ ਦਾਅਵਾ ਕੀਤਾ ਕਿ ਉਸ ਦਾ ਰਿਸ਼ਤੇਦਾਰ ਨਲਾਇਕ ਬੱਚਾ ਨਹੀਂ ਹੈ ਜਦੋਂ ਕਿ ਚਾਰ ਚੁਫੇਰੇ ਚਰਚਾ ਇਹ ਹੈ ਕਿ ਨਲਾਇਕ ਕਿਸਮ ਦੇ ਬੱਚੇ ਨੌਕਰੀਆਂ ਦੀ ਕੀਮਤ ਅਦਾ ਕਰਕੇ ਸਰਕਾਰੀ ਵਿਭਾਗਾਂ ’ਚ ਸੌਖਿਆਂ ਹੀ ਨੌਕਰੀਆਂ ਹਾਸਲ ਕਰ ਰਹੇ ਹਨ। ਇਹ ਗੱਲ ਸੁਣਦਿਆਂ ਹੀ ਬਾਦਲ ਦੇ ਕੰਨ ਖੜ੍ਹੇ ਹੋ ਗਏ ’ਤੇ ਮੁੱਖ ਮੰਤਰੀ ਨੇ ਤੁਰੰਤ ਹੀ ਉਸ ਵੇਲੇ ਦੇ ਵਿਜੀਲੈਂਸ ਦੇ ਮੁਖੀ ਸੁਰੇਸ਼ ਅਰੋੜਾ ਨੂੰ ਸੁਨੇਹਾ ਭੇਜਿਆ। ਅਰੋੜਾ ਨਾਲ ਮੀਟਿੰਗ ਕਰਕੇ ਮੁੱਖ ਮੰਤਰੀ ਨੇ ਇਸ ਮਾਮਲੇ ਦੀ ਤਹਿ ਤੱਕ ਜਾਣ ਦੀ ਹਦਾਇਤ ਕੀਤੀ। ਇੱਥੋਂ ਸ਼ੁਰੂ ਹੁੰਦੀ ਹੈ ਪੰਜਾਬ ’ਚ ਨੌਕਰੀਆਂ ਦੀ ਨੀਲਾਮੀ ਦੇ ਮਾਮਲੇ ਦੀ ਮੁਢਲੀ ਤਫ਼ਤੀਸ਼। ਪਰ ਇਸ ਦੇ ਨਾਲ ਹੀ ਇਹ ਵੀ ਦੱਸਣਾ ਬਣਦਾ ਹੈ ਕਿ ਸਰਕਾਰਾਂ ’ਚ ਇਹ ਇੱਕ ਅਜਿਹਾ ਦੌਰ ਸੀ ਜਦੋਂ ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐਸਸੀ) ’ਚ ਨੌਕਰੀਆਂ ਦੀ ਖੁੱਲ੍ਹੀ ਬੋਲੀ ਲੱਗਣ ਦੇ ਤੱਥ ਸਾਹਮਣੇ ਆਉਣ ਤੇ ਕਮਿਸ਼ਨ ਦੇ ਇੱਕ ਚੇਅਰਮੈਨ ਵੱਲੋਂ ਰਿਸ਼ਵਤਖੋਰੀ ਦੇ ਮਾਮਲੇ ’ਚ ਸਲਾਖਾਂ ਪਿੱਛੇ ਜਾਣ ਤੇ ਉਸ ਦੇ ਬੈਂਕ ਲਾਕਰਾਂ ’ਚੋਂ ਕਰੋੜਾਂ ਰੁਪਏ ਬੇਪਰਦ ਹੋਣ ਤੋਂ ਬਾਅਦ ਪੰਜਾਬ ਦੇ ਵੱਡੇ ਸਿਆਸਤਦਾਨ ਨੌਕਰੀਆਂ ਦਿਵਾਉਣ ਲਈ ਵੱਢੀ ਖਾਣ ਨੂੰ ਕੋਲਿਆਂ ਦੀ ਦਲਾਲੀ ਵਾਲਾ ਕੰਮ ਮੰਨਣ ਲੱਗ ਗਏ ਸੀ। ਹਾਲਾਂ ਕਿ ਸੁਣਦੇ ਸਾਂ ਕਿ ਛੋਟੇ ਮੋਟੇ ਸਿਆਸਤਦਾਨ ਇਸ ਮਾਮਲੇ ਵਿੱਚ ਦਾਅ ਲਾਉਣ ਤੋਂ ਗੁਰੇਜ਼ ਨਹੀਂ ਸੀ ਕਰਦੇ। ਮਿਸਾਲ ਦੇ ਤੌਰ ’ਤੇ ਲੰਬੀ, ਮਲੋਟ ਵਿਧਾਨ ਸਭਾ ਹਲਕਿਆਂ ਅਤੇ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਕੁੱਝ ਅਕਾਲੀਆਂ ਦੀ ਸ਼ਮੂਲੀਤ ਇਸ ਨੌਕਰੀ ਘੁਟਾਲੇ ’ਚ ਗੁੰਜਣ ਲੱਗ ਗਈ ਸੀ। ਹੁਣ ਗੱਲ ਕਰੀਏ ਯੂਪੀ ਦੇ ਗੁਰੂ ਵੱਲੋਂ ਪੰਜਾਬ ’ਚ ਪੈਸੇ ਦੇ ਦਮ ’ਤੇ ਨੌਕਰੀਆਂ ਦਿਵਾਉਣ ਦੇ ਮਾਮਲੇ ਨਾਲ ਜੁੜੀ ਤਫ਼ਤੀਸ਼ ਤੇ ਪਹਿਲੂਆਂ ਦੀ। ਵਿਜੀਲੈਂਸ ਦੀ ਉਸ ਵੇਲੇ ਦੀ ਡਾਇਰੈਕਟਰ ਵੀ. ਨੀਰਜਾ ਨੇ ਤਫਤੀਸ਼ ਦੀ ਨਿਗਰਾਨੀ ਕੀਤੀ ਜਦੋਂ ਕਿ ਸੇਵਾ ਮੁਕਤ ਡੀ.ਆਈ.ਜੀ. ਸੁਰਜੀਤ ਸਿੰਘ ਜੋ ਕਿ ਉਸ ਸਮੇਂ ਵਿਜੀਲੈਂਸ ’ਚ ਏਆਈਜੀ ਸਨ ਨੇ ਖੁਦ ਤਫ਼ਤੀਸ਼ ਕੀਤੀ। ਸੁਰੇਸ਼ ਅਰੋੜਾ ਨਾਲ ਕੰਮ ਕਰਨ ਵਾਲੇ ਉਸ ਵੇਲੇ ਦੇ ਪੁਲੀਸ ਅਫ਼ਸਰਾਂ ਦਾ ਦੱਸਣਾ ਹੈ ਕਿ ਮੁਢਲੇ ਤੌਰ ’ਤੇ ਜਦੋਂ ਨੌਕਰੀਆਂ ਵਿਕਣ ਦੇ ਮਾਮਲੇ ਦੀ ਤਫ਼ਤੀਸ਼ ਕੀਤੀ ਤਾਂ ਬੜੇ ਹੀ ਹੈਰਾਨੀਜਨਕ ਤੱਥ ਸਾਹਮਣੇ ਆਏ। ਸਭ ਤੋਂ ਪਹਿਲਾਂ ਉਨ੍ਹਾਂ ਦਿਨਾਂ ਦੌਰਾਨ ਸਰਕਾਰੀ ਵਿਭਾਗਾਂ ’ਚ ਹੋਈ ਭਰਤੀ ਦੇ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਗਈ। ਪੰਜਾਬ ਵਿਜੀਲੈਂਸ ਬਿਉਰੋ ਵੱਲੋਂ ਇਸ ਸੂਚੀ ਵਿੱਚਲੇ ਉਮੀਦਵਾਰਾਂ ਦੇ ਮੋਬਾਈਲ ਫੋਨ ਨੰਬਰਾਂ ਨੂੰ ਘੋਖਿਆ ਗਿਆ ਮੋਬਾਈਲ ਫੋਨਾਂ ਦੀ ਲੋਕੇਸ਼ਨ ਹਾਸਲ ਕੀਤੀ ਗਈ। ਪਹਿਲੀ ਸੱਟੇ ਹੀ ਅੱਖਾਂ ਖੋਲ੍ਹਣ ਵਾਲੇ ਤੱਥ ਇਹ ਸਾਹਮਣੇ ਆਉਣ ਲੱਗੇ। ਜਿਵੇਂ ਪੰਜਾਬ ਦੇ ਕੁੱਝ ਨੌਜਵਾਨ ਜੋ ਨੌਕਰੀਆਂ ਹਾਸਲ ਕਰਨ ਵਿੱਚ ਕਾਮਯਾਬੀ ਹਾਸਲ ਕਰ ਚੁੱਕੇ ਸਨ, ਨੌਕਰੀ ਹਾਸਲ ਕਰਨ ਲਈ ਦਿੱਤੀ ਜਾਣ ਵਾਲੀ ਲਿਖਤੀ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਪੰਜਾਬ ਤੋਂ ਬਾਹਰ ਇੱਕੋ ਥਾਂ ’ਤੇ ਇਕੱਠੇ ਹੋਏ। ਜਾਂਚ ਨੂੰ ਅੱਗੇ ਵਧਾਉਂਦਿਆਂ ਦੇਖਿਆ ਗਿਆ ਕਿ ਪੰਜਾਬ ਦੇ ਇਹ ਨੌਜਵਾਨ ਪੇਪਰ ਤੋਂ ਇੱਕ ਦਿਨ ਪਹਿਲਾਂ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਉ ਗਏ ਸਨ। ਵਿਜੀਲੈਂਸ ਨੇ ਸੋਰਸ ਰਿਪੋਰਟ ਤਿਆ ਰਕਰਨ ਤੋਂ ਬਾਅਦ ਦੋ ਉਮੀਦਵਾਰਾਂ ਸੰਦੀਪ ਸਿੰਘ ਅਤੇ ਖੁਸ਼ਵੰਤ ਸਿੰਘ ਵਿਰੁਧ ਪਹਿਲਾ ਮਾਮਲਾ ਦਰਜ਼ ਕੀਤਾ ਗਿਆ। ਵਿਜੀਲੈਂਸ ਦੀ ਮੁਢਲੀ ਤਫ਼ਤੀਸ਼ ਅਤੇ ਉਮੀਦਵਾਰਾਂ ਨੂੰ ਕਾਬੂ ਕਰਕੇ ਕੀਤੀ ਪੁੱਛਗਿੱਛ ਦੌਰਾਨ ਵਿਜੀਲੈਂਸ ਦੀ ਤਫ਼ਤੀਸ਼ ਮੁਤਾਬਕ ਲਖਨਉ ਵਿੱਚ ਗੁਰੂ ਦੀ ਅਗਵਾਈ ਹੇਠ ਚੱਲ ਰਹੇ ਗਿਰੋਹ ਵੱਲੋਂ ਇਮਿਤਹਾਨ ਤੋਂ ਪਹਿਲਾਂ ਹੀ ਪੇਪਰ ਹਾਸਲ ਕਰਕੇ ਇਮਿਤਹਾਨ ਦੀ ਤਿਆਰੀ ਕਰਾਈ ਜਾਂਦੀ ਹੈ ਤੇ ਤਿਆਰੀ ਲਈ ਪ੍ਰਤੀ ਉਮੀਦਵਾਰ 10 ਲੱਖ ਤੋਂ ਲੈ ਕੇ ਨੌਕਰੀ ਦੇ ਹਿਸਾਬ ਨਾਲ 30 ਲੱਖ ਰੁਪਏ ਤੱਕ ਹਾਸਲ ਕੀਤੇ ਜਾਂਦੇ ਹਨ, ਪੰਜਾਬ ’ਚ ਸਰਕਾਰੀ ਨੌਕਰੀਆਂ ਦੇ ਚਾਹਵਾਨਾਂ ਵੱਲੋਂ ਇਹ ਚੜ੍ਹਾਵਾ ਚਾਈਂ ਚਾਈਂ ਚੜ੍ਹਾਇਆ ਜਾਂਦਾ ਸੀ ਭਾਵੇਂ ਬਾਅਦ ਵਿੱਚ ਪੁਲੀਸ ਦੇ ਸਿਕੰਜੇ ’ਚ ਹੀ ਆ ਗਏ। ਇੱਥੋਂ ਸ਼ੁਰੂਆਤ ਹੁੰਦੀ ਹੈ ਇਸ ਸਾਰੇ ਸਕੈਂਡਲ ਦੀ। ਵਿਜੀਲੈਂਸ ਦੇ ਸਾਹਮਣੇ ਤੱਥ ਆਉਂਦੇ ਹਨ ਕਿ ਲਖਨਉ ’ਚ ਬੈਠੇ ਇੱਕ ‘ਗੁਰੂ ਜੀ’ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਅਧੀਨ ਪੈਂਦੀਆਂ ਮਿਉਂਸਿਪਲ ਕਮੇਟੀਆਂ, ਪਨਸਪ, ਪੂਡਾ ਅਤੇ ਹੋਰਨਾਂ ਵਿਭਾਗਾਂ ਵਿੱਚ ਨੌਕਰੀਆਂ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਦਾ ਪ੍ਰਸ਼ਨ ਪੇਪਰ ਲੀਕ ਕਰਾਕੇ ਇੱਕ ਦਿਨ ਵਿੱਚ ਹੀ ਦਰਜ਼ਨਾਂ ਮੁੰਡਿਆਂ ਕੁੜੀਆਂ ਨੂੰ ਨੌਕਰੀਆਂ ਦੇ ਕਾਬਲ ਬਣਾ ਦਿੱਤਾ। ਤਫ਼ਤੀਸ਼ ਦੌਰਾਨ ਅਜਿਹੇ ਤੱਥ ਵੀ ਸਾਹਮਣੇ ਆਏ ਕਿ ਗੁਰੂ ਅਤੇ ਉਸ ਦੇ ਚੇਲਿਆਂ ਦੇ ਇਸ ਗਿਰੋਹ ਦਾ ਜਾਲ੍ਹ ਇੱਕ ਤਰ੍ਹਾਂ ਨਾਲ ਪੂਰੇ ਮੁਲਕ ’ਚ ਵਿਛਿਆ ਹੋਇਆ ਸੀ ਤੇ ਵਿਜੀਲੈਂਸ ਨੇ ਮੁੰਬਈ ਤੋਂ ਵੀ ਗਿਰੋਹ ਦੇ ਸਰਗਰਮ ਮੈਂਬਰਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਸੀ। ਇਸ ਦੇ ਨਾਲ ਸਭ ਤੋਂ ਵੱਡਾ ਮਾਮਲੇ ਇਹ ਸਾਹਮਣੇ ਆਉਂਦਾ ਹੈ ਕਿ ਸਰਕਾਰੀ ਵਿਭਾਗਾਂ ਵਿੱਚ ਸੀਮਤ ਨੌਕਰੀਆਂ ਲਈ ਇਸ਼ਤਿਹਾਰ ਦਿੱਤਾ ਜਾਂਦਾ ਹੈ। ਆਮ ਤੇ ਗਰੀਬ ਘਰਾਂ ਦੇ ਮੁੰਡੇ ਕੁੜੀਆਂ ਮਹੀਨਿਆਂ ਨਹੀਂ ਸਗੋਂ ਕਈ ਤਾਂ ਸਾਲਾਂ ਵੱਧੀ ਇਮਿਤਹਾਨ ਦੀ ਤਿਆਰੀ ’ਚ ਰੁੱਝੇ ਰਹਿੰਦੇ ਹਨ ਪਰ ਕਈ ਪੈਸੇ ਦੇ ਜ਼ੋਰ ਨਾਲ ਗਰੂ ਜੀ ਦੇ ਲੜ ਲੱਗ ਕੇ ਰਾਤੋ ਰਾਤ ਨੌਕਰੀ ਹਾਸਲ ਕਰਨ ’ਚ ਕਾਮਯਾਬ ਹੋ ਜਾਂਦੇ ਹਨ ਉਹ ਵੀ ਸਿਰਫ ਪੈਸੇ ਦੇ ਜ਼ੋਰ ਨਾਲ। ਦੋਸਤੋ ਇਸ ਸਾਰੇ ਮਾਮਲੇ ਦਾ ਵਖਿਆਨ ਕਰਦਿਆਂ ਉਨ੍ਹਾਂ ਹੀ ਸਾਲਾਂ ਦੇ ਕੁੱਝ ਅਹਿਮ ਨੁਕਤੇ ਨੇ ਜੋ ਸਾਂਝੇ ਕਰਨੇ ਬਣਦੇ ਹਨ। ਮੌਕੇ ਦੀ ਸਰਕਾਰ ਨੇ ਭਰਤੀ ਵਾਲੇ ਅਦਾਰੇ ਜਿਵੇਂ ਕਿ ਐਸ.ਐਸ.ਐਸ. ਬੋਰਡ ਅਤੇ ਪੀਪੀਅਸਸੀ ਤੋਂ ਭਰਤੀ ਦਾ ਕੰਮ ਵਾਪਸ ਲੈ ਕੇ ਵਿਭਾਗਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਅਤੇ ਵਿਭਾਗਾਂ ਨੇ ਨੌਕਰੀਆਂ ਦੇਣ ਦੇ ਮਾਮਲੇ ਵਿੱਚ ਪਾਰਦਰਸ਼ਤਾ, ਇਮਾਨਦਾਰੀ ਅਤੇ ਭਰੋਸੇਯੋਗਤਾ ਲਿਆਉਣ ਲਈ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਕਿਉਂਕਿ ਰਾਜ ਸਰਕਾਰ ਨੂੰ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਸਭ ਤੋਂ ਭਰੋਸੇਯੋਗ ਅਦਾਰਾ ਲੱਗਾ। ਦੇਖਿਆ ਜਾਵੇ ਤਾਂ ਇਸ ਅਦਾਰੇ ਦੀ ਕਾਰਗੁਜ਼ਾਰੀ ’ਤੇ ਕਦੇ ਉਂਗਲ ਵੀ ਨਹੀ ਸੀ ਖੜ੍ਹੀ ਹੋਈ। ਪੰਜਾਬ ਯੂਨੀਵਰਿਸਟੀ ਨੂੰ ਪੰਜਾਬ ਦੇ ਵਿਭਾਗਾਂ ਵਿੱਚ ਭਰਤੀ ਲਈ ਮੋਟੀ ਆਮਦਨ ਮਿਲਣੀ ਆਰੰਭ ਹੋ ਗਈ ਇਸ ਲਈ ਯੂਟੀਵਰਿਸਟੀ ਨੇ ਸਰਕਾਰੀ ਵਿਭਾਗਾਂ ’ਚ ਭਰਤੀ ਲਈ ਵੱਖਰਾ ਵਿਭਾਗ ਹੀ ਖੜ੍ਹਾ ਦਿੱਤਾ ਕਿ ਕੋਈ ਵੀ ਆਓ ਤੇ ਪਾਰਦਰਸ਼ੀ ਭਰਤੀ ਪਾਓ ਪਰ ਯੂਨੀਵਰਿਸਟੀ ਦੇ ਪਰੇਸਤਿਆਂ ਨੂੰ ਵੀ ਇਲਮ ਨਾ ਹੋਇਆ ਕਿ ਇੱਕ ਵੱਡਾ ਗਿਰੋਹ ਪਾਰਦਰਸ਼ੀ ਭਰਤੀ ਨੂੰ ਲੀਰੋ ਲੀਰ ਕਰਨ ਦੀਆਂ ਵਿਉਂਤਾਂ ਨੂੰ ਨੇਪਰੇ ਚਾੜ੍ਹਦਾ ਹੋਇਆ ਇਸ ਪ੍ਰਕਿਰਿਆ ਵਿੱਚ ਪੂਰੀ ਤਰ੍ਹਾਂ ਘੁਸਪੈਠ ਕਰ ਚੁੱਕਾ ਹੈ। ਪੰਜਾਬ ਦੇ ਸਰਕਾਰੀ ਵਿਭਾਗਾਂ ਵਿੱਚ ਸਰਕਾਰ ਨੇ ਨੌਕਰੀਆਂ ਦੀ ਭਰਤੀ ਨੂੰ ਪਾਰਦਰਸ਼ੀ ਅਤੇ ਭਰੋਸੇਯੋਗ ਬਨਾਉਣ ਲਈ ਇੱਥੋਂ ਤੱਕ ਦਾ ਤਰੀਕਾ ਅਪਣਾ ਲਿਆ ਕਿ ਲਿਖਤੀ ਪ੍ਰੀਖਿਆ ਦੀ ਮੈਰਿਟ ਬਨਾਉਣ ਲੱਗ ਗਏ ਅਤੇ ਇੰਟਰਵਿਉ ਦਾ ਟਾਂਟਾ ਹੀ ਖ਼ਤਮ ਕਰ ਦਿੱਤਾ ਤਾਂ ਜੋ ਭਾਈ ਭਤੀਜਾਵਾਦ ਦੇ ਦੋਸ਼ ਨਾ ਲੱਗਣ ਅਤੇ ਕਿਸੇ ਨੂੰ ਵੀ ਭਰਤੀ ਪ੍ਰਭਾਵਿਤ ਕਰਨ ਦਾ ਮੌਕਾ ਨਾ ਮਿਲੇ। ਇਸੇ ਗੱਲ ਦਾ ਗੁਰੂ ਜੀ ਦੇ ਗਿਰੋਹ ਨੇ ਲਾਭ ਲਿਆ ਅਤੇ ਇਸ ਗਿਰੋਹ ਨੇ ਪ੍ਰਿਟਿੰਗ ਪ੍ਰੈਸਾਂ ਦੀ ਖੋਜ਼ ਕਰਕੇ ਸਰਕਾਰਾਂ ਵੱਲੋਂ ਨੌਕਰੀਆਂ ਖਾਤਰ ਲਈ ਜਾਣ ਵਾਲੀ ਲਿਖਤੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਪਹਿਲਾਂ ਹੀ ਹਾਸਲ ਕਰਨੇ ਸ਼ਰੂ ਕਰ ਦਿੱਤੇ। ਹਾਲਾਂ ਕਿ ਪੰਜਾਬ ਯੂਨੀਵਰਸਿਟੀ ਦਾਅਵਾ ਕਰਦੀ ਸੀ ਕਿ ਪ੍ਰਸ਼ਨ ਪੱਤਰ ਦਿੱਲੀ ਦੀ ਬੇਹੱਦ ਵੱਕਾਰੀ ਪ੍ਰਿਟਿੰਗ ਪ੍ਰੈਸ ਗੋਵਰਸਨ ਪ੍ਰਿਟਿੰਗ ਪ੍ਰੈਸ ਤੋਂ ਛਪਵਾਏ ਹਨ ਜਿੱਥੋਂ ਪੇਪਰ ਲੀਕ ਹੋਣ ਦੇ ਆਸਾਰ ਨਹੀਂ ਹਨ ਪਰ ਇਸ ਗਿਰੋਹ ਨੇ ਅਜਿਹਾ ਜਾਲ ਬੁਣਿਆ ਕਿ ਗੋਵਰਸਨ ਪ੍ਰੈਸ ਵਿੱਚ ਬੰਦੇ ਪੱਟ ਕੇ ਪ੍ਰਸ਼ਨ ਪੱਤਰ ਹਾਸਲ ਕਰਨੇ ਸ਼ੁਰੂ ਕਰ ਦਿੱਤੇ। ਪ੍ਰਿਟਿੰਗ ਪ੍ਰੈਸਾਂ ਤੋਂ ਹਾਸਲ ਕੀਤੇ ਜਾਂਦੇ ਪ੍ਰਸ਼ਨ ਪੱਤਰਾਂ ਰਾਹੀਂ ਨੌਕਰੀ ਵਾਲੀ ਪ੍ਰੀਖਿਆ ਦਾ ਤਿਆਰੀ ਲਈ ਪਹਿਲਾਂ ਤਾਂ ਲਖਨਉ ’ਚ ਇੱਕ ਫਰਜ਼ੀ ਪ੍ਰੀਖਿਆ ਕੇਂਦਰ ਸਥਾਪਤ ਕੀਤਾ ਗਿਆ ਜਿੱਥੇ ਤਿਆਰੀ ਕਰਾਈ ਜਾਂਦੀ ਸੀ ਉਹ ਵੀ ਇਮਤਿਹਾਨ ਤੋਂ ਮਹਿਜ਼ ਇੱਕ ਦਿਨ ਪਹਿਲਾਂ। ਚੰਡੀਗੜ੍ਹ ਅਤੇ ਦਿੱਲੀ ਤੋਂ ਜਹਾਜ ਭਰਕੇ ਪੈਸੇ ਵਾਲੇ ਉਮੀਦਵਾਰ ਪਹਿਲਾਂ ਲਖਨਉ ਜਾਂਦੇ ਜਿੱਥੇ ਰਾਤੋ ਰਾਤ ਨੌਕਰੀ ਦੇ ਕਾਬਲ ਬਣਾਇਆ ਜਾਂਦਾ ਸੀ, ਉਥੋਂ ਸਿੱਧੇ ਇਮਤਿਹਾਨ ’ਚ ਬੈਠ ਕੇ ਰਟਿਆ ਰਟਾਇਆ ਪੇਪਰ ਦੇ ਕੇ ਨੌਕਰੀ ਹਾਸਲ ਕਰਨ ਦੇ ਤੱਥ ਸਾਹਮਣੇ ਆਏ। ਇਸ ਗਿਰੋਹ ਦੇ ਹੌਸਲੇ ਏਨੇ ਜ਼ਿਆਦਾ ਵਧ ਗਏ ਸਨ ਕਿ ਇੱਕ ਸੁਰੇਸ਼ ਯਾਦਵ ਨਾਮੀ ਵਿਅਕਤੀ ਦੀ ਅਗਵਾਈ ਹੇਠ ਹਰਿਆਣਾ ਦੇ ਨਜ਼ਫਗੜ੍ਹ ਦੇ ਇੱਕ ਪ੍ਰਾਈਵੇਟ ਸਕੂਲ ਦੀ ਇਮਾਰਤ ਵਿੱਚ ਵੀ ਫਰਜ਼ੀ ਕੇਂਦਰ ਸਥਾਪਤ ਕਰਕੇ ਪੰਜਾਬ ਦੀਆਂ ਨੌਕਰੀਆਂ ਦੇ ਇਮਤਿਹਾਨਾਂ ਦੀ ਤਿਆਰੀ ਕਰਾਉਣੀ ਆਰੰਭ ਕਰ ਦਿੱਤੀ। ਨੌਕਰੀ ਘੁਟਾਲੇ ਦੇ ਇਸ ਮਾਮਲੇ ਦੇ ਬੜੇ ਹੀ ਰੌਚਕ ਕਿੱਸੇ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਹਾਂ। ਵਿਜੀਲੈਂਸ ਜਦੋਂ ਤਫਤੀਸ਼ ਕਰ ਰਹੀ ਸੀ ਤਾਂ ਨੌਕਰੀ ਘੁਟਾਲੇ ’ਚ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਮੁਸ਼ਤਕ ਅਹਿਮਦ ਨਾਮ ਦੇ ਇੱਕ ਸਖ਼ਸ਼ ਨੂੰ ਮੁੰਬਈ ਤੋਂ ਕਾਬੂ ਕੀਤਾ। ਇਹ ਬੰਦਾ ਇੱਕ ਸਰਕਾਰੀ ਬੀਮਾ ਕੰਪਨੀ ਵਿੱਚ ਨੌਕਰੀ ਕਰਦਾ ਸੀ। ਜਦੋਂ ਵਿਜੀਲੈਂਸ ਦੀ ਗ੍ਫਿਤ ਵਿੱਚ ਸੀ ਤਾਂ ਗ੍ਰਿਫਤਾਰੀ ਦਾ ਮੁਸ਼ਤਾਕ ਅਹਿਮਦ ਦੇ ਸਾਥੀਆਂ ਨੂੰ ਕੋਈ ਇਲਮ ਨਹੀਂ ਸੀ। ਤਫ਼ਤੀਸ਼ੀ ਅਫ਼ਸਰਾਂ ਨੇ ਜਿਵੇਂ ਹੀ ਅਹਿਮਦ ਦਾ ਮੋਬਾਈਲ ਫੋਨ ਆਨ ਕੀਤਾ ਤਾਂ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈ ਅਤੇ ਨਵੀਂ ਭਰਤੀ ’ਚ ਨੌਕਰੀਆਂ ਦੇ ਚਾਹਵਾਨ ਜਿੰਨ੍ਹਾਂ ਨਾਲ ਸੌਦਾ ਹੋਇਆ ਸੀ ਦੇ ਰੋਲ ਨੰਬਰ ਮੰਗਣ ਦੇ ਮੈਸੇਜ਼ ਆਉਣੇ ਆਰੰਭ ਹੋ ਗਏ। ਵਿਜੀਲੈਂਸ ਦੇ ਹੋਸ਼ ਉੱਡ ਗਏ ਕਿ ਪੰਜਾਬ ਦੇ ਸਿੰਜਾਈ ਵਿਭਾਗ ਵਿੱਚ ਐਸਡੀਓ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਗੁਰੂ ਜੀ ਦੇ ਗਿਰੋਹ ਵੱਲੋਂ ਸਭ ਤਿਆਰੀਆਂ ਮੁਕੰਮਲ ਕਰਕੇ ਦਿੱਲੀ ਵਿੱਚ ਫਰਜ਼ੀ ਪ੍ਰੀਖਿਆ ਕੇਂਦਰ ਵੀ ਸਥਾਪਤ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਅਹਿਮ ਗੱਲ ਇਹ ਵੀ ਦੱਸਣੀ ਬਣਦੀ ਹੈ ਕਿ ਪੰਜਾਬ ਦੇ ਸਿੰਜਾਈ ਵਿਭਾਗ ’ਚ ਤਾਇਨਾਮ ਇੱਕ ਆਈਏਐਸ ਅਧਿਕਾਰੀ ਨੇ ਦਾਅਵਾ ਕੀਤਾ ਸੀ ਕਿ ਸਿੰਜਾਈ ਵਿਭਾਗ ਦੇ ਐਸ.ਡੀ.ਓ. ਦੀ ਭਰਤੀ ਦਾ ਪ੍ਰਸ਼ਨ ਪੱਤਰ ਲੀਕ ਨਹੀਂ ਹੋ ਸਕਦਾ ਕਿਉਂਕਿ ਪਹਿਲੀ ਗੱਲ ਤਾਂ ਪ੍ਰੀਖਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਥਾਂ ਪਟਿਆਲਾ ਦੇ ਵੱਕਾਰੀ ਇੰਜੀਨੀਅਰ ਕਾਲਜ ਥਾਪਰ ਕਾਲਜ ਵੱਲੋਂ ਲਈ ਜਾਣੀ ਹੈ ਤੇ ਦੂਜੀ ਗੱਲ ਪ੍ਰਸ਼ਨ ਪੱਤਰ ਨਵੀਂ ਦਿੱਲੀ ਦੀ ਗੋਵਰਸਨ ਪ੍ਰੈਸ ਦਾ ਥਾਂ ਆਗਰਾ ਦੀ ਸਕਿਉਰਿਟੀ ਪ੍ਰਿੰਟਿਗ ਪ੍ਰੈਸ ਤੋਂ ਛਪਵਾਏ ਗਏ ਹਨ। ਦਾਅਵਾ ਤਾਂ ਇਹ ਕੀਤਾ ਗਿਆ ਕਿ ਸਭ ਚੋਰ ਮੋਰੀਆਂ ਬੰਦ ਕਰ ਦਿੱਤੀਆਂ ਗਈਆਂ ਨੇ। ਪਰ ਭੋਲੇ ਪੰਛੀਆਂ ਨੂੰ ਵੀ ਪਤਾ ਸੀ ਕਿ ਆਗਰੇ ਦੀ ਬੇਹੱਦ ਸੁਰੱਖਿਅਤ ਪ੍ਰੈਸ ਜਿਸ ਨੂੰ ਨਾਮ ਹੀ ਸਕਿਉਰਿਟੀ ਪ੍ਰੈਸ ਦਾ ਦਿੱਤਾ ਗਿਆ ਹੈ ਵਿੱਚ ਵੀ ਨੌਕਰੀਆਂ ਦੀ ਬੋਲੀ ਲਾ ਰਹੇ ਸ਼ਾਤਿਰ ਗੁਰੂ ਜੀ ਨੇ ਬੰਦੇ ਪੱਟ ਲਏ ਹਨ ਤੇ ਇਸ ਗਿਰੋਹ ਵੱਲੋਂ ਪ੍ਰਸ਼ਨ ਪੇਪਰ ਪਹਿਲਾਂ ਹੀ ਹਾਸਲ ਕੀਤਾ ਜਾ ਚੁੱਕਾ ਹੈ। ਵਿਜੀਲੈਂਸ ਨੇ ਇਸ ਮਾਮਲੇ ’ਚ ਰੰਗੇ ਹੱਥੀਂ ਭਾਵ ਚਲਦੀ ਪ੍ਰੀਖਿਆ ’ਚ ਛਾਪਾ ਮਾਰਨ ਦੀ ਯੋਜਨਾ ਬਣਾਈ ਅਤੇ ਕੁੱਝ ਨਕਲੀ ਰੋਲ ਨੰਬਰਾਂ ਦੀਆਂ ਪਰਚੀਆਂ ਤਿਆਰ ਕਰਕੇ ਸਾਦੇ ਕੱਪੜਿਆਂ ਵਿੱਚ ਪੁਲੀਸ ਮੁਲਾਜ਼ਮਾਂ ਨੂੰ ਫਰਜ਼ੀ ਪ੍ਰੀਖਿਅਆ ਕੇਂਦਰ ’ਚ ਬਿਠਾਉਣ ਦੀ ਤਿਆਰੀ ਕੀਤੀ ਗਈ। ਇਹ ਵਾਕਿਆ 16 ਅਕਤੂਬਰ 2016 ਦਾ ਹੈ ਜਦੋਂ ਵਿਜੀਲੈਂਸ ਨੇ ਦਰਜ਼ਨਾਂ ਵਿਅਕਤੀਆਂ ਨੂੰ ਰੰਗੇ ਹੱਥੀਂ ਦਬੋਚ ਲਿਆ ਸੀ। ਵਿਜੀਲੈਂਸ ਮੁਤਾਬਕ ਆਗਰਾ ਦਾ ਪ੍ਰੈਸ ਤੋਂ ਗੁੱਡੂ ਸਿੰਘ ਅਤੇ ਅਸ਼ੋਕ ਰਾਏ ਨੇ ਪੇਪਰ ਹਾਸਲ ਕਰਕੇ ਬਹਾਦਰ ਸਿੰਘ ਨੂੰ ਦਿੱਤਾ ਜਿਸ ਨੇ ਕਮਲੇਸ਼ ਕੁਮਾਰ ਸਿੰਘ ਨੂੰ ਵੇਚਿਆ, ਕਮਲੇਸ਼ ਕੁਮਾਰ ਨੇ ਇਹ ਪੇਪਰ ਰਾਮ ਕੁਮਾਰ ਨੂੰ ਵੇਚਿਆ ਜਿਸ ਨੇ ਬਾਕੀ ਸਾਥੀਆਂ ਨਾਲ ਮਿਲ ਕੇ ਦਿੱਲੀ ’ਚ ਪੰਜਾਬ ਦੇ ਉਮੀਦਵਾਰਾਂ ਨੂੰ ਇਮਤਿਹਾਨ ਦੀ ਤਿਆਰੀ ਦਾ ਬੀੜਾ ਚੁੱਕਿਆ। ਵਿਜੀਲੈਂਸ ਮੁਤਾਬਕ ਇਸ ਗਿਰੋਹ ਦਾ ਧੰਦਾ ਤਕਰੀਬਨ ਦੋ ਸਾਲ ਤੱਥ ਧੜੱਲੇ ਨਾਲ ਚੱਲਿਆ ਤੇ ਪੰਜਾਬ ਤੋਂ ਕਰੋੜਾਂ ਰੁਪਏ ਕਮਾਏ ਗਏ। ਪੰਜਾਬ ਵਿਜੀਲੈਂਸ ਵੱਲੋਂ ਇਸ ਮਾਮਲੇ ਵਿੱਚ 3 ਐਫ.ਆਈ.ਆਰਜ਼ ਦਰਜ਼ ਕੀਤੀਆਂ ਗਈਆਂ। ਸਾਲ 2016 ਵਿੱਚ ਦਰਜ਼ ਕੀਤੀ ਐਫ.ਆਈ.ਆਰ. ਨੰਬਰ 4 ਵਿੱਚ ਗਿਰੋਹ ਦੇ ਮੈਂਬਰਾਂ ਸਮੇਤ ਨੌਕਰੀਆਂ ਹਾਸਲ ਕਰਨ ਵਾਲੇ ਜਿਹੜੇ ਵਿਅਕਤੀਆਂ ਖਿਲਾਫ਼ ਦੋਸ਼ ਪੱਤਰ ਪੇਸ਼ ਕੀਤਾ ਗਿਆ ਉਨ੍ਹਾਂ ਦੀ ਗਿਣਤੀ 42 ਹੈ। ਇਸੇ ਤਰ੍ਹਾਂ 2016 ਵਿਚੱਚ ਹੀ ਦਰਜ਼ ਐਫ.ਆਈ.ਆਰ. ਨੰਬਰ 5 ’ਚ 52 ਵਿਅਕਤੀਆਂ ਦੇ ਖਿਲਾਫ਼ ਦੋਸ਼ ਪੱਤਰ ਜਾਰੀ ਕੀਤਾ ਗਿਆ, ਐਫ.ਆਈ.ਆਰ. ਨੰਬਰ 6 ’ਚ 16 ਅਤੇ ਐਫ.ਆਈ.ਆਰ. ਨੰਬਰ 15 ’ਚ 21 ਦੋਸ਼ੀਆਂ ਦੇ ਖਿਲਾਫ਼ ਦੋਸ਼ ਪੱਤਰ ਅਦਾਲਤ ’ਚ ਪੇਸ਼ ਕੀਤਾ।
ਪੰਜਾਬ ਵਿਜੀਲੈਂਸ ਬਿਉਰੋ ਦੀ ਤਫ਼ਤੀਸ਼ ’ਚ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਸਾਲ 2015 ਦੌਰਾਨ ਜੇਬੀਟੀ ਅਤੇ ਟੀਜੀਟੀ ਅਧਿਆਪਕਾਂ ਦੀ ਭਰਤੀ ਵਿੱਚ ਵੀ ਗੁਰੂ ਜੀ ਅਤੇ ਉਸ ਦੇ ਚੇਲਿਆਂ ਨੇ ਅਹਿਮ ਭੂਮਿਕਾ ਨਿਭਾਈ ਸੀ। ਚੰਡੀਗੜ੍ਹ ’ਚ ਨੌਕਰੀਆਂ ਹਾਸਲ ਕਰਨੇ ਦੇ ਚਾਹਵਾਨਾਂ ਨੂੰ ਵੀ ਲਖਨਉ ’ਚ ਪੇਪਰ ਦੀ ਤਿਆਰੀ ਕਰਾਈ ਗਈ ਤਾਂ ਜੋ ਪੈਸੇ ਦੇ ਦਮ ’ਤੇ ਨੌਕਰੀ ਹਾਸਲ ਕੀਤੀ ਜਾ ਸਕੇ। ਵਿਜੀਲੈਂਸ ਦੇ ਇੱਕ ਅਧਿਕਾਰੀ ਦਾ ਦੱਸਣਾ ਹੈ ਕਿ ਇਸ ਸਾਰੇ ਮਾਮਲੇ ਦੀ ਤਫਤੀਸ਼ ਦੌਰਾਨ ਯੂਪੀਐਸਸੀ ਵਰਗੀਆਂ ਸੰਸਥਾਵਾਂ ਵੱਲੋਂ ਲਈਆਂ ਜਾਂਦੀਆਂ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਤੱਥ ਵੀ ਸਾਹਮਣੇ ਆਉਣ ਲੱਗੇ ਸਨ ਪਰ ਇਹ ਮਾਮਲਾ ਪੰਜਾਬ ਵਿਜੀਲੈਂਸ ਦੇ ਅਧਿਕਾਰ ਖੇਤਰ ਤੋਂ ਬਾਹਰ ਸੀ ਤੇ ਇਸ ਮਾਮਲੇ ਦੀ ਤਫ਼ਤੀਸ਼ ਤਾਂ ਸੀਬੀਆਈ ਹੀ ਕਰ ਸਕਦੀ ਹੈ। ਇਸ ਲਈ ਇਸ ਮਾਮਲੇ ਦੀ ਜਾਣਕਾਰੀ ਸੀਨੀਅਰ ਅਧਿਕਾਰੀਆਂ ਨੂੰ ਭੇਜ ਦਿੱਤੀ ਸੀ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਵੀ ਸੂਬੇ ਦੇ ਸਰਕਾਰ ਜਾਂ ਕੇਂਦਰੀ ਏਜੰਸੀ ਨੇ ਇਸ ਮਾਮਲੇ ਦੀ ਘੋਖ ਕਰਨ ਲਈ ਤੈਅ ਤੱਕ ਜਾਣ ਦੇ ਯਤਨ ਨਹੀਂ ਕੀਤੇ। ਜੇਕਰ ਅੱਜ ਵੀ ਕੜੀਆਂ ਜੋੜੀਆਂ ਜਾਣ ਤਾਂ ਯੋਗ ਵਿਅਕਤੀ ਦੀ ਥਾਂ ਮੁੰਨਾ ਬਾਈ ਨੂੰ ਨੌਕਰੀਅ ਹਾਸਲ ਕਰਨ ਤੋਂ ਰੋਕ ਕੇ ਗਿਰੋਹਾਂ ਦੇ ਰਾਹ ਬੰਦ ਕੀਤੇ ਜਾ ਸਕਦੇ ਹਨ।
ਪੈਸੇ ਵੱਟੇ ਨੌਕਰੀਆਂ ਹਾਸਲ ਕਰਨ ਨਾਲ ਸਮਾਜ ਦੇ ਇੱਕ ਵੱਡੇ ਤਬਕੇ ’ਤੇ ਇਸ ਦੇ ਬੜੇ ਹੀ ਮਾਰੂ ਅਸਰ ਪੈਂਦੇ ਹਨ। ਸਰਕਾਰਾਂ ਵੱਲੋਂ ਜਦੋਂ ਵੀ ਨੌਕਰੀਆਂ ਲਈ ਇਸ਼ਤਿਹਾਰ ਦਿੱਤਾ ਜਾਂਦਾ ਹੈ ਤਾਂ ਨਾਲ ਹੀ 2 ਹਜ਼ਾਰ ਰੁਪਏ ਤੋਂ ਲੈ ਕੇ 8 ਹਜ਼ਾਰ ਰੁਪਏ ਤੱਕ ਰਾਸ਼ੀ ਵੀ ਜਮ੍ਹਾ ਕਰਾਈ ਜਾਂਦੀ ਹੈ ਤਾਂ ਜੋ ਲਿਖਤੀ ਪ੍ਰੀਖਿਆ ਅਤੇ ਹੋਰਨਾਂ ਖਰਚਿਆਂ ਦੀ ਭਰਪਾਈ ਉਮੀਦਵਾਰਾਂ ਤੋਂ ਕੀਤੀ ਜਾਵੇ। ਅਕਸਰ ਲੱਖਾਂ ਬੱਚਿਆਂ ਵੱਲੋਂ ਨੌਕਰੀਆਂ ਲਈ ਅਰਜ਼ੀਆਂ ਦਿੱਤੀਆਂ ਜਾਂਦੀਆਂ ਹਨ ਤੇ ਪ੍ਰੀਖਿਆ ਲੈਣ ਵਾਲੀਆਂ ਏਜੰਸੀਆਂ ਜਾਂ ਸਰਕਾਰਾਂ ਸਲਾਨਾ ਕਰੋੜਾਂ ਰੁਪਏ ਦੀ ਕਮਾਈ ਕਰ ਜਾਂਦੀਆਂ ਹਨ। ਸਰਕਾਰਾਂ ਨੌਕਰੀਆਂ ਦੀ ਭਰਤੀ ਰੱਦ ਕਰ ਦਿੰਦੀਆਂ ਹਨ ਪਰ ਲੋਕਾਂ ਨੂੰ ਪੈਸੇ ਵਾਪਸ ਨਹੀਂ ਮਿਲਕੇ। ਪੰਜਾਬ ’ਚ ਹੋਏ ਨੌਕਰੀ ਘੁਟਾਲੇ ਨੇ ਕਿੰਨੇ ਵੀ ਗਰੀਬ ਘਰਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਮਿੱਟੀ ’ਚ ਰੋਲਣ ਦਾ ਕੰਮ ਕੀਤਾ। ਕਿੰਨੇ ਹੀ ਵਿਅਕਤੀ ਓਵਰਏਜ਼ ਹੋ ਕੇ ਨੌਕਰੀਆਂ ਦੇ ਕਾਬਲ ਨਹੀਂ ਰਹਿੰਦੇ। ਅਖੀਰ ਗਰੀਬ ਘਰਾਂ ਦੇ ਮੁੰਡੇ ਪੜ੍ਹ ਲਿਖ ਕੇ ਵੱਡੀਆਂ ਡਿਗਰੀਆਂ ਹਾਸਲ ਕਰਕੇ ਵੀ ਮਿਹਨਤ ਮਜ਼ਦੂਰੀ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ।
#DevinderPal
Journalist