ਹਰੀਸ਼ ਜੈਨ
Punjab Farmers: ਪੰਜਾਬ ਕੋਲ ਕੁੱਲ 50.33 ਲੱਖ ਹੈਕਟੇਅਰ ਭੋਇੰ ਹੈ। ਵਾਹੁਣ ਯੋਗ 42.21 ਲੱਖ ਹੈਕਟੇਅਰ ਹੈ ਅਤੇ 41.24 ਲੱਖ ਹੈਕਟੇਅਰ ਵਿੱਚ ਵਾਹੀ ਹੁੰਦੀ ਹੈ। ਪੰਜਾਬ ਦੀ ਔਸਤ ਜ਼ਮੀਨ ਮਾਲਕੀ 3.62 ਹੈਕਟੇਅਰ ਹੈ, ਪਰ ਜ਼ਿਲ੍ਹਾ
ਪਟਿਆਲਾ ਇਸ ਵਿੱਚ ਮੀਰੀ ਹੈ ਜਿਸ ਦੀ ਔਸਤ ਮਾਲਕੀ 4.45 ਹੈਕਟੇਅਰ ਹੈ। ਪੰਜਾਬ ਦੀ 97.5 ਫ਼ੀਸਦੀ
ਵਾਹੁਣ ਯੋਗ ਜ਼ਮੀਨ ਕੋਲ ਸਿੰਚਾਈ ਦੇ ਪੱਕੇ ਸਾਧਨ ਹਨ। ਸਾਲ ਵਿੱਚ 94 ਫ਼ੀਸਦੀ ਜ਼ਮੀਨ ਤੋਂ ਇੱਕ ਤੋਂ ਵੱਧ
ਫ਼ਸਲ ਲਈ ਜਾਂਦੀ ਹੈ।
ਦੇਸ਼ ਪੱਧਰ ’ਤੇ ਦੇਖੀਏ ਤਾਂ ਕੁੱਲ 1571.42 ਲੱਖ ਹੈਕਟੇਅਰ ਖੇਤੀ ਯੋਗ ਜ਼ਮੀਨ ਹੈ ਜਿਸ ਦਾ ਪੰਜਾਬ ਕੋਲ
ਸਿਰਫ਼ 2.5 ਫ਼ੀਸਦੀ ਹਿੱਸਾ ਹੈ। ਦੇਸ਼ ਦੀ ਔਸਤ ਜ਼ਮੀਨ ਮਾਲਕੀ 1.08 ਹੈਕਟੇਅਰ ਹੈ ਜਿਹੜੀ ਪੰਜਾਬ ਤੋਂ
2.54 ਹੈਕਟੇਅਰ ਘੱਟ ਹੈ। ਜੇ ਜ਼ਿਲ੍ਹਾ ਪਟਿਆਲੇ ਨਾਲ ਮੁਕਾਬਲਾ ਕਰੀਏ ਤਾਂ ਇਸ ਦਾ ਚੌਥਾ ਹਿੱਸਾ ਹੈ।
ਰਾਜਸਥਾਨ ਕੋਲ ਦੇਸ਼ ਵਿੱਚ ਸਭ ਤੋਂ ਵੱਧ ਜ਼ਮੀਨ 208.73 ਲੱਖ ਹੈਕਟੇਅਰ ਹੈ ਜੋ ਕੁੱਲ ਦਾ 13.2 ਫ਼ੀਸਦੀ
ਬਣਦੀ ਹੈ।
ਕਿਸਾਨੀ ਦਾ ਵਰਗੀਕਰਨ ਜ਼ਮੀਨ ਦੇ ਆਕਾਰ ਮੁਤਾਬਿਕ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਦਰਜਾ ਸੀਮਾਂਤ
ਕਿਸਾਨ ਹਨ ਜਿਨ੍ਹਾਂ ਕੋਲ 1 ਹੈਕਟੇਅਰ ਤੋਂ ਘੱਟ ਜ਼ਮੀਨ ਹੈ। ਦੂਜੇ ਦਰਜੇ ’ਤੇ ਛੋਟੇ ਕਿਸਾਨ ਆਉਂਦੇ ਹਨ ਜਿਨ੍ਹਾਂ
ਕੋਲ 1-2 ਹੈਕਟੇਅਰ ਦੇ ਵਿਚਾਲੇ ਜ਼ਮੀਨ ਹੈ। ਤੀਜੇ ਦਰਜੇ ’ਤੇ ਨੀਮ-ਦਰਮਿਆਨਾ ਵਰਗ ਆਉਂਦਾ ਹੈ ਜਿਨ੍ਹਾਂ
ਕੋਲ 2-4 ਹੈਕਟੇਅਰ ਜ਼ਮੀਨ ਹੈ। ਚੌਥੇ ਦਰਜੇ ’ਤੇ ਦਰਮਿਆਨੇ ਕਿਸਾਨ ਹਨ ਜਿਨ੍ਹਾਂ ਦੀ ਜ਼ਮੀਨ 4-10
ਹੈਕਟੇਅਰ ਦੇ ਵਿਚਕਾਰ ਹੈ। ਪੰਜਵੇਂ ਦਰਜੇ ’ਤੇ ਵੱਡੇ ਕਿਸਾਨ ਆਉਂਦੇ ਹਨ ਜਿਨ੍ਹਾਂ ਦੀ ਜ਼ਮੀਨ 10 ਹੈਕਟੇਅਰ
ਤੋਂ ਉੱਪਰ ਹੈ। ਇਸ ਵਰਗੀਕਰਨ ਅਨੁਸਾਰ ਸਾਰੇ ਦੇਸ਼ ਦੀ ਖੇਤੀ ਦੀ ਹਰ ਪੰਜ ਵਰ੍ਹੇ ਬਾਅਦ ਮਰਦਮਸ਼ੁਮਾਰੀ
ਹੁੰਦੀ ਹੈ ਅਤੇ ਹਰ ਵਰਗ ਦੇ ਕਿਸਾਨਾਂ ਤੇ ਉਨ੍ਹਾਂ ਦੀ ਆਰਥਿਕਤਾ ਦਾ ਪੱਧਰ ਤੈਅ ਕੀਤਾ ਜਾਂਦਾ ਹੈ। 2015-
16 ਦੀ ਖੇਤੀ ਮਰਦਮਸ਼ੁਮਾਰੀ ਅਨੁਸਾਰ ਦੇਸ਼ ਵਿੱਚ ਕੁੱਲ 1457.27 ਲੱਖ ਹਲਵਾਹਕ ਸਨ ਜਿਨ੍ਹਾਂ ਵਿੱਚ
68.52 ਫ਼ੀਸਦੀ ਸੀਮਾਂਤਕ ਕਿਸਾਨ, 17.69 ਫ਼ੀਸਦੀ ਛੋਟੇ ਕਿਸਾਨ, 9.45 ਫ਼ੀਸਦੀ ਨੀਮ-ਦਰਮਿਆਨੇ
ਕਿਸਾਨ, 3.76 ਫ਼ੀਸਦੀ ਦਰਮਿਆਨੇ ਅਤੇ 0.57 ਫ਼ੀਸਦੀ ਵੱਡੇ ਕਿਸਾਨ ਸਨ। ਜੇ ਸੀਮਾਂਤਕ ਅਤੇ ਛੋਟੇ
ਕਿਸਾਨਾਂ ਦੇ ਵਰਗਾਂ ਨੂੰ ਇਕੱਠਾ ਕਰ ਲਿਆ ਜਾਵੇ ਤਾਂ ਇਹ ਕੁੱਲ ਦਾ 86.21 ਫ਼ੀਸਦੀ ਬਣਦੇ ਹਨ, ਭਾਵ
ਬਾਕੀ ਸਾਰੇ ਵਰਗ ਕੁੱਲ ਦਾ ਸਿਰਫ਼ 13.79 ਫ਼ੀਸਦੀ ਹਨ। ਉਪਰੋਕਤ ਦੇਸ਼ ਦੇ ਔਸਤ ਅੰਕੜੇ ਹਨ। ਬਿਹਾਰ
ਵਿੱਚ 91.21 ਫ਼ੀਸਦੀ, ਜੰਮੂ ਕਸ਼ਮੀਰ ’ਚ 83.79 ਫ਼ੀਸਦੀ, ਤਾਮਿਲਨਾਡੂ ’ਚ 78.41 ਫ਼ੀਸਦੀ,
ਤਿਲੰਗਾਨਾ ’ਚ 87.95 ਫ਼ੀਸਦੀ, ਉੱਤਰ ਪ੍ਰਦੇਸ਼ ’ਚ 80.18 ਫ਼ੀਸਦੀ, ਪੱਛਮੀ ਬੰਗਾਲ ’ਚ 82.81 ਫ਼ੀਸਦੀ
ਅਤੇ ਉੱਤਰਾਖੰਡ ਵਿੱਚ 74.78 ਫ਼ੀਸਦੀ ਸੀਮਾਂਤਕ ਕਿਸਾਨ ਹਨ। ਸੀਮਾਂਤਕ ਕਿਸਾਨਾਂ ਦੀ ਹੋਰ ਵੰਡ ਕਰਨ
’ਤੇ ਜ਼ਿਆਦਾ ਹਿੱਸਾ ਉਨ੍ਹਾਂ ਕਿਸਾਨਾਂ ਦਾ ਬਣਦਾ ਹੈ ਜਿਨ੍ਹਾਂ ਕੋਲ ਜ਼ਮੀਨ ਇੱਕ ਏਕੜ ਤੋਂ ਵੀ ਘੱਟ ਹੈ।
ਕਿਸਾਨੀ ਦੀ ਆਰਥਿਕਤਾ ਬਾਰੇ ਗੱਲ ਕਰਦਿਆਂ ਅਕਸਰ ਅੰਕੜੇ ਦੇਸ਼ ਦੇ ਹੀ ਵਰਤੇ ਜਾਂਦੇ ਹਨ, ਪਰ ਹਰ
ਸੂਬੇ ਦੀ ਆਪਣੀ ਨਿਵੇਕਲੀ ਸਥਿਤੀ ਵੀ ਹੈ। ਪੰਜਾਬ ਦਾ ਖੇਤੀ ਢਾਂਚਾ ਦੇਸ਼ ਦੇ ਬਾਕੀ ਸੂਬਿਆਂ ਨਾਲ ਨਹੀਂ
ਰਲਦਾ। ਜੇ ਬਿਹਾਰ ਵਿੱਚ ਸੀਮਾਂਤਕ ਕਿਸਾਨਾਂ ਦੀ ਗਿਣਤੀ 91.21 ਫ਼ੀਸਦੀ ਹੈ ਤਾਂ ਪੰਜਾਬ ਵਿੱਚ ਇਹ
ਸਿਰਫ਼ 14.13 ਫ਼ੀਸਦੀ ਹੈ। ਇੱਥੇ ਛੋਟੇ ਕਿਸਾਨਾਂ ਦੀ ਗਿਣਤੀ 18.98 ਫ਼ੀਸਦੀ, ਨੀਮ-ਦਰਮਿਆਨੇ ਕਿਸਾਨਾਂ
ਦੀ 33.67 ਫ਼ੀਸਦੀ, ਦਰਮਿਆਨੇ ਕਿਸਾਨਾਂ ਦੀ 27.93 ਫ਼ੀਸਦੀ ਅਤੇ ਵੱਡੇ ਕਿਸਾਨਾਂ ਦੀ 5.28 ਫ਼ੀਸਦੀ
ਹੈ। ਵੱਡੇ ਕਿਸਾਨਾਂ ਦੀ ਗਿਣਤੀ ਵਿੱਚ ਪੰਜਾਬ ਤੋਂ ਸਿਰਫ਼ ਅਰੁਣਾਚਲ ਪ੍ਰਦੇਸ਼ 5.91 ਫ਼ੀਸਦੀ ਅਤੇ ਨਾਗਾਲੈਂਡ
11.87 ਫ਼ੀਸਦੀ ’ਤੇ ਅੱਗੇ ਹਨ। ਬਿਹਾਰ ਵਿੱਚ ਸੀਮਾਂਤਕ ਅਤੇ ਛੋਟੇ ਕਿਸਾਨਾਂ ਨੂੰ ਜੋੜ ਲਿਆ ਜਾਵੇ ਤਾਂ ਉੱਥੋਂ
ਦੇ ਕੁੱਲ ਕਿਸਾਨਾਂ ਦਾ 96.96 ਫ਼ੀਸਦੀ ਬਣਦੇ ਹਨ। ਪੰਜਾਬ ਵਿੱਚ ਦੋਵਾਂ ਦਾ ਜੋੜ 33.11 ਫ਼ੀਸਦੀ ਬਣਦਾ
ਹੈ, ਭਾਵ ਕੁੱਲ ਇੱਕ-ਤਿਹਾਈ ਹਿੱਸਾ ਛੋਟੇ ਦਰਜੇ ਦੀ ਕਿਸਾਨੀ ਹੈ। ਦੋ ਹਿੱਸੇ ਦਰਮਿਆਨੇ ਅਤੇ ਵੱਡੀ ਕਿਸਾਨੀ
ਦੇ ਬਣ ਜਾਂਦੇ ਹਨ। ਦੇਸ਼ ਵਿੱਚ ਅਜਿਹੀ ਸਥਿਤੀ ਕਿਸੇ ਵੀ ਹੋਰ ਸੂਬੇ ਦੀ ਨਹੀਂ ਹੈ। ਪੰਜਾਬ ਵਿੱਚ ਵੀ ਹਮੇਸ਼ਾਂ
ਇੰਝ ਨਹੀਂ ਸੀ।
1970-71 ਵਿੱਚ ਪੰਜਾਬ ਵਿੱਚ ਸੀਮਾਂਤਕ ਕਿਸਾਨਾਂ ਦੀ ਗਿਣਤੀ 5,17,568 ਸੀ ਜਿਹੜੀ 2000-01
ਵਿੱਚ 76.28 ਫ਼ੀਸਦੀ ਘਟ ਕੇ 1,22,760 ਰਹਿ ਗਈ। ਇਸ ਉਪਰੰਤ ਇਸ ਵਿੱਚ ਫਿਰ ਥੋੜ੍ਹਾ ਵਾਧਾ
ਹੋਇਆ। 2005-06 ਵਿੱਚ 1,34,762; 2010-11 ਵਿੱਚ 1,64,431 ਅਤੇ 2015-16 ਵਿੱਚ ਇਹ
1,54,412 ਹੋ ਗਈ। 1970-71 ਦੇ ਮੁਕਾਬਲੇ ਵਿੱਚ 3,63,156 ਕਿਸਾਨਾਂ ਦੀ ਘਾਟ ਪੈ ਗਈ ਭਾਵ ਇਸ
ਵਰਗ ਵਿੱਚੋਂ 70.16 ਫ਼ੀਸਦੀ ਕਿਸਾਨ ਖੇਤੀ ਵਿੱਚੋਂ ਬਾਹਰ ਹੋ ਗਏ। ਇੰਝ ਹੀ ਛੋਟੇ ਕਿਸਾਨਾਂ ਦੀ ਗਿਣਤੀ
1970-71 ਵਿੱਚ 2,60,083 ਤੋਂ ਘਟ ਕੇ 2000-01 ਵਿੱਚ 1,73,071 ਰਹਿ ਗਈ। ਇਸ ਵਿੱਚ ਆਉਂਦੇ
ਵਰ੍ਹਿਆਂ ਵਿੱਚ ਕੁਝ ਇਜ਼ਾਫ਼ਾ ਹੋਇਆ ਅਤੇ ਇਹ 2005-06 ਵਿੱਚ 1,83,062; 2010-11 ਵਿੱਚ
1,95,439 ਅਤੇ 2015-16 ਵਿੱਚ 2,07,436 ਹੋ ਗਈ। 1970-71 ਦੇ ਮੁਕਾਬਲੇ 45 ਵਰ੍ਹਿਆਂ ਵਿੱਚ
ਇਸ ਵਰਗ ਦੇ 52,647 ਕਿਸਾਨ ਖੇਤੀ ਦੇ ਕਾਰਜ ਤੋਂ ਬਾਹਰ ਹੋ ਗਏ, ਭਾਵ ਇਸ ਵਰਗ ਦੇ 20.42
ਫ਼ੀਸਦੀ ਕਿਸਾਨ ਖੇਤੀ ਛੱਡ ਗਏ। ਅਜਿਹਾ ਹੀ ਭਾਣਾ ਵੱਡੀ ਕਿਸਾਨੀ ਨਾਲ ਵਾਪਰਿਆ ਹੈ ਜਿਸ ਦੀ ਗਿਣਤੀ
ਵਿੱਚ ਵੀ ਵਰ੍ਹੇ ਦੇ ਵਰ੍ਹੇ ਬਹੁਤ ਤਬਦੀਲੀ ਆਉਂਦੀ ਰਹੀ ਹੈ। 1970-71 ਵਿੱਚ ਪੰਜਾਬ ਅੰਦਰ 68,883 ਵੱਡੇ
ਕਿਸਾਨ ਗਿਣੇ ਗਏ ਸਨ ਜਿਹੜੇ 1980-81 ਵਿੱਚ ਵਧ ਕੇ 73,940 ਹੋ ਗਏ, ਪਰ ਆਉਂਦੇ ਪੰਜ ਵਰ੍ਹਿਆਂ
ਵਿੱਚ 1990-91 ਦੌਰਾਨ ਘਟ ਕੇ 67,172 ਰਹਿ ਗਏ। ਇਹ 1995-96 ਵਿੱਚ ਫਿਰ 79,610 ਦੀ ਗਿਣਤੀ
ਤੱਕ ਪਹੁੰਚ ਗਏ, ਪਰ 2000-01 ਵਿੱਚ ਘਟ ਕੇ 72,356 ਰਹਿ ਗਏ ਅਤੇ ਫਿਰ 2005-06 ਵਿੱਚ ਘਟ ਕੇ
70,960; 2010-11 ਵਿੱਚ 69,718 ਅਤੇ 2015-16 ਵਿੱਚ 57,707 ਰਹਿ ਗਏ ਹਨ। ਜੇ 1970-77
ਤੋਂ ਲਾਈਏ ਤਾਂ ਕੁੱਲ 11,176 ਵੱਡੇ ਕਿਸਾਨ ਇਸ ਵਰਗ ਤੋਂ ਬਾਹਰ ਹੋ ਗਏ ਹਨ। ਇਸ ਦੇ ਉਲਟ ਨੀਮ-
ਦਰਮਿਆਨੇ ਅਤੇ ਦਰਮਿਆਨੇ ਕਿਸਾਨਾਂ ਦੀ ਗਿਣਤੀ ਵਿੱਚ 1977 ਤੋਂ ਹੀ ਲਗਾਤਾਰ ਵਾਧਾ ਹੋ ਰਿਹਾ ਹੈ।
ਦੋਵੇਂ ਵਰਗਾਂ ਵਿੱਚ ਮਿਲਾ ਕੇ ਪਿਛਲੇ 45 ਵਰ੍ਹਿਆਂ ਵਿੱਚ 1.44 ਲੱਖ ਕਿਸਾਨਾਂ ਦਾ ਵਾਧਾ ਹੋਇਆ ਹੈ। ਦੇਸ਼
ਵਿੱਚ ਕੁੱਲ ਕਿਸਾਨੀ ਦਾ ਔਸਤ 68.52 ਫ਼ੀਸਦੀ ਸੀਮਾਂਤ ਕਿਸਾਨ ਹਨ, ਪਰ ਪੰਜਾਬ ਵਿੱਚ 61.60 ਫ਼ੀਸਦੀ
ਕਿਸਾਨ ਨੀਮ-ਦਰਮਿਆਨੇ ਅਤੇ ਦਰਮਿਆਨੇ ਵਰਗ ਨਾਲ ਸਬੰਧਿਤ ਹਨ। ਇੰਜ, ਪੰਜਾਬ ਦੇ ਕਿਸਾਨੀ
ਅਰਥਚਾਰੇ ਦਾ ਆਧਾਰ ਬਾਕੀ ਦੇਸ਼ ਨਾਲੋਂ ਕੁਝ ਵੱਖਰਾ ਹੈ। ਦਰਮਿਆਨੇ ਅਤੇ ਵੱਡੇ ਕਿਸਾਨ ਮਿਲ ਕੇ ਪੰਜਾਬ
ਦੀ ਕਿਸਾਨੀ ਦਾ ਕੋਈ 67 ਫ਼ੀਸਦੀ ਹੋ ਜਾਂਦੇ ਹਨ। ਖੇਤੀਚਾਰੇ ਵਿੱਚੋਂ ਇਸ ਵਰਗ ਕੋਲ ਕੁਝ ਸਰਪਲੱਸ
ਇਕੱਤਰ ਹੋ ਸਕਦਾ ਹੈ, ਜਿਸ ਦਾ ਖੇਤੀ ਅਤੇ ਹੋਰ ਆਰਥਿਕ ਧੰਦਿਆਂ ਵਿੱਚ ਨਿਵੇਸ਼ ਕੀਤਾ ਜਾ ਸਕਦਾ ਹੈ।
ਗੁਲਜ਼ਾਰ ਸਿੰਘ ਜ਼ੀਰੇ ਤੋਂ ਦਸ ਕੁ ਕਿਲੋਮੀਟਰ ਦੂਰ ਪਿੰਡ ਮੀਆਂ ਸਿੰਘ ਵਾਲਾ ਦਾ ਸਾਬਕਾ ਸਰਪੰਚ ਹੈ ਅਤੇ
ਆਪਣੇ ਪਰਿਵਾਰ ਨਾਲ ਜੱਦੀ ਤੇ ਠੇਕੇ ’ਤੇ ਲਈ ਜ਼ਮੀਨ ਮਿਲਾ ਕੇ ਕੋਈ 400 ਏਕੜ ’ਚ ਆਲੂਆਂ ਦੀ ਖੇਤੀ
ਕਰਦਾ ਹੈ। ਉਨ੍ਹਾਂ ਇੱਕ ਲੱਖ ਬੋਰੀ ਦੀ ਸੰਭਾਲ ਲਈ ਕੋਲਡ ਸਟੋਰੇਜ ਲਗਾ ਰੱਖਿਆ ਹੈ ਜਿਹੜਾ ਉਨ੍ਹਾਂ ਦੇ
ਆਲੂ ਦੇ ਬੀਜ ਦੀ ਕੁੱਲ ਫ਼ਸਲ ਸੰਭਾਲ ਲੈਂਦਾ ਹੈ। ਹੁਣ ਉਨ੍ਹਾਂ ਆਲੂ ਦਾ ਬੀਜ ਤਿਆਰ ਕਰਨ ਲਈ ਟਿਸ਼ੂ
ਕਲਚਰ ਦੀ ਲੈਬ ਲਗਾਈ ਹੈ ਜਿਸ ਵਿੱਚ ਉਹ ਸਾਰੀਆਂ ਪ੍ਰਚੱਲਿਤ ਕਿਸਮਾਂ ਦੇ ਬੀਜ ਤਿਆਰ ਕਰਨਗੇ।
ਗੁਲਜ਼ਾਰ ਸਿੰਘ ਦਾ ਕਹਿਣਾ ਹੈ ਕਿ ਸਬਜ਼ੀ ਦੀ ਫ਼ਸਲ ਦੀ ਕਣਕ ਝੋਨੇ ਨਾਲੋਂ ਜ਼ਿਆਦਾ ਬੱਚਤ ਹੈ, ਪਰ
ਮਿਹਨਤ, ਖਰਚਾ ਅਤੇ ਜੋਖ਼ਮ ਵੱਧ ਹੈ। ਪਰ ਜੇ ਚਾਰ ਵਰ੍ਹਿਆਂ ਦੇ ਗੇੜ ਵਿੱਚ ਦੇਖਿਆ ਜਾਵੇ ਤਾਂ ਕਿਸਾਨ ਨਫ਼ੇ
ਵਿੱਚ ਰਹਿੰਦਾ ਹੈ। ਖੇਤੀ ਦੀ ਹੋਰ ਤਰੱਕੀ ਲਈ ਉਹ ਆਪਣੇ ਇੱਕ ਪੋਤੇ ਨੂੰ ਪੰਜਾਬ ਐਗਰੀਕਲਚਰ
ਯੂਨੀਵਰਸਿਟੀ, ਲੁਧਿਆਣਾ ਵਿੱਚ ਪੜ੍ਹਾ ਰਹੇ ਹਨ। ਇਹ ਖੇਤੀ ਵਿੱਚ ਪੂੰਜੀ ਨਿਵੇਸ਼ ਦਾ ਮਾਡਲ ਹੈ ਜਿਹੜਾ
ਸਨਅਤ ਨੂੰ ਖੇਤੀ ਵਿੱਚ ਲੈ ਆਉਂਦਾ ਹੈ ਅਤੇ ਇਸ ਵਿੱਚ ਫ਼ਸਲ ਨੂੰ ਉਸ ਦੇ ਕੱਚੇ ਰੂਪ ਵਿੱਚ ਨਹੀਂ ਸਗੋਂ ਉਸ
ਦੀ ਕੀਮਤ ਵਿੱਚ ਵਾਧਾ ਕਰਕੇ ਅਤੇ ਆਪਣੀ ਲੋੜ ਅਨੁਸਾਰ ਵੇਚਿਆ ਜਾਂਦਾ ਹੈ। ਉਨ੍ਹਾਂ ਮਾਰਕੀਟਿੰਗ ਦਾ ਵੀ
ਵਾਜਬ ਪ੍ਰਬੰਧ ਕੀਤਾ ਹੋਇਆ ਹੈ ਅਤੇ ਆਪਣਾ ਸਾਰਾ ਬੀਜ ਖ਼ੁਦ ਹੀ ਕਿਸਾਨਾਂ ਨੂੰ ਸਿੱਧਾ ਵੇਚਦੇ ਹਨ। ਉਨ੍ਹਾਂ
ਦੇ ਗਾਹਕ ਦੂਰ ਗੁਜਰਾਤ ਤੱਕ ਫੈਲੇ ਹਨ। ਪੰਜਾਬ ਵਿੱਚ ਉਨ੍ਹਾਂ ਵਰਗੇ ਹੋਰ ਬਹੁਤ ਸਾਰੇ ਕਿਸਾਨ ਹਨ ਜਿਹੜੇ
ਆਲੂ ਬੀਜ ਨੂੰ ਉਗਾਉਂਦੇ ਅਤੇ ਖ਼ੁਦ ਮੰਡੀਕਰਨ ਕਰਦੇ ਹਨ। ਇਸ ਸਮੇਂ ਆਲੂ ਦੇ ਬੀਜ ਦਾ 60 ਫ਼ੀਸਦੀ
ਪੰਜਾਬ ਵਿੱਚ ਹੀ ਪੈਦਾ ਹੁੰਦਾ ਹੈ।
ਇੱਕ ਵੱਡੇ ਕਿਸਾਨ ਦੇ ਮੁਕਾਬਲੇ ਇੱਕ ਬਹੁਤ ਹੀ ਛੋਟਾ ਕਿਸਾਨ। ਇਹ ਸੱਜਣ ਬਿਜਲੀ ਬੋਰਡ ਤੋਂ ਰਿਟਾਇਰ ਹੋ
ਕੇ ਬੁਢਲਾਢੇ ਦੇ ਲਾਗੇ ਆਪਣੇ ਪਿੰਡ ਵਿੱਚ ਰਹਿੰਦਾ ਹੈ। ਉਨ੍ਹਾਂ ਦੇ ਪਰਿਵਾਰ ਨੇ ਤਿੰਨ ਕਨਾਲਾਂ ਵਿੱਚ ਪਿੰਡ ਦੇ
ਬਾਹਰ ਘਰ ਪਾਇਆ ਹੋਇਆ ਹੈ। ਇਸ ਵਾਰ ਉਨ੍ਹਾਂ ਘਰ ਦੇ ਬਾਗਲ ਦੀਆਂ ਖਾਲੀ ਦੋ ਕਨਾਲਾਂ ਵਿੱਚ ਆਲੂ
ਬੀਜ ਦਿੱਤੇ। ਸਾਂਭ-ਸੰਭਾਲ ਚੰਗੀ ਹੋਣ ਕਰ ਕੇ ਆਲੂ ਵਾਹਵਾ ਹੋ ਗਏ। ਮੰਡੀ ਤੋਂ ਭਾਅ ਪੁੱਛਿਆ ਤਾਂ ਅੱਠ ਰੁਪਏ
ਕਿਲੋ ਮਿਲਿਆ। ਉਸ ਦਾ ਮਨ ਨਾ ਮੰਨਿਆ। ਮੁੰਡੇ ਨੂੰ ਨਾਲ ਲੈ ਚਾਰ ਬੋਰੀਆਂ ਕਾਰ ਵਿੱਚ ਰੱਖੀਆਂ ਤੇ ਕਿਸਾਨ
ਮੰਡੀ ਲੈ ਆਂਦੀਆਂ। ਆਲੂ ਅਸਲੋਂ ਆਰਗੈਨਿਕ ਸਨ। ਉਨ੍ਹਾਂ ਨੇ ਵੀਹ ਰੁਪਏ ਕਿਲੋ ਦਾ ਭਾਅ ਕੱਢਿਆ ਅਤੇ
ਲਿਆਂਦੀਆਂ ਬੋਰੀਆਂ ਵੇਚ ਲਈਆਂ। ਚਾਰ ਪੰਜ ਦਿਨਾਂ ਦੀ ਮਿਹਨਤ ਨਾਲ ਉਨ੍ਹਾਂ ਸਾਰਾ 20 ਕੁਇੰਟਲ ਆਲੂ
ਵੀਹ ਰੁਪਏ ਦੇ ਭਾਅ ਵੇਚ ਲਿਆ। ਉਨ੍ਹਾਂ ਨੂੰ ਮੰਡੀ ਵਿੱਚ ਆਲੂ ਵੇਚਦੇ ਵੇਖ ਕੇ ਇੱਕ ਦੋ ਜਾਣਕਾਰਾਂ ਨੇ
ਪੁੱਛਿਆ ਕਿ ਹੁਣ ਇਹ ਕੰਮ ਵੀ ਕਰੋਗੇ? ਉਨ੍ਹਾਂ ਕਿਹਾ ਕਿ ਆਪਣੀ ਫ਼ਸਲ ਨੂੰ ਮਾਣ ਨਾਲ ਵੇਚ ਰਹੇ ਹਾਂ; ਤੁਸੀਂ
ਵੀ ਲੈ ਜਾਓ ਆਲੂ ਵਧੀਆ ਹਨ।
ਇੱਥੇ ਗੱਲ ਵੀਹ ਪੰਝੀ ਕੁਇੰਟਲ ਆਲੂ ਪੈਦਾ ਕਰਨ ਜਾਂ ਵੇਚ ਲੈਣ ਦੀ ਨਹੀਂ ਹੈ ਸਗੋਂ ਇੱਕ ਉੱਦਮਸ਼ੀਲ
ਭਾਵਨਾ ਦੀ ਹੈ ਕਿ ਕਿਵੇਂ ਘੱਟ ਤੋਂ ਘੱਟ ਸਾਧਨਾਂ ਤੋਂ ਵੱਧ ਤੋਂ ਵੱਧ ਮੌਕੇ ਬਣਾਏ ਜਾ ਸਕਦੇ ਹਨ। ਅਜਿਹਾ ਹੀ
ਕਾਰਜ ਪੰਜਾਬ ਦੇ ਕੁਝ ਉੱਦਮਸ਼ੀਲ ਨੌਜਵਾਨ ਵਿਦੇਸ਼ਾਂ ਲਈ ਵਿਦੇਸ਼ੀ ਫੁੱਲਾਂ ਦੀ ਬੀਜ ਬਰਾਮਦ ਕਰਕੇ ਕਰ
ਰਹੇ ਹਨ। ਗੁਰਨਵਿੰਦਰ ਸਿੰਘ ਪੀ.ਏ.ਯੂ, ਲੁਧਿਆਣਾ ਤੋਂ ਪੜ੍ਹਿਆ ਹੈ ਅਤੇ ਮੁਹਾਲੀ ਰਹਿੰਦਾ ਹੈ। ਉਸ ਨੇ
ਆਪਣਾ ਕਾਰ ਵਿਹਾਰ ਫੁੱਲਾਂ ਦੀ ਖੇਤੀ ਤੋਂ ਸ਼ੁਰੂ ਕੀਤਾ ਸੀ, ਪਰ ਹੁਣ ਕੁਝ ਸਾਲਾਂ ਤੋਂ ਫੁੱਲਾਂ ਦਾ ਬੀਜ ਉਗਾ
ਰਿਹਾ ਹੈ। ਉਹ ਬੀਜ ਉਗਾਉਣ ਲਈ ਕਿਸਾਨਾਂ ਨਾਲ ਕੰਟਰੈਕਟ ਕਰਕੇ ਉਨ੍ਹਾਂ ਨੂੰ ਬੀਜ ਅਤੇ ਇਸ ਨੂੰ
ਉਗਾਉਣ ਲਈ ਕੁੱਲ ਅਗਵਾਈ ਦਿੰਦਾ ਹੈ ਅਤੇ ਮਿੱਥੇ ਭਾਅ ’ਤੇ ਕਿਸਾਨ ਦੀ ਸਾਰੀ ਫ਼ਸਲ ਖਰੀਦ ਲੈਂਦਾ ਹੈ।
ਕੰਟਰੈਕਟ ਲਈ ਉਸ ਦੀ ਜ਼ਿਆਦਾਤਰ ਚੋਣ ਛੋਟੇ ਕਿਸਾਨ ਹੁੰਦੇ ਹਨ ਜਿਹੜੇ ਮਿਹਨਤ ਕਰਕੇ ਆਪਣੀ ਥੋੜ੍ਹੀ
ਜ਼ਮੀਨ ਤੋਂ ਵੱਧ ਆਮਦਨ ਲੈਣਾ ਚਾਹੁੰਦੇ ਹਨ। ਫੁੱਲਾਂ ਦੇ ਬੀਜ ਸਿਰਫ਼ ਹਾੜ੍ਹੀ ਦੀ ਫ਼ਸਲ ਲਈ ਬੀਜੇ ਜਾਂਦੇ ਹਨ
ਅਤੇ ਕਿਸਾਨ ਨੂੰ ਸਾਉਣੀ ਲਈ ਜ਼ਮੀਨ ਫਿਰ ਮਿਲ ਜਾਂਦੀ ਹੈ। ਉਹ ਲਗਭਗ 100 ਏਕੜ ਦੇ ਕਰੀਬ ਬੀਜ
ਉਗਵਾਉਂਦਾ ਹੈ। ਫਿਰ ਉਸ ਨੂੰ ਪ੍ਰਾਸੈਸ ਅਤੇ ਪੈਕ ਕਰਕੇ ਨਿਰਯਾਤ ਕਰਦਾ ਹੈ ਜਿਸ ਤੋਂ ਉਸ ਦੀ ਵੱਟਕ ਕੋਈ
ਡੇਢ-ਦੋ ਕਰੋੜ ਰੁਪਏ ਦੇ ਕਰੀਬ ਹੋ ਜਾਂਦੀ ਹੈ। ਇਸ ਦਾ ਲਗਭਗ 60 ਫ਼ੀਸਦੀ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ
ਬਦਲੇ ਮਿਲ ਜਾਂਦਾ ਹੈ। ਗੁਰਨਵਿੰਦਰ ਸਿੰਘ ਦਾ ਮੰਨਣਾ ਹੈ ਕਿ ਜਿਹੜੇ ਕਿਸਾਨ ਉਸ ਦੇ ਕੰਟਰੈਕਟ ਅਧੀਨ
ਫੁੱਲਾਂ ਦੇ ਬੀਜ ਦੀ ਖੇਤੀ ਕਰਦੇ ਹਨ ਅਤੇ ਪੂਰੀ ਲਗਨ ਤੇ ਮਿਹਨਤ ਨਾਲ ਕੰਮ ਕਰਦੇ ਹਨ ਹਾਂ, ਉਨ੍ਹਾਂ ਲਈ
ਇੱਕ ਏਕੜ ਦੀ ਇੱਕ ਫ਼ਸਲ ਵਿੱਚੋਂ ਲੱਖ ਰੁਪਏ ਤੋਂ ਜ਼ਿਆਦਾ ਬਚਾ ਲੈਣਾ ਕੋਈ ਵੱਡੀ ਗੱਲ ਨਹੀਂ ਹੈ। ਜੇ
ਵਪਾਰਕ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਇਨ੍ਹਾਂ 100 ਏਕੜਾਂ ਤੋਂ ਕਣਕ ਦੀ ਵੱਟਕ ਕੋਈ 45-50 ਲੱਖ ਦੇ ਵਿੱਚ
ਹੋ ਸਕਦੀ ਸੀ ਜਿੱਥੋਂ ਫੁੱਲਾਂ ਦੇ ਬੀਜ ਦੀ ਵਿਕਰੀ ਡੇਢ-ਦੋ ਕਰੋੜ ਤੱਕ ਹੋ ਸਕੀ ਹੈ। ਫੁੱਲਾਂ ਦੇ ਬੀਜਾਂ ਦੀ
ਬਰਾਮਦ ਕਰਨ ਵਾਂਗੂੁੰ ਕੁਝ ਨੌਜਵਾਨ ਸਬਜ਼ੀਆਂ ਦੇ ਬੀਜਾਂ ਦੀ ਵੀ ਇਸ ਤਰ੍ਹਾਂ ਹੀ ਖੇਤੀ ਕਰ ਰਹੇ ਹਨ।
ਜਿਵੇਂ ਕਿ ਪਹਿਲਾਂ ਦਰਸਾਇਆ ਗਿਆ ਹੈ ਪੰਜਾਬ ਦੀ ਕਿਰਸਾਨੀ ਦਾ ਇੱਕ-ਤਿਹਾਈ ਹਿੱਸਾ ਸੀਮਾਂਤਕ ਜਾਂ
ਛੋਟਾ ਕਿਸਾਨ ਹੈ ਜਿਸ ਦੀ ਖੇਤੀ ਲਾਹੇਵੰਦ ਨਾ ਹੋਣ ਕਰਕੇ ਉਹ ਲਗਾਤਾਰ ਖੇਤੀ ਤੋਂ ਬਾਹਰ ਹੋ ਰਿਹਾ ਹੈ।
ਕਿਸਾਨ ਨੂੰ ਕਿਸਾਨ ਬਣਨ ਲਈ ਕਿਸੇ ਯੂਨੀਵਰਸਿਟੀ ਦੀ ਡਿਗਰੀ ਪਾਸ ਕਰਨ ਤੋਂ ਘੱਟ ਸਮਾਂ ਨਹੀਂ ਲੱਗਦਾ।
ਇਹ ਖੇਤੀ ਵਿੱਚ ਪ੍ਰਬੀਨ ਪੰਜਾਬੀ ਬੰਦੇ ਜ਼ਮੀਨ ਦੀ ਘਾਟ ਕਾਰਨ ਖੇਤੀ ਤੋਂ ਬਾਹਰ ਉਨ੍ਹਾਂ ਧੰਦਿਆਂ ਵਿੱਚ ਜਾਂਦੇ
ਹਨ ਜਿਨ੍ਹਾਂ ਬਾਰੇ ਇਨ੍ਹਾਂ ਨੂੰ ਕੋਈ ਗਿਆਨ ਨਹੀਂ ਹੁੰਦਾ। ਥੋੜ੍ਹੀ ਜਿਹੀ ਸਮਝਦਾਰੀ, ਸਾਂਝ, ਯੋਜਨਾਬੰਦੀ ਅਤੇ
ਆਪਣੇ ਆਪਣੇ ਲਾਭ ਲਈ ਕਿਸੇ ਵੀ ਤਰ੍ਹਾਂ ਸਭ ਨੂੰ ਵੱਡੀ ਅਤੇ ਲਾਹੇਵੰਦ ਖੇਤੀ ਨਾਲ ਜੋੜਿਆ ਜਾ ਸਕਦਾ
ਹੈ। ਇਸ ਦਾ ਮਾਡਲ ਪ੍ਰਚੱਲਿਤ ਤਰੀਕਿਆਂ ਤੋਂ ਇਲਾਵਾ ਕੁਲੈਕਟਿਵ ਖੇਤੀ, ਐਫ.ਪੀ.ਓ., ਕੋਆਪਰੇਟਿਵਸ,
ਕੰਟਰੈਕਟ ਜਾਂ ਅਜਿਹਾ ਕੋਈ ਵੀ ਹੋਰ ਰਸਮੀ ਜਾਂ ਗ਼ੈਰ-ਰਸਮੀ ਢੰਗ ਹੋ ਸਕਦਾ ਹੈ। ਜ਼ਰੂਰਤ ਹੈ ਖੇਤ ਦੀ
ਉਪਜ ਵਧਾਉਣ ਅਤੇ ਉਸ ਉਪਜ ਵਿੱਚ ਨਫ਼ੇ ਦਾ ਹੋਰ ਵਾਧਾ ਕਰਕੇ ਵਿਕਰੀ ਕਰਨ ਦੀ ਤਾਂ ਜੋ ਥੋੜ੍ਹੀ ਧਰਤੀ
ਵੱਧ ਮੁਨਾਫ਼ਾ ਦੇ ਸਕੇ। ਇਹ ਸੰਭਵ ਹੈ। ਚੰਗੀ ਨੀਅਤ ਅਤੇ ਉੱਦਮ ਦੀ ਲੋੜ ਹੈ। ਵੱਡੇ ਕਿਸਾਨਾਂ ਦੀ ਗਿਣਤੀ
ਵੀ ਘਟ ਰਹੀ ਹੈ। ਉਸ ਦੀ ਵੀ ਲੋੜ ਹੈ ਕਿ ਉਹ ਪਿੰਡ ਵਿੱਚ ਪੂੰਜੀ ਦਾ ਨਿਵੇਸ਼ ਕਰਨ ਜਿਸ ਦੇ ਉਹ ਸਮਰੱਥ
ਹਨ। ਨਹੀਂ ਤਾਂ ਉਪਰਲੇ ਅਤੇ ਹੇਠਲੇ ਕਿਸਾਨਾਂ ਦੇ ਖੇਤੀ ਤੋਂ ਬਾਹਰ ਹੋਣ ਦੀ ਰਫ਼ਤਾਰ ਵਧ ਸਕਦੀ ਹੈ। ਹੁਣ
ਤੱਕ ਪਿਛਲੇ 45 ਵਰ੍ਹਿਆਂ ਵਿੱਚ 4.26 ਲੱਖ ਕਿਸਾਨ ਖੇਤੀ ਛੱਡ ਚੁੱਕੇ ਹਨ। ਸਮਾਂ ਰਹਿੰਦਿਆਂ ਇਸ ਨੂੰ
ਰੋਕਿਆ ਜਾ ਸਕਦਾ ਹੈ।