Punjab Weather: ਪੰਜਾਬ-ਚੰਡੀਗੜ੍ਹ, ਹਿਮਾਚਲ ‘ਚ ਕੋਲਡ ਵੇਵ ਦਾ ਖ਼ਤਰਾ, ਨਵੇਂ ਸਾਲ ‘ਤੇ ਕੜਾਕੇ ਦੀ ਠੰਡ !
ਨਵੇਂ ਸਾਲ 2026 ਦੀ ਸ਼ੁਰੂਆਤ ਨਾਲ ਹੀ ਚੰਡੀਗੜ੍ਹ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਠੰਡ ਦਾ ਅਸਰ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਮੁਤਾਬਕ ਅੱਜ ਤੋਂ ਅਗਲੇ ਲਗਭਗ 96 ਘੰਟਿਆਂ ਤੱਕ ਹਿਮਾਚਲ ਦੇ ਉੱਚੇ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਜਾਰੀ ਰਹੇਗੀ। ਇਸ ਦਾ ਪ੍ਰਭਾਵ ਸਿਰਫ਼ ਪਹਾੜੀ ਖੇਤਰਾਂ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਪੰਜਾਬ–ਚੰਡੀਗੜ੍ਹ ਦੇ ਨਾਲ ਨਾਲ ਹਰਿਆਣਾ, ਦਿੱਲੀ ਅਤੇ ਰਾਜਸਥਾਨ ਤੱਕ ਠੰਡੀ ਹਵਾਵਾਂ ਪਹੁੰਚਣਗੀਆਂ।
ਰਾਤ ਦੇ ਤਾਪਮਾਨ ਵਿੱਚ ਆ ਸਕਦੀ ਹੈ ਗਿਰਾਵਟ
ਮੌਸਮ ਵਿਭਾਗ ਦੇ ਅਨੁਸਾਰ, ਪਹਾੜਾਂ ’ਤੇ ਬਰਫ਼ਬਾਰੀ ਤੋਂ ਬਾਅਦ ਉੱਥੋਂ ਚੱਲਣ ਵਾਲੀ ਕੋਲਡ ਵੇਵ ਪੂਰੇ ਉੱਤਰ ਭਾਰਤ ਵਿੱਚ ਠੰਡ ਵਧਾਏਗੀ। ਹਿਮਾਚਲ ਦੇ ਕਈ ਸ਼ਹਿਰਾਂ ਵਿੱਚ ਅਗਲੇ ਪੰਜ ਦਿਨਾਂ ਦੌਰਾਨ ਰਾਤ ਦਾ ਤਾਪਮਾਨ 4 ਤੋਂ 7 ਡਿਗਰੀ ਸੈਲਸੀਅਸ ਤੱਕ ਘਟ ਸਕਦਾ ਹੈ। ਉੱਥੇ ਹੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਨਿਊਨਤਮ ਤਾਪਮਾਨ 2 ਤੋਂ 4 ਡਿਗਰੀ ਤੱਕ ਹੇਠਾਂ ਜਾਣ ਦੀ ਸੰਭਾਵਨਾ ਹੈ।
ਲਾਹੌਲ–ਸਪੀਤੀ ਦੇ ਉੱਚੇ ਇਲਾਕਿਆਂ ਵਿੱਚ ਠੰਡ ਹੋਰ ਵੀ ਕੜੀ ਰਹਿਣ ਦੀ ਉਮੀਦ ਹੈ, ਜਿੱਥੇ ਨਿਊਨਤਮ ਤਾਪਮਾਨ ਮਾਈਨਸ 10 ਤੋਂ ਮਾਈਨਸ 12 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਫਿਲਹਾਲ ਸ਼ਿਮਲਾ, ਮਨਾਲੀ, ਚੰਡੀਗੜ੍ਹ ਅਤੇ ਜਲੰਧਰ ਸਮੇਤ ਕਈ ਸ਼ਹਿਰਾਂ ਵਿੱਚ ਤਾਪਮਾਨ ਆਮ ਤੋਂ ਕੁਝ ਉੱਪਰ ਬਣਿਆ ਹੋਇਆ ਹੈ, ਪਰ ਬਰਫ਼ਬਾਰੀ ਮਗਰੋਂ ਇਸ ਵਿੱਚ ਤੇਜ਼ ਗਿਰਾਵਟ ਆ ਸਕਦੀ ਹੈ। ਇਸ ਨਾਲ ਨਵੇਂ ਸਾਲ ਦੀ ਸ਼ੁਰੂਆਤ ਕੜਾਕੇ ਦੀ ਸਰਦੀ ਨਾਲ ਹੋਣ ਦੇ ਆਸਾਰ ਹਨ।







