Shiromani Akali Dal ; ਸ਼੍ਰੋਮਣੀ ਅਕਾਲੀ ਦਲ ਦਾ ਮਹਾਂ-ਸੰਕਟ

ਸ਼੍ਰੋਮਣੀ ਅਕਾਲੀ ਦਲ ਦਾ ਨਿਘਾਰ ਇਸ ਸਮੇਂ ਸਿਖ਼ਰ ’ਤੇ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਉਸ ਨੂੰ ਸਿਰਫ਼ ਇੱਕ ਹਲਕੇ ਵਿੱਚ ਕਾਮਯਾਬੀ ਮਿਲੀ ਅਤੇ ਦਸ ਹਲਕਿਆਂ ਵਿੱਚ ਉਸ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ। ਪਾਰਟੀ ਨੂੰ ਸਿਰਫ਼ 13.4 ਫ਼ੀਸਦੀ ਵੋਟਾਂ ਪਈਆਂ ਹਨ। ਅਕਾਲੀ ਦਲ ਨੂੰ ਵਿਧਾਨ ਸਭਾ ਦੇ ਸਿਰਫ਼ 9 ਹਲਕਿਆਂ ਵਿੱਚ ਬਰਤਰੀ/ਲੀਡ ਹਾਸਿਲ ਹੋਈ ਜਦੋਂਕਿ ਕਾਂਗਰਸ 38 ਹਲਕਿਆਂ ਤੇ ਆਮ ਆਦਮੀ ਪਾਰਟੀ 32 ਹਲਕਿਆਂ ਵਿੱਚ ਪਹਿਲੇ ਨੰਬਰ ’ਤੇ ਸਨ। ਨਤੀਜੇ ਆਉਣ ਤੋਂ ਬਾਅਦ ਪਾਰਟੀ ਅੰਦਰਲੀ ਫੁੱਟ ਹੋਰ ਵਧੀ ਹੈ। ਪਾਰਟੀ ਆਪਣੇ ਮੁੱਢਲੇ ਜਮਹੂਰੀ ਖਾਸੇ ਵੱਲ ਕਵਾਇਦ ਕਰਨ ਵਿੱਚ ਅਸਫਲ ਹੋ ਰਹੀ ਜਾਪਦੀ ਹੈ; ਲੋਕਾਂ ਵਿੱਚ ਪ੍ਰਭਾਵ ਇਹ ਹੈ ਕਿ ਪਾਰਟੀ ’ਤੇ ਭਾਰੂ ਲੀਡਰਸ਼ਿਪ ਅਜਿਹੀ ਕਵਾਇਦ ’ਤੇ ਨਕੇਲ ਪਾ ਕੇ ਰੱਖਣਾ ਚਾਹੁੰਦੀ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਵੀਹਵੀਂ ਸਦੀ ਦੇ ਤੀਜੇ ਦਹਾਕੇ ਅਤੇ ਉਸ ਤੋਂ ਬਾਅਦ ਦੇ ਪੰਜਾਬ ਦੇ ਇਤਿਹਾਸ ਵਿੱਚ ਵੱਡੀ ਭੂਮਿਕਾ ਨਿਭਾਈ ਹੈ। 14 ਦਸੰਬਰ 1920 ਨੂੰ ਅੰਮ੍ਰਿਤਸਰ ਵਿੱਚ ਗੁਰਦੁਆਰਾ ਸੁਧਾਰ ਲਹਿਰ ਲਈ ਬਣੇ ਵੱਖ ਵੱਖ ਇਲਾਕਿਆਂ ਦੇ ਜਥਿਆਂ ਤੇ ਨੁਮਾਇੰਦਿਆਂ ਦੀ ਮੀਟਿੰਗ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਕਿ ਇੱਕ ਕੇਂਦਰੀ ਜਥੇਬੰਦੀ, ਜਿਸ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਹੋਵੇ, ਬਣਾਈ ਜਾਵੇ। ਇਹ ਜਥੇਬੰਦੀ ਬਣਨ ਨਾਲ ਸਿੱਖ ਭਾਈਚਾਰੇ ਦੇ ਜੁਝਾਰੂ ਵਿਰਸੇ ਨੂੰ ਨਵੀਂ ਨੁਹਾਰ ਮਿਲੀ ਅਤੇ ਇਸ ਸਿਆਸੀ ਪਾਰਟੀ ਨੇ ਬਸਤੀਵਾਦੀ ਰਾਜ ਵਿਰੁੱਧ ਸ਼ਾਂਤਮਈ ਸੰਘਰਸ਼ ਵਿੱਢਦਿਆਂ ਆਪਣੇ ਵਿਰਸੇ ਦੀ ਪੁਨਰ-ਸਿਰਜਣਾ ਦਾ ਕਾਰਜ ਸ਼ੁਰੂ ਕੀਤਾ। ਇਸ ਪਾਰਟੀ ਦੇ ਬਣਨ ਵਿੱਚ ਪੱਗੜੀ ਸੰਭਾਲ ਜੱਟਾ ਅਤੇ ਗ਼ਦਰ ਪਾਰਟੀ ਦੀਆਂ ਲਹਿਰਾਂ ਦੇ ਨਾਲ ਨਾਲ ਪੰਜਾਬ ਦੇ ਸਿਆਸੀ ਅਤੇ ਸਮਾਜਿਕ ਜੀਵਨ ਵਿੱਚ ਰੌਲੈੱਟ ਐਕਟ ਵਿਰੁੱਧ ਉੱਠੀ ਲਹਿਰ (ਜਿਸ ਦੌਰਾਨ 13 ਅਪਰੈਲ 1919 ਦਾ ਜਲ੍ਹਿਆਂਵਾਲੇ ਬਾਗ਼ ਦਾ ਦੁਖਾਂਤ ਹੋਇਆ) ਦਾ ਖਮੀਰ ਵੀ ਸ਼ਾਮਿਲ ਸਨ।

ਇੱਥੇ ਇਹ ਵੀ ਮਹੱਤਵਪੂਰਨ ਹੈ ਕਿ ਅਕਾਲੀ ਦਲ ਉਦੋਂ ਹੋਂਦ ਵਿੱਚ ਆਇਆ ਜਦੋਂ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੀਆਂ ਸੰਸਥਾਵਾਂ ਤੇ ਜਥੇਬੰਦੀਆਂ ਅਤੇ ਰਾਜੇ-ਰਜਵਾੜੇ ਅੰਗਰੇਜ਼-ਪੱਖੀ ਸਨ ਜਦੋਂਕਿ ਅਕਾਲੀ ਦਲ ਲਗਾਤਾਰ ਬਸਤੀਵਾਦ ਦਾ ਵਿਰੋਧ ਕਰਨ ਵਾਲੀ ਪਾਰਟੀ ਬਣ ਕੇ ਉੱਭਰਿਆ। ਇਸ ਤਰ੍ਹਾਂ ਪਾਰਟੀ ਆਧੁਨਿਕ ਸਿਆਸੀ ਢਾਂਚੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਤੇ ਪ੍ਰਮੁੱਖ ਪਾਰਟੀ ਬਣੀ।

ਪਿਛਲੀ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਗੁਰਦੁਆਰੇ ਭ੍ਰਿਸ਼ਟ ਹੋ ਚੁੱਕੇ ਪੁਜਾਰੀਆਂ ਅਤੇ ਮਹੰਤਾਂ ਦੇ ਹੱਥਾਂ ਵਿੱਚ ਸਨ ਅਤੇ ਅੰਗਰੇਜ਼ ਸਰਕਾਰ ਉਨ੍ਹਾਂ ਦੀ ਪਿੱਠ ’ਤੇ ਸੀ। 1920 ਵਿੱਚ ਅਕਾਲੀ ਦਲ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਹੀ ਅਕਾਲੀ ਸੰਘਰਸ਼ ਸ਼ੁਰੂ ਹੋ ਚੁੱਕਾ ਸੀ ਅਤੇ ਵੱਖ ਵੱਖ ਸਥਾਨਕ ਅਕਾਲੀ ਜਥਿਆਂ ਨੇ ਗੁਰਦੁਆਰਿਆਂ ਨੂੰ ਪੁਜਾਰੀਆਂ ਤੋਂ ਆਜ਼ਾਦ ਕਰਵਾਉਣ ਲਈ ਸ਼ਾਂਤਮਈ ਢੰਗ ਨਾਲ ਯਤਨ ਕਰਨੇ ਸ਼ੁਰੂ ਕਰ ਦਿੱਤੇ ਸਨ। ਦਰਬਾਰ ਸਾਹਿਬ ਤਰਨ ਤਾਰਨ ਨੂੰ ਮਹੰਤ ਤੋਂ ਆਜ਼ਾਦ ਕਰਵਾਉਣ ਲਈ ਵਿੱਢੇ ਗਏ ਸੰਘਰਸ਼ ਵਿੱਚ ਭਾਈ ਹੁਕਮ ਸਿੰਘ ਅਤੇ ਭਾਈ ਹਜ਼ਾਰਾ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਅਤੇ ਲਹਿਰ ਦੇ ਪਹਿਲੇ ਸ਼ਹੀਦ ਬਣੇ। 20 ਫਰਵਰੀ 1921 ਨੂੰ ਭਾਈ ਲਛਮਣ ਸਿੰਘ ਦੀ ਅਗਵਾਈ ਵਾਲਾ ਜਥਾ ਨਨਕਾਣਾ ਸਾਹਿਬ ਪਹੁੰਚਿਆ ਜਿਸ ਉੱਤੇ ਮਹੰਤ ਨਰਾਇਣ ਦਾਸ ਦੇ ਭਾੜੇ ’ਤੇ ਲਏ ਹਮਾਇਤੀਆਂ ਨੇ ਗੋਲੀ ਚਲਾਈ ਜਿਸ ਵਿੱਚ 100 ਤੋਂ ਜ਼ਿਆਦਾ ਅਕਾਲੀ ਸ਼ਹੀਦ ਹੋਏ। ਇਸ ਤਰ੍ਹਾਂ ਇਸ ਪਾਰਟੀ ਦਾ ਇਤਿਹਾਸ ਕੁਰਬਾਨੀਆਂ ਨਾਲ ਸ਼ੁਰੂ ਹੋਇਆ ਅਤੇ ਇਹ ਸਿਲਸਿਲਾ ਗੁਰੂ ਕਾ ਬਾਗ਼, ਜੈਤੋ ਦਾ ਮੋਰਚਾ ਅਤੇ ਹੋਰ ਮੋਰਚਿਆਂ ਦੇ ਰੂਪ ਵਿੱਚ ਚੱਲਦਾ ਰਿਹਾ। ਅਕਾਲੀਆਂ ਦੀ ਕਾਲੀ ਪੱਗ ਬਗ਼ਾਵਤ ਦਾ ਪ੍ਰਤੀਕ ਬਣ ਗਈ।

ਨਵੇਂ ਬਣੇ ਅਕਾਲੀ ਦਲ ਦੁਆਰਾ ਪੰਜਾਬ ਅਤੇ ਖ਼ਾਸ ਕਰਕੇ ਇਸ ਦੇ ਦਿਹਾਤੀ ਇਲਾਕਿਆਂ ਨੂੰ ਊਰਜਿਤ ਕਰਨ ਦਾ ਬਿਆਨ ਸੋਹਣ ਸਿੰਘ ਜੋਸ਼ ਨੇ ਇਉਂ ਕੀਤਾ ਹੈ: ‘‘ਅਕਾਲੀਆਂ ਵਿੱਚ ਲੋਹੜੇ ਦਾ ਜੋਸ਼ ਤੇ ਉਤਸ਼ਾਹ ਸੀ। ਇਹ ਨਵੇਂ ਮੁਜਾਹਿਦ ਪੈਦਾ ਹੋਏ ਜਿਹੜੇ ਕਮਰਕੱਸੇ ਬੰਨ੍ਹੀਂ, ਗਾਤਰਿਆਂ ਵਿੱਚ ਵੱਡੀਆਂ ਛੋਟੀਆਂ ਕਿਰਪਾਨਾਂ ਪਾਈ, ਪਿੰਡਾਂ ਵਿੱਚ ਮਿਸ਼ਨਰੀਆਂ ਜੇਹੀ ਜੇਤੂ ਸਪਿਰਟ ਲੈ ਕੇ ਜਾਂਦੇ ਸਨ ਅਤੇ ਪਿੰਡਾਂ ਨੂੰ ਅਕਾਲੀ ਦਲ ਨਾਲ ਜੋੜੀ ਜਾਂਦੇ ਸਨ। ਇਨ੍ਹਾਂ ਦੀ ਖਲੜੀ ਵਿੱਚ ਕੋਈ ਡਰ-ਭਉ ਨਹੀਂ ਸੀ ਰਿਹਾ। ਇਨ੍ਹਾਂ ਦਾ ਹਰਮਨ ਪਿਆਰਾ ਗੀਤ (ਸ਼ਬਦ) ਇਹ ਸੀ: ‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।। ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।।’ ਵਾਤਾਰਵਨ ਵਿੱਚ ਨਵ-ਜ਼ਿੰਦਗੀ ਦੀ ਸੁਗੰਧੀ ਖਿਲਰ ਰਹੀ ਸੀ। … ਅਕਾਲੀਆਂ ਦੀਆਂ ਇਹ ਦੋਵੇਂ ਸ਼੍ਰੋਮਣੀ ਜਥੇਬੰਦੀਆਂ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ) ਇੱਕ ਜ਼ਬਰਦਸਤ ਤਾਕਤ ਬਣ ਗਈਆਂ ਅਤੇ ਇਨ੍ਹਾਂ ਨੇ ਮੋਰਚੇ ਲਾ ਕੇ ਅੰਗਰੇਜ਼ ਸਾਮਰਾਜ ਦੇ ਸਤਕਾਰ ਤੇ ਵੱਕਾਰ ਨੂੰ ਮਿੱਟੀ ਵਿੱਚ ਰੋਲਿਆ। ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਅੰਗਰੇਜ਼ੀ ਰਾਜ ਲਈ ਸਭ ਤੋਂ ਵੱਡਾ ਹਊਆ ਬਣ ਗਈ ਅਤੇ ਹਾਕਮਾਂ ਨੇ ਇਸ ਦੇ ਮੈਂਬਰਾਂ ਦੇ (ਅਕਾਲੀ ਦਲ ਦੇ ਲਗਾਏ ਮੋਰਚਿਆਂ ਦੌਰਾਨ) ਚਾਰ ਚਾਰ ਦੀ ਕਤਾਰ ਵਿੱਚ ਹੋ ਕੇ, ਕਦਮ ਮਿਲਾ ਕੇ ਮਾਰਚ ਕਰਨ ਨੂੰ ਅੰਗਰੇਜ਼ ਰਾਜ ਲਈ ਬੜਾ ਵੱਡਾ ਖ਼ਤਰਾ ਅਨੁਭਵ ਕੀਤਾ।’’ ਇਸ ਪਾਰਟੀ ਦੇ ਕਿਰਦਾਰ ਨੂੰ ਹੀਰਾ ਸਿੰਘ ਦਰਦ ਨੇ ਆਪਣੀ ਮਸ਼ਹੂਰ ਕਵਿਤਾ ‘ਆ ਗਿਆ ਫੇਰ ਅਕਾਲੀ ਜੇ’ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਸੀ, ‘‘ਹੁਣ ਤਾਂ ਫੇਰ ਅਕਾਲੀ ਆ ਗਿਆ, ਡੰਕਾ ਸੱਚ ਵਜਾਏਗਾ/ ਦੇਸ਼ ਦੇਸ਼ਾਂਤਰ ਫਿਰ ਕੇ, ਸਾਰੇ ਨਿਰਭੈ ਗੀਤ ਸੁਣਾਏਗਾ/ ਵਿੱਚ ਗੁਲਾਮੀ ਬਧਿਆਂ ਤਾਈਂ, ਏਹੀ ਵੀਰ ਛੁਡਾਏਗਾ/ ਡਿੱਗਿਆਂ ਢੱਠਿਆਂ ਫਟਿਆਂ ਤਾਈਂ ਛਾਤੀ ਨਾਲ ਲਗਾਏਗਾ/ ਸੁੱਕਾ ਹੋਇਆ ਬਾਗ ਸਿੰਜਸੀ, ਭਾਰਤ ਦਾ ਬਣ ਮਾਲੀ ਜੇ।’’

ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਅਕਾਲੀ ਦਲ ਦਾ ਸਭ ਤੋਂ ਵੱਡਾ ਰਾਜਸੀ ਐਕਸ਼ਨ ਸਾਈਮਨ ਕਮਿਸ਼ਨ ਦਾ ਬਾਈਕਾਟ ਸੀ। 3 ਫਰਵਰੀ 1928 ਨੂੰ ਕਾਂਗਰਸੀਆਂ ਅਤੇ ਅਕਾਲੀਆਂ ਨੇ ਸਾਈਮਨ ਕਮਿਸ਼ਨ ਵਿਰੁੱਧ ਸਾਂਝੇ ਮੁਜ਼ਾਹਰੇ ਕੀਤੇ। ਜਦੋਂ 1929 ਵਿੱਚ ਲਾਹੌਰ ਵਿੱਚ ਰਾਵੀ ਕੰਢੇ ਹੋਏ ਇਜਲਾਸ ਵਿੱਚ ਕਾਂਗਰਸ ਨੇ ਪੂਰਨ ਆਜ਼ਾਦੀ ਦਾ ਮਤਾ ਪਾਸ ਕੀਤਾ ਤਾਂ ਅਕਾਲੀਆਂ ਨੇ ਇਸ ਦੀ ਹਮਾਇਤ ਕੀਤੀ ਅਤੇ 26 ਜਨਵਰੀ 1930 ਨੂੰ ਮਨਾਏ ‘ਸੁਤੰਤਰਤਾ ਦਿਵਸ’ ਵਿੱਚ ਅਕਾਲੀ ਦਲ ਦੇ ਕਾਰਕੁਨ ਅਤੇ ਹਮਾਇਤੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। 1930 ਵਿੱਚ ਅਕਾਲੀ ਦਲ ਕਾਂਗਰਸ ਦੀ ਅਗਵਾਈ ਵਾਲੀ ‘ਸਿਵਲ ਨਾਫ਼ਰਮਾਨੀ ਲਹਿਰ’ ਵਿੱਚ ਸ਼ਾਮਿਲ ਹੋਇਆ ਅਤੇ ਕਾਂਗਰਸੀ ਆਗੂ ਲਾਲਾ ਦੁਨੀ ਚੰਦ ਅਨੁਸਾਰ ਵਸੋਂ ਦੇ ਅਨੁਪਾਤ ਦੇ ਪੱਖ ਤੋਂ ਸਿੱਖਾਂ ਨੇ ਜੇਲ੍ਹ ਵਿੱਚ ਸਭ ਤੋਂ ਵੱਧ ਵਾਲੰਟੀਅਰ ਭੇਜੇ।

 

ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਾਈ ਐਮਰਜੈਂਸੀ ਦਾ ਵਿਰੋਧ ਕਰਨ ਲਈ 9 ਜੁਲਾਈ 1975 ਨੂੰ ਇਕੱਤਰ ਹੋਏ ਅਕਾਲੀ ਆਗੂ। 17 ਜਨਵਰੀ 1977 ਤੱਕ ਚੱਲੇ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੌਰਾਨ 43,472 ਸਿੱਖਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ। (ਸੱਜੇ) ਆਨੰਦਪੁਰ ਸਾਹਿਬ ਦੇ ਮਤੇ ਵੇਲੇ ਆਗੂਆਂ ਦੀ ਯਾਦਗਾਰੀ ਤਸਵੀਰ। 

ਫੋਟੋਆਂ: ਸ਼੍ਰੋਮਣੀ ਅਕਾਲੀ ਦਲ

 

ਅੱਜ ਦੇ ਅਕਾਲੀ ਆਗੂ ਪਾਰਟੀ ਦਾ ਇਤਿਹਾਸ ਤਾਂ ਜਾਣਦੇ ਹਨ ਪਰ ਕੁਰਬਾਨੀ ਤੇ ਤਿਆਗ ਦੀ ਉਸ ਭਾਵਨਾ ਤੋਂ ਕੋਹਾਂ ਦੂਰੀ ’ਤੇ ਖੜ੍ਹੇ ਹਨ। ਉਨ੍ਹਾਂ ਦੀ ਪੰਜਾਬ ਤੇ ਪੰਜਾਬੀਅਤ ਪ੍ਰਤੀ ਪ੍ਰਤੀਬੱਧਤਾ ਸ਼ੱਕ ਦੇ ਘੇਰੇ ਵਿੱਚ ਹੈ ਅਤੇ ਉਹ ਪੰਜਾਬੀਆਂ ਅਤੇ ਸਿੱਖਾਂ ਦੀ ਵੱਡੀ ਗਿਣਤੀ ਦਾ ਇਤਬਾਰ ਗੁਆ ਚੁੱਕੇ ਹਨ।

ਆਜ਼ਾਦੀ ਤੋਂ ਪਹਿਲਾਂ 1937 ਤੇ 1945-46 ਦੀਆਂ ਚੋਣਾਂ ਵਿੱਚ ਅਕਾਲੀ ਪੰਜਾਬ ਦੀ ਮਹੱਤਵਪੂਰਨ ਰਾਜਸੀ ਧਿਰ ਵਜੋਂ ਉੱਭਰੇ ਜਿਸ ਦਾ ਖ਼ਾਸਾ ਪੰਜਾਬੀ ਸੀ ਕਿਉਂਕਿ ਉਹ ਪੰਜਾਬ ਦੀ ਕਾਂਗਰਸ ਜਾਂ ਮੁਸਲਿਮ ਲੀਗ ਵਾਂਗ ਕਿਸੇ ਕੌਮੀ ਪੱਧਰ ਦੀ ਪਾਰਟੀ ਦੇ ਅਧੀਨ ਨਹੀਂ ਸਨ। ਇਹ ਸਮਾਂ ਅਕਾਲੀ ਪਾਰਟੀ ਲਈ ਵੱਡੀ ਕਸ਼ਮਕਸ਼ ਵਾਲਾ ਸੀ ਕਿਉਂਕਿ ਮੁਸਲਿਮ ਲੀਗ ਦੇਸ਼ ਨੂੰ ਧਰਮ ਦੇ ਆਧਾਰ ’ਤੇ ਵੰਡਣ ਲਈ ਜ਼ੋਰ ਲਗਾ ਰਹੀ ਸੀ। ਅੰਤ ਵਿੱਚ ਅਕਾਲੀਆਂ ਨੇ ਕਾਂਗਰਸ ਦੀ ਹਮਾਇਤ ਕਰਨ ਅਤੇ ਭਾਰਤ ਵਿੱਚ ਰਹਿਣ ਦਾ ਫ਼ੈਸਲਾ ਕੀਤਾ।

1947 ਵਿੱਚ ਪੰਜਾਬ ਨੇ ਵੰਡ ਦਾ ਵੱਡਾ ਦੁਖਾਂਤ ਝੱਲਿਆ ਜਿਸ ਵਿੱਚ ਲੱਖਾਂ ਪੰਜਾਬੀ ਮਾਰੇ ਗਏ ਅਤੇ ਲੱਖਾਂ ਨੂੰ ਆਪਣੇ ਘਰ-ਘਾਟ ਛੱਡਣੇ ਪਏ। ਆਜ਼ਾਦੀ ਤੋਂ ਬਾਅਦ ਦੇਸ਼ ਦੀਆਂ ਧਾਰਮਿਕ ਅਤੇ ਭਾਸ਼ਾਈ ਘੱਟਗਿਣਤੀਆਂ ਨੂੰ ਹੋਰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। ਚੜ੍ਹਦੇ ਪੰਜਾਬ ਵਿੱਚ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੇ ਪੰਜਾਬੀ ਨੂੰ ਗੁਰਮੁਖੀ ਜਾਂ ਦੇਵਨਾਗਰੀ ਲਿਪੀ ਵਿੱਚ ਸਿੱਖਿਆ ਦਾ ਮਾਧਿਅਮ ਮੰਨਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿੱਚ ਸੱਚਰ ਫਾਰਮੂਲਾ ਬਣਾਇਆ ਗਿਆ ਜਿਸ ਅਨੁਸਾਰ ਪੰਜਾਬੀ ਤੇ ਹਿੰਦੀ ਦੋਹਾਂ ਨੂੰ ਵੱਖ ਵੱਖ ਇਲਾਕਿਆਂ ਵਿੱਚ ਵੱਖ ਵੱਖ ਜਮਾਤਾਂ ਤੋਂ ਪੜ੍ਹਾਉਣ ਦੀ ਸਹੂਲਤ ਦਿੱਤੀ ਗਈ। ਅਕਾਲੀ ਦਲ ਨੇ ਇਸ ਦੀ ਹਮਾਇਤ ਕੀਤੀ ਜਦੋਂਕਿ ਜਨਸੰਘ ਅਤੇ ਹਿੰਦੂ ਮਹਾਂਸਭਾ ਨੇ ਇਸ ਦਾ ਵਿਰੋਧ ਕੀਤਾ। ਉਸ ਵੇਲੇ ਅਕਾਲੀ ਦਲ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਸੀ ਕਿ ਉਸ ਨੇ ਮਈ 1950 ਵਿੱਚ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੇ ਆਧਾਰ ’ਤੇ ਪੰਜਾਬੀ ਸੂਬਾ ਬਣਾਉਣ ਦੀ ਮੰਗ ਉਠਾਈ ਜਿਹੜੀ ਕਈ ਸੰਘਰਸ਼ਾਂ ਬਾਅਦ 1966 ਵਿੱਚ ਸਵੀਕਾਰ ਕੀਤੀ ਗਈ। 1967 ਵਿੱਚ ਅਕਾਲੀ ਦਲ ਨੂੰ ਸਾਂਝੇ ਮੋਰਚੇ ਦੇ ਆਗੂ ਵਜੋਂ ਪਹਿਲੀ ਵਾਰ ਸੱਤਾ ਮਿਲੀ ਜਿਸ ਵਿੱਚ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਬਣੇ।

ਤੀਹ ਸਤੰਬਰ 1968 ਨੂੰ ਬਟਾਲੇ ਵਿੱਚ ਹੋਈ ਅਕਾਲੀ ਕਾਨਫਰੰਸ ਨੇ ਰਾਜਾਂ ਨੂੰ ਫੈਡਰਲ ਆਧਾਰ ’ਤੇ ਵਧੇਰੇ ਖ਼ੁਦਮੁਖ਼ਤਾਰੀ ਦੇਣ ਦੀ ਮੰਗ ਕੀਤੀ। ਇਸ ਮੰਗ ਨੂੰ 13 ਅਪਰੈਲ 1973 ਨੂੰ ‘ਆਨੰਦਪੁਰ ਸਾਹਿਬ ਦੇ ਮਤੇ’ ਵਿੱਚ ਵਿਸਥਾਰ ਦਿੱਤਾ ਗਿਆ। 1975 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਲਾ ਦਿੱਤੀ। ਜੂਨ 1975 ਦੇ ਅੰਤ ਵਿੱਚ ਅਕਾਲੀ ਦਲ ਦੀ ਕਾਰਜਕਾਰਨੀ ਨੇ ਕਾਂਗਰਸ ਦੀ ‘ਫਾਸ਼ੀਵਾਦੀ ਰੁਚੀ’ ਦੇ ਖ਼ਿਲਾਫ ਸੰਘਰਸ਼ ਕਰਨ ਦਾ ਮਤਾ ਪਾਸ ਕੀਤਾ ਅਤੇ ਜੁਲਾਈ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਮਹੂਰੀਅਤ ਨੂੰ ਬਚਾਉਣ ਲਈ ਮੋਰਚਾ ਆਰੰਭਿਆ। ਇਸ ਸੰਘਰਸ਼ ਸਦਕਾ ਦਲ ਦਾ ਆਧਾਰ ਹੋਰ ਵਿਸ਼ਾਲ ਹੋਇਆ ਅਤੇ 1977 ਵਿੱਚ ਪਾਰਟੀ ਫਿਰ ਸੱਤਾ ਵਿੱਚ ਆਈ। 1966 ਵਿੱਚ ਭਾਸ਼ਾ ਦੇ ਆਧਾਰ ’ਤੇ ਸੂਬਾ ਬਣਨ ਤੋਂ ਬਾਅਦ ਅਕਾਲੀ ਦਲ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਦੇਰ ਸੱਤਾ ਵਿੱਚ ਰਹਿਣ ਵਾਲੀ ਪਾਰਟੀ ਹੈ।

ਇੱਥੇ ਸਵਾਲ ਇਹ ਹੈ ਕਿ ਅਕਾਲੀ ਦਲ ਦੀ ਇਹ ਸਿਆਸੀ ਪ੍ਰਮੁੱਖਤਾ ਕਦੋਂ ਗੁਆਚੀ। ਸਪੱਸ਼ਟ ਹੈ ਕਿ  ਇਹ 2007 ਤੋਂ 2017 ਵਿੱਚ ਲਗਾਤਾਰ ਸੱਤਾ ਵਿੱਚ ਰਹਿਣ ਦੌਰਾਨ ਗੁਆਚੀ ਅਤੇ 2012-2017 ਦੌਰਾਨ ਗੁਆਚੀ ਵੀ ਇਸ ਤਰ੍ਹਾਂ ਕਿ ਪਾਰਟੀ ਨੂੰ ਵੀ ਇਸ ਦਾ ਪਤਾ ਨਾ ਲੱਗਿਆ। ਇਸ ਦੇ ਪ੍ਰਮੁੱਖ ਕਾਰਨ ਸਨ/ਹਨ: ਆਗੂਆਂ ਦੀ ਲੋਕਾਂ ਤੋਂ ਦੂਰੀ, ਹੰਕਾਰ, ਲਾਲਚ, ਰਿਸ਼ਵਤਖ਼ੋਰੀ ਅਤੇ ਪਰਿਵਾਰਵਾਦ।

ਇੱਥੇ ਇਹ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਇੰਨੇ ਵੱਡੇ ਇਤਿਹਾਸਕ ਪਿਛੋਕੜ ਵਾਲੀ ਪਾਰਟੀ ਦਾ ਵਰਤਮਾਨ ਸਰੂਪ ਕਿਹੋ ਜਿਹਾ ਹੈ? 1975 ਵਿੱਚ ਕਾਂਗਰਸ ਦੀਆਂ ਫਾਸ਼ੀਵਾਦੀ ਰੁਚੀਆਂ ਵਿਰੁੱਧ ਲੜਨ ਵਾਲਾ ਅਕਾਲੀ ਦਲ ਹੁਣ ਕਿਤੇ ਦਿਖਾਈ ਨਹੀਂ ਦਿੰਦਾ। ਕੇਂਦਰ ਵਿੱਚ ਭਾਜਪਾ ਨਾਲ ਸੱਤਾ ਦਾ ਭਾਈਵਾਲ ਰਹਿੰਦਿਆਂ ਅਕਾਲੀ ਦਲ ਨੇ ਦੇਸ਼ ਦੇ ਵੱਡੀ ਘੱਟਗਿਣਤੀ ਫ਼ਿਰਕੇ ਵਿਰੁੱਧ ਹੋਈ ਹਜੂਮੀ ਹਿੰਸਾ, ਧਾਰਾ 370 ਮਨਸੂਖ ਕਰਨ, ਨਾਗਰਿਕਤਾ ਸੋਧ ਬਿੱਲ ਪਾਸ ਕਰਨ ਆਦਿ ਵਿੱਚ ਦੇਸ਼ ਦੇ ਸੰਘੀ ਢਾਂਚੇ ਦੀ ਰਾਖੀ ਕਰਨ ਅਤੇ ਘੱਟਗਿਣਤੀਆਂ ਦੇ ਹੱਕ ਵਿੱਚ ਆਵਾਜ਼ ਉਠਾਉਣ ਦੇ ਅਸੂਲਾਂ ਨੂੰ ਪਿੱਠ ਵਿਖਾਈ। ਇੱਥੇ ਇਹ ਧਿਆਨ ਦੇਣਯੋਗ ਹੈ ਕਿ ਅਕਾਲੀ ਦਲ ਆਪਣੀਆਂ ਇਨ੍ਹਾਂ ਭੁੱਲਾਂ ਨੂੰ ਸਵੀਕਾਰ ਕਰਨ ਤੇ ਸ੍ਵੈ-ਪੜਚੋਲ ਕਰਨ ਲਈ ਤਿਆਰ ਨਹੀਂ ਹੈ। ਇਹੀ ਨਹੀਂ, ਪਾਰਟੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਹੋਰ ਧਾਰਮਿਕ ਮੁੱਦਿਆਂ ’ਤੇ ਵੀ ਅਤਿਅੰਤ ਸੰਵੇਦਨਹੀਣਤਾ ਦਿਖਾਈ ਜਿਸ ਕਾਰਨ ਪਾਰਟੀ ਪੰਜਾਬੀਆਂ ਤੇ ਸਿੱਖਾਂ ਦੇ ਮਨਾਂ ਤੋਂ ਦੂਰ ਹੁੰਦੀ ਗਈ ਹੈ ਅਤੇ ਹੋਰ ਦੂਰ ਹੋ ਰਹੀ ਹੈ।

ਲੋਕਾਂ ਤੋਂ ਦੂਰ ਹੋਣ ਵਿੱਚ ਵੱਡੀ ਤੇਜ਼ੀ 2020 ਵਿੱਚ ਆਈ ਸੀ ਜਦੋਂ ਕੇਂਦਰ ਸਰਕਾਰ ਨੇ ਖੇਤੀ ਖੇਤਰ ਨਾਲ ਸਬੰਧਿਤ ਆਰਡੀਨੈਂਸ ਜਾਰੀ ਕੀਤੇ ਤਾਂ ਅਕਾਲੀ ਦਲ ਕੇਂਦਰ ਸਰਕਾਰ ਵਿੱਚ ਭਾਰਤੀ ਜਨਤਾ ਪਾਰਟੀ ਦਾ ਭਾਈਵਾਲ ਸੀ। ਬਹੁਤ ਦੇਰ ਤੱਕ ਅਕਾਲੀ ਆਗੂ ਇਨ੍ਹਾਂ ਆਰਡੀਨੈਂਸਾਂ (ਜੋ ਬਾਅਦ ਵਿੱਚ ਕਾਨੂੰਨ ਬਣ ਗਏ ਸਨ) ਨੂੰ ਸਹੀ ਦਰਸਾਉਂਦੇ ਰਹੇ ਪਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਅਜਿਹਾ ਵਿਸ਼ਾਲ ਕਿਸਾਨ ਅੰਦੋਲਨ ਹੋਂਦ ਵਿੱਚ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੇਂਦਰੀ ਸਰਕਾਰ ਤੋਂ ਵੱਖ ਹੋਣ ਲਈ ਮਜਬੂਰ ਹੋਣਾ ਪਿਆ।

ਸੌ ਸਾਲ ਪਹਿਲਾਂ ਪੰਜਾਬ ਦੇ ਵਾਤਾਵਰਨ ਵਿੱਚ ‘ਨਵ-ਜ਼ਿੰਦਗੀ ਦੀ ਸੁਗੰਧੀ’ ਖਿਲਾਰਨ ਵਾਲੀ ਪਾਰਟੀ ਵਿੱਚ ਇੰਨਾ ਵੱਡਾ ਨਿਘਾਰ ਕਿਉਂ ਆਇਆ ਹੈ? ਦਲ ਨੇ ਆਪਣੇ ਸ਼ਾਨਦਾਰ ਇਤਿਹਾਸਕ ਪਿਛੋਕੜ ਅਤੇ ਜਮਹੂਰੀ ਪਿਰਤਾਂ ਤੋਂ ਮੂੰਹ ਮੋੜ ਕੇ ਪਰਿਵਾਰਵਾਦ ਦਾ ਪੱਲਾ ਕਿਉਂ ਫੜ ਲਿਆ ਹੈ? ਕਿਉਂ ਪਾਰਟੀ ਦੇ ਆਗੂਆਂ ਦੇ ਚਿਹਰੇ, ਬੋਲੀ ਅਤੇ ਜੀਵਨ-ਜਾਚ ਕਿਸਾਨ-ਮੁਖੀ ਘੱਟ ਅਤੇ ਸਰਮਾਏਦਾਰ-ਮੁਖੀ ਜ਼ਿਆਦਾ ਲੱਗਦੇ ਹਨ? ਪਾਰਟੀ ਦਾ ਭੋਇੰ-ਮੁਖੀ ਕਿਰਦਾਰ ਕਿਉਂ ਲੋਪ ਹੋ ਗਿਆ ਹੈ? ਫੈਡਰਲਿਜ਼ਮ, ਖੇਤਰੀ ਹਿੱਤਾਂ ਅਤੇ ਘੱਟਗਿਣਤੀ ਫ਼ਿਰਕਿਆਂ ਦੇ ਹੱਕਾਂ ਦੀ ਅਲੰਬਰਦਾਰ ਬਣਨ ਦੀ ਸਮਰੱਥਾ ਰੱਖਦੀ ਇਸ ਪਾਰਟੀ ਕੋਲ ਅੱਜ ਪੰਜਾਬ ਤੇ ਦੇਸ਼ ਦੀ ਸਿਆਸਤ ਨੂੰ ਸੇਧ ਦੇਣ ਵਾਲਾ ਕੋਈ ਸਿਆਸੀ ਤੇ ਸਮਾਜਿਕ ਏਜੰਡਾ ਕਿਉਂ ਨਹੀਂ ਹੈ?

ਪ੍ਰਮੁੱਖ ਸਵਾਲ ਇਹ ਹੈ ਕਿ ਪੰਜਾਬ ਦੀ ਅੱਜ ਦੀ ਸਿਆਸਤ ਵਿੱਚ ਅਕਾਲੀ ਦਲ ਲਈ ਕੋਈ ਭੂਮਿਕਾ ਬਚੀ ਹੈ ਜਾਂ ਨਹੀਂ। ਕੀ ਪੰਜਾਬ ਨੂੰ ਅਕਾਲੀ ਦਲ ਦੀ ਲੋੜ ਹੈ ਜਾਂ ਪਾਰਟੀ ਆਪਣੀ ਸਾਰਥਿਕਤਾ ਗੁਆ ਚੁੱਕੀ ਹੈ? ਇੱਥੇ ਇਹ ਪ੍ਰਸ਼ਨ ਉੱਭਰਦਾ ਹੈ ਕਿ ਜੇ ਅਕਾਲੀ ਦਲ ਹੋਰ ਕਮਜ਼ੋਰ ਹੁੰਦਾ ਹੈ ਤਾਂ ਸਿੱਖ ਭਾਈਚਾਰੇ ਦੀ ਭਾਵਨਾਤਮਕ ਤੇ ਹਕੀਕੀ ਨੁਮਾਇੰਦਗੀ ਕਿਹੜੀ ਪਾਰਟੀ ਕਰੇਗੀ?

ਇਨ੍ਹਾਂ ਸਵਾਲਾਂ ਦੇ ਜਵਾਬ ਜਟਿਲ ਹਨ। 1960 ਤੱਕ ਅਕਾਲੀ ਦਲ ਅਤੇ ਕਾਂਗਰਸ ਇੱਕ ਦੂਜੇ ਦੇ ਨਜ਼ਦੀਕ ਸਨ। 1957 ਦੀਆਂ ਲੋਕ ਸਭਾ ਚੋਣਾਂ ਵੀ ਦੋਹਾਂ ਪਾਰਟੀਆਂ ਨੇ ਇਕੱਠਿਆਂ ਲੜੀਆਂ ਪਰ 1980ਵਿਆਂ ਦੇ ਘਟਨਾਕ੍ਰਮ ਅਤੇ 1984 ਵਿੱਚ ਦਰਬਾਰ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਤੇ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦੇ ਕਤਲੇਆਮ ਨੇ ਦੋਵਾਂ ਪਾਰਟੀਆਂ ’ਚ ਅਜਿਹਾ ਪਾੜਾ ਪਾ ਦਿੱਤਾ ਜਿਸ ਨੂੰ ਮੇਟਿਆ ਨਹੀਂ ਜਾ ਸਕਦਾ। ਇਹ ਵੱਖਰੀ ਗੱਲ ਹੈ ਕਿ ਸਿੱਖਾਂ ਦੀ ਇੱਕ ਵੱਡੀ ਗਿਣਤੀ ਕਾਂਗਰਸ ਦੇ ਸਭ ਧਾਰਮਿਕ ਫ਼ਿਰਕਿਆਂ ਨੂੰ ਨਾਲ ਲੈ ਕੇ ਚੱਲਣ ਦੇ ਸਿਆਸੀ ਪ੍ਰੋਗਰਾਮ ਵਿੱਚ ਯਕੀਨ ਰੱਖਦੀ ਹੋਈ ਕਾਂਗਰਸ ਨੂੰ ਵੋਟਾਂ ਪਾਉਂਦੀ ਰਹੀ ਹੈ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਪਾਈਆਂ ਹਨ। ਇਸ ਦੇ ਬਾਵਜੂਦ ਕਾਂਗਰਸ ਭਾਵਨਾਤਮਕ ਪੱਧਰ ’ਤੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨਹੀਂ ਕਰ ਸਕਦੀ। ਇੱਥੇ ਪ੍ਰਸ਼ਨ ਇਹ ਹੈ ਕਿ ਕੀ ਆਮ ਆਦਮੀ ਪਾਰਟੀ ਅਜਿਹਾ ਕਰ ਸਕਦੀ ਹੈ। ਕਈ ਸਿਆਸੀ ਮਾਹਿਰਾਂ ਦਾ ਖ਼ਿਆਲ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਬਣਨ ਦੀ ਸਮਰੱਥਾ ਹੈ; ਇਸ ਪੱਧਰ ’ਤੇ ਇਹ ਅਕਾਲੀ ਦਲ ਦਾ ਬਦਲ ਬਣ ਸਕਦੀ ਹੈ ਜੇ ਇਹ ਪੰਜਾਬ ਵਿਚ ਅਜਿਹਾ ਅਕਸ ਬਣਾ ਸਕੇ ਕਿ ਉਸ ਦੀ ਆਪਣੀ ਆਜ਼ਾਦਾਨਾ ਹੋਂਦ ਹੈ। ਜਿੱਥੋਂ ਤੱਕ ਸਿੱਖਾਂ ਦੀ ਭਾਵਨਾਤਮਕ ਪ੍ਰਤੀਨਿਧਤਾ ਦਾ ਸਵਾਲ ਹੈ ਉੱਥੇ ‘ਆਪ’ ਨੂੰ ਵੀ ਉਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ ਹੈ ਜਿਨ੍ਹਾਂ ਦੀ ਨੌਈਅਤ ਕਾਂਗਰਸ ਨੂੰ ਦਰਪੇਸ਼ ਸਮੱਸਿਆਵਾਂ ਨਾਲ ਮਿਲਦੀ ਹੈ। ਅਜਿਹੇ ਹਾਲਾਤ ਵਿੱਚ ਪ੍ਰਤੱਖ ਹੈ ਕਿ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜ਼ਰੂਰਤ ਹੈ।

ਕੀ ਸ਼੍ਰੋਮਣੀ ਅਕਾਲੀ ਦਲ ਫਿਰ ਮਜ਼ਬੂਤ ਹੋ ਸਕਦਾ ਹੈ? ਇਸ ਦਾ ਜਵਾਬ ਇਹ ਹੈ ਕਿ ਜੇ ਪਾਰਟੀ ਕੁਝ ਕਦਮ ਚੁੱਕੇ ਤਾਂ ਉਹ ਲਗਾਤਾਰ ਹੋ ਰਹੇ ਨਿਘਾਰ ਨੂੰ ਠੱਲ੍ਹ ਪਾ ਸਕਦੀ ਹੈ। ਇਹ ਕਦਮ ਹਨ: ਪਾਰਟੀ ਦਾ ਜਮਹੂਰੀਕਰਨ; ਆਬ ਗਵਾ ਚੁੱਕੀ ਲੀਡਰਸ਼ਿਪ ਨੂੰ ਆਪਣੇ ਆਪ ਨੂੰ ਲੀਡਰਸ਼ਿਪ ਪੁਜੀਸ਼ਨ ਤੋਂ ਲਾਂਭੇ ਕਰ ਕੇ ਅਜਿਹੇ ਸਿੱਖ ਨੌਜਵਾਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ ਜਿਹੜੇ ਪੜ੍ਹੇ ਲਿਖੇ ਹੋਣ ਦੇ ਨਾਲ ਨਾਲ ਲੋਕਾਂ ਲਈ ਕੰਮ ਕਰਨ ਦੀ ਸਮਰੱਥਾ ਰੱਖਦੇ ਹੋਣ ਜਿਹੜੇ ਪੰਜਾਬ ਦੇ ਦਿਹਾਤੀ ਲੋਕਾਂ, ਕਿਸਾਨਾਂ ਤੇ ਦਲਿਤਾਂ ਦੇ ਹੱਕਾਂ ਵਿੱਚ ਆਵਾਜ਼ ਉਠਾਉਣ, ਜਿਹੜੇ ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ ਦੇ ਰਸਤੇ ’ਤੇ ਚੱਲਣ ’ਤੇ ਯਕੀਨ ਰੱਖਦੇ ਹੋਣ ਅਤੇ ਜਿਨ੍ਹਾਂ ਦੇ ਮਨ ਧਨ ਤੇ ਸੱਤਾ ਦੇ ਲਾਲਚ ਵਿੱਚ ਗ੍ਰਸੇ ਹੋਏ ਨਾ ਹੋਣ।

ਦੁਨੀਆ ਵਿੱਚ ਕਈ ਪਾਰਟੀਆਂ ਨੂੰ ਆਪਣੀ ਹੋਂਦ ਗਵਾਚ ਜਾਣ ਦੇ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਉਦਾਹਰਨ ਦੇ ਤੌਰ ’ਤੇ ਵੀਹਵੀਂ ਸਦੀ ਦੇ ਆਖ਼ਰੀ ਦਹਾਕਿਆਂ ਵਿੱਚ ਇੰਗਲੈਂਡ ਦੀ ਲੇਬਰ ਪਾਰਟੀ ਨੂੰ ਕੰਜ਼ਰਵੇਟਿਵ ਪਾਰਟੀ ਨੇ ਮਾਰਗਰੇਟ ਥੈਚਰ ਦੀ ਅਗਵਾਈ ਵਿੱਚ ਬੁਰੀ ਤਰ੍ਹਾਂ ਪਛਾੜ ਦਿੱਤਾ ਸੀ। ਲੇਬਰ ਪਾਰਟੀ ਨੇ ਆਪਣੀ ਪੁਰਾਣੀ ਲੀਡਰਸ਼ਿਪ ਨੂੰ ਲਾਂਭੇ ਕਰ ਕੇ ਨਵੇਂ ਨੌਜਵਾਨ ਆਗੂ ਪੈਦਾ ਕੀਤੇ ਤੇ ਫਿਰ ਕੰਜ਼ਰਵੇਟਿਵ ਪਾਰਟੀ ਨੂੰ ਹਰਾਇਆ। ਨਵੇਂ ਆਗੂਆਂ ਦੀ ਅਗਵਾਈ, ਕੰਮ ਕਰਨ ਦੇ ਢੰਗ ਤਰੀਕਿਆਂ, ਆਰਥਿਕ ਤੇ ਕੌਮਾਂਤਰੀ ਨੀਤੀਆਂ ਅਤੇ ਸੋਚ ਸਮਝ ਦੀ ਦਿਸ਼ਾ ਬਾਰੇ ਅਨੇਕ ਸਵਾਲ ਹਨ ਪਰ ਸਿਆਸੀ ਪੱਧਰ ’ਤੇ ਲੇਬਰ ਪਾਰਟੀ ਨੇ ਆਪਣੀ ਹੋਂਦ ਬਚਾਈ ਰੱਖੀ ਹੈ ਅਤੇ ਹੁਣ ਹੋ ਰਹੀਆਂ ਚੋਣਾਂ ਵਿੱਚ ਉਸ ਦੇ ਜਿੱਤਣ ਦੀ ਸੰਭਾਵਨਾ ਕਾਫ਼ੀ ਵੱਡੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਅਜਿਹੇ ਕਦਮ ਚੁੱਕਣੇ ਪੈਣੇ ਹਨ।

ਅਕਾਲੀ ਦਲ ਅਜੇ ਵੀ ਇੱਕ ਖੇਤਰੀ ਪਾਰਟੀ ਵਜੋਂ ਨਿਖਰ ਸਕਦਾ ਹੈ। ਇਸ ਕੋਲ ਘੱਟਗਿਣਤੀ ਫ਼ਿਰਕਿਆਂ ਦੇ ਹੱਕਾਂ ਦਾ ਅਲੰਬਰਦਾਰ ਬਣਨ ਦੀ ਸਮਰੱਥਾ ਹੈ; ਜੇ ਇਹ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜੇ ਅਤੇ ਮੰਡੀ ਦੇ ਰਿਸ਼ਤਿਆਂ ਵਿੱਚ ਪਿਸ ਰਹੀ ਪੰਜਾਬ ਦੀ ਕਿਸਾਨੀ ਦੀ ਆਵਾਜ਼ ਬਣ ਕੇ ਉੱਭਰੇ, ਦਬੇ ਕੁਚਲੇ ਲੋਕਾਂ, ਦਲਿਤਾਂ ਅਤੇ ਦਮਿਤਾਂ ਨੂੰ ਨਾਲ ਲੈ ਕੇ ਚੱਲਣ ਵਾਲਾ ਲੋਕਾਂ ਦਾ ਦਲ ਬਣੇ, ਪੰਜਾਬ ਦੀ ਲੋਕਾਈ ਦੀ ਹੂਕ ਬਣੇ। ਪਰ ਦਲ ਨੇ ਆਪਣੇ ਸ਼ਾਨਦਾਰ ਇਤਿਹਾਸਕ ਪਿਛੋਕੜ ਵੱਲੋਂ ਮੂੰਹ ਮੋੜ ਕੇ ਪਰਿਵਾਰਵਾਦ ਦਾ ਪੱਲਾ ਫੜ ਲਿਆ ਹੈ। ਇਸ ਕਾਰਨ ਉਹ ਸਿਆਸੀ ਤਵਾਜ਼ਨ, ਜੋ ਦਲ ਦੇ ਜ਼ਮੀਨੀ ਪੱਧਰ ਦੇ ਕਾਰਕੁਨਾਂ ਨੂੰ ਮਿਲਦੇ ਮਹੱਤਵ ਅਤੇ ਸ਼੍ਰੋਮਣੀ ਕਮੇਟੀ, ਅਕਾਲੀ ਦਲ ਤੇ ਸਰਕਾਰ ਦੀ ਵਾਗਡੋਰ ਵੱਖ ਵੱਖ ਸ਼ਖ਼ਸੀਅਤਾਂ ਦੇ ਹੱਥ ਵਿੱਚ ਹੋਣ ਨਾਲ ਬਣਿਆ ਹੋਇਆ ਸੀ, ਵਿਗੜ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵਿੱਚ ਪਰਿਵਾਰ ਸ਼੍ਰੋਮਣੀ ਹੋ ਗਿਆ ਹੈ।

ਉਪਰੋਕਤ ਵਰਤਾਰਿਆਂ ਕਾਰਨ ਅਕਾਲੀ ਦਲ ਦਾ ਭੋਇੰ ਮੁਖੀ ਕਿਰਦਾਰ ਲੋਪ ਹੋ ਗਿਆ ਹੈ। ਇਸ ਦੇ ਆਗੂਆਂ ਦੀ ਦਿੱਖ ਹੁਣ ਨਵੇਂ ਬਣੇ ਲਾਲਚੀ ਸਰਮਾਏਦਾਰਾਂ ਵਾਲੀ ਹੈ। ਇਸ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ। ਲੋਕਾਂ ਨੂੰ ਯਾਦ ਹੈ ਕਿ ਇੱਕੀਵੀਂ ਸਦੀ ਵਿੱਚ ਇਸ ਦੇ ਦਸ ਸਾਲਾਂ ਦੇ ਰਾਜ ਵਿੱਚ ਪੰਜਾਬ ਨਸ਼ਿਆਂ ਦੇ ਥਾਹਹੀਣੇ ਸਮੁੰਦਰ ਵਿੱਚ ਡੁੱਬ ਗਿਆ। ਰਿਸ਼ਵਤਖ਼ੋਰੀ ਸਿਖਰਾਂ ’ਤੇ ਪਹੁੰਚੀ। ਕਿਸਾਨ ਤੇ ਮਜ਼ਦੂਰ ਖ਼ੁਦਕੁਸ਼ੀਆਂ ਕਰਦੇ ਰਹੇ ਪਰ ਆਪਣੇ ਆਪ ਨੂੰ ਕਿਸਾਨੀ ਦੀ ਪੱਤ ਰੱਖਣ ਵਾਲੀ ਪਾਰਟੀ ਕਹਾਉਣ ਵਾਲੇ ਇਸ ਦਲ ਦੇ ਆਗੂ ਜ਼ਾਤੀ ਲਾਲਚ ਦੀਆਂ ਹੱਦਾਂ ਵਿੱਚ ਘਿਰ ਕੇ ਰਹਿ ਗਏ ਹਨ। ਉਨ੍ਹਾਂ ਨੂੰ ਗ਼ਰੀਬ ਗੁਰਬਿਆਂ ਦੀ ਆਵਾਜ਼ ਸੁਣਨੀ ਬੰਦ ਹੋ ਗਈ। ਉਹ ਆਗੂ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਜਥੇਦਾਰ ਕਹਿ ਕੇ ਪਿਆਰਿਆ ਸੀ, ਵੱਡੀਆਂ ਵੱਡੀਆਂ ਕਾਰਾਂ, ਕੋਠੀਆਂ ਤੇ ਕਾਰੋਬਾਰਾਂ ਦੇ ਕੈਦੀ ਬਣ ਗਏ ਹਨ।

ਅਕਾਲੀ ਦਲ ਦੇ ਪਤਨ ਦੀ ਕਹਾਣੀ ਇੱਕ ਤਰ੍ਹਾਂ ਨਾਲ ਪੰਜਾਬ ਦੇ ਸਿਆਸੀ ਸਭਿਆਚਾਰ ਦੇ ਪਤਨ ਦੀ ਕਹਾਣੀ ਵੀ ਹੈ। ਪੰਜਾਬ ਦੇ ਲੋਕ ਇਸ ਪਾਰਟੀ ’ਚੋਂ ਇਸ ਦੇ ਸ਼ਾਨਦਾਰ ਇਤਿਹਾਸਕ ਵਿਰਸੇ ਦੇ ਨਿਸ਼ਾਨ ਲੱਭਣਾ ਚਾਹੁੰਦੇ ਹਨ ਪਰ ਇਹ ਨਿਸ਼ਾਨ ਕਿਤੇ ਨਜ਼ਰ ਨਹੀਂ ਆਉਂਦੇ। ਇਹ ਕਿੱਡਾ ਵੱਡਾ ਵਿਰੋਧਾਭਾਸ ਹੈ ਕਿ ਉਹ ਪਾਰਟੀ ਜਿਸ ਬਾਰੇ ਸੋਹਣ ਸਿੰਘ ਜੋਸ਼ ਨੇ ਲਿਖਿਆ ਸੀ ਕਿ ‘‘ਇਸ ਦੀ ਬੁਨਿਆਦ ਆਮ ਕਿਸਾਨ ਤੇ ਗ਼ਰੀਬ ਪੇਂਡੂ ਲੋਕ ਸਨ’’ ਅੱਜ ਉਨ੍ਹਾਂ ਲੋਕਾਂ ਤੋਂ ਹੀ ਬੇਗਾਨੀ ਹੋਈ ਖੜ੍ਹੀ ਹੈ। ਅਕਾਲੀ ਦਲ ਇਸ ਬੇਗ਼ਾਨਗੀ ਤੋਂ ਮੁਕਤ ਹੋਣ ਲਈ ਛਟਪਟਾ ਰਿਹਾ ਹੈ ਪਰ ਇਹ ਕੰਮ ਆਸਾਨ ਨਹੀਂ ਹੈ। ਪਾਰਟੀ ਲਈ ਇਹ ਸਮਾਂ ਅਜਿਹੇ ਮਹਾਂ-ਸੰਕਟ ਦਾ ਸਮਾਂ ਹੈ ਜਿਹੋ ਜਿਹਾ ਇਸ ਨੇ ਆਪਣੇ ਹੁਣ ਤੱਕ ਦੇ ਇਤਿਹਾਸ ਵਿੱਚ ਪਹਿਲਾਂ ਨਹੀਂ ਸੀ ਦੇਖਿਆ।

 

ਅਕਾਲੀ ਦਲ ਦੇ ਆਰੰਭਕ ਸਮਿਆਂ ਬਾਰੇ ਸੋਹਣ ਸਿੰਘ ਜੋਸ਼ ਨੇ ਲਿਖਿਆ ਸੀ: ‘‘ਅਕਾਲੀਆਂ ਵਿੱਚ ਲੋਹੜੇ ਦਾ ਜੋਸ਼ ਤੇ ਉਤਸ਼ਾਹ ਸੀ। ਇਹ ਨਵੇਂ ਮੁਜਾਹਿਦ ਪੈਦਾ ਹੋਏ ਜਿਹੜੇ ਕਮਰਕੱਸੇ ਬੰਨ੍ਹੀਂ, ਗਾਤਰਿਆਂ ਵਿੱਚ ਵੱਡੀਆਂ ਛੋਟੀਆਂ ਕਿਰਪਾਨਾਂ ਪਾਈ, ਪਿੰਡਾਂ ਵਿੱਚ ਮਿਸ਼ਨਰੀਆਂ ਜੇਹੀ ਜੇਤੂ ਸਪਿਰਟ ਲੈ ਕੇ ਜਾਂਦੇ ਸਨ ਅਤੇ ਪਿੰਡਾਂ ਨੂੰ ਅਕਾਲੀ ਦਲ ਨਾਲ ਜੋੜੀ ਜਾਂਦੇ ਸਨ। ਇਨ੍ਹਾਂ ਦੀ ਖਲੜੀ ਵਿੱਚ ਕੋਈ ਡਰ-ਭਉ ਨਹੀਂ ਸੀ ਰਿਹਾ। … … … ਅਕਾਲੀਆਂ ਦੀਆਂ ਇਹ ਦੋਵੇਂ ਸ਼੍ਰੋਮਣੀ ਜਥੇਬੰਦੀਆਂ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ) ਇੱਕ ਜ਼ਬਰਦਸਤ ਤਾਕਤ ਬਣ ਗਈਆਂ ਅਤੇ ਇਨ੍ਹਾਂ ਨੇ ਮੋਰਚੇ ਲਾ ਕੇ ਅੰਗਰੇਜ਼ ਸਾਮਰਾਜ ਦੇ ਸਤਕਾਰ ਤੇ ਵੱਕਾਰ ਨੂੰ ਮਿੱਟੀ ਵਿੱਚ ਰੋਲਿਆ। ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਅੰਗਰੇਜ਼ੀ ਰਾਜ ਲਈ ਸਭ ਤੋਂ ਵੱਡਾ ਹਊਆ ਬਣ ਗਈ ਅਤੇ ਹਾਕਮਾਂ ਨੇ ਇਸ ਦੇ ਮੈਂਬਰਾਂ ਦੇ (ਅਕਾਲੀ ਦਲ ਦੇ ਲਗਾਏ ਮੋਰਚਿਆਂ ਦੌਰਾਨ) ਚਾਰ ਚਾਰ ਦੀ ਕਤਾਰ ਵਿੱਚ ਹੋ ਕੇ, ਕਦਮ ਮਿਲਾ ਕੇ ਮਾਰਚ ਕਰਨ ਨੂੰ ਅੰਗਰੇਜ਼ ਰਾਜ ਲਈ ਬੜਾ ਵੱਡਾ ਖ਼ਤਰਾ ਅਨੁਭਵ ਕੀਤਾ।’’

ਅਕਾਲੀਆਂ ਦੁਆਰਾ ਕੀਤੇ ਗਏ ਐਮਰਜੈਂਸੀ ਦੇ ਵਿਰੋਧ ਬਾਰੇ ਵਿਜੈ ਲਕਸ਼ਮੀ ਪੰਡਿਤ (ਇੰਦਰਾ ਗਾਂਧੀ ਦੀ ਭੂਆ) ਨੇ ਕੁਝ ਇਸ ਤਰ੍ਹਾਂ ਲਿਖਿਆ ਸੀ, ‘‘ਪੰਜਾਬ ਜਿਹੜਾ ਹਮੇਸ਼ਾ ਦਮਨ ਵਿਰੁੱਧ ਸੰਘਰਸ਼ ਦੀ ਅਗਵਾਈ ਕਰਦਾ ਰਿਹਾ ਹੈ, ਨੇ ਐਮਰਜੈਂਸੀ ਦੌਰਾਨ ਵੀ ਮੋਹਰੀ ਭੂੁਮਿਕਾ ਨਿਭਾਈ ਹੈ। ਇਹ ਸਿਰਫ਼ ਪੰਜਾਬ ਅਤੇ ਇਕੱਲੇ ਪੰਜਾਬ ਵਿੱਚ ਹੀ ਹੋਇਆ ਕਿ ਐਮਰਜੈਂਸੀ ਦਾ ਇੰਨੇ ਵੱਡੇ ਪੱਧਰ ’ਤੇ ਜਥੇਬੰਦ ਹੋ ਕੇ ਵਿਰੋਧ ਕੀਤਾ ਗਿਆ ਹੋਵੇ।’’

ਪੰਜਾਬ ਦੇ ਲੋਕ ਅਕਾਲੀ ਦਲ ’ਚੋਂ ਇਸ ਦੇ ਸ਼ਾਨਦਾਰ ਇਤਿਹਾਸਕ ਵਿਰਸੇ ਦੇ ਨਿਸ਼ਾਨ ਲੱਭਣਾ ਚਾਹੁੰਦੇ ਹਨ ਪਰ ਇਹ ਨਿਸ਼ਾਨ ਕਿਤੇ ਨਜ਼ਰ ਨਹੀਂ ਆਉਂਦੇ।

ਅਕਾਲੀ ਦਲ ਵਿੱਚ ਪਹਿਲਾਂ ਵੀ ਕਈ ਵਾਰ ਫੁੱਟ ਪਈ ਹੈ, ਪਰ ਉਹ ਫੁੱਟ ਆਗੂੁਆਂ ਦੀ ਆਪਸੀ ਲੜਾਈ ਕਾਰਨ ਹੁੰਦੀ ਸੀ; ਇਸ ਸਮੇਂ ਦਾ ਸੰਕਟ ਅਕਾਲੀ ਦਲ ਦੀ ਲੋਕਾਂ ਤੋਂ ਦੂਰੀ ਅਤੇ ਵਧ ਰਹੀ ਬੇਗਾਨਗੀ ਕਾਰਨ ਉਪਜਿਆ ਹੈ।

ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਾਹਿਤ

Related Posts

ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਫਾਇਰਿੰਗ, ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ : Sukhbir badal

ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗੇਟ ਦੇ ਬਾਹਰ ਫਾਇਰਿੰਗ, ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼, ਹਮਲਾਵਰ ਦਲ ਖਾਲਸਾ ਨਾਲ ਜੁੜੀਆਂ ਹੋਇਆ

ਪੰਜਾਬ ਦੀ ਬਰਬਾਦੀ ਲਈ ਕੌਣ ਜ਼ਿੰਮੇਵਾਰ, Drone ਵਾਕਿਆ ਹੀ Punjab ਲਈ ਘਾਤਕ || Arbide World ||

ਪੰਜਾਬ ਦੀ ਬਰਬਾਦੀ ਲਈ ਕੌਣ ਜ਼ਿੰਮੇਵਾਰ, Drone ਵਾਕਿਆ ਹੀ Punjab ਲਈ ਘਾਤਕ || Arbide World || #arbideworld #punjab #arbidepunjab #punjabpolice #sukhchainsinghgill Join this channel to get access to perks: https://www.youtube.com/channel/UC6czbie57kwqNBN-VVJdlqw/join…

Leave a Reply

Your email address will not be published. Required fields are marked *

This site uses Akismet to reduce spam. Learn how your comment data is processed.