ਜਤਿੰਦਰ ਮੌਹਰ
ਮਾਲਵੇ ਦੇ ਵਹਿਣ
ਮਾਲਵਾ, ਢਾਹਾ, ਤਿਹਾੜਾ, ਘਾੜ ਅਤੇ ਪੁਆਧ ਦੇ ਖਿੱਤੇ ਵਿੱਚ ਕਈ ਛੋਟੀਆਂ ਨਦੀਆਂ ਅਤੇ ਵਹਿਣਾਂ ਦੀ ਮੌਜੂਦਗੀ ਹੈ/ਸੀ। ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਸਤਲੁਜ ਦੀ ਪੂਰਬ ਤੋਂ ਪੱਛਮ ਵੱਲ ਵਹਿਣ-ਬਦਲੀ ਨੂੰ ਸਿੱਧ ਕਰਨ ਲਈ ਬੁਨਿਆਦ ਬਣਾਇਆ ਜਾਂਦਾ ਹੈ। ਇਹ ਅੰਬਾਲੇ ਤੋਂ ਫ਼ਿਰੋਜ਼ਪੁਰ ਦੇ ਵਿਚਕਾਰ ਮੌਜੂਦ ਹਨ/ਸਨ। ਕੁਝ ਵਹਿਣ ਗਾਇਬ ਹੋ ਚੁੱਕੇ ਹਨ ਅਤੇ ਕਈ ਅਜੇ ਮੌਜੂਦ ਹਨ। ਇਨ੍ਹਾਂ ਨੂੰ ਸਤਲੁਜ ਦੇ ਪੁਰਾਣੇ ਵਹਿਣਾਂ ਦੀਆਂ ਨਿਸ਼ਾਨੀਆਂ ਵਜੋਂ ਪ੍ਰਚਾਰਿਆ ਗਿਆ ਹੈ। ਸਤਲੁਜ ਦੇ ‘ਪੁਰਾਣੇ’ ਵਹਿਣ ਹੋਣ ਦੀ ਮਸ਼ਹੂਰੀ ਤੋਂ ਬਿਨਾਂ ਇਨ੍ਹਾਂ ਵਹਿਣਾਂ ਦੀ ਆਪਣੀ ਆਜ਼ਾਦ ਹੋਂਦ ਸੀ/ਹੈ। ਇਹ ਵਹਿਣ ਮੁਕਾਮੀ ਲੋਕਧਾਰਾ ਅਤੇ ਜੀਵਨ-ਸ਼ੈਲੀ ਦਾ ਅਹਿਮ ਹਿੱਸਾ ਰਹੇ ਹਨ। ਇਨ੍ਹਾਂ ਬਾਬਤ ਬੇਸ਼ੁਮਾਰ ਕਹਾਣੀਆਂ ਅਤੇ ਕਹਾਵਤਾਂ ਸੁਣੀਆਂ ਜਾ ਸਕਦੀਆਂ ਹਨ ਜਿਨ੍ਹਾਂ ਦੀ ਛਾਪ ਮੁਕਾਮੀ ਲੋਕਾਂ ਦੇ ਚੇਤ-ਅਚੇਤ ਵਿੱਚ ਅਜੇ ਬਾਕੀ ਹੈ।
ਇਨ੍ਹਾਂ ਵਹਿਣਾਂ ਨੂੰ ਮੋਟੇ ਤੌਰ ਉੱਤੇ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਪਹਿਲੇ, ਸਰਹਿੰਦ ਦੇ ਪੂਰਬ ਵਿੱਚ ਵਗਣ ਵਾਲੇ ਵਹਿਣ ਜੋ ਰੋਪੜ (ਹੁਣ ਰੂਪਨਗਰ) ਕੋਲ ਸਤਲੁਜ ਦੀ ਖਾੜੀ ਅਤੇ ਬਾਹਰੀ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚੋਂ ਨਿਕਲਦੇ ਹਨ। ਦੂਜਾ ਹਿੱਸਾ ਉਨ੍ਹਾਂ ਵਹਿਣਾਂ ਦਾ ਹੈ ਜੋ ਸਤਲੁਜ ਵਿੱਚੋਂ ਨਿਕਲਦੇ ਸਨ ਅਤੇ ਸਰਹਿੰਦ ਦੇ ਪੱਛਮ ਵਿੱਚ ਵਹਿੰਦੇ ਹਨ/ਸਨ। ਨਿਆਕਰਸ (1875) ਸਰਹਿੰਦ ਦੇ ਪੂਰਬ ਵਾਲੇ ਵਹਿਣਾਂ ਨੂੰ ਸਤਲੁਜ ਦੇ ਵਹਿਣ ਨਹੀਂ ਮੰਨਦਾ। ਸਰਹਿੰਦ ਦੇ ਪੂਰਬੀ ਵਹਿਣਾਂ ਵਿੱਚ ਸਰਹਿੰਦ ਨਦੀ, ਚੋਆ ਨਦੀ ਉਰਫ਼ ਪੁਰਾਣਾ ਦਰਿਆ, ਪਟਿਆਲਵੀ ਨਦੀ, ਸੁਖਨਾ ਨਦੀ (ਹੁਣ ਚੋਅ), ਉਟਾਵਾ ਚੋਅ ਅਤੇ ਘੱਗਰ ਸ਼ਾਮਿਲ ਹਨ। ਵਾਰ ਜਾਂ ਵਾਹਰ ਨਦੀ ਦਾ ਨਾਮ ਉੱਘੜਵਾਂ ਹੈ। ਸਰਹਿੰਦ ਨਦੀ ਵਾਹਰ ਨਦੀ ਵਿੱਚ ਡਿੱਗਦੀ ਸੀ।
ਬੁੱਦਕੀ, ਸੁਗ ਰਾਉ ਅਤੇ ਸੀਸਵਾਂ ਬਾਹਰੀ ਸ਼ਿਵਾਲਿਕ ਪਹਾੜਾਂ ਵਿੱਚੋਂ ਨਿਕਲਦੇ ਅਤੇ ਸਤਲੁਜ ਵਿੱਚ ਮਿਲ ਜਾਂਦੇ ਹਨ। ਸਰਹਿੰਦ ਦੇ ਪੱਛਮ ਵਿੱਚ ਮੌਜੂਦ ਵਹਿਣਾਂ ਵਿੱਚੋਂ ਤਿੰਨ ਨੂੰ ਨੈਵਾਲਾਂ ਕਿਹਾ ਗਿਆ ਹੈ। ਇਤਿਹਾਸ ਅਤੇ ਭੂਗੋਲ ਦੀਆਂ ਕਿਤਾਬਾਂ ਵਿੱਚ ਪੱਛਮੀ ਨੈਵਾਲ, ਕੇਂਦਰੀ ਨੈਵਾਲ ਅਤੇ ਪੂਰਬੀ ਨੈਵਾਲ ਦਾ ਜ਼ਿਕਰ ਮਿਲਦਾ ਹੈ। ਇਹ ਨੈਵਾਲਾਂ ਘੱਗਰ-ਹਾਕੜਾ ਵਹਿਣ ਵਿੱਚ ਡਿੱਗਦੀਆਂ ਸਨ। ਚੁਗਾਵਾਂ ਨਾਲਾ ਅਤੇ ਸ਼ੇਖੂਪੁਰਾ ਨਾਲਾ ਮਿਲ ਕੇ ਮੋਗਾ ਨਾਲਾ ਬਣਾਉਂਦੇ ਸਨ ਜੋ ਦਰਿਆਇ-ਦੰਦਾ ਵਾਲੇ ਵਹਿਣ ਨਾਲ ਮਿਲ ਜਾਂਦੇ ਸਨ। ਦਰਿਆਇ-ਦੰਦਾ ਤਿਹਾੜਾ ਕੋਲੋਂ ਸ਼ੁਰੂ ਹੋ ਕੇ ਧਰਮਕੋਟ-ਮੁੱਦਕੀ-ਫ਼ਰੀਦਕੋਟ-ਮੁਕਤਸਰ ਹੁੰਦਾ ਹੋਇਆ ਸਤਲੁਜ ਦੇ ਪੁਰਾਣੇ ਕੰਢੇ ਨਾਲ ਮਿਲ ਜਾਂਦਾ ਸੀ। ਇਹ ਬਹਾਵਲਪੁਰ ਤੱਕ ਫੈਲਿਆ ਹੋਇਆ ਮੰਨਿਆ ਜਾਂਦਾ ਹੈ। ਹੁਣ ਇਹਦੀਆਂ ਨਿਸ਼ਾਨੀਆਂ ਖ਼ਤਮ ਹੋ ਚੁੱਕੀਆਂ ਹਨ। ਇਹਨੂੰ ਬੁੱਢੇ ਦਰਿਆ ਦੀ ਲਗਾਤਾਰਤਾ ਵਿੱਚ ਮੰਨਿਆ ਗਿਆ ਹੈ। ਸਤਲੁਜ ਵਿੱਚੋਂ ਨਿਕਲ ਕੇ ਮੁੜ ਸਤਲੁਜ ਵਿੱਚ ਡਿੱਗਣ ਵਾਲਿਆਂ ਵਿੱਚ ਬੁੱਢਾ ਦਰਿਆ ਅਤੇ ਸੁੱਕਰ ਨੈ ਮਸ਼ਹੂਰ ਹਨ।
ਵਹਿਣਾਂ ਦਾ ਦੂਜਾ ਰੂਪ ਰੇਤਲੇ ਟਿੱਬਿਆਂ ਦੀਆਂ ਲੰਬੀਆਂ ਕਤਾਰਾਂ ਨੂੰ ਵੀ ਮੰਨਿਆ ਗਿਆ ਹੈ। ਮਸ਼ਹੂਰ ਹੈ ਕਿ ਸਤਲੁਜ ਦੇ ਵਹਿਣ ਬਦਲਣ ਨਾਲ ਬੇਸ਼ੁਮਾਰ ਰੇਤਲੇ ਟਿੱਬੇ ਹੋਂਦ ਵਿੱਚ ਆਏ। ਪੰਜਾਬ ਵਿੱਚੋਂ ਟਿੱਬੇ ਖ਼ਤਮ ਹੋ ਚੁੱਕੇ ਹਨ। ਟਿੱਬਿਆਂ ਦੇ ਰਸਤੇ ਸਮਝਣ ਲਈ ਪੁਰਾਣੀਆਂ ਲਿਖਤਾਂ, 1960-70ਵਿਆਂ ਵਿੱਚ ਅਮਰੀਕੀ ਜਾਸੂਸੀ ਉਪਗ੍ਰਹਿਆਂ ਦੁਆਰਾ ਖਿੱਚੀਆਂ ਤਸਵੀਰਾਂ ਅਤੇ 1980ਵਿਆਂ ਦੀਆਂ ਰਿਮੋਟ ਸੈਂਸਿੰਗ ਰਿਪੋਰਟਾਂ ਦਾ ਸਹਾਰਾ ਲੈਣਾ ਪੈਂਦਾ ਹੈ।
ਉੱਪਰ ਬਿਆਨ ਕੀਤੇ ਵਹਿਣਾਂ ਦੇ ਕੰਢੇ ਪੰਜਾਬੀ ਵਸੇਬ ਦੀਆਂ ਵੱਖਰੀਆਂ ਵੱਖਰੀਆਂ ਤਹਿਜ਼ੀਬਾਂ ਵਸਦੀਆਂ-ਉਜੜਦੀਆਂ ਰਹੀਆਂ ਹਨ। ਇਨ੍ਹਾਂ ਛੋਟੇ ਵਹਿਣਾਂ ਨੇ ਵਸੇਬ ਨੂੰ ਪਾਲਣ ਲਈ ਪਾਣੀ ਅਤੇ ਜ਼ਰਖ਼ੇਜ਼ ਮਿੱਟੀ ਮੁਹੱਈਆ ਕਰਵਾਈ ਰੱਖੀ। ਨਵੀਆਂ ਵਿਗਿਆਨਕ ਖੋਜਾਂ ਪੁਸ਼ਟੀ ਕਰਦੀਆਂ ਹਨ ਕਿ ਸਤਲੁਜ-ਜਮਨਾ ਦੁਆਬ ਵਿੱਚ ਹੜੱਪਾ ਤਹਿਜ਼ੀਬ ਦੇ ਵਧਣ-ਫੁੱਲਣ ਵਿੱਚ ਵੱਡੇ ਦਰਿਆ ਨੇ ਨਹੀਂ ਸਗੋਂ ਛੋਟੇ ਵਹਿਣਾਂ ਅਤੇ ਨਦੀਆਂ ਨੇ ਨਿੱਗਰ ਹਿੱਸਾ ਪਾਇਆ। ਖੋਜ ਮੁਤਾਬਿਕ ਇਸ ਹਿੱਸੇ ਵਿੱਚ ਕਦੇ ਸਤਲੁਜ ਵਹਿ ਚੁੱਕਿਆ ਸੀ। ਭਾਰਤੀ ਥੇਹਖੋਜ (ਆਰਕੀਉਲੌਜੀ) ਦੀਆਂ ਖੋਜਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ। ਇਹ ਲੇਖ ਸਰਹਿੰਦ ਨਦੀ ਜਾਂ ਮਿਰਜ਼ਾ ਕੰਡੀ ਨਹਿਰ ਬਾਬਤ ਹੈ।
ਸਰਹਿੰਦ ਨਦੀ ਜਾਂ ਮਿਰਜ਼ਾ ਕੰਡੀ ਨਹਿਰ
ਉਲਡੈਹਮ (1874) ਦਾ ਦਾਅਵਾ ਹੈ ਕਿ ਫ਼ਿਰੋਜ਼ ਤੁਗਲਕ ਨੇ ਸਰਸਾ ਦਾ ਪਾਣੀ ਸਤਲੁਜ ਦੇ ਕਿਸੇ ਪੁਰਾਣੇ ਵਹਿਣ ਵਿੱਚ ਸੁੱਟਿਆ ਅਤੇ ਸਰਹਿੰਦ ਰਾਹੀਂ ਹਾਂਸੀ, ਹਿਸਾਰ ਅਤੇ ਸਿਰਸਾ ਦੇ ਟਿੱਬਿਆਂ ਤੱਕ ਪਾਣੀ ਪਹੁੰਚਾਉਣ ਦਾ ਹੀਲਾ ਕੀਤਾ। ਕਿਤਾਬ ‘ਮਾਲਵਾ ਇਤਿਹਾਸ’ ਦੀ ਭੂਮਿਕਾ ਲਿਖਣ ਵਾਲੇ ਪੰਡਿਤ ਕਰਤਾਰ ਸਿੰਘ ਦਾਖਾ ਨੇ ਇਸ ਹਵਾਲੇ ਨਾਲ ਦਾਅਵਾ ਪੇਸ਼ ਕੀਤਾ ਕਿ ਸਰਸਾ ਨਦੀ ਪਹਿਲਾਂ ਸਿੰਧ ਸਾਗਰ ਤੱਕ ਵਹਿੰਦੀ ਸੀ। ਸਰਸਾ ਨਦੀ ਸਿੱਖ ਇਤਿਹਾਸ ਵਿੱਚ ਪਰਿਵਾਰ ਵਿਛੋੜੇ ਨਾਲ ਜੁੜੀ ਹੋਈ ਹੈ। ਇਹ ਰੋਪੜ ਤੋਂ ਪਿੱਛੇ ਘਨੌਲੀ ਕੋਲ ਸਤਲੁਜ ਨਾਲ ਮਿਲ ਜਾਂਦੀ ਹੈ। ਅਸਲ ਵਿੱਚ ਸਰਸਾ ਦਾ ਪਾਣੀ ਸਰਹਿੰਦ ਨਦੀ ਵਿੱਚ ਸੁੱਟ ਕੇ ਨਹਿਰ ਕੱਢੀ ਗਈ ਸੀ ਜੋ ਰੇਗਿਸਤਾਨੀ ਇਲਾਕਿਆਂ ਤੱਕ ਪੁਚਾਈ ਗਈ ਸੀ। ਸ਼ਾਹਜਹਾਂ ਦੇ ਸਮੇਂ ਸਰਹਿੰਦ ਦੇ ਸੂਬੇਦਾਰ ਮਿਰਜ਼ਾ ਕੰਦੀ ਨੇ ਇਸ ਨਹਿਰ ਜਾਂ ਵਹਿਣ ਨੂੰ ਸਤਲੁਜ ਨਾਲ ਜੋੜਿਆ।
ਸਰਹਿੰਦ ਨਦੀ ਨੂੰ ਮੱਧਕਾਲ ਵਿੱਚ ਹੰਸਲਾ ਜਾਂ ਹੰਸਾਲਾ ਨਦੀ ਕਿਹਾ ਗਿਆ ਹੈ। ਨਦੀ ਦੇ ਨਾਮ ਨਾਲ ਸੰਬੰਧਿਤ ਹੰਸਾਲਾ ਅਤੇ ਹੰਸਾਲੀ ਨਾਮ ਦੇ ਪਿੰਡ ਸਰਹਿੰਦ ਕੋਲ ਮੌਜੂਦ ਹਨ। 1704 ਈਸਵੀ ਵਿੱਚ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਹੰਸਲਾ ਨਦੀ ਦੇ ਕੰਢੇ ਠੰਢੇ ਬੁਰਜ ਵਿੱਚ ਕੈਦ ਕੀਤੇ ਜਾਣ ਦੀ ਕਥਾ ਸੁਣਨ ਨੂੰ ਮਿਲਦੀ ਹੈ। ਡਾਕਟਰ ਕੈਪਰਟ ਦੇ 1853 ਦੇ ਨਕਸ਼ੇ ਵਿੱਚ ਇਸ ਨਦੀ ਨੂੰ ਇੰਦਰਾਵਤੀ ਕਿਹਾ ਗਿਆ ਹੈ।
ਸਰਹਿੰਦ ਨਦੀ ਦੋ ਵਹਿਣਾਂ ਦੇ ਮੇਲ ਨਾਲ ਬਣਦੀ ਸੀ। ਇਨ੍ਹਾਂ ਵਹਿਣਾਂ ਦੇ ਨਾਮ ਮਿਰਜ਼ਾ ਕੰਡੀ/ਕੰਦੀ ਨਹਿਰ ਅਤੇ ਜੈਂਤੀਆਂ ਦੇਵੀ ਕੀ ਰੌ ਹਨ। ਪੰਡਿਤ ਦਾਖਾ ਨੇ ਲੋਕ-ਰਵਾਇਤਾਂ ਅਤੇ ਸਨਾਤਨੀ ਗਰੰਥਾਂ ਦੇ ਹਵਾਲੇ ਨਾਲ ਦੋਵੇਂ ਵਹਿਣਾਂ ਦੇ ਨਾਮ ਕਨਕ ਬਾਹਿਨੀ ਅਤੇ ਭੱਡਲੀ ਦੱਸੇ ਹਨ। ਮਿਰਜ਼ਾ ਕੰਡੀ ਵਹਿਣ ਰੋਪੜ ਦੇ ਨੇੜੇ ਸਤਲੁਜ ਦੀ ਖਾੜੀ ਵਿੱਚੋਂ ਨਿਕਲਦਾ ਸੀ। ਜਿੱਥੇ ਸਤਲੁਜ ਵਿੱਚ ਸੀਸਵਾਂ, ਬੁੱਦਕੀ ਅਤੇ ਸੁਘ ਰਾਉ ਨਦੀਆਂ ਡਿੱਗਦੀਆਂ ਹਨ। ਉੱਥੇ ਵੱਡੀ ਖਾੜੀ ਵਿੱਚੋਂ ਬਣਦੀ ਸੀ ਜਿਹਨੂੰ ਸਤਲੁਜ ਦੀ ਖਾੜੀ ਕਿਹਾ ਜਾਂਦਾ ਹੈ। ਇਸ ਵਹਿਣ ਨੂੰ ਨਹਿਰ ਦੇ ਰੂਪ ਵਿੱਚ ਤਬਦੀਲ ਕੀਤਾ ਗਿਆ। ਇਹ ਸਿਹਰਾ ਫ਼ਿਰੋਜ਼ ਤੁਗਲਕ ਨੂੰ ਦਿੱਤਾ ਜਾਂਦਾ ਹੈ ਪਰ ਇਸ ਨਹਿਰ ਦਾ ਨਾਮ ਮਿਰਜ਼ਾ ਕੰਦੀ/ਕੰਡੀ ਨਹਿਰ ਦੇ ਨਾਮ ਨਾਲ ਵੱਧ ਮਸ਼ਹੂਰ ਹੋਇਆ। ਉਹਨੇ ਪੁਰਾਣੀ ਬੰਦ ਪਈ ਨਹਿਰ ਦੀ ਮੁਰੰਮਤ ਕਰਵਾਈ ਅਤੇ ਪਾਣੀ ਸਰਹਿੰਦ ਲਿਆਂਦਾ। ਇਤਿਹਾਸ, ਕਿਤਾਬਾਂ ਅਤੇ ਸਫ਼ਰ ਵਿੱਚ ਦਿਲਚਸਪੀ ਰੱਖਣ ਵਾਲੀ ਗਨੀਵ ਢਿੱਲੋਂ ਆਪਣੀ ਦਾਦੀ ਦੇ ਮੂੰਹੋਂ ਸੁਣੀ ਲੋਕ-ਬੋਲੀ ਯਾਦ ਕਰਦੀ ਹੈ, “ਵਾਹ ਰੇ ਮਿਰਜ਼ਾ ਕੰਦੀ …ਤੇਰੀ ਨਹਿਰ ਵਗੇ ਸਰਹੰਦੀ”। 1847 ਈਸਵੀ ਦੀ ਲਿਖਤ ‘ਸੈਰਿ-ਪੰਜਾਬ’ ਨੇ ਇਸ ਨਹਿਰ ਦੇ ਰਸਤੇ ਨੂੰ ਸਾਡੇ ਚੇਤਿਆਂ ਵਿੱਚ ਤਾਜ਼ਾ ਕੀਤਾ ਹੈ। ਕਿਤਾਬ ਮੁਤਾਬਿਕ, “ਮੁਗ਼ਲਾਂ ਦੇ ਸਮੇਂ ਮਿਰਜ਼ਾ ਕੰਦੀ ਨੇ ਸਤਲੁਜ ਵਿੱਚੋਂ ਨਹਿਰ ਕੱਢੀ ਸੀ ਜੋ ਮੋਰਿੰਡੇ ਵਿੱਚੋਂ ਹੁੰਦੀ ਹੋਈ ਇਲਾਕਾ ਪਟਿਆਲਾ ਦੇ ਕਸਬੇ ਸਰਹਿੰਦ ਦੇ ਤਲਾ ਵਿੱਚ ਜਾ ਪੈਂਦੀ ਸੀ। ਬਹੁਤ ਚਿਰ ਤੋਂ ਦਰਿਆ ਸਤਲੁਜ ਵਿਚਲਾ ਉਹਦਾ ਨਿਕਾਸ ਬੰਦ ਹੋ ਗਿਆ। ਕਿਸੇ ਨੇ ਮੁਰੰਮਤ ਨਹੀਂ ਕੀਤੀ ਅਤੇ ਹੁਣ ਇਹ ਸੁੱਕੀ ਪਈ ਹੈ।” ਇਹ ਨਹਿਰ ਪਿੰਡ ਖੰਟ ਅਤੇ ਸੰਗਤਪੁਰਾ (ਮੋਰਿੰਡਾ) ਦੇ ਵਿਚਕਾਰੋਂ ਲੰਘਦੀ ਸੀ ਜਿੱਥੋਂ ਹੁਣ ਭਾਖੜਾ ਨਹਿਰ ਲੰਘਦੀ ਹੈ। ਹੋ ਸਕਦਾ ਹੈ ਕਿ ਭਾਖੜਾ ਨਹਿਰ ਲਈ ਇਸੇ ਨਹਿਰ ਦਾ ਕੁਝ ਰਸਤਾ ਵਰਤਿਆ ਗਿਆ ਹੋਵੇ। 1866-67 ਈਸਵੀ ਵਿੱਚ ਬਣੇ ਪੰਜਾਬ ਦੇ ਨਕਸ਼ੇ ਵਿੱਚ ਮਿਰਜ਼ਾ ਕੰਦੀ ਨਹਿਰ ਸਾਫ਼ ਦਿਖਾਈ ਦਿੰਦੀ ਹੈ। ਇਹ ਸਤਲੁਜ ਦੀ ਖਾੜੀ ਵਿੱਚ ਬਾੜਾ ਪਿੰਡ ਦੇ ਨੇੜੇ-ਤੇੜੇ ਤੋਂ ਸ਼ੁਰੂ ਹੁੰਦੀ ਦਿਸਦੀ ਹੈ। ਖਮਾਣੋ-ਖੰਟ-ਮੋਰਿੰਡਾ ਖਿੱਤੇ ਦੇ ਬਜ਼ੁਰਗ ਲੋਕ ਇਸ ਵਹਿਣ ਦੀਆਂ ਨਿਸ਼ਾਨੀਆਂ ਅੱਖੀਂ ਦੇਖ ਚੁੱਕੇ ਹੋਣ ਦਾ ਦਾਅਵਾ ਕਰਦੇ ਹਨ। ਭਾਖੜਾ ਨਹਿਰ ਬਣ ਜਾਣ ਦੇ ਬਾਵਜੂਦ ਇਸ ਵਹਿਣ ਦੀਆਂ ਨਿਸ਼ਾਨੀਆਂ ਨੌਗਾਵਾਂ ਤੋਂ ਬੱਸੀ ਪਠਾਣਾ ਦੇ ਵਿਚਕਾਰ ਮੌਜੂਦ ਹਨ। ਇਨ੍ਹਾਂ ਪਿੰਡਾਂ ਵਿੱਚ ਇਹ ਵਹਿਣ ਖਰੜ ਵੱਲੋਂ ਆਉਂਦੀ ਜੈਂਤੀਆਂ ਦੇਵੀ ਕੀ ਰੌ ਨਾਲ ਮਿਲਦਾ ਸੀ। ਮਿਲਣੀ ਦੀ ਥਾਂ ਗਾਇਬ ਹੋ ਚੁੱਕੀ ਹੈ ਪਰ ਆਲੇ-ਦੁਆਲੇ ਦੀਆਂ ਨਿਸ਼ਾਨੀਆਂ ਕਾਇਮ ਹਨ। 1851 ਦੇ ਨਕਸ਼ੇ ਵਿੱਚ ਮਿਰਜ਼ਾ ਕੰਦੀ ਨਹਿਰ ਦਾ ਵਹਿਣ ਪਥਰੇੜੀ ਜੱਟਾਂ (ਜ਼ਿਲ੍ਹਾ ਰੋਪੜ) ਨੇੜਿਉਂ ਨਿਕਲਦਾ ਦਿਖਾਇਆ ਗਿਆ ਹੈ। ਇਹ ਪਥਰੇੜੀ ਜੱਟਾਂ, ਮਹਿਪਾਲੋਂ ਅਤੇ ਪਿੱਪਲ ਮਾਜਰੇ ਦੇ ਵਿਚਕਾਰੋਂ, ਹਵਾਰੇ ਅਤੇ ਬੜਾ ਸਮਾਣਾ ਦੇ ਵਿਚਕਾਰੋਂ, ਖੰਟ ਅਤੇ ਸੰਗਤਪੁਰਾ ਦੇ ਵਿਚਕਾਰੋਂ ਲੰਘਦਾ ਹੋਇਆ ਰਾਮਪੁਰ ਕਲੇਰਾਂ ਦੇ ਦੱਖਣ ਵਿੱਚ, ਖੇੜੀ ਭੇਕੀ ਦੇ ਪੱਛਮ ਵਿੱਚ, ਕੰਡੀਪੁਰ ਦੇ ਉੱਤਰ ਵਿੱਚ ਅਤੇ ਨੌਗਾਵਾਂ ਦੇ ਪੂਰਬ ਵਿੱਚ ਜੈਂਤੀਆਂ ਦੇਵੀ ਕੀ ਰੌ ਨਾਲ ਮਿਲਦਾ ਦਿਸਦਾ ਹੈ।
ਸਰਹਿੰਦ ਨਦੀ ਬਣਾਉਣ ਵਾਲਾ ਦੂਜਾ ਵਹਿਣ ਜੈਂਤੀਆਂ ਦੇਵੀ ਕੀ ਰੌ ਹੈ। 1834 ਦੇ ਨਕਸ਼ੇ ਵਿੱਚ ਇਹਨੂੰ ਖਾਨਪੁਰ ਨਦੀ ਕਿਹਾ ਗਿਆ ਹੈ ਕਿਉਂਕਿ ਇਹ ਖਰੜ ਨੇੜਲੇ ਪਿੰਡ ਖਾਨਪੁਰ ਕੋਲੋਂ ਵਗਦੀ ਸੀ। ਇਹ ਜੈਂਤੀਆਂ ਦੇਵੀ-ਤਿਊੜ ਜਾਂ ਤੀੜਾ-ਖਰੜ-ਖਾਨਪੁਰ-ਬਜਹੇੜੀ-ਦੇਹ ਕਲਾਂ-ਸੋਤਲ-ਘੋਗਾਖੇੜੀ-ਕੱਜਲ ਮਾਜਰਾ-ਕਲੌੜ-ਗੁਪਾਲੋਂ-ਰਾਮਗੜ੍ਹ ਤੋਂ ਹੁੰਦੀ ਹੋਈ ਨੌਗਾਵਾਂ ਕੋਲ ਮਿਰਜ਼ਾ ਕੰਦੀ ਨਹਿਰ ਵਾਲੇ ਵਹਿਣ ਨਾਲ ਮਿਲਦੀ ਸੀ। ਸਤਲੁਜ-ਜਮਨਾ ਲਿੰਕ ਨਹਿਰ ਨੇ ਇਸ ਨਦੀ ਨੂੰ ਵਿਚਾਲਿਉਂ ਵੱਢ ਮਾਰਿਆ ਹੈ। ਹੁਣ ਇਹ ਕਲੌੜ ਦੇ ਕੋਲ ਛੰਭ ਜਾਂ ਝੀਲ ਦੇ ਰੂਪ ਵਿੱਚ ਫੈਲ ਜਾਂਦੀ ਹੈ ਅਤੇ ਵਹਿਣ ਦੀ ਕੜੀ ਟੁੱਟ ਚੁੱਕੀ ਹੈ। ਅੱਗੇ ਮਹਿਮੂਦਪੁਰ-ਫਤਹਿਪੁਰ ਰਾਈਆਂ-ਮਹੱਦੀਆਂ-ਸਰਹਿੰਦ ਅਤੇ ਘੱਗਰ ਵਿੱਚ ਡਿੱਗਣ ਤੱਕ ਫਿਰ ਪਛਾਣਨਯੋਗ ਹੈ।
ਬੱਸੀ ਪਠਾਣਾ ਕੋਲ ਨੌਗਾਵਾਂ ਦੇ ਪੂਰਬ ਵਿੱਚ ਮਿਲਣ ਤੋਂ ਬਾਅਦ ਸਾਂਝਾ ਵਹਿਣ ਸਰਹਿੰਦ ਨਦੀ ਅਖਵਾਉਂਦਾ ਸੀ। ਇਸ ਨਾਮ ਹੇਠ ਹੁਸੈਨਪੁਰਾ-ਰਸੂਲਪੁਰ-ਬੱਸੀ ਪਠਾਣਾ-ਸ਼ਹੀਦਗੜ੍ਹ-ਫ਼ਤਹਿਗੜ੍ਹ ਰਾਈਆਂ-ਮਹੱਦੀਆਂ-ਸਰਹਿੰਦ-ਖਾਨਪੁਰ-ਕੁੰਭੜਾ-ਮੰਦੌਰ-ਝੰਬਾਲਾ-ਭੜੀ ਪਨੈਚਾਂ-ਬੀੜ ਭਮਾਰਸੀ-ਭਾਦਸੋਂ-ਸੁਧੇਵਾਲ-ਸਾਲੂਵਾਲਾ-ਕੌਲ-ਪਹਾੜਪੁਰ ਜੱਟਾਂ-ਢੀਂਗੀ-ਸਾਧੋਹੇੜੀ-ਹਸਨਪੁਰ-ਛੀਂਟਾਵਾਲਾ-ਰਸੂਲਪੁਰ ਛੰਨਾ-ਜੱਲ੍ਹਾ-ਘਾਬਦਾਂ-ਬਲਵਾਰ ਕਲਾਂ-ਖੇੜੀ-ਗੱਗੜਪੁਰ-ਚੱਠਾ ਨਾਕਤਾ-ਸ਼ਾਹਪੁਰ ਖੁਰਦ ਉਰਫ਼ ਲਖਮੀਰ ਵਾਲਾ-ਸੁਨਾਮ-ਜਖੇਪਲ-ਧਰਮਗੜ੍ਹ-ਸਤੌਜ-ਹੋਦਲਾ ਕਲਾਂ-ਦਲੇਵਾਂ-ਬੋਹੜਵਾਲ-ਗੁਰਨੇ ਖੁਰਦ-ਮੰਡਾਲੀ-ਅੱਕਾਂਵਾਲੀ-ਆਲਮਪੁਰ ਮੰਦਰਾਂ-ਫ਼ਰੀਦਕੇ-ਸਰਦਾਰੇਵਾਲਾ ਕੋਲ ਘੱਗਰ ਤੱਕ ਜਾ ਪਹੁੰਚਦਾ ਹੈ। 1851 ਦੇ ਨਕਸ਼ੇ ਵਿੱਚ ਇਹ ਹੋਦਲਾ ਤੱਕ ਦਿਸਦਾ ਹੈ। ਅੱਜਕੱਲ੍ਹ ਇਹਨੂੰ ਸਰਹਿੰਦ ਚੋਅ ਜਾਂ ਸੁਨਾਮ ਵਾਲਾ ਚੋਅ ਕਿਹਾ ਜਾਂਦਾ ਹੈ। ਹੁਣ ਇਹ ਨਦੀ ਪਿੰਡ ਆਲਮਪੁਰ ਮੰਦਰਾਂ ਦੇ ਕੋਲ ਘੱਗਰ ਵਿੱਚ ਡਿੱਗ ਪੈਂਦੀ ਹੈ। ਬਹੁਤੇ ਵਹਿਣਾਂ ਦੀ ਲਗਾਤਾਰਤਾ ਖੇਤ, ਨਹਿਰਾਂ, ਸੂਏ-ਕੱਸੀਆਂ, ਰੇਲਵੇ ਲਾਈਨਾਂ ਅਤੇ ਸੜਕਾਂ ਬਣਨ ਕਰਕੇ ਖ਼ਤਮ ਹੋ ਚੁੱਕੀ ਹੈ। ਹੁਣ ਇਨ੍ਹਾਂ ਨੂੰ ਟੁਕੜਿਆਂ ਵਿੱਚ ਪਛਾਣਨਾ ਪੈਂਦਾ ਹੈ।
ਸਰਹਿੰਦ ਨਦੀ ਦੇ ਕੰਢੇ ਕਦੀਮੀ ਥੇਹਾਂ (Ancient Sites)
ਕਿਹਾ ਜਾਂਦਾ ਹੈ ਕਿ ਸਾਰੀਆਂ ਤਹਿਜ਼ੀਬਾਂ ਵੱਡੇ ਦਰਿਆਵਾਂ ਕੰਢੇ ਪਰਵਾਨ ਚੜ੍ਹੀਆਂ ਹਨ ਪਰ ਮਾਲਵੇ, ਬਾਗੜ, ਬਾਂਗਰ ਅਤੇ ਪੁਰਾਣੇ ਭੱਟੀ ਮੁਲਕ (ਪੰਜਾਬ, ਹਰਿਆਣੇ ਅਤੇ ਰਾਜਸਥਾਨ ਦੇ ਸਾਂਝੇ ਹਿੱਸੇ) ਵਿੱਚ ਸਤਲੁਜ ਦੀਆਂ ਛੱਡੀਆਂ ਲੀਹਾਂ ਅਤੇ ਛੋਟੇ ਵਹਿਣਾਂ ਕੰਢੇ ਤਹਿਜ਼ੀਬ ਸਿਖ਼ਰਾਂ ਉੱਤੇ ਗਈ ਹੈ। ਇਨ੍ਹਾਂ ਖਿੱਤਿਆਂ ਵਿੱਚ ਅਗਲੇਰੇ ਹੜੱਪਾ ਕਾਲ ਤੋਂ ਹੁਣ ਤੱਕ ਦੇ ਇਤਿਹਾਸ ਅਤੇ ਤਹਿਜ਼ੀਬ ਦੀ ਤਰੱਕੀ ਦੀਆਂ ਗਵਾਹ ਬੇਸ਼ੁਮਾਰ ਥੇਹਾਂ ਅਤੇ ਨਿਸ਼ਾਨੀਆਂ ਮੌਜੂਦ ਹਨ। 1950 ਤੋਂ 2001 ਦੇ ਵਿਚਕਾਰ ਇਨ੍ਹਾਂ ਵਹਿਣਾਂ ਦੇ ਕੰਢੇ ਬੇਸ਼ੁਮਾਰ ਥੇਹਾਂ ਦੀ ਹੋਂਦ ਦਰਜ ਹੋਈ ਹੈ। ਕੇਂਦਰ ਅਤੇ ਸੂਬੇ ਦੇ ਥੇਹਖ਼ੋਜ ਮਹਿਕਮਿਆਂ ਅਤੇ ਆਜ਼ਾਦ ਖੋਜੀਆਂ ਨੇ ਸਮੇਂ ਸਮੇਂ ਥੇਹਾਂ ਦੀ ਫ਼ਹਿਰਿਸਤ ਨਸ਼ਰ ਕੀਤੀ ਹੈ। ਥੇਹਾਂ ਦੀ ਕਦੀਮਤਾ ਨੂੰ ਵੱਖਰੇ ਵੱਖਰੇ ਨਾਮ ਦਿੱਤੇ ਗਏ ਹਨ। ਜਿਵੇਂ ਅਗਲੇਰਾ ਜਾਂ ਮੁੱਢਲਾ ਹੜੱਪਾ ਕਾਲ (ਪ੍ਰੀ-ਹੜੱਪਨ), ਸਿਖ਼ਰਲਾ ਹੜੱਪਾ ਕਾਲ (ਮੈਚਿਊਰ ਹੜੱਪਨ), ਪਿਛਲੇਰਾ ਹੜੱਪਾ ਕਾਲ (ਲੇਟਰ ਹੜੱਪਨ), ਚਿੱਤਰੇ ਸਲੇਟੀ ਭਾਂਡਿਆਂ ਦਾ ਕਾਲ (ਪੇਂਟਡ ਗਰੇਵੇਅਰ), ਸਲੇਟੀ ਭਾਂਡਿਆਂ ਦਾ ਕਾਲ (ਗਰੇਵੇਅਰ), ਕਾਲੀ ਧਾਰੀ ਵਾਲੇ ਭਾਂਡਿਆਂ ਦਾ ਕਾਲ (ਬਲੈਕ ਸਲਿਪਡ ਵੇਅਰ), ਮੌਰੀਆ ਕਾਲ, ਕੁਸ਼ਾਨ-ਸੁੰਗ ਕਾਲ, ਮੁੱਢਲਾ ਇਤਿਹਾਸਕ ਕਾਲ (ਅਰਲੀ ਹਿਸਟੌਰੀਕਲ), ਮੁੱਢਲਾ ਮੱਧਕਾਲ (ਅਰਲੀ ਮੀਡੀਵਲ) ਅਤੇ ਪਿਛਲੇਰਾ ਮੱਧਕਾਲ (ਲੇਟਰ ਮੀਡੀਵਲ)।
ਸਰਹਿੰਦ ਨਦੀ ਦੇ ਕੰਢੇ ਵਾਲੀਆਂ ਥੇਹਾਂ ਦੀ ਕਦੀਮਤਾ ਪਿਛਲੇਰੇ ਪੱਥਰ ਯੁੱਗ (ਲੋਅਰ ਪੈਲੀਉਲਿਥਿਕ ਏਜ) ਤੱਕ ਪਹੁੰਚੀ ਹੋਈ ਹੈ। ਬੜੀ ਨੰਗਲ ਪਿੰਡ ਤੋਂ ਪੱਥਰ ਯੁੱਗ ਦੇ ਔਜ਼ਾਰ ਮਿਲੇ ਸਨ। ਸੰਘੋਲ ਤੋਂ ਹੜੱਪਾ ਵਸੇਬ ਦੀਆਂ ਬੇਸ਼ੁਮਾਰ ਨਿਸ਼ਾਨੀਆਂ ਤੋਂ ਬਿਨਾਂ ਕੁਸ਼ਾਨ ਕਾਲ ਦੇ ਬੋਧੀ ਮੱਠ ਮਿਲੇ ਹਨ। ਦਲੇਂਵਾ ਅਤੇ ਲਖਮੀਰ ਵਾਲਾ ਹੜੱਪਾ ਤਹਿਜ਼ੀਬ ਦੀਆਂ ਮਸ਼ਹੂਰ ਥੇਹਾਂ ਹਨ। ਲਖਮੀਰ ਵਾਲਾ ਥੇਹ 220 ਹੈਕਟੇਅਰ ਵਿੱਚ ਫੈਲੀ ਹੋਈ ਸੀ ਜਦੋਂਕਿ ਹੜੱਪਾ ਅਤੇ ਦਲੇਵਾਂ ਥੇਹਾਂ ਦਾ ਪਨ੍ਹਾ 150 ਹੈਕਟੇਅਰ ਸੀ। ਗੁਰਨੇ ਕਲਾਂ ਦੀ ਥੇਹ 144 ਹੈਕਟੇਅਰ, ਹਸਨਪੁਰ ਅਤੇ ਨਰਿੰਦਰਪੁਰਾ ਦੀਆਂ ਥੇਹਾਂ 100 ਹੈਕਟੇਅਰ ਵਿੱਚ ਫੈਲੀਆਂ ਹੋਈਆਂ ਸਨ। ਦਲੇਂਵਾ ਦੀ ਖੁਦਾਈ ਉੱਤੇ ਥੇਹਖੋਜੀ ਮਧੂਬਾਲਾ ਅਤੇ ਸਾਥੀਆਂ ਨੇ ਕਿਤਾਬ ਲਿਖੀ ਹੈ ਜੋ ਦਲੇਂਵਾ ਅਤੇ ਸਰਹਿੰਦ ਨਦੀ ਦੀ ਕਦੀਮਤਾ ਬਾਬਤ ਅਹਿਮ ਦਸਤਾਵੇਜ਼ ਹੈ।
ਮਿਰਜ਼ਾ ਕੰਦੀ ਵਹਿਣ ਦੇ ਕੰਢੇ ਥੇਹਾਂ
ਪਥਰੇੜੀ ਜੱਟਾਂ, ਪਥਰੇੜੀ ਰਾਜਪੂਤਾਂ, ਬਾੜਾ, ਸਲੌਰਾ, ਸਿੰਘ-ਭਗਵਾਨਪੁਰਾ, ਕਾਈਨੌਰ, ਅਰਨੌਲੀ, ਚਤਾਮਲਾ, ਸੰਘੋਲ, ਖੇੜੀ ਨੌਧ ਸਿੰਘ, ਮੁੱਤੋਂ ਅਤੇ ਡਡਹੇੜੀ।
ਜੈਂਤੀਆਂ ਦੇਵੀ ਕੀ ਰੌ ਦੇ ਕੰਢੇ ਥੇਹਾਂ
ਬੜੀ ਨੰਗਲ, ਜੈਂਤੀਪੁਰ, ਹਥਨੌਰ, ਨਗਲੀਆਂ, ਸਹੌਰਾ, ਨਨਹੇੜੀਆਂ, ਤਿਊੜ ਜਾਂ ਤੀੜਾ, ਤਰੌਲੀ, ਘੰਡੋਲੀ, ਸਲਾਮਤਪੁਰ, ਘੜੂੰਆਂ, ਪਡਿਆਲਾ, ਪੱਕੀ ਰੁੜਕੀ ਜਾਂ ਰੁੜਕੀ ਪੁਖਤਾ, ਕੱਚੀ ਰੁੜਕੀ ਜਾਂ ਰੁੜਕੀ ਖ਼ਾਸ, ਮਾਮੂਪੁਰ, ਅੱਲ੍ਹਾਪੁਰ, ਕਲਹੇੜੀ, ਬਰੌਲੀ, ਭਜੌਲੀ, ਮੁੰਡੀ ਖਰੜ, ਖਾਨਪੁਰ, ਭਾਗੋ ਮਾਜਰਾ, ਜੰਡਪੁਰ, ਪੀਰ ਸੁਹਾਣਾ, ਸਿੰਬਲਪੁਰ, ਬਡਾਲੀ, ਰਡਿਆਲਾ, ਪੰਨੂਆਂ, ਮਲਕਪੁਰ, ਮਹਿਮੂਦਪੁਰ, ਦਬਾਲੀ, ਸਕਰੁੱਲਾਂਪੁਰ, ਬਜਹੇੜੀ, ਦੇਹ ਕਲਾਂ, ਸੋਤਲ (ਦੂਜਾ ਸੋਤਲ ਸੀਸਵਾਂ ਨਦੀ ਦੇ ਕੰਢੇ ਹੈ। ਉੱਥੇ ਵੀ ਕਦੀਮੀ ਥੇਹ ਮੌਜੂਦ ਹੈ।), ਸਿੱਲ, ਸਿਰਕੱਪੜਾ, ਗੜਾਂਗਾ, ਕਲੌੜ ਅਤੇ ਅੱਤੇਵਾਲੀ।
ਮਿਰਜ਼ਾ ਕੰਦੀ ਵਹਿਣ ਅਤੇ ਜੈਂਤੀਆਂ ਦੇਵੀ ਕੀ ਰੌ ਦੇ ਸੁਮੇਲ ਤੋਂ ਬਾਅਦ ਬਣੀ ਸਰਹਿੰਦ ਨਦੀ ਦੇ ਕੰਢੇ ਥੇਹਾਂ
ਬਰੀਮਾ, ਝੰਬਾਲਾ, ਗਲਵੱਡੀ, ਮਾਜਰੀ, ਮਾਜਰੀ ਜੱਟਾਂ, ਮੰਦੌਰ (ਦੂਜਾ ਮੰਦੌਰ ਚੋਆ ਨਦੀ ਕੰਢੇ ਹੈ), ਸੌਂਟੀ, ਕੁੰਭ, ਤਲਵਾੜਾ, ਬਡਾਲੀ, ਅਨੀਆਂ, ਹੈਬਤਪੁਰ, ਕੁੰਭੜਾ, ਮੁੱਲਾਂਪੁਰ ਕਲਾਂ, ਮੁੱਲਾਂਪੁਰ ਖੁਰਦ, ਸਲਾਣਾ, ਭੱਦਲ ਥੂਹਾ, ਭੱਟੋਂ, ਮਛਰਾਏ ਕਲਾਂ, ਬੁੱਗਾ ਕਲਾਂ, ਕੋਟਲੀ, ਕਪੂਰਗੜ੍ਹ, ਰੁੜਕੀ, ਭੈਣੀ ਬੁਲੰਦ, ਮਾਨਗੜ੍ਹ, ਚਹਿਲਾਂ, ਮੀਆਂਪੁਰ, ਕੌਲਗੜ੍ਹ-1, ਕੌਲਗੜ੍ਹ-2, ਲਾਡਪੁਰ, ਤੰਗਰਾਲਾ, ਲੱਲੋਂ ਖੁਰਦ, ਮਹਿਮੂਦਪੁਰ, ਨੋਹਰਾ, ਰਾਮਗੜ੍ਹ ਛੰਨਾ, ਕੌਲ, ਢੀਂਗੀ, ਲੋਪਾ, ਰੋਹਟਾ, ਗੱਗੜਪੁਰ, ਸੁਨਾਮ, ਗੋਬਿੰਦਗੜ੍ਹ ਖੋਖਰ, ਚੰਗਾਲੀ (ਇਹ ਦੋਵੇਂ ਚੋਅ ਨਦੀ ਅਤੇ ਸਰਹਿੰਦ ਨਦੀ ਦੇ ਵਿਚਕਾਰ ਮੌਜੂਦ ਹੈ।), ਸਤੌਜ, ਭੀਖੀ, ਦਲੇਵਾਂ, ਬਗਲੀਆਂ ਦੀ ਥੇਹ ਉਰਫ਼ ਨਰਿੰਦਰਪੁਰਾ, ਬਾੜੇ, ਬਾੜੇ-2, ਛਛੋਹਰ, ਕਾਸਿਮਪੁਰ, ਕਾਸਿਮਪੁਰ ਛੰਨਾ, ਕੌਰੇਵਾਲਾ, ਮੰਡਾਲੀ-1-2-3, ਗੁਰਨੇ ਕਲਾਂ, ਗੁਰਨੇ ਖੁਰਦ, ਹਸਨਪੁਰ-1-2, ਰਾਮਾਨੰਦੀ, ਔਲਖ, ਦਸੌਂਦੀਆਂ, ਚੂਹੜੀਆਂ, ਨੰਗਲ, ਸੱਤੀਵਾਲਾ ਖੂਹ, ਲਖਮੀਰ ਵਾਲਾ, ਲੱਲੂਆਣਾ, ਛੋਟੀ ਮਾਨਸਾ, ਆਲਮਪੁਰ ਮੰਦਰਾਂ, ਲੱਲੀਆਂ ਵਾਲੀ, ਲੱਲੂਵਾਲਾ ਜਾਂ ਕੋਟ ਲੱਲੂ, ਦਾਨੇਵਾਲਾ-1-2, ਡਾਲੇਵਾਲਾ, ਸਾਹਨੇਵਾਲੀ, ਅੱਕਾਂਵਾਲੀ, ਫਰੀਦ ਕੇ, ਛੋਟੀ ਭੰਮੇ, ਫੱਤਾ ਮਲੋਕਾ, ਨੈ ਵਾਲਾ ਥੇਹ ਅਤੇ ਨਹਿਰੀਵਾਲਾ ਥੇਹ।
ਬਰਤਾਨਵੀ ਪੰਜਾਬ ਦੇ ਨਕਸ਼ਿਆਂ ਵਿੱਚ ਸਰਹਿੰਦ ਨਦੀ ਨੂੰ ਮਿਰਜ਼ਾ ਕੰਦੀ ਨਹਿਰ ਵਜੋਂ ਦਿਖਾਇਆ ਗਿਆ ਹੈ। ਸੁਨਾਮ ਤੋਂ ਉੱਪਰ ਇਸ ਨਦੀ ਨੂੰ ਚੋਆ ਨਦੀ ਵੀ ਆਖਿਆ ਜਾਂਦਾ ਸੀ ਹਾਲਾਂਕਿ ਚੋਆ ਨਦੀ (ਪੁਰਾਣਾ ਦਰਿਆ ਜਾਂ ਸੁਵੇਤੀ ਨਦੀ ਉਰਫ਼ ਛੰਬਵਾਲੀ ਚੋਅ) ਵੱਖਰੀ ਨਦੀ ਹੈ। ਸਰਹਿੰਦ ਨਦੀ ਅਤੇ ਚੋਅ ਨਦੀ ਦੀਆਂ ਨਿਸ਼ਾਨਦੇਹੀਆਂ ਨੂੰ ਲੈ ਕੇ ਕੁਝ ਭਰਮ ਹਨ ਜਿਨ੍ਹਾਂ ਬਾਰੇ ਗੱਲ ਫਿਰ ਸਹੀ।