Water Crises ਕੀ ਅਸੀਂ ਵਾਕਿਆ ਹੀ ਟ ਜਲ-ਸੰਕਟ ਵੱਲ ਵੱਧ

ਵਰਖਾ ਦੀ ਹਰ ਬੂੰਦ ਸਾਂਭਣੀ ਪਵੇਗੀ

-ਵਿਜੈ ਬੰਬੇਲੀ

ਪਾਣੀ;ਸਾਡੀ ਸਮਾਜਿਕ,ਆਰਥਿਕ ਤੇ ਰਾਜਨੀਤਕ ਸ਼ਕਤੀ ਹੈ।ਕੁਦਰਤ ਦਾ ਅਦਭੁੱਤ ਕ੍ਰਿਸ਼ਮਾ,ਜ਼ਿੰਦਗੀ ਦਾ ਧਰੋਹਰ।ਕਦੇ,ਅਸੀਂ ਜਲ ਨਾਲ ਸ਼ਰਸਾਰ ਸਾਂ।ਹੁਣ;ਦੁਨੀਆਂ ਦੀ ਕੁੱਲ ਵਸੋਂ ਦਾ 17% ਸਾਡੇ ਦੇਸ਼ ‘ਚ ਵਸਦਾ ਹੈ ਪਰ ਧਰਤੀ ਦੇ ਕੁੱਲ ਜਲ-ਸਰੋਤਾਂ ‘ਚੋਂ ਸਾਡੇ ਕੋਲ ਮਸਾਂ 4% ਹਨ।ਵਰਖਾ; ਜੋ ਪਾਣੀ ਦਾ ਮੁੱਢਲਾਂ ਸੋਮਾ ਹੈ,ਵਜੋਂ ਕੁਦਰਤ ਸਾਡੇ ‘ਤੇ ਬੜੀ ਦਿਆਲ ਸੀ/ਹੈ ਪਰ ਅਸੀਂ ਇਸਦੀ ਕਦਰ ਨਹੀਂ ਕਰਦੇ।ਸਾਡੇ ਦੇਸ਼ ਵਿੱਚ ਹਰ ਸਾਲ ਕਰੀਬ 4000 ਅਰਬ ਘਣ ਮੀਟਰ ਮੀਂਹ ਪੈਂਦਾ ਸੀ/ਹੈ।ਭੂਗੋਲਿਕ ਅਤੇ ਬਨਸਪਤਨ ਸਥਿਤੀਆ ਅਨੁਸਾਰ ਕਿਤੇ ਬਹੁਤਾ,ਕਿਤੇ ਮੂਲੋਂ ਘੱਟ। ਪ੍ਰੰਤੂ,ਅਸੀਂ ਸਿਰਫ 8% (320 ਅ.ਘ.ਮੀ.) ਹੀ ਸਾਂਭਦੇ-ਸਲੂਟਦੇ ਹਾਂ।
ਭਾਰਤ ਵਿੱਚ ਅੋਸਤਨ ਸਾਲਾਨਾ ਵਰਖਾ 1200 ਮਿ.ਮੀ. ਪੈਂਦੀ ਸੀ/ ਹੈ,ਖਿੱਤਾ ਵਿਸ਼ੇਸ 200 ਤੋਂ 11000 ਮੀ.ਮੀ।ਪ੍ਰੰਤੂ;ਇਸਦਾ 70% ਹਿੱਸਾ ਬਰਸਾਤਾਂ ਦੇ ਮਾਤਰ 100 ਕੁ ਦਿਨਾਂ ਵਿੱਚ ਹੀ ਵਰ੍ਹ ਜਾਂਦਾ ਹੈ।ਇਸਦਾ ਅੱਧਾ ਮਹਿਜ਼ 50-100 ਘੜੀਆਂ ਵਿੱਚ ਹੀ,ਜਿਸਨੂੰ ਮੁਸਲੇਧਾਰ ਮੀਂਹ ਕਿਹਾ ਜਾਂਦਾ ਹੈ।ਸਾਡੀਆਂ ਅਸਮਰਥਾਵਾਂ/ਨਲਾਇਕੀਆਂ ਕਾਰਨ ਇਹੀ ਪਾਣੀ ਸਾਨੂੰ ਰੋੜ੍ਹਦਾ,ਖੋਰ੍ਹਦਾ,ਨੁਕਸਾਨਦਾ ਹੈ।ਹੁਣ ਖੇਤੀ ਤੇ ਹੋਰ ਸੰਭਾਵਿਤ ਲੋੜਾਂ ਲਈ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਵਰਤੋਂ ਤੇ ਇਸਨੂੰ ਧਰਤੀ ‘ਚ ਭੇਜਣਾ ਅਣ-ਸਰਦੀ ਲੌੜ ਹੈ।ਸਾਵੀਂ ਵਰਖਾ ਲਈ ਸਾਨੂੰ ਉਹ ਕਾਰਕ ਮੁੜ-ਸਿਰਜਣੇ ਪੈਣੇ ਹਨ,ਜਿਹੜੇ ਵਰਖਾ ਵਰ੍ਹਾਉਣ ‘ਚ ਸਹਾਈ ਹੁੰਦੇ ਹਨ ਅਤੇ ਉਹ ਕਾਰਨ ਤੱਜਣੇ ਪੈਣੇ ਹਨ ਜਿਹਨਾਂ ਕਾਰਨ ਵਰਖਾ ਗੜ੍ਹਬੜਾ ਜਾਂਦੀ ਹੈ ਅਤੇ ਮਿੱਟੀ ਰੁੜ੍ਹ-ਖੁਰ ਜਾਂਦੀ ਹੈ।ਇਸ ਕਾਰਜ ਵਿੱਚ ਜੰਗਲ ਕੁੰਜੀਵਤ ਹਿੱਸਾ ਪਾ ਸਕਦੇ ਹਨ।ਮੈਂ;ਕੁੱਝ ਉਦਾਹਰਣਾ ਦੇਵਾਂਗਾ:
ਭਾਰਤ ਅਤੇ ਪਾਕਿਸਤਾਨ ਵਿਚਲੇ ਥਾਰ ਦੀ ਦੋ ਹਜ਼ਾਰ ਵਰ੍ਹੇ ਪੁਰਾਣੀ ਦਾਸਤਾਂ ਅਤੇ ਪਹਾੜਾਂ ਦੇ ਮੌਜੂਦਾ ਢਹਿ-ਢੇਰੀ ਹੋਣ ਦਾ ਅਸਲ ਕਾਰਨ ਮਨੁੱਖ ਦੇ ਕੁਦਰਤ ਪ੍ਰਤੀ ਗਲਤ ਵਿਵਹਾਰ ਦੀ ਹੀ ਵਿੱਥਿਆ ਹੈ।ਅਸੀਂ ਹੱਥੀ ਉਜਾੜੇ ਰਾਜਸਥਾਨ ਦੀ ਹੋਣੀ ਨੂੰ ਭੁੱਲ ਗਏ ਹਾਂ।ਕਿਸੇ ਸਮੇਂ ਸਾਰੇ ਸਥਾਨਾਂ ‘ਚੋਂ ਰਾਜ (ਸਿਰਮੋਰ) ਸਥਾਨ ਰੱਖਦਾ ਸਰ-ਸਬਜ਼ ਇਹ ਖਿੱਤਾ ਕੁਝ ਹੀ ਦਹਿ-ਸਦੀਆਂ ਵਿੱਚ ਉਦੋਂ ਧੂੜ ਤੇ ਟੋਇਆਂ-ਟਿੱਬਿਆਂ ਵਿਚ ਬਦਲ ਗਿਆ ਜਦ ਜੰਗਲ ਅਤੇ ਪਹਾੜ ਰੁੱਸ ਗਏ।ਤਵਾਰੀਖ ਗਵਾਹ ਹੈ ਕਿ ਜ਼ਰੂਰੀ ਵਰਤੋਂ ਉਪਰੰਤ ਕੁਦਰਤੀ ਸੋਮਿਆਂ ਦੀ ਮੁੜ-ਭਰਪਾਈ ਨਾ ਕਰਨ ਵਾਲੀ ਤਕਰੀਬਨ ਹਰ ‘ਸਲਤਨਤ’ ਦਾ ਅੰਤ ਦਰਾੜਾਂ ਅਤੇ ਮਾਰੂਥਲ ਦੇ ਜਨਮ ਨਾਲ ਹੋਇਆ ਹੈ।ਕਿਥੇ ਗਈਆਂ ਸਾਡੀਆਂ ਹੜੱਪਾ ਅਤੇ ਮਹਿਜੋਂਦੜੋ ਦੀਆਂ ਸੱਭਿਆਤਾਵਾਂ? ਮੌਜੂਦਾ ਮਾਰੂਥਲ ਮਰਾਕੋ, ਅਲਜ਼ੀਰੀਆ ਅਤੇ ਟਿਊਨੇਸ਼ੀਆ ਕਿਸੇ ਵਕਤ ਰੋਮਨ ਸ਼ਹਿਨਸ਼ਾਹੀ ਦੇ ਪ੍ਰਸਿੱਧ ਅਨਾਜ ਖੇਤਰ ਸਨ।ਇਸੇ ਦੀ ਉੋਪਜ ਇਟਲੀ ਅਤੇ ਸਿਸਲੀ ਦਾ ਭੌਂ-ਖੋਰ ਹੈ।ਮੈਸੋਪਟਾਮੀਆਂ,ਫਲਸਤੀਨ,ਸੀਰੀਆ ਅਤੇ ਅਰਬ ਦੇ ਕੁਝ ਭਾਗ,ਉਰ,ਸੁਮੇਰੀਆ,ਬੇਬੀਲੋਨ ਅਤੇ ਅਸੀਰੀਆ ਕਦੇ ਮਹਾਨ ਬਾਦਸ਼ਾਹੀਆਂ ਦੇ ਮਾਣ-ਮੱਤੇ ਤਖਤ ਸਨ।ਕੱਲ੍ਹ ਦਾ ਉਪਜਾਊ ਪਰਸ਼ੀਆ ਅੱਜ ਦਾ ਮਾਰੂਥਲ ਹੈ।ਸਿਕੰਦਰ ਦਾ ਹਰਿਆ-ਭਰਿਆ ਯੂਨਾਨ ਅੱਜ ਆਪਣੀ ਬੰਜ਼ਰ ਭੂਮੀ ਕਾਰਨ ਝੂਰ ਰਿਹਾ ਹੈ।ਕੀ;ਅਸੀਂ ਬਚੇ ਰਹਾਂਗੇ?
ਸਾਨੂੰ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ:
“ਜੇ ਮਿੱਟੀ ਅਤੇ ਪਾਣੀ ਹੈ,
ਤਦ ਹੀ ਬਨਸਪਤੀ (ਜੰਗਲ) ਹੈ।
‘ਜੰਗਲ’; ਵਰਖਾ ਦੇ ਸਾਕਸ਼ੀ ਹਨ।
‘ਵਰਖਾ’; ਪਾਣੀ ਦਾ ਮੁੱਢਲਾ ਸੋਮਾ ਹੈ।
‘ਪਾਣੀ ਅਤੇ ਮਿੱਟੀ’; ਜੀਵਨ ਦਾ ਧਰੋਹਰ ਹਨ।”
ਸਾਡੇ ਪੁਰਖੇ,ਪਹਾੜਾਂ ਨੂੰ ਨਮਸਕਾਰਦੇ ਸਨ,ਰੁੱਖਾਂ ਨੂੰ ਮੌਲੀਆਂ ਬੰਨਦੇ ਸਨ ਅਤੇ ਜਲ-ਕੁੰਡਾਂ ਕੰਢੇ ਦੀਵਾ-ਵੱਟੀ ਕਰਦੇ ਸਨ।ਸਾਡੀਆਂ ਸੱਭਿਆਤਾਵਾਂ ਨਦੀਆਂ ਕਿਨਾਰੇ ਹੀ ਵਿਗਸੀਆਂ।ਕੰਜ਼ਕਾਂ ਨੂੰ ਪੂਜਣਾਂ,ਜੀਵਾਂ-ਜਨੌਰਾਂ ਨੂੰ ਚੋਗਾ ਪਾਉਣਾ ਵੀ ਸਾਡੀ ਰਹਿਤਲ ਵਿੱਚ ਪਿਆ ਹੋਇਆ ਹੈ,ਅਸੀਂ ਹੀ ਇਸ ਸਾਰੇ ਕੁੱਝ ਨੂੰ ਭੁੱਲ-ਭੁਲਾਅ ਗਏ ਹਾਂ।
ਆਓ!
“ਬਿਰਖਾਂ ਦੀ ਗੱਲ ਕਰੀਏ,
ਪਹਾੜਾਂ ਦੀ ਕਦਰ ਕਰੀਏ,
ਦਰਿਆਵਾਂ ਦੀ ਬਾਂਹ ਫੜ੍ਹੀਏ,
ਧਰਤੀ ਦਾ ਅਦਬ ਕਰੀਏ।”ੇ
ਸ਼ੁਕਰ ਹੈ,ਕੁਦਰਤੀ ਜਲ-ਚੱਕਰ ਬਦੌਲਤ ਭਾਰਤੀ ਸਤਾਹ ਉੱਤੇ ਅਜੇ ਵੀ 40000 ਘਣ ਕਿ.ਮੀ. ਪਾਣੀ ਵਰਸਦਾ ਹੈ।ਅਵੇਸਲੇਪਨ ਨਾਲ ਇਸਦਾ ਦੋ-ਤਿਹਾਈ ਹਿੱਸਾ ਵਗ ਜਾਂਦਾ ਹੈ।ਹਾਲੇ ਵੀ ਕੁਦਰਤੀ ਜਲ-ਕੁੰਡਾ ਅਤੇ ਜ਼ਮੀਨੀ ਰਿਸਾਵ ਨਾਲ ਖੁਦ-ਬਖੁਦ 14000 ਘਣ ਕਿ.ਮੀ. ਸੰਭਾਲ ਹੋ ਜਾਂਦਾ ਹੈ।ਪਰ, ਕੀ ਭਵਿੱਖ ‘ਚ ਵੀ ਐਨਾ ਕੁ ਹੁੰਦਾ ਰਹੇਗਾ,ਮੌਜੂਦਾ ਸਥਿਿਤਆਂ/ਪ੍ਰਸਥਿਤੀਆਂ ਮੁਤਾਬਿਕ ਅਤੇ ਹਾਲੀਆ ਰਾਜਸੀ ਉਜੱਡਪੁਣੇ ਤਹਿਤ ਤਾਂ ਇਹ ਅਸੰਭਵ ਜਾਪਦਾ ਹੈ।
ਪਹਿਲਕਦਮੀ; ਜਿਹੜੀ ਤੁਰੰਤ ਵਿੱਢਣ ਦੀ ਲੋੜ ਹੈ:
“ ਖੇਤ ਦੀ ਮਿੱਟੀ ਖੇਤ ‘ਚ,
ਖੇਤ ਦਾ ਪਾਣੀ ਖੇਤ ‘ਚ।
ਪਿੰਡ ਦੀ ਮਿੱਟੀ ਪਿੰਡ ‘ਚ,
ਪਿੰਡ ਦਾ ਪਾਣੀ ਪਿੰਡ ‘ਚ।”
ਇਹ ਨਾਰ੍ਹਾਂ ਡੂੰਘੇ ਅਰਥ ਅਤੇ ਹਾਂਦਰੂ ਸਿੱਟੇ ਸਮੋਈ ਬੈਠਾ ਹੈ।ਵਰਖਾ ਭਾਵੇਂ ਗੜ੍ਹਬੜਾ ਦਿੱਤੀ ਗਈ ਹੈ, ਪਰ ਇਹ ਜਿੰਨੀ ਵੀ ਅਤੇ ਜਿਥੇ ਵੀ ਪੈਂਦੀ ਹੈ,ਸਭਾਂਲਣ ਤੋਂ ਬਿਨਾਂ ਕੋਈ ਚਾਰਾ ਨਹੀਂ।ਜਲ-ਸੰਕਟ ਦਾ ਅਸਲ ਤੇ ਸਦੀਵੀ ਹੱਲ ਇਹੀ ਹੈ।
ਵੇਲਾ ਹੈ:
“ਮਿੱਟੀ ਦਾ ਹਰ ਕਣ,
ਬਣ ਦੀ ਹਰ ਪੌਂਦ,
ਵਰਖਾ ਦੀ ਹਰ ਬੂੰਦ ਸਾਂਭ-ਸਲੂਟ ਲਈਏ।
ਸਾਡੇ ਵਾਰਸਾਂ ਦੇ ਕੰਮ ਆਵੇਗੀ।”
ਨਿੱਜੀ ਤਜੁਰਬਿਆਂ ‘ਤੇ ਆਧਾਰਤ ਇੱਕ ਕਮਾਲ ਦੀ ਉਦਾਹਰਣ, ਸਦੰਰਭ ਕੰਢੀ ਖਿੱਤਾ, ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ:
“ਵੱਖ-ਵੱਖ, ਸੋਖੀਆ ਤੇ ਸਸਤੀਆਂ,ਵਿਧੀਆਂ ਵਰਤ-ਉਸਾਰ ਕੇ,ਪੰਜਾਬ ਦਾ ਕੰਢੀ ਖਿੱਤਾ ਵਰਖੇਈ ਪਾਣੀ ਰੋਕਣ-ਖਲਾਰਨ ਅਤੇ ਧਰਤੀ ‘ਚ ਗਰਕਾਉਣ ਹਿੱਤ ਬੜਾ ਢੁੱਕਵਾਂ ਹੈ।ਪੰਜਾਬ ਦਾ ਕੁਲ ਰਕਬਾ 54 ਲੱਖ ਹੈਕਟੇਅਰ ਹੈ।ਜਿਸਦਾ 10%, ਭਾਵ 5.4 ਲੱਖ ਹੈਕ. ਕੰਢੀ ਖੇਤਰ ‘ਚ ਪੈਂਦਾ ਹੈ। ਭਾਰਤ ਦੀ ਔਸਤਨ ਸਾਲਾਨਾ ਵਰਖਾ 1200 ਐਮ. ਐਮ. ਹੈ।ਮੌਜੂਦਾ ਹਾਲਾਤਾ ਤਹਿਤ ਪੰਜਾਬ ਦੀ 800 ਐਮ. ਐਮ. ਮੰਨ ਲਵੋ।ਹਾਲ ਦੀ ਘੜੀ,ਤੁਸੀਂ ਕੰਢੀ ਦਾ ਚੌਥਾ ਹਿੱਸਾ (25%),ਜਾਣੀ 1.35 ਲੱਖ ਹੈਕ.,ਹੀ ਲਵੋ ਅਤੇ ਰੋੜ੍ਹਵੀਂ ਵਰਖਾ ਵੀ 50%,ਭਾਵ 400 ਐਮ. ਐਮ,ਹੀ ਮੰਨਕੇ ਚਲੋ।ਜੇ ਅਸੀਂ ਕੰਢੀ ਦੇ ਚੌਥੇ ਹਿੱਸੇ ਵਿੱਚ ਹੀ ਵਰਖਾ ਦਾ ਮਹਿਜ਼ ਅੱਧ ਹੀ ਰੋਕ-ਖੜ੍ਹਾ ਕੇ ਵਰਤ-ਗਰਕਾ ਲਈਏ ਤਦ ਵੀ ਬਰਸਾਤ ਦੇ ਇੰਜ ਕਮਾਏ ਹੋਏ ਪਾਣੀ ਦੀ ਮਿਕਦਾਰ 54 ਹਜ਼ਾਰ ਹੈਕ. ਲੀਟਰ ਬਣ ਜਾਵੇਗੀ।ਜਿਹੜਾ ਐਨਾ ਹੈ ਕਿ ਤੁਸੀਂ ਸਾਰੇ ਪੰਜਾਬ ਵਿੱਚ,ਜੇ ਇਹ ਬਿੱਲਕੁਲ ਸਾਂਵਾ-ਪੱਧਰਾ ਹੋਵੇ, ਇੱਕ-ਇੱਕ ਗਿੱਠ (10 ਸੈਟੀ ਮੀ.) ਪਾਣੀ ਖੜ੍ਹਾ ਸਕਦੇ ਹੋ।ਸੋ;ਜਲ-ਸੰਕਟ ਦੇ ਨਿਵਾਰਨ ਹਿੱਤ ਕੰਢੀ ‘ਚ ਭੂਮੀ ਤੇ ਜਲ ਸੰਭਾਲ ਵਿੱਧੀਆ ਅਪਣਾਓ ਅਤੇ ਬਾਕੀ ਪੰਜਾਬ ‘ਚ ਟੌਭ੍ਹੇ ਤੇ ਵੱਟ ਬੰਦੀਆਂ”।
ਕੀ ਵਰਖਾ ਦੀ ਮੌਜੂਦਾ ਦਰ ਵੀ ਜਾਰੀ ਰਹੇਗੀ? ਇਹ ਵੀ ਅਸੰਭਵ ਜਾਪਦੀ ਹੈ।ਮਨੁੱਖ ਵਲੋਂ ਖੁਦ-ਸਿਰਜੀ ਆਲਮੀ ਤਪਸ਼ ਨੇ ਮੌਸਮ ਗੜ੍ਹਬੜਾ ਦਿੱਤੇ ਹਨ।ਧਰਤੀ ਦਾ ਤਾਪਮਾਨ ਡੇਢ ਡਿਗਰੀ ਵੀ ਵੱਧ ਜਾਵੇ,ਤਦ ਮੀਂਹ ਪੈਣ ਦੀ ਸੰਭਾਵਨਾ 10% ਘੱਟ ਜਾਂਦੀ ਹੈ ਅਤੇ ਜਲ-ਵਹਿਣਾਂ ਦੇ ਵਹਾਅ ਵਿੱਚ 60% ਦੀ ਕਮੀ ਆ ਜਾਂਦੀ ਹੈ।ਠੀਕ ਹੈ,ਸਾਵੇਂ ਮੀਹਾਂ ਲਈ ਸਾਂਵੇ ਵਾਤਾਵਰਣ ਅਤੇ ਭਰਪੂਰ ਜੰਗਲਾਂ ਦੀ ਲੋੜ ਹੈ ਪਰ ਜਲ-ਸੰਕਟ ਦਾ ਹਕੀਕੀ-ਹੱਲ ਲੋਕ-ਪੱਖੀ ਨਿਜ਼ਾਮ ਅਤੇ ਸਾਦੀ ਜੀਵਨ-ਜਾਂਚ ਨਾਲ ਵੀ ਬੱਝਾ ਹੋਇਆ ਹੈ,ਇਹੀ ਉਹ ਗੱਲ ਹੈ ਜਿਹੜੀ ਬਹੁਤਿਆਂ ਦੇ ਪੱਲੇ ਨਹੀਂ ਪੈਂਦੀ।
ਦਰ-ਹਕੀਕਤ; ਕੁਦਰਤ,ਇੱਕ ਜਲ-ਚੱਕਰ ਦੇ ਰੂਪ ਵਿੱਚ ਸਾਨੂੰ ਪਾਣੀ ਦਿੰਦੀ ਹੈ।ਅਸੀਂ ਉਸ ਚੱਕਰ ਦਾ ਮਹੱਤਵਪੂਰਨ ਹਿੱਸਾ ਹਾਂ।ਇਸ ਚੱਕਰ ਨੂੰ ਚੱਲਦਾ ਰੱਖਣਾ ਸਾਡੀ ਜ਼ਿਮੇਵਾਰੀ ਹੈ।ਇਹ ਚੱਕਰ ਤਦ ਹੀ ਚਲਦਾ ਰਹਿ ਸਕਦਾ ਹੈ,ਜੇ ਜੰਗਲ,ਪਹਾੜ,ਜਲ-ਵਹਿਣ,ਜਲ-ਸੋਮੇ,ਜੀਵ-ਜੰਤੂ ਭਾਵ ਕੁਦਰਤੀ ਸਮਤੋਲ ਅਤੇ ਸ਼ੁੱਧ ਤੇ ਸਾਵਂੇ ਵਾਤਾਵਰਣ ਸਮੇਤ ਉਹ ਸਾਰੇ ਕਾਰਕ ਜਿਂਊਦੇ ਰਹਿਣ ਜੋ ਸਾਵੀਂ ਮੌਨਸੂਨ (ਜਲ-ਚੱਕਰ) ਲਈ ਨਿਹਾਇਤ ਜਰੂਰੀ ਹਨ।ਇਸ ਚੱਕਰ ਦਾ ਰੁੱਕ ਜਾਣਾ ਜੀਵਨ ਦਾ ਅੰਤ ਹੈ।
ਵਰਖਾ ਹੀ ਪਾਣੀ ਦਾ ਮੁੱਢਲਾ ਸੋਮਾ ਹੈ।ਪਾਣੀ ਦੇ ਬਾਕੀ ਤਾ-ਸੋਮੇ, ਧਰਤੀ ਉਤਲੇ ਤੇ ਧਰਤੀ ਹੇਠਲੇ,ਵਗਦੇ ਜਾਂ ਖੜ੍ਹੇ,ਭਾਪ-ਧੂੰਦ ਦੀ ਨਿਆਂਈ ਜਾਂ ਜੰਮੇ ਹੋਏ,ਸਾਰੇ ਦੇ ਸਾਰੇ ਵਰਖੇਈ ਪਾਣੀ ਉੱਤੇ ਹੀ ਮੁਨੱਸਰ ਹਨ।ਚੇਤੇ ਰੱਖੋ! ਪਾਣੀ 100 ਫੀਸਦੀ ਸੱਭ ਲਈ ਸਾਂਝੀ ਕੁਦਰਤੀ ਨਿਆਮਤ ਹੈ।ਇਹ ਬਣਾਇਆ ਨਹੀਂ ਜਾ ਸਕਦਾ।ਇਸਦੀ ਸੰਜ਼ਮੀ ਅਤੇ ਭਲੀ ਵਰਤੋਂ ਕੀਤੀ ਜਾ ਸਕਦੀ ਹੈ।ਇਹ ਸ਼ੁੱਧ ਰੱਖਿਆ ਜਾ ਸਕਦਾ ਹੈ, ਬਚਾਇਆ ਜਾ ਸਕਦਾ ਹੈ।ਵਰ੍ਹਾਇਆ ਅਤੇ ਧਰਤੀ ‘ਚ ਭੇਜਿਆ ਜਾ ਸਕਦਾ ਹੈ।
ਮੁੱਕਦੀ ਗੱਲ; ਵਰਖਾ ਦੀ ਹਰ ਤਿੱਪ ਨੂੰ ਕਮਾਉਣਾ ਹੀ “ਜਲ ਸੰਕਟ” ਦਾ “ਰਾਮ ਬਾਣ” ਹੈ।
94634 39075

Related Posts

ਹਿਮਾਲਿਆ ਵਿੱਚ ਖਤਰੇ ਦੀ ਘੰਟੀ

ਸ਼ਿਆਮ ਸਰਨ ਪਿਛਲੇ ਕਈ ਸਾਲਾਂ ਤੋਂ ਮੈਂ ਹਿਮਾਲਿਆ ਦੀ ਯਾਤਰਾ ਕਰਦਾ ਰਿਹਾ ਹਾਂ ਪਰ ਇਸ ਵੇਲੇ ਜਿਸ ਤਰ੍ਹਾਂ ਦੀ ਬਿਪਤਾ ਦਾ ਅਹਿਸਾਸ ਹੋ ਰਿਹਾ ਹੈ, ਉਵੇਂ ਪਹਿਲਾਂ ਕਦੇ ਨਹੀਂ ਹੋਇਆ।…

Leave a Reply

Your email address will not be published. Required fields are marked *

This site uses Akismet to reduce spam. Learn how your comment data is processed.