‘ਅੱਗ ਦੀ ਖੇਡ’ ਦਾ ਅੰਗਰੇਜ਼ੀ ਰੂਪ…

ਸੁਰਿੰਦਰ ਸਿੰਘ ਤੇਜ

ਪਿਛਲੀ ਅੱਧੀ ਸਦੀ ਤੋਂ ਲਾਤੀਨੀ ਅਮਰੀਕੀ ਸਾਹਿਤ ਦੁਨੀਆ ਵਿੱਚ ਸਭ ਤੋਂ ਵੱਧ ਵਿਕਦਾ ਆ ਰਿਹਾ ਹੈ- ਸਪੈਨਿਸ਼ ਜਾਂ ਪੁਰਤਗੀਜ਼ ਭਾਸ਼ਾਵਾਂ ਵਿੱਚ ਨਹੀਂ, ਅੰਗਰੇਜ਼ੀ ਵਿੱਚ। (ਇੱਥੇ ਸਾਹਿਤ ਤੋਂ ਮੁਰਾਦ ਸੰਜੀਦਾ ਅਦਬ ਦੀ ਹੈ, ਬੈੱਸਟ ਸੈੱਲਰਾਂ ਦੀ ਤਰਜ਼ ਦੀਆਂ ਕਿਤਾਬਾਂ ਤੋਂ ਨਹੀਂ)। ਨੋਬੇਲ ਪੁਰਸਕਾਰ ਜੇਤੂ ਕੋਲੰਬਿਆਈ ਲੇਖਕ (ਮਰਹੂਮ) ਗੈਬਰੀਅਲ ਗਾਰਸੀਆ ਮਾਰਕੇਜ਼ ਤੇ ਅਰਜਨਟੀਨੀ ਲੇਖਕ (ਮਰਹੂਮ) ਜੌਰਜ ਲੁਇਸ ਬਰਜਜ਼ ਇਸ ਪੱਖੋਂ ਸਭ ਤੋਂ ਵੱਧ ਮਕਬੂਲ ਸਾਬਤ ਹੁੰਦੇ ਆਏ ਹਨ ਅਤੇ ਹੁਣ ਵੀ ਹਨ। ਮਾਰਕੇਜ਼ ਦੀ ਮੌਤ ਤੋਂ ਬਾਅਦ ਮਿਲੇ ਖਰੜਿਆਂ ਵਿੱਚੋਂ ਇੱਕ ਖਰੜੇ ’ਤੇ ਆਧਾਰਿਤ ਨਾਵਲ ਦਾ ਅੰਗਰੇਜ਼ੀ ਅਨੁਵਾਦ ‘ਅਨਟਿੱਲ ਔਗਸਟ’ (ਅਗਸਤ ਤੱਕ) ਅਜੇ ਰਿਲੀਜ਼ ਹੋਣਾ ਹੈ, ਫਿਰ ਵੀ ਇਸ ਦੀਆਂ ਪੰਜ ਲੱਖ ਕਾਪੀਆਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਹਨ। ਸਕੈਂਡੇਨੇਵੀਅਨ (ਸਵੀਡਿਸ਼, ਨਾਰਵੇਜੀਅਨ ਤੇ ਡੈਨਿਸ਼) ਸਾਹਿਤ ਦਾ ਅਜਿਹੀ ਲੋਕਪ੍ਰਿਯਤਾ ਪੱਖੋਂ ਦੂਜਾ ਸਥਾਨ ਹੈ। ਉਸ ਦੇ ਅੰਗਰੇਜ਼ੀ ਅਨੁਵਾਦ, ਮੂਲ ਭਾਸ਼ਾ ਦੇ ਮੁਕਾਬਲੇ ਪੰਜ ਤੋਂ ਦਸ ਗੁਣਾ ਵੱਧ ਵਿਕਦੇ ਹਨ। ਫਿਰ ਫਰਾਂਸੀਸੀ ਅਦਬ ਆਉਂਦਾ ਹੈ ਅਤੇ ਉਸ ਮਗਰੋਂ ਅਰਬੀ ਅਦਬ। ਇਨ੍ਹਾਂ ਭਾਸ਼ਾਵਾਂ ਦੇ ਅੰਗਰੇਜ਼ੀ ਵਿੱਚ ਅਨੁਵਾਦਿਤ ਸਾਹਿਤ ਦੀ ਮਾਰਕੀਟ ਨਿਰੋਲ ਅੰਗਰੇਜ਼ੀ ਵਿੱਚ ਲਿਖੇ ਸਾਹਿਤ ਨਾਲੋਂ ਕਿਤੇ ਵੱਧ ਵਸੀਹ ਹੈ। ਵਜ੍ਹਾ ਸਪੱਸ਼ਟ ਹੈ, ਅੰਗਰੇਜ਼ੀ ਪੜ੍ਹਨ-ਬੋਲਣ-ਸਮਝਣ ਵਾਲਿਆਂ ਦਾ ਦਾਇਰਾ ਲਗਾਤਾਰ ਵਿਆਪਕ ਹੁੰਦਾ ਜਾ ਰਿਹਾ ਹੈ ਅਤੇ ਇਹ ਲੋਕ ਅਮਰੀਕਾ ਜਾਂ ਬ੍ਰਿਟੇਨ ਦੇ ਜੀਵਨ ਤੋਂ ਇਲਾਵਾ ਬਾਕੀ ਦੁਨੀਆ ਦੇ ਜਨ-ਜੀਵਨ ਦੇ ਯਥਾਰਥ ਤੇ ਸੋਚ-ਸੁਹਜ ਬਾਰੇ ਵੀ ਜਾਨਣਾ ਚਾਹੁੰਦੇ ਹਨ। ਅਜਿਹਾ ਹੀ ਵਰਤਾਰਾ ਏਸ਼ੀਆ, ਖ਼ਾਸ ਕਰਕੇ ਜਾਪਾਨ, ਭਾਰਤ ਤੇ ਇੰਡੋਨੇਸ਼ੀਆ ਵਿੱਚ ਵੀ ਵਾਪਰ ਰਿਹਾ ਹੈ। ਇਨ੍ਹਾਂ ਦੀਆਂ ਜਿਹੜੀਆਂ ਖੇਤਰੀ ਭਾਸ਼ਾਵਾਂ ਨੂੰ ਚੰਗੇ ਅੰਗਰੇਜ਼ੀ ਤਰਜਮਾਕਾਰ ਮਿਲ ਰਹੇ ਹਨ, ਉਨ੍ਹਾਂ ਦੇ ਪਾਠਕਾਂ ਨੂੰ ਤਾਂ ਫ਼ਾਇਦਾ ਹੋ ਹੀ ਰਿਹਾ ਹੈ, ਲੇਖਕਾਂ ਤੇ ਤਰਜਮਾਕਾਰਾਂ ਦੀ ਮਾਨਤਾ ਤੇ ਪ੍ਰਸਿੱਧੀ ਵੀ ਵਧ ਰਹੀ ਹੈ ਅਤੇ ਪ੍ਰਕਾਸ਼ਕਾਂ ਦੇ ਮੁਨਾਫ਼ੇ ਵੀ ਵਧਦੇ ਜਾ ਰਹੇ ਹਨ।

ਤਰਜਮੇ ਰਾਹੀਂ ਪਾਠਕਾਂ ਦੀ ਤਾਦਾਦ ਕਿੰਨੀ ਵਿਆਪਕ ਬਣਾਈ ਜਾ ਸਕਦੀ ਹੈ, ਇਸ ਦੀ ਇੱਕ ਮਿਸਾਲ ਗੀਤਾਂਜਲੀ ਸ਼੍ਰੀ ਦਾ ਹਿੰਦੀ ਉਪਨਿਆਸ ‘ਰੇਤ ਸਮਾਧੀ’ ਹੈ। ਡੇਜ਼ੀ ਰੌਕਵੈੱਲ ਵੱਲੋਂ ਇਸ ਦਾ ਅਨੁਵਾਦ ਅੰਗਰੇਜ਼ੀ (ਟੌਂਬ ਆਫ ਸੈਂਡ) ਵਿੱਚ ਕੀਤੇ ਜਾਣ ਸਦਕਾ ਇਸ ਨੂੰ ਬੁੱਕਰ ਪੁਰਸਕਾਰ ਮਿਲਿਆ। ਇਸ ਦੀ ਬਦੌਲਤ ਇਸ ਨਾਵਲ ਦੇ ਖ਼ਰੀਦਦਾਰਾਂ ਦੀ ਗਿਣਤੀ, ਮੂਲ ਹਿੰਦੀ ਉਪਨਿਆਸ ਦੇ ਖ਼ਰੀਦਦਾਰਾਂ ਨਾਲੋਂ ਤਿੱਗਣੀ ਹੋ ਗਈ। ਇਸ ਨਾਲ ਲੇਖਿਕਾ ਦੀ ਸਾਖ਼ ਤੇ ਮਕਬੂਲੀਅਤ ਤਾਂ ਵਧੀ ਹੀ, ਤਰਜਮਾਕਾਰ ਦੀ ਵੁੱਕਤ ਤੇ ਅਹਿਮੀਅਤ ਵਿੱਚ ਵੀ ਭਰਵਾਂ ਵਾਧਾ ਹੋਇਆ। ਇਸੇ ਤਰ੍ਹਾਂ ਤਮਿਲ ਲੇਖਕ ਮੁਰੂਗਨ ਪੇਰੂਮਲ (ਜਿਸ ਨੇ ਕੁਝ ਵਰ੍ਹੇ ਪਹਿਲਾਂ ਫ਼ਿਰਕੇਦਾਰਾਨਾ ਤੇ ਜਾਤੀਵਾਦੀ ਮੁਕੱਦਮੇਬਾਜ਼ੀ ਤੋਂ ਅੱਕ ਕੇ ਲੇਖਣ ਤੋਂ ਕਿਨਾਰਾਕਸ਼ੀ ਦਾ ਐਲਾਨ ਕੀਤਾ ਸੀ) ਦੀਆਂ ਰਚਨਾਵਾਂ ਤੇ ਲੇਖਣ ਕਲਾ ਨੂੰ ਵੀ ਅੰਗਰੇਜ਼ੀ ਅਨੁਵਾਦ ਸਦਕਾ ਨਾ ਸਿਰਫ਼ ਨਵਾਂ ਜੀਵਨਦਾਨ ਮਿਲਿਆ ਸਗੋਂ ਉਹ ਤਾਂ ਹੁਣ ਸੰਜੀਦਾ ਸਾਹਿਤ ਰਚਣ, ਪਰ ਵੱਧ ਵਿਕਣ ਵਾਲੇ ਭਾਰਤੀ ਲੇਖਕਾਂ ਦੀ ਮੂਹਰਲੀ ਕਤਾਰ ਵਿੱਚ ਪਹੁੰਚਿਆ ਹੋਇਆ ਹੈ।

ਇਹ ਸਾਰਾ ਪ੍ਰਸੰਗ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਨਾਲ ਵੀ ਜੁੜਿਆ ਹੋਇਆ ਹੈ। ਫ਼ਰਕ ਇਹ ਹੈ ਕਿ ਪੰਜਾਬੀ ਅਦਬ ਨੂੰ ਅੰਗਰੇਜ਼ੀ ਵਿੱਚ ਉਲਥਾਉਣ ਦੇ ਹੀਲੇ ਨਾਂ-ਮਾਤਰ ਹੀ ਰਹੇ ਹਨ। ਜੋ ਹੋਏ ਹਨ, ਉਹ ਜਾਂ ਤਾਂ ਮਾਰਕੀਟਿੰਗ ਦੀ ਘਾਟ ਕਾਰਨ ਮਾਰ ਖਾ ਗਏ ਜਾਂ ਮੂਲ ਰਚਨਾਵਾਂ ਨਾਲ ਨਿਆਂ ਕਰਨ ਦੇ ਸਮਰੱਥ ਸਾਬਤ ਨਹੀਂ ਹੋਏ। ਇਸੇ ਸੰਦਰਭ ਵਿੱਚ ਨਾਨਕ ਸਿੰਘ ਹੁਰਾਂ ਦਾ ਜ਼ਿਕਰ ਕਰਨਾ ਇੱਥੇ ਵਾਜਬ ਜਾਪਦਾ ਹੈ। ਉਨ੍ਹਾਂ ਨੂੰ ਆਧੁਨਿਕ ਪੰਜਾਬੀ ਉਪਨਿਆਸਕਾਰੀ ਦਾ ਪਿਤਾਮਾ ਮੰਨਿਆ ਜਾਂਦਾ ਹੈ। ਉਨ੍ਹਾਂ ਵਾਸਤੇ ਸਾਹਿਤ ਰੋਟੀ-ਰੋਜ਼ੀ ਦਾ ਸਾਧਨ ਹੋਣ ਤੋਂ ਇਲਾਵਾ ਆਦਰਸ਼ਵਾਦੀ ਕਦਰਾਂ ਦਾ ਸੰਦੇਸ਼ਵਾਹਕ ਵੀ ਸੀ। ਵੱਧ ਤੋਂ ਵੱਧ ਪਾਠਕਾਂ ਤੱਕ ਪੁੱਜਣਾ ਉਨ੍ਹਾਂ ਦਾ ਟੀਚਾ ਰਿਹਾ, ਪਰ ਇਸ ਦੀ ਪੂਰਤੀ ਹਿੱਤ ਉਨ੍ਹਾਂ ਨੇ ਨਾ ਤਾਂ ਭਾਸ਼ਾਈ ਮਿਆਰਾਂ ਨਾਲ ਸਮਝੌਤਾ ਕੀਤਾ ਅਤੇ ਨਾ ਹੀ ਆਪਣੀ ਇਖ਼ਲਾਕੀ ਸੋਚ-ਸੁਹਜ ਨਾਲ। ਇਸੇ ਕਾਰਨ ਉਨ੍ਹਾਂ ਵੱਲੋਂ ਅੱਧੀ-ਪੌਣੀ ਸਦੀ ਪਹਿਲਾਂ ਰਚੇ ਗਏ ਨਾਵਲ ਅੱਜ ਦੇ ਹਾਲਾਤ ਵਿੱਚ ਓਨੇ ਹੀ ਪ੍ਰਸੰਗਿਕ ਹਨ ਜਿੰਨੇ ਉਹ ਆਪਣੇ ਰਚਨਾ-ਕਾਲ ਦੌਰਾਨ ਸਨ। ਇਨ੍ਹਾਂ ਵਿੱਚੋਂ ਕਈਆਂ ਦਾ ਹਿੰਦੀ ਵਿੱਚ ਅਨੁਵਾਦ ਹੋਇਆ ਅਤੇ ਇਹ ਵਿਕੇ ਵੀ ਚੰਗੇ। ‘ਪਵਿੱਤਰ ਪਾਪੀ’ (1942) ਉੱਤੇ ਤਾਂ ਖ਼ੂਬਸੂਰਤ ਹਿੰਦੀ ਫਿਲਮ ਵੀ 1970ਵਿਆਂ ਵਿੱਚ ਬਣੀ। ਪਰ ਅਜਿਹੇ ਯਤਨਾਂ ਦੇ ਬਾਵਜੂਦ ਨਾਨਕ ਸਿੰਘ ਦੇ ਕਦਰਦਾਨਾਂ ਦਾ ਦਾਇਰਾ ਦਿੱਲੀ ਤੋਂ ਬਹੁਤਾ ਅੱਗੇ ਨਹੀਂ ਜਾ ਸਕਿਆ। ਇਹ ਪੰਜਾਬੀ ਅਦਬ ਦੀ ਖ਼ੁਸ਼ਨਸੀਬੀ ਹੈ ਕਿ ਇਸ ਹਕੀਕਤ ਨੂੰ ਉਨ੍ਹਾਂ ਦੇ ਪੋਤਰੇ ਨਵਦੀਪ ਸੂਰੀ ਨੇ ਪਛਾਣਿਆ ਅਤੇ ਭਾਰਤੀ ਵਿਦੇਸ਼ ਸੇਵਾ (ਆਈ.ਐੱਫ.ਐੱਸ.) ਵਿਚਲੀਆਂ ਸਫ਼ਾਰਤੀ ਮਸਰੂਫ਼ੀਆਤ ਦੇ ਬਾਵਜੂਦ ਆਪਣੇ ਦਾਦਾ ਜੀ ਦੇ ਨਾਵਲਾਂ ਦਾ ਅੰਗਰੇਜ਼ੀ ਅਨੁਵਾਦ ਖ਼ੁਦ ਕਰਨ ਦਾ ਕਾਰਜ ਆਰੰਭਿਆ। ਨਵਦੀਪ ਆਸਟਰੇਲੀਆ, ਮਿਸਰ ਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿੱਚ ਭਾਰਤੀ ਹਾਈ ਕਮਿਸ਼ਨਰ/ਰਾਜਦੂਤ ਵੀ ਰਹੇ ਅਤੇ ਉਸ ਤੋਂ ਪਹਿਲਾਂ ਬ੍ਰਿਟੇਨ ਤੇ ਅਮਰੀਕਾ ਵਿਚਲੇ ਭਾਰਤੀ ਮਿਸ਼ਨਾਂ ਵਿੱਚ ਵੀ ਤਾਇਨਾਤ ਰਹੇ। ਉਨ੍ਹਾਂ ਨੇ ਸਭ ਤੋਂ ਪਹਿਲਾਂ 2001-02 ਵਿੱਚ ਲੰਡਨ ’ਚ ਆਪਣੀ ਤਾਇਨਾਤੀ ਦੌਰਾਨ ‘ਪਵਿੱਤਰ ਪਾਪੀ’ ਦਾ ਤਰਜਮਾ ਮੁਕੰਮਲ ਕੀਤਾ ਜੋ ‘ਦਿ ਵਾਚਮੇਕਰ’ ਦੇ ਸਿਰਲੇਖ ਹੇਠ ਹਾਰਪਰ ਕੌਲਿਨਜ਼ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਇਸ ਪ੍ਰਕਾਸ਼ਨ ਨੂੰ ਮਿਲੇ ਚੰਗੇ ਹੁੰਗਾਰੇ ਤੋਂ ਬਾਅਦ ‘ਅੱਧਖਿੜਿਆ ਫੁੱਲ’ ਦਾ ਅੰਗਰੇਜ਼ੀ ਰੂਪ ‘ਏ ਲਾਈਫ ਇਨਕੰਪਲੀਟ’ (A Life Incomplete) ਦੇ ਨਾਂਅ ਹੇਠ ਛਪਿਆ। ਫਿਰ 1919 ਦੇ ਜੱਲ੍ਹਿਆਂਵਾਲਾ ਬਾਗ਼ ਸਾਕੇ ਨਾਲ ਸਬੰਧਿਤ ਨਾਨਕ ਸਿੰਘ ਦੀ ਪਾਬੰਦੀਸ਼ੁਦਾ ਲੰਬੀ ਕਵਿਤਾ ‘ਖ਼ੂਨੀ ਵਿਸਾਖੀ’ (1920) ਦਾ ਅੰਗਰੇਜ਼ੀ ਤਰਜਮਾ 2019 ਵਿੱਚ ਪਾਠਕਾਂ ਦੀ ਨਜ਼ਰ ਕੀਤਾ ਗਿਆ। ਵਿਦੇਸ਼ ਸੇਵਾ ਤੋਂ ਵਿਦਾਇਗੀ ਮਗਰੋਂ ਤਰਜਮੇ ਦੇ ਕਾਰਜ ਨੇ ਤੇਜ਼ੀ ਫੜ ਲਈ। ਪਹਿਲ 1947 ਦੇ ਸਾਕੇ ਨਾਲ ਜੁੜੀ ਵਹਿਸ਼ਤ ਉੱਤੇ ਆਧਾਰਿਤ ਤਿੰਨ ਨਾਵਲਾਂ ਵਿੱਚੋਂ ਪਹਿਲੇ ਦੋ ਨੂੰ ਮਿਲੀ। ‘ਖ਼ੂਨ ਦੇ ਸੋਹਲੇ’ ਦਾ ਅੰਗਰੇਜ਼ੀ ਰੂਪ ‘ਹਿੱਮਜ਼ ਇਨ ਬਲੱਡ’ (Hymns in Blood) 2022 ਵਿੱਚ ਸਾਡੇ ਸਾਹਮਣੇ ਆਇਆ। ਦੂਜਾ ਨਾਵਲ ‘ਅੱਗ ਦੀ ਖੇਡ’ ‘ਏ ਗੇਮ ਆਫ ਫਾਇਰ’ (A Game of Fire) ਦੇ ਸਿਰਲੇਖ ਹੇਠ ਹਾਰਪਰ ਕੌਲਿਨਜ਼ ਵੱਲੋਂ ਹੁਣੇ ਜਿਹੇ ਰਿਲੀਜ਼ ਕੀਤਾ ਗਿਆ ਹੈ।

‘ਏ ਗੇਮ ਆਫ ਫਾਇਰ’ ਦੇ ਕਥਾਨਕ ਅਤੇ ਮੁੱਖ ਪਾਤਰਾਂ, ਖ਼ਾਸ ਕਰਕੇ ਸਤਨਾਮ ਸਿੰਘ, ਕੇਸਰ ਕੌਰ, ਬਾਬਾ ਉਰਫ਼ ਹਕੀਮ ਜੀ, ਕ੍ਰਿਸ਼ਨਾ, ਯੂਸੁਫ, ਕਨ੍ਹਈਆ ਆਦਿ ਤੋਂ ਅਸੀਂ ਪੰਜਾਬੀ ਪਾਠਕ ਪਹਿਲਾਂ ਹੀ ਵਾਕਫ਼ ਹਾਂ। ਨਾਵਲ ਦਾ ਧਰਾਤਲ, ਅੰਮ੍ਰਿਤਸਰ ਸ਼ਹਿਰ ਹੈ ਅਤੇ ਸਮੁੱਚੀ ਘਟਨਾਵਲੀ ਮਾਰਚ ਤੋਂ ਅਗਸਤ 1947 ਭਾਵ ਪੋਠੋਹਾਰ ਖਿੱਤੇ ਤੋਂ ਸ਼ੁਰੂ ਹੋਏ ਫ਼ਿਰਕੂ ਫ਼ਸਾਦਾਂ ਤੋਂ ਬਾਅਦ ਦੇ ਖਿਚਾਅ ਤੇ ਕਤਲੋ-ਗ਼ਾਰਤ ਦੀ ਅਗਸਤ ਵਾਲੀ ਕੜੀ ਤੱਕ ਫੈਲੀ ਹੋਈ ਹੈ। ਨਾਨਕ ਸਿੰਘ ਹੁਰਾਂ ਨੇ ਇਸ ਨਾਵਲ ਦੀ ਭੂਮਿਕਾ ਵਿੱਚ ਸਪੱਸ਼ਟ ਕੀਤਾ ਹੈ ਕਿ ‘‘ਨਾਵਲ ਦੇ ਪਾਤਰ ਭਾਵੇਂ ਕਾਲਪਨਿਕ ਸਨ, ਪਰ ਘਟਨਾਵਾਂ ਅਸਲੀ ਹਨ। ਇਨ੍ਹਾਂ ਨੂੰ ਬਿਆਨ ਕਰਨ ਵਿੱਚ ਜਿੰਨੀ ਕੁ ਇਮਾਨਦਾਰੀ ਇੱਕ ਅਦੀਬ ਆਪਣੀ ਸਮਰੱਥਾ ਮੁਤਾਬਿਕ ਵਰਤ ਸਕਦਾ ਸੀ, ਉਨੀ ਕੁ ਵਰਤੀ ਗਈ ਹੈ।’’ ਉਨ੍ਹਾਂ ਇਹ ਵੀ ਲਿਖਿਆ ਹੈ ਕਿ ‘ਖ਼ੂਨ ਦੇ ਸੋਹਲੇ’ ਤੇ ‘ਅੱਗ ਦੀ ਖੇਡ’ ਨੂੰ ਮਹਿਜ਼ ਨਾਵਲ ਨਹੀਂ, ਇਤਿਹਾਸਕਾਰੀ ਸਮਝਿਆ ਜਾਣਾ ਚਾਹੀਦਾ ਹੈ। ਦੋਵੇਂ ਨਾਵਲ ‘ਜਗਤ ਜਲੰਦੇ’ ਦਾ ਬਿਆਨ ਵੀ ਹਨ ਅਤੇ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਦੇ ਗੁਰੂ-ਵਾਕ ਵਾਲਾ ਸੁਨੇਹਾ ਵੀ।

ਨਾਵਲ ਦੀ ਅੰਤਿਕਾ ਵਿੱਚ ਨਵਦੀਪ ਸੂਰੀ ਨੇ ਜਿੱਥੇ ਸੰਤਾਲੀ ਦੇ ਖ਼ੂਨੀ ਸਾਕੇ ਨਾਲ ਜੁੜੇ ਨਾਵਲਾਂ ਦੇ ਤਰਜਮੇ ਦੀ ਚੋਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ, ਉੱਥੇ ਗੁਰੂ ਕੀ ਨਗਰੀ ਦੀ ਸੰਤਾਲੀ ਵਾਲੀ ਵਸੋਂ-ਮੁਖੀ ਬਣਤਰ ਨਾਲ ਵੀ ਪਾਠਕਾਂ ਦੀ ਵਾਕਫ਼ੀਅਤ ਕਰਵਾਈ ਹੈ। ਉਹ ਲਿਖਦੇ ਹਨ ਕਿ 1941 ਦੀ ਮਰਦਮਸ਼ੁਮਾਰੀ ਮੁਤਾਬਿਕ ਅੰਮ੍ਰਿਤਸਰ ਜ਼ਿਲ੍ਹੇ ਦੀ ਕੁੱਲ ਵਸੋਂ 6,56,000 ਸੀ ਜਦੋਂਕਿ ਸ਼ਹਿਰ ਦੀ ਆਬਾਦੀ 3,91,000 ਸੀ। ਇਨ੍ਹਾਂ ਵਿੱਚੋਂ ਮੁਸਲਮਾਨਾਂ ਦੀ ਤਾਦਾਦ 46% ਸੀ। ਇਸ ਤੋਂ ਅੰਦਾਜ਼ਾ ਸਹਿਜੇ ਹੀ ਹੋ ਜਾਂਦਾ ਹੈ ਕਿ ਸੰਤਾਲੀ ਦੌਰਾਨ ਉੱਥੇ ਮੁਸਲਮਾਨਾਂ ਦਾ ਕਿੰਨਾ ਖ਼ੂਨ ਡੁੱਲ੍ਹਿਆ, ਕਿੰਨੀਆਂ ਮਾਵਾਂ-ਭੈਣਾਂ ਬੇਪੱਤ ਹੋਈਆਂ, ਕਿੰਨਿਆਂ ਨੂੰ ਸਭ ਕੁਝ ਪਿੱਛੇ ਛੱਡ ਕੇ ਵਾਹਗੇ ਵੱਲ ਵਾਹੋ-ਦਾਹੀ ਹਿਜਰਤ ਕਰਨੀ ਪਈ। ਇਸੇ ਸਾਰੀ ਦਿਲ-ਕੰਬਾਊ ਦ੍ਰਿਸ਼ਾਵਲੀ ਦਾ ਆਈਨਾ ਹੈ ‘ਏ ਗੇਮ ਆਫ ਫਾਇਰ’।

ਤਰਜਮਾਕਾਰੀ, ਖ਼ਾਸ ਤੌਰ ’ਤੇ ਬਿਲਕੁਲ ਓਪਰੀ ਜ਼ੁਬਾਨ ਵਿੱਚ ਸਾਹਿਤ ਦੀ ਤਰਜਮਾਕਾਰੀ ਬੇਹੱਦ ਬਿਖਮ ਕਾਰਜ ਹੈ। ਹਰ ਭਾਸ਼ਾ, ਹਰ ਖਿੱਤੇ ਦਾ ਆਪਣਾ ਮੁਹਾਵਰਾ ਹੁੰਦਾ ਹੈ। ਉਸ ਦੀ ਉਸੇ ਰੰਗਤ, ਉਸੇ ਭਾਹ ਨੂੰ ਪਹਿਲਾਂ ਫੜਨਾ ਤੇ ਫਿਰ ਓਪਰੀ ਜ਼ੁਬਾਨ ਵਿੱਚ ਓਨੀ ਹੀ ਮੁਹਾਰਤ ਨਾਲ ਢਾਲਣਾ ਕਈ ਵਾਰ ਨਾਮੁਮਕਿਨ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਤਰਜਮਾਕਾਰ ਨੂੰ ਕੁਝ ਆਜ਼ਾਦੀ ਵੀ ਲੈਣੀ ਪੈਂਦੀ ਹੈ। ਸਮੱਸਿਆ ਇਹ ਹੈ ਕਿ ਇਹ ਆਜ਼ਾਦੀ, ਖੁੱਲ੍ਹੀ ਕਿਸਮ ਦੀ ਭਾਵ ਮੁੂਲ ਸ਼ਬਦ ਦੀ ਭਾਵਨਾ ਤੋਂ ਦੂਰ ਜਾਣ ਵਾਲੀ ਨਹੀਂ ਹੋ ਸਕਦੀ। ਯੂਰੋਪੀਅਨ ਜ਼ੁਬਾਨਾਂ ਵਾਲਿਆਂ ਨੂੰ ਇਸ ਮਾਮਲੇ ਵਿੱਚ ਮੁਕਾਬਲਤਨ ਘੱਟ ਦਿੱਕਤ ਹੁੰਦੀ ਹੈ ਕਿਉਂਕਿ ਤਕਰੀਬਨ ਸਾਰੀਆਂ ਜ਼ੁਬਾਨਾਂ ਦਾ ਮੂਲ ਲਾਤੀਨੀ ਹੈ। ਏਸ਼ਿਆਈ, ਖ਼ਾਸ ਕਰਕੇ ਦੱਖਣ ਤੇ ਪੂਰਬ ਏਸ਼ਿਆਈ ਭਾਸ਼ਾਵਾਂ, ਤਹਿਜ਼ੀਬੀ ਤੌਰ ’ਤੇ ਲਾਤੀਨੀ ਤੋਂ ਬਹੁਤ ਭਿੰਨ ਹਨ। ਉਨ੍ਹਾਂ ਨੂੰ ਹੂ-ਬ-ਹੂ ਉਲਥਾਉਣਾ, ਚੂਹੇ ਦੀ ਖੁੱਡ ਵਿੱਚ ਘੁਸਣ ਜਿੰਨਾ ਔਖਾ ਹੈ। ਨਵਦੀਪ ਸੂਰੀ ਨੇ ਇਸ ਸਮੱਸਿਆ ਦਾ ਜ਼ਿਕਰ ਸ਼ਾਇਦ, ‘ਦਿ ਹਿੰਦੂ’ ਦੇ ਇੱਕ ਐਤਵਾਰੀ ਅੰਕ ਵਿੱਚ ਸੰਖੇਪ ਜਿਹੀ ਇੰਟਰਵਿਊ ਦੌਰਾਨ ਕੀਤਾ ਸੀ। ਉੱਥੇ ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੇ ਦਾਦਾ ਜੀ ਦੇ ਕਲਾਸਿਕ ਨਾਵਲ ‘ਚਿੱਟਾ ਲਹੂ’ (1932) ਦਾ ਤਰਜਮਾ ਆਰੰਭਿਆ ਸੀ, ਪਰ ਅਧੂਰਾ ਛੱਡ ਦਿੱਤਾ। ਉਨ੍ਹਾਂ ਨੂੰ ਮਹਿਸੂਸ ਹੋਇਆ ਸੀ ਕਿ ਉਹ ਅਮਲੀ (ਅਫ਼ੀਮਚੀ) ਦੇ ਕਿਰਦਾਰ ਦਾ ਭਾਸ਼ਾਈ ਲਹਿਜ਼ਾ, ਅੰਗਰੇਜ਼ੀ ਵਿੱਚ ਸਹੀ ਢੰਗ ਨਾਲ ਪੇਸ਼ ਨਹੀਂ ਕਰ ਸਕਣਗੇ। ਗੈਬਰੀਅਲ ਗਾਰਸੀਆ ਮਾਰਕੇਜ਼ ਨੇ ਵੀ ਅਜਿਹੇ ਸੰਦਰਭ ਵਿੱਚ ‘ਟਾਈਮਜ਼ ਲਿਟਰੇਰੀ ਸਪਲੀਮੈਂਟ’ (ਟੀ.ਐੱਲ.ਐੱਸ.) ਨੂੰ ਦੱਸਿਆ ਸੀ ਕਿ ਉਸ ਦੇ ਦੋ ਨਾਵਲਾਂ ‘ਦਿ ਔਟਮ ਆਫ਼ ਏ ਪੈਟ੍ਰੀਆਰਕ’ ਤੇ ‘ਦਿ ਜਨਰਲ ਇਨ ਹਿਜ਼ ਲੈਬੀਰਿੰਥ’ ਦੇ ਅੰਗਰੇਜ਼ੀ ਤਰਜਮੇ ਦੇ ਤਿੰਨ-ਤਿੰਨ ਖਰੜੇ ਇਸ ਕਰਕੇ ਰੱਦ ਕਰਨੇ ਪਏ ਕਿਉਂਕਿ ਉਹ ਉਸ ਵੱਲੋਂ ਵਰਤੇ ਅਲੰਕਾਰਾਂ, ਉਪਮਾਵਾਂ ਤੇ ਬਿੰਬਾਂ ਨਾਲ ਨਿਆਂ ਕਰਨ ਵਾਲੇ ਨਹੀਂ ਸਨ।

‘ਏ ਗੇਮ ਆਫ ਫਾਇਰ’ ਵਿੱਚ ਅਜਿਹਾ ਕੁਝ ਵੀ ਨਹੀਂ ਜੋ ‘ਅੱਗ ਦੀ ਖੇਡ’ ਨਾਲ ਨਾਇਨਸਾਫ਼ੀ ਜਾਪੇ। ਅੰਗਰੇਜ਼ੀ ਦੇ ਬਾਵਜੂਦ ਭਾਸ਼ਾਈ ਵਹਾਅ ਤੇ ਭਾਵਨਾਤਮਿਕ ਪ੍ਰਵਾਹ ਓਨਾ ਹੀ ਸਹਿਜ ਤੇ ਸਰਲ ਹੈ ਜਿੰਨਾ ‘ਅੱਗ ਦੀ ਖੇਡ’ ਵਿੱਚ ਹੈ। ਦਰਅਸਲ, ਅੰਗਰੇਜ਼ੀ ਵਿੱਚ ਇਹ ਨਾਵਲ ਪੜ੍ਹਦਿਆਂ ਮੈਨੂੰ ਇਹੋ ਆਭਾਸ ਹੁੰਦਾ ਰਿਹਾ ਕਿ ਮੈਂ ਪੰਜਾਬੀ ਵਿੱਚ ਹੀ ਪੜ੍ਹ ਰਿਹਾ ਹੋਵਾਂ। ਤਰਜਮੇ ਦੀ ਲੈਅਕਾਰੀ ਬਾਰੇ ਇਸ ਤੋਂ ਵੱਧ ਹੋਰ ਕੀ ਕਿਹਾ ਜਾ ਸਕਦਾ ਹੈ?

(ਪੰਜਾਬੀ ਟ੍ਰਿਬਊਨ ਤੋਂ ਧੰਨਵਾਦ ਸਹਿਤ)

Related Posts

Gulbadan Begum – ਦਾਸਤਾਨ ਇੱਕ ਘੁਮੱਕੜ ਸ਼ਹਿਜ਼ਾਦੀ ਦੀ…

ਸੁਰਿੰਦਰ ਸਿੰਘ ਤੇਜ ਇਹ ਘਟਨਾ 1577 ਦੀ ਹੈ। ਤੁਰਕੀ ਦੇ ਔਟੋਮਨ (ਇਸਲਾਮੀ ਨਾਮ ‘ਉਸਮਾਨੀ’) ਸੁਲਤਾਨ ਮੁਰਾਦ ਤੀਜੇ ਨੇ ਫ਼ਰਮਾਨ ਜਾਰੀ ਕੀਤਾ ਕਿ ਦੋ ਮੁਕੱਦਸ ਨਗਰਾਂ- ਮੱਕਾ ਤੇ ਮਦੀਨਾ ਵਿੱਚ ਆਈਆਂ…

Forgotten ambassador in cairo ਲਵ ਜਹਾਦ : ਖੂਬਸੂਰਤੀ ਤੇ ਤੜਪ….

ਸੁਰਿੰਦਰ ਸਿੰਘ ਤੇਜ ਕਾਹਿਰ (ਮਿਸਰ) ਦੇ ਸਭ ਤੋਂ ਪ੍ਰਾਚੀਨ ਤੇ ਮਸ਼ਹੂਰ ਕਬਰਿਸਤਤਾਨ ‘ਅਲ-ਕਾਰਾਫ਼ਾ’ (ਸਿਟੀ ਆਫ਼ ਦਿ ਡੈੱਡ) ਵਿੱਚ ਇੱਕ ਖ਼ਸਤਾਹਾਲ ਮਕਬਰਾ ਮੌਜੂਦ ਹੈ। ਪੰਜ ਦਹਾਕਿਆਂ ਤੋਂ ਇਸ ਦੀ ਸਾਂਭ-ਸੰਭਾਲ ਵੱਲ…

Leave a Reply

Your email address will not be published. Required fields are marked *

This site uses Akismet to reduce spam. Learn how your comment data is processed.