ਪੰਜਾਬ ’ਚੋਂ ਹਰ ਸਾਲ ਵੀਹ ਹਜ਼ਾਰ ਨੌਜਵਾਨ ਕਰਦੇ ਹਨ ਗੈਰ ਕਾਨੂੰਨੀ ਪਰਵਾਸ
ਪੰਜਾਬ ਦੇ ਨੌਜਵਾਨਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਅਪਣਾ ਕੇ ਪਰਵਾਸ ਕਰਨਾ ਯੂਰਪੀ ਮੁਲਕਾਂ ਲਈ ਚੁਣੌਤੀ ਬਣਦਾ ਜਾ ਰਿਹਾ ਹੈ।
ਸੰਯੁਕਤ ਰਾਸ਼ਟਰ ਦੀ ਸੰਸਥਾ ‘ਯੁੂਨਾਈਟਿਡ ਨੇਸ਼ਨ ਆਫਿਸ ਆਨ ਡਰੱਗਜ਼ ਐਂਡ ਕਰਾਈਮ’ (ਯੂ.ਐਨ.ਓ.ਡੀ.ਸੀ.) ਵੱਲੋਂ ਪੰਜਾਬ ਦੇ ਅਧਿਐਨ ਦੌਰਾਨ ਸਾਹਮਣੇ ਵਿਦੇਸ਼ੀ ਮੁਲਕਾਂ ਦੀ ਚਿੰਤਾ ਦੇ ਪ੍ਰਗਟਾਵੇ ਦੇ ਨਾਲ ਨਾਲ ਇਹ ਤੱਥ ਵੀ ਦੇਖਿਆ ਗਿਆ ਹੈ ਕਿ ਪੰਜਾਬ ਵਿੱਚੋਂ ਹਰ ਸਾਲ 20,000 ਤੋਂ ਵਧੇਰੇ ਨੌਜਵਾਨ ਗੈਰ ਕਾਨੂੰਨੀ ਤਰੀਕਿਆਂ ਰਾਹੀਂ ਵਿਦੇਸ਼ਾਂ ਨੂੰ ਪਰਵਾਸ ਕਰਦੇ ਹਨ। ਇਸ ਰਿਪੋਰਟ ਮੁਤਾਬਕ ਪੰਜਾਬੀਆਂ ਨੂੰ ਪਰਵਾਸ ਲਈ ਬਰਤਾਨੀਆ ਅਜੇ ਵੀ ਹਰਮਨ ਪਿਆਰੀ ਥਾਂ ਹੈ। ਯੂਰਪੀ ਮੁਲਕਾਂ ਵਿੱਚ ਜਾਣ ਲਈ ਪੰਜਾਬੀ ਆਪਣੀ ਜਾਨ ਵੀ ਦਾਅ ’ਤੇ ਲਾ ਦਿੰਦੇ ਹਨ।
ਵਿਦੇਸ਼ ਜਾਣ ਲਈ ਹਰ ਤਰ੍ਹਾਂ ਦਾ ਗੈਰ ਕਾਨੂੰਨੀ ਢੰਗ ਅਪਨਾਉਣ ਵਾਲਿਆਂ ਵਿੱਚੋਂ 27 ਫੀਸਦੀ ਇੰਗਲੈਂਡ ਜਾਂਦੇ ਹਨ। ਇਸ ਰਿਪੋਰਟ ਨੂੰ ਅੱਜ ਇੱਥੇ ਜਾਰੀ ਕੀਤਾ ਗਿਆ। ਇਸ ਮੌਕੇ ਕਈ ਯੂਰਪੀ ਮੁਲਕਾਂ ਦੇ ਭਾਰਤ ਵਿਚਲੇ ਕੌਂਸਲਖਾਨਿਆਂ ਦੇ ਅਧਿਕਾਰੀ ਵੀ ਹਾਜ਼ਰ ਸਨ। ਕੇਂਦਰੀ ਪਰਵਾਸੀ ਭਾਰਤੀ ਮੰਤਰਾਲੇ ਤੇ ਪੰਜਾਬ ਦੇ ਗ੍ਰਹਿ ਮੰਤਰਾਲੇ ਨੇ ਇਸ ਗੈਰ ਕਾਨੂੰਨੀ ਪਰਵਾਸ ਨੂੰ ਰੋਕਣ ਲਈ ਵਿਚਾਰ ਚਰਚਾ ਵੀ ਕੀਤੀ। ਦੁਆਬੇ ਦੇ ਚਾਰ ਜ਼ਿਲ੍ਹਿਆਂ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੇ ਦਿਹਾਤੀ ਹਲਕਿਆਂ ਦੇ ਨੌਜਵਾਨਾਂ ਵਿੱਚ ਇਹ ਰੁਝਾਨ ਸਭ ਤੋਂ ਜ਼ਿਆਦਾ ਪਾਇਆ ਗਿਆ ਹੈ। ਪੰਜਾਬ ਵਿੱਚੋਂ ਜਿੰਨੇ ਨੌਜਵਾਨ ਵਿਦੇਸ਼ ਜਾਂਦੇ ਹਨ ਉਨ੍ਹਾਂ ਵਿੱਚੋਂ 65 ਫੀਸਦੀ ਇਨ੍ਹਾਂ ਚਾਰਾਂ ਜ਼ਿਲ੍ਹਿਆਂ ਨਾਲ ਹੀ ਸਬੰਧਤ ਹਨ। ਮੋਗਾ, ਸੰਗਰੂਰ ਅਤੇ ਫਰੀਦਕੋਟ ਵਿੱਚ ਵੀ ਇਹ ਰੁਝਾਨ ਸ਼ੁਰੂ ਹੋ ਚੁੱਕਾ ਹੈ। ਇਸ ਰਿਪੋਰਟ ਨੇ ਟਰੈਵਲ ਏਜੰਟਾਂ ਦੇ ਗੈਰ ਕਾਨੂੰਨੀ ਹਥਕੰਡਿਆਂ ਅਤੇ ਮਨੁੱਖੀ ਤਸਕਰੀ ਦੇ ਕੌਮਾਂਤਰੀ ਪੱਧਰ ਤੱਕ ਫੈਲੇ ਹੋਣ ਦੀ ਗੱਲ ਸਾਹਮਣੇ ਲਿਆਂਦੀ ਹੈ। ਵਿਦੇਸ਼ ਜਾਣ ਲਈ ਪੰਜਾਬੀਆਂ ਵੱਲੋਂ ਪੈਸਾ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ। ਯੂ.ਐਨ.ਓ.ਡੀ.ਸੀ. ਮੁਤਾਬਕ ਕੈਨੇਡਾ ਤੇ ਅਮਰੀਕਾ ਜਾਣ ਲਈ ਪੰਜਾਬੀ 20 ਲੱਖ ਤੱਕ ਲੁਟਾ ਦਿੰਦੇ ਹਨ। ਯੂਰਪ ਦੇ ਹੋਰਨਾਂ ਮੁਲਕਾਂ ਫਰਾਂਸ, ਇਟਲੀ, ਜਰਮਨੀ, ਆਸਟਰੀਆ, ਸਪੇਨ, ਬੈਲਜੀਅਮ,ਨਾਰਵੇ, ਸਵਿੱਟਜ਼ਰਲੈਂਡ, ਪੌਲੈਂਡ, ਹੰਗਰੀ, ਫਿਨਲੈਂਡ, ਹਾਲੈਂਡ,ਬੋਸਨੀਆ, ਸਵੀਡਨ, ਯੂਨਾਨ, ਚੈਕਗਣਰਾਜ ਆਦਿ ਲਈ 6 ਲੱਖ ਤੋਂ 12 ਲੱਖ ਅਤੇ ਇੰਗਲੈਂਡ ਲਈ 9 ਤੋਂ 12 ਲੱਖ ਤੱਕ ਟਰੈਵਲ ਏਜੰਟਾਂ ਨੂੰ ਦਿੰਦੇ ਹਨ। ਯੂ.ਐਨ.ਓ.ਡੀ.ਸੀ. ਵੱਲੋਂ ਪੰਜਾਬ ਦੇ ਕਈ ਪਿੰਡਾਂ ਵਿੱਚ ਮੋਹਤਬਰ ਵਿਅਕਤੀਆਂ ਤੇ ਉਨ੍ਹਾਂ ਬਜ਼ੁਰਗਾਂ ਨਾਲ ਵੀ ਗੱਲਬਾਤ ਕੀਤੀ ਗਈ ਜਿਨ੍ਹਾਂ ਦੇ ਪੁੱਤਰ ਗੈਰ ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਗਏ ਹਨ। ਇਸ ਦੀਆਂ ਉਦਾਹਰਨਾਂ ਦਿੰਦਿਆਂ ਯੂ.ਐਨ.ਓ.ਡੀ.ਸੀ. ਦੇ ਸਾਬਕਾ ਸਲਾਹਕਾਰ ਤੇ ਆਈ.ਏ.ਐਸ. ਅਧਿਕਾਰੀ ਕੇ.ਸੀ. ਸਾਹਾ ਨੇ ਦੱਸਿਆ ਕਿ ਮਾਲਟਾ ਕਾਂਡ ਵਿੱਚ ਜਿਨ੍ਹਾਂ ਨੌਜਵਾਨਾਂ ਦੀ ਮੌਤ ਹੋ ਗਈ ਹੈ ਉਨ੍ਹਾਂ ਯੁਵਕਾਂ ਦੇ ਮਾਪੇ ਅਜੇ ਵੀ ਆਪਣੇ ਪੁੱਤਰਾਂ ਦੀ ਉਡੀਕ ਵਿੱਚ ਅੱਖਾਂ ਵਿਛਾਈ ਬੈਠੇ ਹਨ।
ਜਲੰਧਰ ਜ਼ਿਲੇ੍ਹ ਦੇ ਪਿੰਡ ਧੀਣਾ, ਬਿਲਗਾ ਤੇ ਕੁੱਕਡ਼ ਪਿੰਡ ਇਸ ਅਧਿਐਨ ਵਿੱਚ ਸ਼ਾਮਲ ਸਨ। ਟੀਮ ਨੇ ਪੰਜਾਬ ਦੇ ਕੁੱਲ ਤੀਹ ਪਿੰਡਾਂ ਨੂੰ ਅਧਿਐਨ ਦਾ ਆਧਾਰ ਬਣਾਇਆ। ਬਿਲਗਾ ਪਿੰਡਾ ਦੀ ਉਦਹਾਰਨ ਦਿੰਦਿਆਂ ਸ੍ਰੀ ਸਾਹਾ ਨੇ ਦੱਸਿਆ ਕਿ ਇਸ ਪਿੰਡ ਦੀ ਆਬਾਦੀ 7000 ਦੇ ਕਰੀਬ ਹੈ। ਪਿੰਡ ਵਿੱਚ ਗਰੈਜ਼ੂਏਸ਼ਨ ਤੱਕ ਦੀ ਪਡ਼ਾਈ ਕਰਨ ਵਾਲਿਆਂ ਦੀ ਗਿਣਤੀ 1000 ਵੀ ਨਹੀਂ। ਇਸ ਰਿਪੋਰਟ ਮੁਤਾਬਕ ਗੈਰ ਕਾਨੂੰਨੀ ਪਰਵਾਸ ਕਰਨ ਵਾਲਿਆਂ ਵਿੱਚ 84 ਫੀਸਦੀ ਦਿਹਾਤੀ ਖੇਤਰ ਨਾਲ ਸਬੰਧ ਰਖਦੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਦੀ ਉਮਰ 21 ਤੋਂ 30 ਸਾਲ ਦੇ ਦਰਮਿਆਨ ਹੁੰਦੀ ਹੈ। ਇਸੇ ਤਰ੍ਹਾਂ 31 ਤੋਂ 40 ਸਾਲ ਉਮਰ ਦੇ ਵਿਅਕਤੀ ਵੀ ਗੈਰ ਕਾਨੂੰਨੀ ਪਰਵਾਸ ਕਰਦੇ ਹਨ। ਪੰਜਾਬ ਵਿੱਚੋਂ ਪਹਿਲਾਂ ਜੱਟ ਸਿੱਖ ਤੇ ਲੁਬਾਣਾ ਬਰਾਦਰੀ ਦੇ ਨੌਜਵਾਨ ਹੀ ਵਿਦੇਸ਼ ਜਾਣ ਲਈ ਅਜਿਹੇ ਢੰਗ ਤਰੀਕੇ ਅਪਨਾਉਂਦੇ ਸਨ ਪਰ ਹੋਣ ਹੋਰ ਜਾਤੀਆਂ ਦੇ ਲੋਕਾਂ ਨੇ ਵੀ ਗੈਰ ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣਾ ਸ਼ੁਰੂ ਕਰ ਦਿੱਤਾ ਹੈ।
ਟਰੈਵਲ ਏਜੰਟਾਂ ਦੀਆਂ ਗੈਰਕਾਨੂੰਨੀ ਤਰੀਕਿਆਂ ਦਾ ਮੁੱਖ ਅੱਡਾ ਇਸ ਵੇਲੇ ਜਲੰਧਰ ਹੈ। ਇਹ ਕੰਮ ਹੌਲੀ ਹੌਲੀ ਕੌਮੀ ਰਾਜਧਾਨੀ ਨਵੀਂ ਦਿੱਲੀ ਵਿੱਚ ਤਬਦੀਲ ਹੋ ਰਿਹਾ ਹੈ। ਟਰੈਵਲ ਏਜੰਟਾਂ ਵੱਲੋਂ ਨਵੀਂ ਦਿੱਲੀ ਨੂੰ ਉੱਤਰੀ ਭਾਰਤ ਦਾ ਮੁੱਖ ਅੱਡਾ ਬਣਾਇਆ ਜਾ ਰਿਹਾ ਹੈ। ਚੰਡੀਗਡ਼੍ਹ ਵਰਗੇ ਸ਼ਹਿਰਾਂ ਵਿੱਚ ਸਟੱਡੀ ਵੀਜ਼ੇ ’ਤੇ ਵਿਦੇਸ਼ ਭੇਜਣ ਵਾਲੀਆਂ ਨਾਮੀ ਸੰਸਥਾਵਾਂ ਨੇ ਪੰਜਾਬ ਦੇ ਪਿੰਡਾਂ ਵਿੱਚ ਗਾਹਕ ਫਸਾਉਣ ਲਈ ਏਜੰਟ ਛੱਡੇ ਹੋਏ ਹਨ। ਗੈੈਰ ਕਾਨੂੰਨੀ ਪਰਵਾਸ ਲਈ ਮੁੱਖ ਤੌਰ ’ਤੇ ਫਰਜ਼ੀ ਪਾਸਪੋਰਟ, ਫਰਜ਼ੀ ਵੀਜ਼ਾ, ਪਾਸਪੋਰਟ ਦਾ ਕਵਰ ਬਦਲਣ, ਪਾਸਪੋਰਟ ’ਤੇ ਫੋਟੋ ਬਦਲਣ ਅਤੇ ਬੋਰਡਿੰਗ ਕਾਰਡ ਬਦਲਣ ਆਦਿ ਵਰਗੀਆਂ ਤਕਨੀਕਾਂ ਅਪਣਾਈਆਂ ਜਾਂਦੀਆਂ ਹਨ।
ਪੰਜਾਬੀਆਂ ਵੱਲੋਂ ਵਿਦੇਸ਼ ਜਾਣ ਲਈ ਜ਼ਮੀਨਾਂ ਵੇਚੀਆਂ ਜਾ ਰਹੀਆਂ ਹਨ ਤੇ ਜਾਨਾਂ ਗਵਾਈਆਂ ਜਾ ਰਹੀਆਂ ਹਨ। ਇਸ ਅਧਿਐਨ ਦੌਰਾਨ ਗੈਰ ਕਾਨੂੰਨੀ ਪਰਵਾਸ ਕਰਨ ਵਾਲੇ ਕਈ ਵਿਅਕਤੀਆਂ ਨਾਲ ਵੀ ਗੱਲਬਾਤ ਕੀਤੀ ਗਈ। ਇਸ ਰਿਪੋਰਟ ਮੁਤਾਬਕ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਨੌਜਵਾਨ ਦੀ ਹੁਣ ਪੰਜਾਬੀਆਂ ਦੇ ਰਾਹ ’ਤੇ ਤੁਰ ਪਏ ਹਨ। ਰਿਪੋਰਟ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਗੈਰ ਕਾਨੂੰਨੀ ਪਰਵਾਸ ਰੋਕਣ ਲਈ ਰਾਜ ਸਰਕਾਰ ਵੱਲੋਂ ਕਾਨੂੰਨ ਬਣਾਇਆ ਜਾਵੇ, ਗੈਰ ਕਾਨੂੰਨੀ ਪਰਵਾਸ ਦਾ ਸਾਰਾ ਅੰਕਡ਼ਾ ਇਕੱਠਾ ਕੀਤਾ ਜਾਵੇ ਤੇ ਲੋਕਾਂ ਨੂੰ ਇਸ ਰੁਝਾਨ ਤੋਂ ਰੋਕਣ ਲਈ ਜਾਗਰੂਕਤਾ ਮੁਹਿੰਮ ਚਲਾਈ ਜਾਵੇ।