ਸੁਰਿੰਦਰ ਸਿੰਘ ਤੇਜ
ਵੀ.ਐੱਸ. ਨਾਇਪਾਲ (ਪੂਰਾ ਨਾਮ ਵਿਦਿਆਧਰ ਸੂਰਜਪ੍ਰਸਾਦ ਨਾਇਪਾਲ) ਕੌਣ ਸੀ, ਇਸ ਬਾਰੇ ਪਹਿਲੀ ਵਾਰ ਇਲਮ 1975 ਵਿਚ ਹੋਇਆ, ਇਕ ਰਸਾਲੇ ਵਿਚ ਉਸ ਦਾ ਲੰਮਾ ਇੰਟਰਵਿਊ ਪੜ੍ਹ ਕੇ। ਉਹ ਉਸ ਸਮੇਂ ਆਪਣੇ ਪੁਰਖਿਆਂ ਦੀ ਮਾਤ-ਭੂਮੀ ਬਾਰੇ ਦੂਜੀ ਕਿਤਾਬ ਲਿਖਣ ਦੇ ਸਿਲਸਿਲੇ ਹੇਠ ਭਾਰਤ ਆਇਆ ਹੋਇਆ ਸੀ। ਉਦੋਂ ਤਕ ਪੰਜ ਨਾਵਲਾਂ ਤੇ ਦੋ ਕਹਾਣੀ ਸੰਗ੍ਰਹਿਆਂ ਸਮੇਤ ਉਸ ਦੀਆਂ 10 ਕਿਤਾਬਾਂ ਇੰਗਲੈਂਡ ਤੇ ਅਮਰੀਕਾ ਵਿਚ ਛਪ ਚੁੱਕੀਆਂ ਸਨ। ਇਨ੍ਹਾਂ ਵਿਚ ਸਾਲ 1971 ਦਾ ਬੁੱਕਰ ਪੁਰਸਕਾਰ ਜੇਤੂ ਨਾਵਲ ‘ਇਨ ਏ ਫਰੀ ਸਟੇਟ’ ਸ਼ਾਮਲ ਸੀ। ਹੋਰ ਵੀ ਕਈ ਇਨਾਮ-ਸਨਮਾਨ ਉਸ ਦੀ ਝੋਲੀ ਵਿਚ ਪੈ ਚੁੱਕੇ ਸਨ। ਅਜਿਹੀਆਂ ਪ੍ਰਾਪਤੀਆਂ ਦੇ ਆਧਾਰ ’ਤੇ ਹੀ ਉਸ ਨੂੰ ਸਾਹਿਤ ਦੇ ਨੋਬੇਲ ਪੁਰਸਕਾਰ ਦੇ ਦਾਅਵੇਦਾਰਾਂ ਵਿਚ ਸ਼ੁਮਾਰ ਕੀਤਾ ਜਾਣ ਲੱਗਾ ਸੀ। ਇਹ ਵੱਖਰੀ ਗੱਲ ਹੈ ਕਿ ਇਹ ਪੁਰਸਕਾਰ ਪ੍ਰਾਪਤ ਕਰਨ ਲਈ ਉਸ ਨੂੰ 26 ਵਰ੍ਹੇ ਹੋਰ ਉਡੀਕ ਕਰਨੀ ਪਈ। ਪੁਰਸਕਾਰ ਵੀ ਉਸ ਨਾਵਲ (‘ਹਾਫ ਏ ਲਾਈਫ’) ਵਾਸਤੇ ਮਿਲਿਆ ਜੋ ਉਸ ਦੇ ਸਭ ਤੋਂ ਕਮਜ਼ੋਰ ਨਾਵਲਾਂ ਵਿਚੋਂ ਇਕ ਹੈ। ਖ਼ੈਰ, ਉਪਰੋਕਤ ਇੰਟਰਵਿਊ, ਉਸ ਦੀ ਸ਼ਖ਼ਸੀਅਤ ਤੋਂ ਇਲਾਵਾ ਉਸ ਦੀਆਂ ਸਿਰਜਨਾਵਾਂ ਬਾਰੇ ਭਰਪੂਰ ਜਿਗਿਆਸਾ ਜਗਾਉਣ ਵਾਲੀ ਸੀ। ਇਸ ਜਿਗਿਆਸਾ ਦੀ ਕੁਝ ਕੁ ਪੂਰਤੀ ਪੀ.ਏ.ਯੂ., ਲੁਧਿਆਣਾ ਦੀ ਲਾਇਬਰੇਰੀ ਤੋਂ ਹੋਈ: ਨਾਇਪਾਲ ਦੀਆਂ ਦੋ ਕਿਤਾਬਾਂ ‘ਦਿ ਲੌਸ ਆਫ ਐੱਲ ਦੋਰਾਦੋ’ (ਸੋਨ ਨਗਰੀ ਦਾ ਵਿਨਾਸ਼) ਅਤੇ ‘ਐਨ ਏਰੀਆ ਆਫ ਡਾਰਕਨੈੱਸ’ (ਹਨੇਰਾ ਖਿੱਤਾ) ਉੱਥੋਂ ਮਿਲ ਗਈਆਂ। ਨਵੀਆਂ ਨਕੋਰ, ਕਿਸੇ ਵੀ ਪਾਠਕ ਵੱਲੋਂ ਅਣਛੋਹੀਆਂ। ਵੀਹ ਵਰ੍ਹਿਆਂ ਦੀ ਉਮਰ ਸੀ ਉਦੋਂ ਮੇਰੀ। ਬੁੱਧੀ ਤੇ ਵਿਵੇਕ ਬਹੁਤ ਵਿਕਸਿਤ ਨਹੀਂ ਸੀ ਹੋਏ, ਪਰ ਪੜ੍ਹਨ ਦਾ ਸ਼ੌਕ ਪੂਰਾ ਸੀ। ਦੋਵਾਂ ਕਿਤਾਬਾਂ ਨੇ ਮੈਨੂੰ ਪ੍ਰਭਾਵਿਤ ਕੀਤਾ, ਵੱਖ-ਵੱਖ ਰੂਪਾਂ ਵਿਚ। ‘ਐਲ ਦੋਰਾਦੋ’ ਬੁਨਿਆਦੀ ਤੌਰ ’ਤੇ ਇਤਿਹਾਸ ਹੈ, ਗਲਪਨੁਮਾ ਇਤਿਹਾਸ। ਕੈਂਬਰਿਜ ਦੇ ਉਸ ਜ਼ਮਾਨੇ ਦੇ ਸਭ ਤੋਂ ਨਾਮਵਰ ਇਤਿਹਾਸਕਾਰ, ਜੌਹਨ ਐਚ. ਪਲੰਬ ਨੇ ਇਸ ਨੂੰ ‘ਇਤਿਹਾਸ ਲੇਖਣ ਦਾ ਅਨੂਠਾ ਨਮੂਨਾ’ ਕਰਾਰ ਦਿੱਤਾ ਸੀ। ਇਹ ਵੈਨੇਜ਼ੁਏਲਾ ਤੇ ਟ੍ਰਿਨੀਡਾਡ (ਨਾਇਪਾਲ ਦੀ ਜਨਮ ਭੂਮੀ) ਨੂੰ ਲੈ ਕੇ ਸਪੇਨ ਤੇ ਇੰਗਲੈਂਡ ਦਰਮਿਆਨ 16ਵੀਂ ਤੇ 17ਵੀਂ ਸਦੀ ਦੌਰਾਨ ਚੱਲੀ ਲੰਮੀ ਖਹਿਬਾਜ਼ੀ ਦੀ ਦਾਸਤਾਨ ਹੈ। ਦੋਵੇਂ ਸਾਮਰਾਜੀ ਤਾਕਤਾਂ ਓਰੀਨੋਕੋ ਦਰਿਆ, ਜੋ ਦੱਖਣੀ ਅਮਰੀਕਾ ਮਹਾਂਦੀਪ ਦੇ ਉੱਤਰ ਵਿਚ ਸਥਿਤ ਸਭ ਤੋਂ ਲੰਬਾ ਦਰਿਆ ਹੈ, ਦੇ ਬੇਸਿਨ ਵਿਚ ਪੈਂਦੀ ਮਿਥਿਹਾਸਕ ਸੋਨ ਨਗਰੀ ਨੂੰ ਲੈ ਕੇ ਲਗਾਤਾਰ ਲੜਦੀਆਂ ਰਹੀਆਂ। ਦੋਵਾਂ ਨੂੰ ਇਹ ਸੋਨ ਨਗਰੀ ਤਾਂ ਨਹੀਂ ਲੱਭੀ, ਪਰ ਸਵਾ ਸੌ ਵਰ੍ਹਿਆਂ ਦੀ ਜੰਗਬਾਜ਼ੀ ਨੇ ਉਸ ਖਿੱਤੇ ਨੂੰ ਜੋ ਨੁਕਸਾਨ ਪਹੁੰਚਾਇਆ ਉਸ ਦਾ ਖਮਿਆਜ਼ਾ ਵੈਨੇਜ਼ੁਏਲਾ ਹੁਣ ਵੀ ਭੁਗਤ ਰਿਹਾ ਹੈ। ਸਾਹਿਤਕ ਹਲਕਿਆਂ ਵਿਚ ਇਹ ਕਿਤਾਬ ਖ਼ੂਬ ਸਰਾਹੀ ਗਈ। ਨਾਇਪਾਲ ਦੀ ਸਾਖ ਹੋਰ ਉੱਚੀ ਹੋਈ, ਪਰ ਉਸ ਨੂੰ ਆਪ ਇਸ ਕ੍ਰਿਤ ਤੋਂ ਮੁਕੰਮਲ ਤਸੱਲੀ ਨਾ ਹੋ ਸਕੀ। ਦਸ ਵਰ੍ਹੇ ਬਾਅਦ ਇਸ ਕਿਤਾਬ ਨੂੰ ਨਵਾਂ ਰੂਪ ਦੇ ਕੇ ਉਸ ਨੇ ‘ਏ ਬੈਂਡ ਇਨ ਦਿ ਰਿਵਰ’ (A Bend in the River) ਦੇ ਉਨਵਾਨ ਹੇਠ ਇਤਿਹਾਸਕ ਨਾਵਲ ਵਜੋਂ ਪ੍ਰਕਾਸ਼ਿਤ ਕਰਵਾਇਆ, ਪਰ ਅਦਬੀ ਹਲਕਿਆਂ ਵਿਚ ਇਹ ਉਪਰਾਲਾ ਬਹੁਤੀ ਪ੍ਰਸ਼ੰਸਾ ਨਾ ਖੱਟ ਸਕਿਆ।
‘ਐਨ ਏਰੀਆ ਆਫ ਡਾਰਕਨੈੱਸ’ (An Area of Darkness) 1964 ਵਿਚ ਛਪੀ। ਇਹ 1960-62 ਦੇ ਭਾਰਤ ਦੀ ਖਾਲਸ ਨਾਂਹ-ਪੱਖੀ ਤਸਵੀਰ ਹੈ। ਇਸੇ ਕਾਰਨ ਇਸ ਉੱਤੇ ਪੰਜ ਵਰ੍ਹੇ ਪਾਬੰਦੀ ਲੱਗੀ ਰਹੀ। ਨਾਇਪਾਲ ਆਪਣੇ ਉਨ੍ਹਾਂ ਪੁਰਖਿਆਂ ਦੇ ਜੱਦੀ ਮੁਲਕ ਦੇ ਦਰਸ਼ਨ-ਦੀਦਾਰ ਕਰਨ ਪਹਿਲੀ ਵਾਰ ਆਇਆ ਸੀ ਜਿਨ੍ਹਾਂ ਨੂੰ 20ਵੀਂ ਸਦੀ ਦੇ ਪਹਿਲੇ ਦਸ਼ਕ ਦੌਰਾਨ ਗੋਰੇ ਹੁਕਮਰਾਨ, ਵਾਹੀਕਾਰਾਂ ਜਾਂ ਖੇਤ ਮਜ਼ਦੂਰਾਂ ਵਜੋਂ ਕੈਰੇਬੀਅਨ ਖਿੱਤੇ ਦੇ ਵੱਖ-ਵੱਖ ਟਾਪੂਆਂ ਵਿਚ ਲੈ ਗਏ ਸਨ, ਉਹ ਵੀ ਕਮਾਦ ਤੇ ਕੇਲਿਆਂ ਦੀ ਕਾਸ਼ਤ ਕਰਵਾਉਣ ਲਈ। ਨਾਇਪਾਲ ਦੇ ਦਾਦੇ ਨੂੰ ਗੋਰਖਪੁਰ ਤੋਂ ਟ੍ਰਿਨੀਡਾਡ-ਟੋਬੈਗੋ ਲਿਜਾਇਆ ਗਿਆ। ਭਾਰਤ ਦੀ ਜਿਹੜੀ ਸੁਪਨਮਈ ਤਸਵੀਰ ਨਾਇਪਾਲ ਨੇ ਆਪਣੇ ਦਾਦੇ ਜਾਂ ਪਿਤਾ ਜਾਂ ਹੋਰਨਾਂ ਵਡੇਰਿਆਂ ਦੀਆਂ ਅੱਖਾਂ ਵਿਚੋਂ ਦੇਖੀ ਸੀ, ਉਹ ਪਹਿਲੀ ਭਾਰਤ ਫੇਰੀ ਦੌਰਾਨ ਉਸ ਨੂੰ ਕਿਤੇ ਨਹੀਂ ਦਿਸੀ। ਜੋ ਗਲਾਜ਼ਤ, ਦੰਭ, ਭ੍ਰਿਸ਼ਟਾਚਾਰ, ਨਾਖ਼ੁਸ਼ੀ ਤੇ ਫਿਰਕੇਦਾਰਾਨਾ ਕਸ਼ੀਦਗੀ ਉਸ ਨੇ ਦੇਖੀ, ਉਸ ਤੋਂ ਸਾਡੇ ਮੁਲਕ ਦਾ ‘ਹਨੇਰੇ ਖਿੱਤੇ’ ਵਾਲਾ ਅਕਸ ਹੀ ਉਸਰਿਆ। ਉਂਜ ਵੀ, ਚੀਨ ਦੇ ਹੱਥੋਂ ਕਰਾਰੀ ਹਾਰ ਤੋਂ ਬਾਅਦ ਦਾ ਸਮਾਂ ਸੀ ਉਹ। ਉਹ ਸਾਰਾ ਮਾਯੂਸਕੁਨ ਮੰਜ਼ਰ ਨਾਇਪਾਲ ਨੇ ਆਪਣੀ ਕਿਤਾਬ ਵਿਚ ਚਿਤਰਿਆ, ਬਿਨਾਂ ਕਿਸੇ ਪਰਦਾਦਾਰੀ ਦੇ। ਇਸ ਤੋਂ ਭਾਰਤੀ ਹੁਕਮਰਾਨਾਂ ਨੂੰ ਤਾਂ ਗੁੱਸਾ ਆਇਆ ਹੀ, ਵਤਨਪ੍ਰਸਤ ਦਾਨਿਸ਼ਵਰ ਵੀ ਪੂਰੇ ਖਫ਼ਾ ਹੋਏ। ਪਰ ਬ੍ਰਿਟੇਨ, ਅਮਰੀਕਾ ਤੇ ਹੋਰ ਮੁਲਕਾਂ ਵਿਚ ਨਾਇਪਾਲ ਦੀ ਸਾਖ਼ ਵੱਧ ਬੁਲੰਦ ਹੋਈ। ਉਸ ਦੇ ਅਦਬੀ ਕੱਦ ਨੂੰ ਦਰਕਿਨਾਰ ਕਰਨਾ ਸਾਡੇ ਕੌਮਪ੍ਰਸਤਾਂ ਲਈ ਵੀ ਆਸਾਨ ਨਹੀਂ ਰਿਹਾ। ਉਸ ਨੂੰ ਅਹਿਮ ਸਾਹਿਤਕ ਸਮਾਗਮਾਂ ਵਿਚ ਸ਼ਾਮਲ ਹੋਣ ਦੇ ਸੱਦੇ ਭਾਰਤ ਤੋਂ ਮਿਲਣੇ ਸ਼ੁਰੂ ਹੋ ਗਏ। ਉਦੋਂ ਤਕ ਉਸ ਦੀਆਂ ਤਿੰਨ ਹੋਰ ਕਿਤਾਬਾਂ, ਖ਼ਾਸ ਕਰਕੇ ‘ਦਿ ਮਿਮਿੱਕ ਮੈੱਨ’ (1967) ਤੇ ‘ਇਨ ਏ ਫਰੀ ਸਟੇਟ’ (1971) ਚੰਗਾ ਨਾਮ ਕਮਾ ਚੁੱਕੀਆਂ ਸਨ। ਉਹ ਬੰਗਲਾਦੇਸ਼ ਵਾਲੀ ਜੰਗ ਤੋਂ ਬਾਅਦ 1972 ਵਿਚ ਭਾਰਤ ਆਇਆ, ਸੰਖੇਪ ਜਹੀ ਫੇਰੀ ’ਤੇ। ਅਗਲੀ ਫੇਰੀ 1975-76 ਵਿਚ ਹੋਈ ਅਤੇ ਇਸ ਤੋਂ ਭਾਰਤ ਬਾਰੇ ਨਵੀਂ ਕਿਤਾਬ ‘ਇੰਡੀਆ: ਏ ਵੂੰਡਿਡ ਸਿਵਿਲਾਈਜ਼ੇਸ਼ਨ’’ (India: A Wounded Civilization, ਭਾਰਤ: ਇਕ ਜ਼ਖਮੀ ਤਹਿਜ਼ੀਬ) ਉਗਮੀ। ਫਿਰ ਨਾਂਹ-ਪੱਖੀ ਤਸਵੀਰ ਪੇਸ਼ ਕਰਨ ਵਾਲੀ; ਤਲਖ ਹਕੀਕਤਾਂ ਦਾ ਚਿਤਰਣ ਕਰਨ ਵਾਲੀ। ਖ਼ਾਸ ਤੌਰ ’ਤੇ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੈਂਸੀ ਤੋਂ ਉਪਜੇ ਸ਼ਰਮਨਾਕ ਹਾਲਾਤ ਪ੍ਰਤੱਖ ਰੂਪ ਵਿਚ ਬਿਆਨ ਕਰਨ ਵਾਲੀ। ਪਰ ਨਾਲ ਹੀ ਪੁਰਖਿਆਂ ਦੀ ਧਰਤੀ ਪ੍ਰਤੀ ਮੋਹ ਦੀਆਂ ਝਲਕਾਂ ਪੇਸ਼ ਕਰਨ ਵਾਲੀ; ਇਹ ਜਾਂਚਣ-ਘੋਖਣ ਦੀ ਸੰਜੀਦਾ ਕੋਸ਼ਿਸ਼ ਕਰਨ ਵਾਲੀ ਕਿ ਸੈਂਕੜੇ ਵਰ੍ਹਿਆਂ ਦੇ ਵਿਦੇਸ਼ੀ ਗਲਬੇ ਨੇ ਭਾਰਤੀ ਸਭਿਅਤਾ ਤੇ ਸਭਿਆਚਾਰ ਨੂੰ ਏਨਾ ਕਿਉਂ ਆਹਤ ਕੀਤਾ ਕਿ ਮੁਲਕ ਗ਼ੁਰਬਤ ਤੇ ਜ਼ਿੱਲਤ ਤੋਂ ਬਾਹਰ ਆਉਣ ਵਾਸਤੇ ਯਤਨਸ਼ੀਲ ਹੀ ਨਹੀਂ ਰਿਹਾ।
ਕਿਤਾਬ ਦਾ ਭਾਰਤ ਵਿਚ ਸਵਾਗਤ ਵੀ ਹੋਇਆ ਅਤੇ ਨੁਕਤਾਚੀਨੀ ਵੀ। ਨੁਕਤਾਚੀਨੀ ਵੱਧ, ਸਵਾਗਤ ਘੱਟ। ਨਾਇਪਾਲ ਨੂੰ ਭੂਰੇ ਗੋਰੇ ਜਾਂ ਕਾਲੇ ਅੰਗਰੇਜ਼ ਵਾਲਾ ਨਜ਼ਰੀਆ ਤਿਆਗਣ ਦੇ ਮਸ਼ਵਰੇ ਵੀ ਖ਼ੂਬ ਮਿਲੇ। ਇਸ ਦੇ ਬਾਵਜੂਦ ਉਸ ਦੀਆਂ ਭਾਰਤ ਫੇਰੀਆਂ ਵਧਦੀਆਂ ਗਈਆਂ। ਨਾਲ ਹੀ ਭਾਰਤ ਦੀ ਰੂਹ ਤੱਕ ਪੁੱਜਣ ਦੀਆਂ ਕੋਸ਼ਿਸ਼ਾਂ ਵੀ। 1990 ਵਿਚ ਪ੍ਰਕਾਸ਼ਿਤ ‘ਇੰਡੀਆ: ਏ ਮਿਲੀਅਨ ਮਿਊਟਿਨੀਜ਼ ਨਾਊ’ (India: A Million Mutinies Now; ਭਾਰਤ: ਲੱਖਾਂ ਬਗਾਵਤਾਂ) ਇਸੇ ਆਤਮ ਵਿਸ਼ਲੇਸ਼ਣ ਦੀ ਪੈਦਾਇਸ਼ ਸੀ। ਕਿਤਾਬ ਉਸ ਸਮੇਂ ਲਿਖੀ ਗਈ ਜਦੋਂ ਮੰਡਲ ਲਹਿਰ ਜ਼ੋਰਾਂ ’ਤੇ ਸੀ ਅਤੇ ਕਰਮੰਡਲ (ਉਰਫ਼ ਮੰਦਿਰ) ਲਹਿਰ ਨੇ ਵੀ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਸੀ। ਪੰਜਾਬ ਦੇ ਸਿਆਹ ਦਿਨ ਸਿਖਰ ’ਤੇ ਪੁੱਜੇ ਹੋਏ ਸਨ ਅਤੇ ਕਸ਼ਮੀਰ ਵਿਚ ਵੀ ਜੁੱਗਰਦੀ ਜ਼ੋਰ ਫੜ ਰਹੀ ਸੀ। ਅਸਾਮ ਤੇ ਉੱਤਰ-ਪੂਰਬ ਦੇ ਹੋਰ ਰਾਜਾਂ ਵਿਚ ਵੀ ਵੱਖਵਾਦੀ ਲਹਿਰਾਂ ਨਵੇਂ ਸਿਰਿਓਂ ਸੁਲਗਣੀਆਂ ਸ਼ੁਰੂ ਹੋ ਚੁੱਕੀਆਂ ਸਨ ਅਤੇ ਸ੍ਰੀਲੰਕਾ ਦੇ ਤਾਮਿਲ ਵੱਖਵਾਦ ਦੀਆਂ ਚਿਣਗਾਂ, ਤਾਮਿਲ ਨਾਡੂ ਤੱਕ ਪੁੱਜਣ ਲੱਗੀਆਂ ਸਨ। ਅਜਿਹੇ ਆਲਮ ਦੇ ਬਾਵਜੂਦ ਨਾਇਪਾਲ ਨੂੰ ‘ਭਾਰਤ-ਇਕ ਸੰਕਲਪ’ ਉਮਰਦਰਾਜ਼ ਜਾਪਿਆ। ਉਸ ਨੇ ਯਕੀਨਦਹਾਨੀ ਕੀਤੀ ਕਿ ਇਹ ਸੰਕਲਪ ਮਰਨ ਵਾਲਾ ਨਹੀਂ; ਲੱਖਾਂ ਬਗ਼ਾਵਤਾਂ ਵੀ ਇਸ ਨੂੰ ਮਿਟਾ ਨਹੀਂ ਸਕਦੀਆਂ। ਇਸੇ ਕਿਤਾਬ ਵਿਚ ਉਸ ਨੇ ਆਉਣ ਵਾਲੇ ਸਮੇਂ ਦੌਰਾਨ ਭਾਰਤ ਵਿਚ ਹਿੰਦੂਤਵੀ ਚੜ੍ਹਤ ਦੀ ਪੇਸ਼ੀਨਗੋਈ ਵੀ ਕੀਤੀ। ਉਸ ਨੇ ਇਹ ਸਿਧਾਂਤ ਪੇਸ਼ ਕੀਤਾ ਕਿ ਹਿੰਦੂਵਾਦ ਦਾ ਉਭਾਰ, ਭਾਰਤ ਦੀ ਪ੍ਰਗਤੀਦਾ ਵਸੀਲਾ ਬਣ ਸਕਦਾ ਹੈ; ਖ਼ਾਸ ਕਰਕੇ ਇਸਲਾਮੀ ਕੱਟੜਵਾਦ ਦੇ ਉਭਾਰ ਅਤੇ ਅਰਬ ਜਗਤ ਵੱਲੋਂ ਇਸ ਦੀ ਪੁਸ਼ਤਪਨਾਹੀ ਦੇ ਮੱਦੇਨਜ਼ਰ। ਖ਼ੁਦ ਨੂੰ ਧਰਮ ਨਿਰਪੇਖ ਮੰਨਣ ਦੇ ਬਾਵਜੂਦ ਉਸ ਨੂੰ ਹਿੰਦੂਵਾਦੀ ਸੋਚ ਵਿਚ ਵਧ ਰਹੀ ਉੱਗਰਤਾ ਵਿੱਚੋਂ ਕੁਝ ਵੀ ਇਤਰਾਜ਼ਯੋਗ ਨਜ਼ਰ ਨਹੀਂ ਆਇਆ।
ਉਸ ਦੀ ਇਸ ਵਿਚਾਰਧਾਰਾ ਨੇ ਜਿੱਥੇ ਭਾਰਤੀ ਜਨਤਾ ਪਾਰਟੀ ਤੇ ਸੰਘ ਪਰਿਵਾਰ ਨੂੰ ਉਸ ਦੇ ਨੇੜੇ ਲਿਆਂਦਾ, ਉੱਥੇ ਉਸ ਦੇ ਲਿਬਰਲ ਮੁਰੀਦਾਂ ਨੂੰ ਉਸ ਤੋਂ ਸਦਾ ਲਈ ਦੂਰ ਕੀਤਾ। ਵਿਡੰਬਨਾ ਇਹ ਵੀ ਰਹੀ ਕਿ ਨਾਇਪਾਲ ਦਾ ਹਿੰਦੂਵਾਦ ਦੇ ਮੁੱਦਈ ਵਾਲਾ ਅਕਸ ਉਨ੍ਹਾਂ ਦਿਨਾਂ ਦੌਰਾਨ ਮਜ਼ਬੂਤ ਹੋਇਆ ਜਦੋਂ ਉਸ ਦੀ ਪਾਕਿਸਤਾਨੀ ਪੱਤਰਕਾਰ ਨਾਦਿਰਾ ਖ਼ਾਨੁਮ ਅਲਵੀ ਨਾਲ ਨੇੜਤਾ ਵਧ ਰਹੀ ਸੀ। 1995 ਵਿਚ ਨਾਇਪਾਲ ਦੀ ਪਹਿਲੀ ਪਤਨੀ ਪੈਟ੍ਰੀਸ਼ੀਆ ਦੇ ਚਲਾਣੇ ਮਗਰੋਂ 1996 ਵਿਚ ਨਾਦਿਰਾ ਅਧਿਕਾਰਤ ਤੌਰ ’ਤੇ ਲੇਡੀ ਨਾਦਿਰਾ ਨਾਇਪਾਲ ਬਣ ਗਈ, ਸਰ ਵਿੱਦਿਆ ਨਾਇਪਾਲ ਦੀ ਪਤਨੀ। ਨਾਇਪਾਲ ਦੇ ਖ਼ੈਰਖਾਹਾਂ ਦਾ ਕਹਿਣਾ ਹੈ ਕਿ ਉਸ ਵੱਲੋਂ 1980 ਦੌਰਾਨ ਇਰਾਨ, ਪਾਕਿਸਤਾਨ, ਮਲੇਸ਼ੀਆ ਤੇ ਇੰਡੋਨੇਸ਼ੀਆ ਦੀ ਕੀਤੀ ਗਈ ਯਾਤਰਾ ਨੇ ਇਸਲਾਮ ਪ੍ਰਤੀ ਉਸ ਨੂੰ ਪੱਖਪਾਤੀ ਬਣਾਇਆ। ਇਸ ਯਾਤਰਾ ਤੋਂ ਉਪਜੀ ਕਿਤਾਬ ‘ਅਮੰਗ ਦਿ ਬਿਲੀਵਰਜ਼’ (ਅਕੀਦਤਮੰਦਾਂ ਦੇ ਦਰਮਿਆਨ; 1981) ਵਿਚ ਨਾਇਪਾਲ ਨੇ ਧਰਮ ਪਰਿਵਰਤਨ ਕਰਕੇ ਮੁਸਲਿਮ ਬਣੇ ਮੁਲਕਾਂ ਦੀ ਸਭਿਅਤਾ ਤੇ ਇਤਿਹਾਸ ਦੇ ਇਸਲਾਮੀਕਰਨ ਨੂੰ ਖ਼ਤਰਨਾਕ ਰੁਝਾਨ ਦੱਸਿਆ ਸੀ। ਉਸ ਨੇ ਇਸ ਸੋਚ ਦੀ ਤਸਦੀਕ ਵਾਸਤੇ 1996-97 ਵਿਚ ਇਨ੍ਹਾਂ ਮੁਲਕਾਂ ਦੀ ਮੁੜ ਯਾਤਰਾ ਕੀਤੀ ਜਿਸ ਦਾ ਬਿਰਤਾਂਤ ‘ਬਿਯੌਂਡ ਬਿਲੀਫ’ (ਇਮਾਨ ਤੇ ਜਹਾਨ; 1998) ਦੇ ਸਿਰਲੇਖ ਹੇਠ ਛਪਿਆ। ਦੋਵਾਂ ਕਿਤਾਬਾਂ ਵਿਚ ਉਭਾਰੇ ਗਏ ਵਿਚਾਰ ਵਿਵਾਦਿਤ ਹੋਣ ਦੇ ਬਾਵਜੂਦ ਦੋਵਾਂ ਨੂੰ ਸਮਕਾਲੀ ਇਤਿਹਾਸਕਾਰੀ ਤੇ ਖ਼ੂਬਸੂਰਤ ਸਹਾਫ਼ਤ ਦੀ ਸਲੀਕੇਦਾਰ ਮਿਸਾਲ ਮੰਨਿਆ ਜਾਂਦਾ ਹੈ।
ਹੁਣ ਭਾਰਤ ਸਬੰਧੀ ਤਿੰਨੋਂ ਕਿਤਾਬਾਂ ਪਿਕਾਡੋਰ ਇੰਡੀਆ ਵੱਲੋਂ ਇਕ ਸਾਂਝੀ ਜਿਲਦ ਹੇਠ ‘ਦਿ ਇੰਡੀਅਨ ਟ੍ਰਾਇਲੌਜੀ’ (1079 ਪੰਨੇ; 1299 ਰੁਪਏ) ਦੇ ਨਾਮ ਨਾਲ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਭੂਮਿਕਾ ਅਮਰੀਕੀ ਨਾਵਲਕਾਰ ਤੇ ਪੱਤਰਕਾਰ ਪਾਲ ਥੁਰੂ (Paul Theroux) ਨੇ ਲਿਖੀ ਹੈ ਜੋ ਕਦੇ ਨਾਇਪਾਲ ਨੂੰ ਆਪਣਾ ਮੁਰਸ਼ਦ ਮੰਨਦਾ ਸੀ, ਪਰ 21ਵੀਂ ਸਦੀ ਵਿਚ ਉਸ ਦਾ ਸਭ ਤੋਂ ਵੱਡਾ ਆਲੋਚਕ ਬਣ ਉੱਭਰਿਆ। ਗ਼ਨੀਮਤ ਇਹ ਹੈ ਕਿ ਭੂਮਿਕਾ ਵਿਚ ਉਸ ਨੇ ਆਪਣੇ ਵਿਚਾਰਾਂ ਨੂੰ ਨਾਇਪਾਲ ਦੀਆਂ ਸਿਰਜਨਾਵਾਂ ਤੱਕ ਹੀ ਸੀਮਿਤ ਰੱਖਿਆ ਹੈ, ਉਸ ਦੇ ਨਿੱਜੀ ਜੀਵਨ ਨੂੰ ਨਹੀਂ ਛੋਹਿਆ।