Forgotten ambassador in cairo ਲਵ ਜਹਾਦ : ਖੂਬਸੂਰਤੀ ਤੇ ਤੜਪ….

ਸੁਰਿੰਦਰ ਸਿੰਘ ਤੇਜ

ਕਾਹਿਰ (ਮਿਸਰ) ਦੇ ਸਭ ਤੋਂ ਪ੍ਰਾਚੀਨ ਤੇ ਮਸ਼ਹੂਰ ਕਬਰਿਸਤਤਾਨ ‘ਅਲ-ਕਾਰਾਫ਼ਾ’ (ਸਿਟੀ ਆਫ਼ ਦਿ ਡੈੱਡ) ਵਿੱਚ ਇੱਕ ਖ਼ਸਤਾਹਾਲ ਮਕਬਰਾ ਮੌਜੂਦ ਹੈ। ਪੰਜ ਦਹਾਕਿਆਂ ਤੋਂ ਇਸ ਦੀ ਸਾਂਭ-ਸੰਭਾਲ ਵੱਲ ਕੋਈ ਤਵੱਜੋ ਨਹੀਂ ਦਿੱਤੀ ਗਈ। ਆਪਣੇ ਖੰਡਰਨੁਮਾ ਜਿਸਮ ਵਿੱਚੋਂ ਵੀ ਇਹ ਮਕਬਰਾ, ਅਤੀਤ ਦੇ ਹੁਸਨ ਦੀ ਝਲਕ ਪੇਸ਼ ਕਰਦਾ ਹੈ। ਇਹ ਸ਼ਾਇਦ ਇੱਕੋ ਇੱਕ ਮਕਬਰਾ ਹੈ ਜੋ ਭਾਰਤ ਸਰਕਾਰ ਨੇ ਆਪਣੇ ਕਿਸੇ ਸਫ਼ੀਰ ਦੀ ਯਾਦ ਵਿੱਚ ਵਿਦੇਸ਼ੀ ਭੂਮੀ ‘ਤੇ ਉਸਰਵਾਇਆ। 1949 ਵਿੱਚ ਜਦੋਂ ਇਸ ਦੀ ਤਾਮੀਰ ਹੋਈ ਤਾਂ ਇਸ ਦੀ ਅਜ਼ਮਤ ਸੱਚਮੁੱਚ ਹੀ ਜ਼ਿਕਰਯੋਗ ਸੀ। ਇੱਕ ਦਹਾਕੇ ਤੱਕ ਇਸ ਦੀ ਦੇਖਭਾਲ ਵੀ ਹੁੰਦੀ ਰਹੀ। ਫਿਰ ਇਸ ਨੂੰ ਵਿਸਾਰ ਦਿੱਤਾ ਗਿਆ। ਇਸ ਦੇ ਅੰਦਰ ਦਫ਼ਨ ਹਸਤੀ ਸੱਯਦ ਹੁਸੈਨ ਦੇ ਭਾਰਤੀ ਆਜ਼ਾਦੀ ਸੰਗਰਾਮ ਅਤੇ ਭਾਰਤੀ ਕੂਟਨੀਤੀ ਵਿਚਲੇ ਯੋਗਦਾਨ ਵਾਂਗ।
[ਜ਼ਹੀਨਤਰੀਕ ਇਨਸਾਨ ਸੀ ਸੱਯਦ ਹੁਸਨ (ਅੰਗਰੇਜ਼ੀ ਵਿੱਚ Syud Hossain)। ਦਿਲਦਾਰ, ਦਿਲਕਸ਼, ਦਿਲਫਰੇਬ] ਖ਼ੁਦਾ ਨੇ ਉਸਨੂੰ ਨਿਹਾਇਤ ਉਸਦਾ ਦਿਮਾਗ ਨਾਲ ਨਿਵਾਜਿਆ ਸੀ, ਪਰ ਦਿਲ ਦੇ ਮਾਮਲੇ ਵਿੱਚ ਉਸ ਨੇ ਦਿਲ ਦੀ ਹੀ ਆਵਾਜ਼ ਸੁਣੀ, ਦਿਮਾਗ਼ ਦੀ ਨਹੀਂ। ਇਸ ਦਾ ਖ਼ਾਮਿਆਜ਼ ਵੀ ਖ਼ੂਬ ਭੁਗਤਿਆ, ਦਿਲਜਲਿਆਂ ਵਾਂਗ ਨਹੀਂ, ਨਫ਼ੀਸ ਆਸ਼ਿਕ ਵਾਂਗ, ਮਹਿਬੂਬ ਦੇ ਨਾਲ-ਨਾਲ ਉਸ ਦੇ ਖ਼ਾਨਦਾਨ ਦੀ ‘ਆਬਰੂ’ ਦੀ ਆਖ਼ਰੀ ਸਾਹਾਂ ਤੱਕ ਹਿਫ਼ਾਜ਼ਤ ਕਰਕੇ। ਇੰਡੀਅਨ ਨੈਸ਼ਨਲ ਕਾਂਗਰਸ ਦੇ 1919 ਵਾਲੇ ਅੰਮ੍ਰਿਤਸਰ ਸੈਸ਼ਨ ਦੀ ਇੱਕ ਤਸਵੀਰ ਗੂਗਲ ‘ਤੇ ਮੌਜੂਦ ਹੈ। ਉਸ ਵਿੱਚ ਲੋਕਮਾਨਿਆ ਤਿਲਕ, ਮੋਤੀ ਲਾਲ ਨਹਿਰੂ, ਐਨੀ ਬੀਸੈਂਟ, ਮਦਨ ਮੋਹਨ ਮਾਲਵੀਆ, ਦੇ ਨਾਲ ਸੱਯਦ ਹੁਸੈਨ ਵੀ ਨਜ਼ਰ ਆਉਂਦਾ ਹੈ। ਉਹ ਇਨ੍ਹਾਂ ਹਸਤੀਆਂ ਜਿੰਨਾਂ ਕੱਦਾਵਰ ਨਹੀਂ ਸੀ, ਪਰ ਕੱਦਾਵਰ ਬਣਨ ਦੀਆਂ ਸੰਭਾਵਨਾਵਾਂ ਪੂਰੀਆਂ ਮੌਜੂਦ ਸਨ ਜੇਕਰ ਉਹ ਆਪਣੇ ਦਿਮਾਗ਼ ਦੀ ਆਵਾਜ਼ ਸੁਣਦਾ ਤਾਂ ਮੁਹੰਮਦ ਅਲੀ ਜਿਨਾਹ, ਚੌਧਰੀ ਲਿਆਕਤ ਅਲੀ ਜਾਂ ਮੌਲਾਨਾ ਅਬੁਲ ਕਲਾਮ ਆਜ਼ਾਦ ਵਾਂਗ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਹੋਇਆ ਕਿਸੇ ਉਪਰਲੇ ਮੁਕਾਮ ਉੱਤੇ ਪਹੁੰਚ ਸਕਦਾ ਸੀ। ਉਸ ਕੋਲ ਨਾਮਵਰ ਮੁਸਲਿਮ ਆਗੂ ਦਾ ਰੁਤਬਾ ਹਾਸਲ ਕਰਨ ਦੇ ਵਸੀਲੇ ਤੇ ਗੁਣ ਵੀ ਭਰਪੂਰ ਮਿਕਦਾਰ ਵਿੱਚ ਮੌਜੂਦ ਸਨ। ਜ਼ੁਬਾਨ ਵਿੱਚ ਮਿਠਾਸ ਸੀ, ਜ਼ਿਹਨ ਵੱਡਿਆਂ ਵੱਡਿਆਂ ਨੂੰ ਕੀਲਣ ਦੀ ਕਾਬਲੀਅਤ ਨਾਲ ਲੱਸ ਸੀ। ਉਹ ਗੁਣਵਾਨ ਸੀ, ਵਿਦਵਾਨ ਸੀ, ਗਿਆਨਵਾਨ ਸੀ, ਰਸੂਖ਼ਵਾਨ ਸੀ, ਧਨਵਾਨ ਸੀ, ਖ਼ਾਨਦਾਨ ਵੀ ਨਾਮਵਾਨ ਸੀ। ਪਿਤਾ ਨਵਾਬ ਸੱਯਦ ਮੁਹੰਮਦ ਹੁਸੈਨ, ਢਾਕਾ (ਉਦੋਂ ਪੂਰਬੀ ਬੰਗਾਲ) ਦਾ ਜਾਗੀਰਦਾਰ ਸੀ। ਮਾਂ ਫ਼ਰੀਦਪੁਰ (ਪੂਰਬੀ ਬੰਗਾਲ) ਦੇ ਨਵਾਬ ਦੀ ਧੀ ਸੀ। ਵਿਦਿਅਕ ਤੇ ਲੰਡਨ ਦੀ ਲਿੰਕਨਜ਼ ਇੰਨ ਦੀ ਪੈਦਾਇਸ਼ ਸੀ। ਅੰਗਰੇਜ਼ੀ ਸਾਹਿਤ ਤੇ ਵਿਆਕਰਣ ਦਾ ਗੂੜ੍ਹ-ਗਿਆਨੀ, ਭਰਤੀ ਤੇ ਵਿਸ਼ਵ ਇਤਿਹਾਸ ਦਾ ਗਿਆਤਾ, ਦਿੱਖ ਪੱਖੋਂ ਸੁਨੱਖਾ, ਲਹਿਜੇ ਪੱਖੋਂ ਤਮੀਜ਼ਦਾਰ। ਪੱਤਰਕਾਰ, ਵਕੀਲ ਤੇ ਸੁਹਜਵਾਨ ਵਕਤਾ ਵਜੋਂ ਚੋਖਾ ਨਾਮ ਪਹਿਲਾਂ ਹੀ ਕਮਾਅ ਚੁੱਕਾ ਸੀ ਉਹ। ਮਹਾਤਮਾ ਗਾਂਧੀ ਨੂੰ ਵੀ ਪਸੰਦ ਸੀ ਤੇ ਮੋਤੀ ਲਾਲ ਨਹਿਰੂ ਨੂੰ ਵੀ। ਮੋਤੀ ਲਾਲ ਹੀ ਉਸ ਨੂੰ ਬੰਬਈ ਦੇ ‘ਬਾਬੇ ਕ੍ਰੋਨੀਕਲ’ ਅਖ਼ਬਾਰ ਤੋਂ ਪੁੱਟ ਕੇ ਅਲਾਹਬਾਦ ਲੈ ਆਏ ਸਨ। ਉਨ੍ਹਾਂ ਦੇ ਨਿਵਾਸ ‘ਆਨੰਦ ਭਵਨ’ ਵਿੱਚ ਉਸਨੂੰ ਕਮਰਾ ਮਿਲਿਆ ਹੋਇਆ ਸੀ। ਇਸੇ ਭਵਨ ਦੇ ਪੁਰਾਣੇ ਤਬੇਲੇ ਵਿੱਚ ਸਥਾਪਿਤ ਛਾਪੇਖਾਨੇ ਦੇ ਬਗ਼ਲ ਵਿੱਚ ਹੁਸੈਨ ਦਾ ਸੰਪਾਦਕੀ ਦਫ਼ਤਰ ਸੀ। ਉਹ ਨਹਿਰੂ ਖ਼ਾਨਦਾਨ ਵੱਲੋਂ ਛਾਪੇ ਜਾਂਦੇ ਅਖ਼ਬਾਰ ‘ਦਿ ਇੰਡੀਪੈਂਡੈਂਟ’ ਦਾ ਸੰਪਾਦਕ ਸੀ। ‘ਇੰਡੀਪੈਂਡੈਂਟ’ ਉਨ੍ਹੀ ਦਿਨੀਂ ਪੂਰੀ ਚੜ੍ਹਤ ‘ਤੇ ਸੀ। ਉੱਤਰੀ ਭਾਰਤ ਵਿੱਚ ਉਸਦੀ ਅਸ਼ਾਇਤ, ਉਸਦੇ ਤਿੰਨ ਮੁਕਾਬਲੇਬਾਜ਼ ਅਖ਼ਬਾਰਾਂ ਦੀ ਸਾਂਝੀ ਅਸ਼ਾਇਤ ਤੋਂ ਦੋ ਗੁਣਾਂ ਵੱਧ ਸੀ। ਹੁਸੈਨ ਦੀ ਲੇਖਣੀ ਦੇ ਪ੍ਰਸ਼ੰਸਕਾਂ ਵਿੱਚ ਸਰੋਜਿਨੀ ਨਾਇਡੂ ਤੇ ਆਸਫ਼ ਅਲੀ ਵੀ ਸ਼ੁਮਾਰ ਸਨ। ਦੋਵੇਂ ਉਸਦੇ ਹਮਰਾਜ਼ ਵੀ ਸਨ। ਪ੍ਰਸ਼ੰਸਕਾਂ ਦਾ ਦਾਇਰਾ ਤੇਜ਼ੀ ਨਾਲ ਵੱਧ ਰਿਹਾ ਸੀ-ਕੁਝ ਹੁਸੈਨ ਦੀ ਸ਼ਕਲ-ਓ-ਸੂਰਤ ਕਾਰਨ, ਕੁਝ ਅਕਲ-ਓ-ਅਜ਼ਮਤ ਕਾਰਨ। ਇਸੇ ਦਾਇਰੇ ਵਿੱਚ 19 ਵਰ੍ਹਿਆਂ ਦੀ ਸਰੂਪ ਕੁਮਾਰੀ ਵੀ ਆ ਦਾਖ਼ਿਲ ਹੋਈ। ਹੁਸੈਨ ਤੋਂ 12 ਵਰ੍ਹੇ ਛੋਟੀ, ਪਰ ਖ਼ੁਦ ਨੂੰ ਉਸਦੀ ਹਕੀਕੀ/ਮਿਜ਼ਾਜੀ ਹਾਣੀ ਸਮਝਣ ਵਾਲੀ। ਹੁਸੈਨ ਵੀ ਉਸ ‘ਤੇ ਫ਼ਿਦਾ ਹੋ ਗਿਆ। ਉਨੀਂ ਦਿਨੀਂ ਸਰੂਪ ਦੇ ਰਣਜੀਤ ਸੀਤਾਰਾਮ ਪੰਡਿਤ ਨਾਲ ਰਿਸ਼ਤੇ ਦੀ ਗੱਲ ਸ਼ੁਰੂ ਹੋ ਚੁੱਕੀ ਸੀ। ਸਰੂਪ ਨੇ ਸੋਨੂ (ਹੁਸੈਨ) ਉੱਤੇ ਫ਼ੌਰੀ ਕੁਝ ਕਰਨ ਬਣੀ ਦਬਾਅ ਪਾਇਆ। ਹੁਸੈਨ ਸਮੇਂ ਦੀਆਂ ਹਕੀਕਤਾਂ ਤੋਂ ਵਾਕਫ਼ ਸੀ, ਪਰ ਉਸਨੇ ਦਿਲ ਦੀ ਆਵਾਜ਼ ਸੁਣਨ ਨੂੰ ਤਰਜੀਹ ਦਿੱਤੀ। ਉਹ ਤੇ ਸਰੂਪ ਰੂਪੋਸ਼ ਹੋ ਗਏ। ਇਹ ਗੱਲ 1919 ਵਾਲੇ ਅੰਮ੍ਰਿਤਸਰ ਸੈਸ਼ਨ ਤੋਂ ਚੰਦ ਮਹੀਨੇ ਬਾਅਦ ਦੀ ਹੈ। ਰੂਪੋਸ਼ੀ ਦੌਰਾਨ ਹੀ ਇੱਕ ਮੌਲਵੀ ਨੂੰ ਤਲਬ ਕਰਕੇ ਹੁਸੈਨ ਤੇ ਸਰੂਪ ਨੇ ਨਿਕਾਹ ਕਰਵਾ ਲਿਆ। ਪਤਾ ਲੱਗਣ ‘ਤੇ ਆਨੰਦ ਭਵਨ ਵਿੱਚ ਕੋਹਰਾਮ ਮੱਚ ਗਿਆ। ਮੋਤੀ ਲਾਲ ਨਹਿਰੂ ਨੇ ਹੁਸੈਨ ਤੇ ਸਰੂਪ ਦਾ ਤਲਾਕ ਕਰਵਾਉਣ ਲਈ ਮਹਾਤਮਾ ਗਾਂਧੀ ਦੀਆਂ ਸੇਵਾਵਾਂ ਬਣੀਆਂ। ਮਹਾਤਮਾ ਨੇ ਹੁਸੈਨ ਨੂੰ ਨਹਿਰੂ ਖ਼ਾਨਦਾਨ ਦੀ ਇੱਜ਼ਤ ਬਚਾਉਣ ਦਾ ਵਾਸਤਾ ਪਾਇਆ। ਸਰੂਪ ਨੂੰ ‘ਸ਼ੁੱਧੀਕਰਨ’ ਲਈ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਭੇਜ ਦਿੱਤਾ ਗਿਆ। ਤਲਾਕਨਾਮਾ ਸਿਰੇ ਚੜ੍ਹਦਿਆਂ ਹੀ ਹੁਸੈਨ ਨੂੰ ਯੂ. ਕੇ. ਤੇ ਯੂਰੋਪ ਵਿੱਚ ਭਾਰਤੀ ਆਜ਼ਾਦੀ ਲਈ ਲੋਕ-ਰਾਇ ਲਾਮਬੰਦ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ। ਮਹਾਤਮਾ ਦੇ ਰੁਖ਼ ਤੋਂ ਨਾਖੁਸ਼ ਸੀ ਹੁਸੈਨ, ਪਰ 1920 ਵਿੱਚ ਸੱਚੇ-ਸੁੱਚੇ ਮੁਰੀਦ ਵਾਂਗ ਸਮੁੰਦਰੀ ਜਹਾਜ਼ ਚੜ੍ਹ ਗਿਆ। ਇਹ ਜਲਾਵਤਨੀ 1946 ਤੱਕ ਚੱਲਦੀ ਰਹੀ। ਇਸ ਦੌਰਾਨ ਉਹ ਦੋ ਵਾਰ, 1929 ਤੇ 1939 ਵਿੱਚ ਵਤਨ ਪਰਤਿਆ, ਪਰ ਉਸਨੂੰ ਦੋਵੇਂ ਵਾਰ ਵਿਦੇਸ਼ ਪਰਤਣ ਦਾ ‘ਹੁਕਮ’ ਮਿਣਦਾ ਰਿਹਾ। ਯੂ. ਕੇ. ਤੇ ਯੂ. ਐਸ. ਏ. ਦੇ ਅਦਬੀ, ਅਕਾਦਮਿਕ ਤੇ ਆਲਿਮਾਨਾ ਹਲਕਿਆਂ ਵਿੱਚ ਹੁਸੈਨ ਵੱਡੇ ਹਸਤਾਖ਼ਰ ਵਜੋਂ ਵਿਚਰਦਾ ਰਿਹਾ। ਐੱਚ. ਜੀ. ਵੈੱਲਜ਼, ਜੌਰਜ ਬਰਨਾਰਡ ਸ਼ਾਅ ਤੇ ਜੀ. ਕੇ. ਚੈਸਟਰਟਨ ਉਸ ਦੇ ਕਰੀਬੀ ਦੋਸਤਾਂ ਵਿੱਚ ਸ਼ੁਮਾਰ ਸਨ। ਅਮਰੀਕਾ ਵਿੱਚ 1924 ਤੋਂ 1928 ਤੱਕ ਉਸ ਨੇ ‘ਦਿ ਨਿਊ ਓਰੀਐਂਟ’ ਨਾਮੀ ਰਸਾਲੇ ਦਾ ਸੰਪਾਦਨ ਕੀਤਾ। ਇਸ ਵਜ਼ਨੀ ਵਕਤੇ ਵਜੋਂ ਵੀ ਉਸ ਨੇ ਚੰਗਾ ਨਾਂਅ ਕਮਾਇਆ। ਦੂਜੇ ਪਾਸੇ, ‘ਸ਼ੁੱਧੀਕਰਨ’ ਪੂਰਾ ਹੁੰਦਿਆਂ ਹੀ ਸਰੂਪ, ਵਿਜੈ ਲਕਸ਼ਮੀ ਦੇ ਨਵੇਂ ਨਾਮ ਨਾਲ ਰਣਜੀਤ ਪੰਡਿਤ ਨਾਲ ਵਿਆਹ ਦਿੱਤੀ ਗਈ। ਪਰ ਹੁਸੈਨ ਨੇ ਮੁੜ ਵਿਆਹ ਨਹੀਂ ਕਰਵਾਇਆ। ‘ਸਕੈਂਡਲ’ ਦੀ ਗ਼ਰਦ ਬੈਠਦਿਆਂ ਹੀ ਵਿਜੈ ਲਕਸ਼ਮੀ ਜਨਤਕ ਪਿੜ ਵਿੱਚ ਪਰਤ ਆਈ। ਆਜ਼ਾਦੀ ਅੰਦੋਲਨਾਂ ਵਿੱਚ ਚਾਰ ਵਾਰ ਜੇਲ੍ਹ ਗਈ। ਇਸੇ ਕਵਾਇਦ ਤੇ ਅਭਿਆਸ ਨੇ ਕੌਮੀ ਆਜ਼ਾਦੀ ਤੋਂ ਮਗਰੋਂ ਉਸਨੂੰ ਸੋਵੀਅਤ ਸੰਘ, ਯੂ. ਕੇ. ਤੇ ਅਮਰੀਕਾ ਵਿੱਚ ਭਾਰਤੀ ਰਾਜਦੂਤ ਅਤੇ ਬਾਅਦ ਵਿੱਚ ਮਹਾਰਾਸ਼ਟਰ ਦੀ ਰਾਜਪਾਲ ਵਰਗੇ ਅਹੁਦਿਆਂ ‘ਤੇ ਪਹੁੰਚਾਇਆ। ਸੰਯੁਕਤ ਰਾਸ਼ਟਰ ਮਹਾਂਸਭਾ (ਯੂਐਨਜੀਏ) ਦੀ ਉਹ ਪਹਿਲੀ ਮਹਿਲਾ ਪ੍ਰਧਾਨ ਵੀ ਬਣੀ। 1945 ਤੋਂ 1946 ਤੱਕ ਉਹ ਅਮਰੀਕਾ ਦੇ ਲੈਕਚਰ ਦੁਆਰ ‘ਤੇ ਰਹੀ। ਇਸ ਅਰਸੇ ਦੌਰਾਨ ਹੁਸੈਨ ਉਸਦੇ ਨਾਲ ਰਿਹਾ। ਸੰਗੀ ਵਜੋਂ ਨਹੀਂ, ਸਹਾਇਕ ਵਜੋਂ; ਇਸ ‘ਤੱਥ’ ਦੀ ਤਸਦੀਕ ਨਹਿਰੂ ਪਰਿਵਾਰ ਦੇ ਸੂਹੀਏ ਨਿਰੰਤਰ ਕਰਦੇ ਰਹੇ।
(ਹੁਸੈਨ ਵੀ 1946 ਵਿੱਚ ਵਤਨ ਪਰਤਿਆ। ਸਭ ਤੋਂ ਪਹਿਲਾਂ ਉਹ ਬੰਬਈ ਵਿੱਚ ਆਪਣੇ ਮਿੱਤਰ ਮੁਹੰਮਦ ਅਲੀ ਜਿਨਾਹ ਨੂੰ ਮਿਲਣ ਗਿਆ-ਉਸ ਨੂੰ ਮੁਲਕ ਦੇ ਬਟਵਾਰੇ ਉੱਤੇ ਜ਼ੋਰ ਦੇਣ ਤੋਂ ਵਰਜਣ ਲਈ। ਇਹ ਮੁਲਾਕਾਤ ਬਹੁਤ ਨਾਖ਼ੁਸ਼ਗਵਾਰ ਰਹੀ। ਜ਼ਿਹਾਨ, ਹੁਸੈਨ ਨਾਲ ਦੋਸਤ ਵਜੋਂ ਨਹੀਂ, ਦੁਸਮਣ ਵਜੋਂ ਪੇਸ਼ ਆਇਆ। ਪਾਕਿਸਤਾਨ ਬਣਨ ‘ਤੇ ਹੁਸੈਨ ਨੇ ਹਿੰਦ ਵਿੱਚ ਰਹਿਣਾ ਚੁਣਿਆ। ਇਹ ਤਵੱਜੋ ਕੀਤੀ ਜਾਂਦੀ ਸੀ ਕਿ ਨਹਿਰੂ ਕੈਬਨਿਟ ਵਿੱਚ ਉਸ ਨੂੰ ਵੀ ਥਾਂ ਮਿਲੇਗੀ, ਪਰ ਜਵਾਹਰ ਲਾਲ ਅਤੀਤ ਦੀ ਅਣਦੇਖੀ ਦੇ ਰੌਂਅ ਵਿੱਚ ਨਹੀਂ ਸੀ। ਹੁਸੈਨ ਨੂੰ ਮਿਸਰ ‘ਤੇ ਅਰਬ ਜਗਤ ਵਿੱਚ ਭਾਰਤੀ ਹਿੱਤਾਂ ਦੀ ਰਾਖੀ ਲਈ ਰਾਜਦੂਤ ਥਾਪ ਦਿੱਤਾ ਗਿਆ। 1948 ਵਿੱਚ ਨਿਓੂਯਾਰਕ ਜਾਂਦਿਆਂ ਵਿਜੈ ਲਕਸ਼ਮੀ ਪੰਡਿਤ ਬਿਮਾਹ ਸੱਯਦ ਹੁਸੈਨ ਦਾ ਪਤਾ ਲੈਣ ਲਈ ਕਾਹਿਰਾ ਵਿੱਚ ਰੁਕੀ। ਵੱਡੇ ਭਰਾ ਜਵਾਹਰ ਲਾਲ ਨੇ ਇਸ ਦਾ ਬੁਰਾ ਮਨਾਇਆ। ਫਰਵਰੀ 1949 ਵਿੱਚ ਹੁਸੈਨ ਦਾ ਇੰਤਕਾਲ ਹੋ ਗਿਆ। ਉਸਦੀ ਦੇਹ ਨੂੰ ਵਤਨ ਪਰਤਾਉਣ ਦੀ ਥਾਂ ਕਾਹਿਰਾ ਵਿੱਚ ਹੀ ਦਫ਼ਨ ਕਰਨਾ ਚੁਣਿਆ ਗਿਆ। ਇਸ ਨੂੰ ਹੁਸੈਨ ਦੀ ਆਪਣੀ ‘ਇੱਛਾ’ ਦੱਸਿਆ ਗਿਆ। ਪਰ ਸਰੋਜਿਨੀ ਨਾਇਡੂ ਨਾਲ 28 ਵਰ੍ਹਿਆਂ ਤੋਂ ਚਲਦੀ ਆ ਰਹੀ ਖ਼ਤੋ-ਕਿਤਾਬਤ ਵਿੱਚ ਹੁਸੈਨ ਨੇ ਕਦੇ ਵੀ ਉਪਰੋਕਤ ‘ਇੱਛਾ’ ਦਾ ਜ਼ਿਕਰ ਨਹੀਂ ਕੀਤਾ। ਹੁਸੈਨ ਨੂੰ ਸਪੁਰਦ-ਇ-ਖ਼ਾਕ ਕੀਤੇ ਜਾਣ ਤੋਂ ਪੰਜ ਦਿਨ ਬਾਅਦ ਵਿਜੈ ਲਕਸ਼ਮੀ ਉਸਦੀ ਕਬਰ ‘ਤੇ ਫੁੱਲ ਚੜ੍ਹਾਉਦ ਪੁੱਜੀ। ਫਿਰ ਅਗਲੀਆਂ ਪੰਜ ਬਰਸੀਆਂ ਦੌਰਾਨ ਵੀ ਉਹ ਹੁਸੈਨ ਦੇ ਮਕਬਰੇ ਉੱਤੇ ਹਾਜ਼ਰੀ ਭਰਦੀ ਰਹੀ।
(ਹੁਸੈਨ ਦੀ ਜ਼ਿੰਦਗਾਨੀ ਨੂੰ ਐੱਨ. ਐੱਸ. ਵਿਨੋਦ ਨੇ ਆਪਣੀ ਕਿਤਾਬ ”ਏ ਫੋਰਗੌਟਨ ਅੰਬੈਸੇਡਰ ਇਨ ਕਾਇਰੋ” (ਕਥਾ ਕਾਹਿਰਾ ਵਿੱਚ ਵਿਸਰੇ ਸਫ਼ੀਰ ਦੀ; ਸਾਇਮਨ ਐਂਡ ਸ਼ੁਸਟਰ; 392 ਪੰਨੇ; 799 ਰੁਪਏ) ਵਿੱਚ ਨਿਹਾਇਤ ਖ਼ੂਬਸੂਰਤੀ ਤੇ ਮਾਰਮਿਕਤਾ ਨਾਲ ਕਲਮਬੰਦ ਕੀਤਾ ਹੈ। ਵਿਨੋਦ, ਬੰਗਲੌਰ ਵਿੱਚ ਵਸਿਆ ਕਾਰੋਬਾਰੀ ਹੈ; ਲਿਖਣਾ ਉਸਦਾ ਸ਼ੌਕ ਹੈ। ਬੜੀ ਸ਼ਾਇਸਤਗੀ ਹੈ ਉਸ ਦੇ ਲੇਖਣ ਵਿੱਚ। ਛੇ ਵਰ੍ਹਿਆਂ ਦੀ ਲੰਮੀ ਖੋਜ ਤੇ ਮੁਸ਼ੱਕਤ ਦੀ ਪੈਦਾਇਸ਼ ਹੈ ਇਹ ਕਿਤਾਬ। ਸਨਸਨੀ ਤੋਂ ਮੁਕਤ, ਹੁਸੈਨ ਦੀ ਜ਼ਹਾਨਤ ਨਾਲ ਪੂਰਾ ਨਿਆਂ ਕਰਨ ਲਈ। ਨਾਲ ਹੀ ਇਹ ਸਵਾਲ ਉਭਾਰਨ ਵਾਲੀ ਕਿ ਜੇਕਰ ਸੱਯਦ ਹੁਸੈਨ ਦਿਲ ਦੀ ਥਾਂ ਦਿਮਾਗ ਦੀ ਆਵਾਜ਼ ਸੁਣ ਲੈਂਦਾ ਤਾਂ ਅੱਜ ਸਾਡੇ ਸਮਕਾਲੀ ਇਤਿਹਾਸ ਵਿੱਚ ਉਸ ਦਾ ਰੁਤਬਾ ਕੀ ਹੋਣਾ ਸੀ।
ਸਾਲ 1765 ਵਿੱਚ ਬਲੋਚ ਗੱਠਜੋੜ ਦੇ ਮੁਖੀ ਤੇ ਕਲਾਤ ਦੇ ਹਾਕਮ ਮੀਰ ਨਾਸਿਰ ਖ਼ਾਨ ਉਪਰ ਨਕਈ ਸਿੱਖ ਮਿਸਲਦਾਰਾਂ ਨੇ ਹਮਲਾ ਕਰ ਦਿੱਤਾ। ਲੜਾਈ ਦੌਰਾਨ ਉਹ ਘੋੜੇ ਤੋਂ ਡਿੱਗ ਪਿਆ। ਉਸਦੀ ਪਗੜੀ ਉਤਰ ਗਈ, ਵਾਲ ਬਿਖਰ ਗਏ। ਇੱਕ ਸਿੱਖ ਫ਼ੌਜੀ ਉਸ ਦੀ ਗਿੱਚੀ ਵੱਢਣ ਹੀ ਲੱਗਾ ਸੀ ਕਿ ਉਸ ਦੇ ਸਾਥੀ ਨੇ ਉਸ ਨੂੰ ਇਹ ਕਹਿੰਦਿਆਂ ਵਰਜ ਦਿੱਤਾ ; ”ਕੀ ਕਹੀਂ ਜਾਂਦੈ? ਇਹ ਤਾਂ ਖ਼ਾਲਸਾ ਹੈ।” ਇਨ੍ਹਾਂ ਚੰਦ ਛਿਣਾਂ ਦੇ ਅੰਦਰ ਕਈ ਬਲੋਚ ਯੋਧੇ ਨਾਸਿਰ ਖ਼ਾਨ ਦੀ ਮੱਦਦ ‘ਤੇ ਆ ਗਏ। ਉਸ ਨੂੰ ਸੁਰੱਖਿਅਤ ਬਚਾ ਲਿਆ ਗਿਆ। ਇਸ ਤਰ੍ਹਾਂ ਇੱਕ ਨਿੱਕੇ ਜਿਹੇ ਭੁਲੇਖੇ ਨੇ ਬਲੋਚ ਭੂਮੀ ਨੂੰ ਸਿੱਖਾਂ ਦੀ ਸਿਫ਼ਤ ਵਿੱਚ ਜਾਣ ਤੋਂ ਬਚਾ ਲਿਆ। ਇਸ ਤੋਂ ਬਾਅਦ ਸਿੱਖਾਂ ਨੂੰ ਕਦੇ ਵੀ ਬਲੋਚਿਸਤਾਨ ਉੱਪਰ ਧਾਵਾ ਬੋਲਣ ਦਾ ਮੌਕਾ ਨਹੀਂ ਮਿਲਿਆ।
(ਸਾਲ 1980 ਵਿੱਚ ਬਲੋਚ ਬਾਗ਼ੀ ਆਗੂ ਸਰਦਾਰ ਅਤਾਉੱਲਾ ਮਗ਼ਸੀ ਪਾਕਿਸਤਾਨੀ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ। ਕਾਨੂੰਨੀ ਸ਼ਨਾਖ਼ਤ ਲਈ ਨਾਮਵਰ ਬਲੋਚ ਆਗੂ, ਨਵਾਬ ਅਕਬਰ ਬੁਗ਼ਤੀ ਨੂੰ ਬੁਲਾਇਆ ਗਿਆ। ਜਿਵੇਂ ਹੀ ਲਾਸ਼ ਦੇ ਚਿਹਰੇ ਤੋਂ ਚਾਦਰ ਹਟਾਈ ਗਈ ਤਾਂ ਨਵਾਬ ਬੁਗ਼ਤੀ ਨੇ ਚੰਦ ਕਦਮ ਪੁੱਟੇ। ਲਾਸ਼ ‘ਤੇ ਝੁਕਦਿਆਂ ਮ੍ਰਿਤਕ ਦੀ ਮੁੱਛ ਠੀਕ ਕੀਤੀ। ਨਾਲ ਹੀ ਟਿੱਪਣੀ ਕੀਤੀ; ”ਬਲੋਚ ਸ਼ਹੀਦ ਦੀ ਮੁੱਛ ਨੀਵੀਂ ਨਹੀਂ ਹੋਣੀ ਚਾਹੀਦੀ।” (ਅਜਿਹੇ ਕਈ ਕਿੱਸੇ ਅਤੇ ਬਲੋਚ ਸੰਘਰਸ਼ ਬਾਰੇ ਬਹੁਤ ਸਾਰੀ ਨਿੱਗਰ ਜਾਣਕਾਰੀ ਹੈ ਤਿਲਕ ਦੇਵਾਸ਼ਰ ਦੀ ਕਿਤਾਬ ਹੈ  ਪਾਕਿਤਸਾਨ : ਦਿ ਬਲੋਚਿਸਤਾਨ ਕੋਨਨਡਰੱਮ” (ਗਰਪਰ ਕੋਲਿਨਜ਼; 359 ਪੰਨੇ; 899 ਰੁਪਏ) ਵਿੱਚ। ਬਲੋਚਿਤਸਾਨ ਬਾਰੇ ਪਿਛਲੇ ਦੋ ਵਰ੍ਹਿਆਂ ਦੌਰਾਨ ਪੜ੍ਹੀਆਂ ਚਾਰ ਕਿਤਾਬਾਂ ਵਿੱਚੋਂ ਮੈਨੂੰ ਇਹ ਕਿਤਾਬ ਸਭ ਤੋਂ ਵੱਧ ਸੰਤੁਲਿਤ ਜਾਪੀ। ਦੇਵਾਸ਼ਰ, ਕੈਬਨਿਟ ਸਕੱਤਰ ਵਿੱਚ ਵਿਸ਼ੇਸ਼ ਸਕੱਤਰ ਰਹਿ ਚੁੱਕਾ ਹੈ। ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਵਿੱਚ ਉਹ ਕਈ ਵਰ੍ਹੇ ਤਾਇਨਾਤ ਰਿਹਾ। ਉਸ ਮੁਲਕ ਬਾਰੇ ਇਹ ਉਸਦੀ ਤੀਜੀ ਅਤੇ ਅਕਾਦਮਿਕ ਪੱਖੋਂ ਅਤਿਅੰਤ ਨਿੱਗਰ ਕਿਤਾਬ ਹੈ।

Related Posts

Gulbadan Begum – ਦਾਸਤਾਨ ਇੱਕ ਘੁਮੱਕੜ ਸ਼ਹਿਜ਼ਾਦੀ ਦੀ…

ਸੁਰਿੰਦਰ ਸਿੰਘ ਤੇਜ ਇਹ ਘਟਨਾ 1577 ਦੀ ਹੈ। ਤੁਰਕੀ ਦੇ ਔਟੋਮਨ (ਇਸਲਾਮੀ ਨਾਮ ‘ਉਸਮਾਨੀ’) ਸੁਲਤਾਨ ਮੁਰਾਦ ਤੀਜੇ ਨੇ ਫ਼ਰਮਾਨ ਜਾਰੀ ਕੀਤਾ ਕਿ ਦੋ ਮੁਕੱਦਸ ਨਗਰਾਂ- ਮੱਕਾ ਤੇ ਮਦੀਨਾ ਵਿੱਚ ਆਈਆਂ…

ਗੰਦੀ ਰਾਜਨੀਤੀ ਅਤੇ ਮਾੜੇ ਪ੍ਰਬੰਧਕੀ ਢਾਂਚੇ ਦੇ ਪਰਖਚੇ ਉਧੇੜਦੀ ਹੈ ‘‘ਤੂਫ਼ਾਨ ਤੋਂ ਪਹਿਲਾਂ”

-ਸੁਖਵੀਰ ਜੋਗਾ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਦਵਿੰਦਰ ਪਾਲ ਦਾ ਨਾਮ ਉਹਨਾਂ ਚੋਣਵੇਂ ਪੱਤਰਕਾਰਾਂ ਵਿਚ ਆਉਂਦਾ ਹੈ ਜਿਨ੍ਹਾਂ ਨੇ ਹਮੇਸ਼ਾ ਸੱਚ ਨੂੰ ਜਿਉਂਦਾ ਰੱਖਣ ਲਈ ਪਹਿਰੇਦਾਰੀ ਕੀਤੀ ਹੈ। ਅਜੋਕਾ ਮੀਡੀਆ…

Leave a Reply

Your email address will not be published. Required fields are marked *

This site uses Akismet to reduce spam. Learn how your comment data is processed.