ਬਰਤਾਨਵੀ ਸਾਮਰਾਜ ਵੱਲੋਂ ਭਾਰਤ ਨੂੰ ਆਜ਼ਾਦੀ ਦੇਣ ਅਤੇ ਦੇਸ਼ ਵੰਡ ਦਾ ਫ਼ੈਸਲਾ ਲਏ ਜਾਣ ਸਮੇਂ ਦੇ ਹਾਲਾਤ ਅਤੇ ਵੇਰਵਿਆਂ ਨੂੰ ਡੌਮੀਨਿਕ ਲੈਪੀਅਰ ਅਤੇ ਲੈਰੀ ਕੌਲਿਨਜ਼ ਨੇ ਆਪਣੀ ਕਿਤਾਬ ‘ਫਰੀਡਮ ਐਟ ਮਿਡਨਾਈਟ’ ਵਿੱਚ ਕਲਮਬੱਧ ਕੀਤਾ ਹੈ। ਲੇਖਕਾਂ ਨੇ ਉਸ ਸਮੇਂ ਦੇ ਸਿਆਸੀ ਆਗੂਆਂ ਦੀਆਂ ਭੂਮਿਕਾਵਾਂ ਦੀ ਨਿਰਖ-ਪਰਖ ਕਰਦਿਆਂ ਹਜ਼ਾਰਾਂ ਦਸਤਾਵੇਜ਼ ਘੋਖੇ, ਇੰਟਰਵਿਊ ਕੀਤੇ ਅਤੇ ਇਤਿਹਾਸ ਦੇ ਅਣਫੋਲੇ ਵਰਕੇ ਸਭ ਦੇ ਸਾਹਮਣੇ ਲਿਆਂਦੇ।
ਦੇਸ਼ ਦੀ ਵੰਡ ਤੋਂ ਪਹਿਲਾਂ ਹੀ ਹਾਲਾਤ ਖਰਾਬ ਹੋ ਗਏ। ਲਾਹੌਰ ਅਤੇ ਅੰਮ੍ਰਿਤਸਰ ’ਚ ਫ਼ਿਰਕੂ ਦੰਗੇ ਭੜਕ ਪਏ ਸਨ। ਹਿੰਦੂ ਅਤੇ ਮੁਸਲਿਮ ਇੱਕ ਦੂਜੇ ਦਾ ਖ਼ੂਨ ਵਹਾਉਣ ਲੱਗ ਪਏ। ਅੰਦਰੂਨ ਲਾਹੌਰ ਦੇ ਜਿਹੜੇ ਮੁਹੱਲੇ ਕਦੇ ਭਾਈਚਾਰਕ ਸਾਂਝ ਦੀ ਮਿਸਾਲ ਸਨ, ਉੱਥੇ ਅੱਗਜ਼ਨੀ ਅਤੇ ਕਤਲੇਆਮ ਦੀਆਂ ਵਾਰਦਾਤਾਂ ਹੋਣ ਲੱਗੀਆਂ ਸਨ। ਇਉਂ ਲੱਗਦਾ ਸੀ ਜਿਵੇਂ ਇਹ ਸ਼ਹਿਰ ਆਪਣੇ ਆਪ ਨੂੰ ਹੀ ਮਾਰਨ ਦੇ ਰਾਹ ਤੁਰ ਪਿਆ ਹੋਵੇ। ਅੰਮ੍ਰਿਤਸਰ ’ਚ ਸਥਿਤੀ ਹੋਰ ਵੀ ਖਰਾਬ ਸੀ। ਉੱਥੇ ਬਾਜ਼ਾਰਾਂ ਅਤੇ ਸ਼ਹਿਰ ਦੇ ਬਾਹਰੀ ਇਲਾਕਿਆਂ ’ਚ ਫ਼ਿਰਕੂ ਕਤਲ ਹੋਣਾ ਨਿੱਤ ਦਾ ਕੰਮ ਸੀ। ਅੰਤ ਅੰਮ੍ਰਿਤਸਰ ’ਚ 48 ਘੰਟੇ ਦਾ ਕਰਫਿਊ ਲਗਾ ਦਿੱਤਾ ਗਿਆ ਅਤੇ ਬਰਤਾਨਵੀ ਫ਼ੌਜ ਸੱਦ ਲਈ ਗਈ ਪਰ ਇਹ ਸਾਰੇ ਪ੍ਰਬੰਧ ਵੀ ਨਾਕਾਫ਼ੀ ਸਾਬਤ ਹੋਏ ਅਤੇ ਸਿਰਫ਼ ਆਰਜ਼ੀ ਰਾਹਤ ਹੀ ਦੇ ਸਕੇ। ਇੱਕ ਦਿਨ ਬਾਅਦ ਹੀ ਸ਼ਹਿਰ ਮੁੜ ਅੱਗ ਦੀਆਂ ਲਪਟਾਂ ’ਚ ਘਿਰ ਗਿਆ।
ਪੰਜਾਬ ’ਚ 15 ਅਗਸਤ ਤੋਂ ਬਾਅਦ ਹਾਲਾਤ ਵਿਗੜਨ ਤੋਂ ਰੋਕਣ ਵਾਸਤੇ ਮਾਊਂਟਬੈਟਨ ਨੇ 55000 ਦੀ ਨਫ਼ਰੀ ਵਾਲੀ ਵਿਸ਼ੇਸ਼ ਸੁਰੱਖਿਆ ਫੋਰਸ ਕਾਇਮ ਕਰਨ ਦਾ ਫ਼ੈਸਲਾ ਲਿਆ ਸੀ। ਇਸ ਦੇ ਮੈਂਬਰ ਭਾਰਤੀ ਫ਼ੌਜ ਦੀਆਂ ਗੋਰਖਾ ਰੈਜੀਮੈਂਟ ਵਰਗੀਆਂ ਯੂਨਿਟਾਂ ’ਚੋਂ ਬੁਲਾਏ ਜਾਣੇ ਸਨ ਜੋ ਹੋਰਾਂ ਦੇ ਮੁਕਾਬਲੇ ਵਧੇਰੇ ਅਨੁਸ਼ਾਸਤ ਅਤੇ ਆਪਣੀ ਜੱਦੀ ਖਿੱਤਿਆਂ ਤੇ ਪਿਛੋਕੜ ਕਾਰਨ ਫ਼ਿਰਕੂ ਤੌਰ ’ਤੇ ਵਧੇਰੇ ਸਹਿਣਸ਼ੀਲ ਮੰਨੇ ਜਾਂਦੇ ਸਨ। ਇਸ ਦਾ ਨਾਂ ਪੰਜਾਬ ਬਾਊਂਡਰੀ ਫੋਰਸ ਰੱਖਿਆ ਗਿਆ। ਇਸ ਦੀ ਕਮਾਨ ਬਰਤਾਨਵੀ ਮੇਜਰ ਜਨਰਲ ਟੀ. ਡਬਲਿਊ ‘ਪੀਟ’ ਰੀਸ ਨੂੰ ਸੌਂਪੀ ਗਈ ਜੋ ਬਰਮਾ ’ਚ 19ਵੀਂ ਇੰਡੀਅਨ ਡਵੀਜ਼ਨ ਦੀ ਅਗਵਾਈ ਕਰ ਚੁੱਕਿਆ ਸੀ ਤੇ ਉਸ ਦੀ ਬਿਹਤਰੀਨ ਕਾਰਗੁਜ਼ਾਰੀ ਤੋਂ ਵਾਇਸਰਾਏ ਵੀ ਪ੍ਰਭਾਵਿਤ ਸੀ। ਵੰਡ ਤੋਂ ਬਾਅਦ ਪੰਜਾਬ ’ਚ ਅਮਨ ਕਾਨੂੰਨ ਕਾਇਮ ਰੱਖਣ ਵਾਸਤੇ ਸੂਬੇ ਦੇ ਗਵਰਨਰ ਨੇ ਜਿੰਨੀ ਨਫ਼ਰੀ ਦਾ ਅਨੁਮਾਨ ਲਗਾਇਆ ਸੀ ਉਸ ਤੋਂ ਦੁੱਗਣੇ ਜਵਾਨ ਇਸ ਫੋਰਸ ’ਚ ਸ਼ਾਮਿਲ ਸਨ। ਹਾਲਾਂਕਿ ਜਦੋਂ ਝੱਖੜ ਝੁੱਲਿਆ ਤਾਂ ਇਹ ਸਾਰੇ ਪ੍ਰਬੰਧ ਇਸ ਤਰ੍ਹਾਂ ਹੂੰਝ ਕੇ ਲੈ ਗਿਆ ਜਿਵੇਂ ਸਮੁੰਦਰ ਕਿਨਾਰੇ ਬਣੀਆਂ ਝੁੱਗੀਆਂ ਨੂੰ ਉੱਚੀ ਉੱਠੀ ਕੋਈ ਲਹਿਰ ਵਹਾਅ ਕੇ ਲੈ ਜਾਂਦੀ ਹੈ।
ਇਹ ਵੀ ਕੌੜੀ ਸਚਾਈ ਹੈ ਕਿ ਨਹਿਰੂ, ਜਿਨਾਹ, ਪੰਜਾਬ ਦੇ ਗਵਰਨਰ ਜਾਂ ਵਾਇਸਰਾਏ ’ਚੋਂ ਕੋਈ ਵੀ ਸਥਿਤੀ ਦੀ ਭਿਆਨਕਤਾ ਦਾ ਅਨੁਮਾਨ ਨਹੀਂ ਲਗਾ ਸਕਿਆ। ਹਾਲਾਂਕਿ ਇਹ ਗੱਲ ਇਤਿਹਾਸਕਾਰਾਂ ਨੂੰ ਹੈਰਾਨ ਕਰਨ ਵਾਲੀ ਹੈ ਤੇ ਇਸ ਕਾਰਨ ਆਖ਼ਰੀ ਵਾਇਸਰਾਏ ਦੀ ਆਲੋਚਨਾ ਵੀ ਹੁੰਦੀ ਹੈ। ਨਹਿਰੂ ਤੇ ਜਿਨਾਹ ਭਾਵੇਂ ਸਹਿਣਸ਼ੀਲਤਾ ਤੋਂ ਕੰਮ ਲੈਂਦਿਆਂ ਆਪਣੇ ਆਪ ਨੂੰ ਨਿਰਪੱਖ ਰੱਖਣ ਦਾ ਯਤਨ ਕਰਦੇ ਸਨ ਪਰ ਆਪਣੀਆਂ ਇਹ ਭਾਵਨਾਵਾਂ ਉਹ ਲੋਕਾਂ ਨਾਲ ਸਾਂਝੀਆਂ ਨਹੀਂ ਕਰ ਸਕੇ। ਲੋਕ ਫ਼ਿਰਕਿਆਂ ਦੇ ਆਧਾਰ ’ਤੇ ਵੰਡੇ ਗਏ ਪਰ ਨਹਿਰੂ ਤੇ ਜਿਨਾਹ ਇਸ ਦਾ ਸਹੀ ਅੰਦਾਜ਼ਾ ਹੀ ਨਹੀਂ ਲਗਾ ਸਕੇ ਕਿ ਇਸ ਉਪ ਮਹਾਂਦੀਪ ’ਚ ਫ਼ਿਰਕਾਪ੍ਰਸਤੀ ਦੀ ਅਜਿਹੀ ਅੱਗ ਭੜਕੇਗੀ ਜੋ ਸਭ ਕੁਝ ਸੁਆਹ ਕਰ ਦੇਵੇਗੀ। ਉਹ ਦੋਵੇਂ ਇਹੋ ਸਮਝ ਰਹੇ ਸਨ ਕਿ ਵੰਡ ਵੰਡਾਰੇ ਦਾ ਕੰਮ ਸਹਿਜ ਨਾਲ ਹੀ ਹੋ ਜਾਵੇਗਾ ਅਤੇ ਹਿੰਸਾ ਭੜਕਣ ਦਾ ਕੋਈ ਕਾਰਨ ਨਹੀਂ ਹੈ। ਉਨ੍ਹਾਂ ਨੂੰ ਲੱਗਦਾ ਸੀ ਕਿ ਜਿਸ ਤਰ੍ਹਾਂ ਉਹ ਤਰਕਪੂਰਨ ਢੰਗ ਨਾਲ ਸਥਿਤੀ ਨੂੰ ਸਮਝ ਰਹੇ ਹਨ, ਲੋਕ ਵੀ ਉਸੇ ਤਰ੍ਹਾਂ ਸਮਝਣਗੇ ਪਰ ਉਨ੍ਹਾਂ ਦੋਵਾਂ ਦੀ ਸੋਚ ਗ਼ਲਤ ਸਾਬਤ ਹੋਈ। ਉਨ੍ਹਾਂ ਨੂੰ ਆਜ਼ਾਦੀ ਮਿਲ ਜਾਣ ਦਾ ਖੁਮਾਰ ਚੜ੍ਹਿਆ ਹੋਇਆ ਸੀ। ਉਨ੍ਹਾਂ ਦੀਆਂ ਖ਼ਾਹਿਸ਼ਾਂ ਛੇਤੀ ਹੀ ਪੂਰੀਆਂ ਹੋਣ ਵਾਲੀਆਂ ਸਨ। ਹਾਲਾਂਕਿ ਉਨ੍ਹਾਂ ਆਪਣੀਆਂ ਭਾਵਨਾਵਾਂ ਵਾਇਸਰਾਏ ਨਾਲ ਜ਼ਰੂਰ ਸਾਂਝੀਆਂ ਕੀਤੀਆਂ ਪਰ ਉਸ ਨੂੰ ਤਾਂ ਭਾਰਤ ਆਏ ਨੂੰ ਹਾਲੇ ਬਹੁਤਾ ਸਮਾਂ ਨਹੀਂ ਹੋਇਆ ਸੀ। ਆਉਣ ਵਾਲੇ ਸਮੇਂ ’ਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਅਨੁਮਾਨ ਨਾ ਲਗਾ ਸਕਣ ਦੀ ਇਹ ਨਾਕਾਮੀ ਕੁਝ ਹੱਦ ਤੱਕ ਘਟਾਈ ਜਾ ਸਕਦੀ ਸੀ ਜੇ ਉਹ ਪ੍ਰਸ਼ਾਸਕੀ ਤੇ ਆਲ੍ਹਾਮਿਆਰੀ ਸਮਝੀਆਂ ਜਾਂਦੀਆਂ ਖੁਫ਼ੀਆ ਏਜੰਸੀਆਂ ਹੀ ਇਸ ਬਾਰੇ ਕੋਈ ਅਨੁਮਾਨ ਲਗਾ ਲੈਂਦੀਆਂ ਜਿਨ੍ਹਾਂ ਦੀ ‘ਬਿਹਤਰੀਨ ਕਾਰਗੁਜ਼ਾਰੀ’ ਦੀ ਬਦੌਲਤ ਬਰਤਾਨੀਆ ਸੌ ਸਾਲ ਤੱਕ ਭਾਰਤ ’ਤੇ ਹਕੂਮਤ ਕਰਦਾ ਰਿਹਾ। ਇਨ੍ਹਾਂ ’ਚੋਂ ਕਿਸੇ ਕੋਲ ਅਜਿਹੀ ਜਾਣਕਾਰੀ ਨਹੀਂ ਸੀ। ਕਿਸੇ ਨੇ ਇਸ ਸਬੰਧੀ ਕੁਝ ਨਹੀਂ ਕੀਤਾ। ਭਾਵੇਂ ਇਸ ਦਾ ਖ਼ਦਸ਼ਾ ਸੀ ਪਰ ਕਿਸੇ ਨੇ ਚੌਕਸੀ ਵਰਤਣ ਲਈ ਨਹੀਂ ਕਿਹਾ ਤੇ ਨਤੀਜੇ ਵਜੋਂ ਭਾਰਤ ਅਣਕਿਆਸੀ ਤਬਾਹੀ ਵੱਲ ਧੱਕਿਆ ਗਿਆ।
ਇਹ ਵੀ ਦੁਖਾਂਤ ਸੀ ਕਿ ਜੋ ਭਾਰਤੀ ਆਗੂ ਇਸ ਤ੍ਰਾਸਦੀ ਤੇ ਵਿਆਪਕ ਤਬਾਹੀ ਨੂੰ ਆਉਂਦਿਆਂ ਦੇਖ ਰਿਹਾ ਸੀ, ਉਸ ਨੇ ਦੇਸ਼ ਵੰਡ ਨਾ ਹੋਣ ਦੇਣ ਲਈ ਹਰ ਯਤਨ ਕੀਤਾ ਪਰ ਨਾਕਾਮ ਰਿਹਾ। ਮਹਾਤਮਾ ਗਾਂਧੀ ਨੇ ਆਪਣੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਈ ਹੋਈ ਸੀ। ਉਹ ਉਨ੍ਹਾਂ ਦੇ ਹਰ ਦੁੱਖ-ਸੁੱਖ ’ਚ ਸ਼ਰੀਕ ਹੁੰਦਾ ਸੀ। ਉਹ ਹਰ ਵੇਲੇ ਲੋਕਾਂ ’ਚ ਰਹਿੰਦਾ ਸੀ ਅਤੇ ਚੰਗੀ ਤਰ੍ਹਾਂ ਸਮਝਦਾ ਸੀ ਕਿ ਦੇਸ਼ ਦੇ ਲੋਕ ਕੀ ਚਾਹੁੰਦੇ ਹਨ। ਇੱਕ ਦਿਨ ਜਦੋਂ ਵਾਇਸਰਾਏ ‘ਪੰਜਾਬ ਬਾਊਂਡਰੀ ਫੋਰਸ’ ਬਣਾਉਣ ਲਈ ਕੰਮ ਕਰ ਰਿਹਾ ਸੀ ਤਾਂ ਇੱਕ ਮੁਸਲਿਮ ਔਰਤ ਨੇ ਦੇਸ਼ ਵੰਡ ਦਾ ਵਿਰੋਧ ਕਰ ਰਹੇ ਗਾਂਧੀ ’ਤੇ ਹਮਲਾ ਕਰ ਦਿੱਤਾ। ਉਸ ਦਾ ਤਰਕ ਸੀ ਕਿ ਜੇ ਦੋ ਭਰਾ ਵੱਖਰੇ ਮਕਾਨਾਂ ’ਚ ਜਾਣਾ ਚਾਹੁੰਦੇ ਹਨ ਤਾਂ ਕੀ ਉਸ ਨੂੰ ਕੋਈ ਇਤਰਾਜ਼ ਹੋਵੇਗਾ? ਗਾਂਧੀ ਦਾ ਜਵਾਬ ਸੀ, ‘‘ਕਾਸ਼! ਅਸੀਂ ਦੋ ਭਰਾਵਾਂ ਵਾਂਗ ਵੱਖ ਹੋ ਸਕਦੇ ਪਰ ਅਜਿਹਾ ਨਹੀਂ ਹੋਵੇਗਾ। ਇੱਥੇ ਖ਼ੂਨ ਦੀਆਂ ਨਦੀਆਂ ਵਗ ਜਾਣਗੀਆਂ।’’
ਮਾਊਂਟਬੈਟਨ ਦੀ ਅਸਲ ਚਿੰਤਾ ਪੰਜਾਬ ਨਹੀਂ ਸੀ, ਉਸ ਨੂੰ ਕਲਕੱਤਾ ਦਾ ਫ਼ਿਕਰ ਵਧੇਰੇ ਸੀ। ਉਸ ਨੂੰ ਲੱਗਦਾ ਸੀ ਕਿ ਜੇ ਉੱਥੇ ਭੀੜੇ ਬਾਜ਼ਾਰਾਂ, ਝੁੱਗੀਆਂ ਝੌਂਪੜੀਆਂ ਤੇ ਤੰਗ ਰਸਤਿਆਂ ਵਾਲੇ ਖੇਤਰਾਂ ’ਚ ਹਿੰਸਾ ਭੜਕ ਗਈ ਤਾਂ ਫ਼ੌਜ ਵੀ ਉਸ ’ਤੇ ਕਾਬੂ ਨਹੀਂ ਪਾ ਸਕੇਗੀ। ਮਾਊਂਟਬੈਟਨ ਨੇ ਬਾਅਦ ’ਚ ਇੱਕ ਵਾਰ ਆਪਣੀਆਂ ਯਾਦਾਂ ਦੇ ਪੱਤਰੇ ਫਰੋਲਦਿਆਂ ਦੱਸਿਆ ਸੀ, ‘‘ਜੇ ਕਲਕੱਤਾ ’ਚ ਸਥਿਤੀ ਖ਼ਰਾਬ ਹੁੰਦੀ ਤਾਂ ਫਿਰ ਉੱਥੇ ਜੋ ਖ਼ੂਨ ਵਹਿੰਦਾ ਉਸ ਨਾਲ ਹੋਰ ਭਾਵੇਂ ਕੁਝ ਹੁੰਦਾ ਜਾਂ ਨਾ ਪਰ ਪੰਜਾਬ ਨੂੰ ਇਸ ਦਾ ਨੁਕਸਾਨ ਜ਼ਰੂਰ ਝੱਲਣਾ ਪੈਂਦਾ। ਉਸ ਨੂੰ ਕਲਕੱਤਾ ’ਚ ਅਮਨ ਅਮਾਨ ਕਾਇਮ ਰੱਖਣ ਲਈ ਕਿਸੇ ਹੋਰ ਤਰਕੀਬ ਦੀ ਲੋੜ ਸੀ। ਅਖ਼ੀਰ ਉਸ ਨੇ ਜੂਏ ਦਾ ਵੱਡਾ ਦਾਅ ਲਾਉਣ ਦਾ ਫ਼ੈਸਲਾ ਕੀਤਾ। ਕਲਕੱਤਾ ’ਚ ਖ਼ਤਰਾ ਵਧ ਰਿਹਾ ਸੀ ਪਰ ਉਸ ਨਾਲ ਸਿੱਝਣ ਦੇ ਸਾਧਨ ਸੀਮਤ ਸਨ। ਕੋਈ ਚਮਤਕਾਰ ਹੀ ਉਸ ਨੂੰ ਇਸ ਸਮੱਸਿਆ ਤੋਂ ਬਚਾਅ ਸਕਦਾ ਸੀ। ਦੁਨੀਆ ਦੇ ਇਸ ਸਭ ਤੋਂ ਵੱਧ ਸੰਵੇਦਨਸ਼ੀਲ ਸ਼ਹਿਰ ’ਚ ਹਾਲਾਤ ਖ਼ਰਾਬ ਹੋਣ ਤੋਂ ਰੋਕਣ ਲਈ ਉਸ ਨੇ ਜੋ ਬੰਨ੍ਹ ਲਾਉਣ ਦਾ ਫ਼ੈਸਲਾ ਕੀਤਾ, ਉਹ ਮਹਾਤਮਾ ਗਾਂਧੀ ਸੀ। ਉਸ ਨੇ ਜੁਲਾਈ ਦੇ ਅੰਤ ’ਚ ਮਹਾਤਮਾ ਗਾਂਧੀ ਨਾਲ ਇਹ ਗੱਲ ਸਾਂਝੀ ਕੀਤੀ। ਉਸ ਨੇ ਦੱਸਿਆ ਕਿ ਆਪਣੀ ‘ਬਾਊਂਡਰੀ ਫੋਰਸ’ ਨਾਲ ਉਹ ਪੰਜਾਬ ’ਚ ਤਾਂ ਸਥਿਤੀ ਸੰਭਾਲ ਸਕਦਾ ਹੈ ਪਰ ਜੇ ਕਲਕੱਤਾ ’ਚ ਹਾਲਾਤ ਖਰਾਬ ਹੋ ਗਏ ਤਾਂ ਫਿਰ ਸਭ ਬਰਬਾਦ ਹੋ ਜਾਏਗਾ। ਇਸ ਦੇ ਜਵਾਬ ’ਚ ਗਾਂਧੀ ਨੇ ਕਿਹਾ, ‘‘ਹਾਂ, ਮੇਰੇ ਦੋਸਤ, ਇਹ ਸਭ ਤੇਰੀ ਦੇਸ਼ ਵੰਡ ਦੀ ਯੋਜਨਾ ਦਾ ਸਿੱਟਾ ਹੈ।’’
ਮਾਊਂਟਬੈਟਨ ਨੇ ਉਦੋਂ ਕਬੂਲ ਕੀਤਾ ਸੀ ਕਿ ਸ਼ਾਇਦ ਅਜਿਹਾ ਹੀ ਹੈ ਪਰ ਨਾ ਤਾਂ ਉਹ ਅਤੇ ਨਾ ਕੋਈ ਹੋਰ ਇਸ ਤੋਂ ਬਿਹਤਰ ਬਦਲ ਦੱਸ ਸਕਣ ਦੇ ਕਾਬਲ ਸੀ। ਸ਼ਾਇਦ ਗਾਂਧੀ ਆਪਣੀ ਸ਼ਖ਼ਸੀਅਤ ਦੇ ਪ੍ਰਭਾਵ ਤੇ ਆਪਣੀ ਅਹਿੰਸਾ ਦੀ ਧਾਰਨਾ ਨਾਲ ਕਲਕੱਤਾ ’ਚ ਅਜਿਹਾ ਕੁਝ ਕਰ ਸਕਦਾ ਸੀ ਜੋ ਫ਼ੌਜੀ ਦਸਤੇ ਵੀ ਨਹੀਂ ਕਰ ਸਕਦੇ ਸਨ। ਵਾਇਸਰਾਏ ਦੀਆਂ ਸਾਰੀਆਂ ਜਰਬਾਂ-ਤਕਸੀਮਾਂ ਦਾ ਕੁੱਲ ਜੋੜ ਗਾਂਧੀ ਹੀ ਸੀ। ਸ਼ਾਇਦ ਉਸ ਦੀ ਮੌਜੂਦਗੀ ਕਲਕੱਤਾ ’ਚ ਅਮਨ ਦੀ ਗਾਰੰਟੀ ਬਣ ਸਕਦੀ ਸੀ। ਇਸ ਲਈ ਮਾਊਂਟਬੈਟਨ ਨੇ ਗਾਂਧੀ ਨੂੰ ਅਪੀਲ ਕੀਤੀ, ‘‘ਤੁਸੀਂ ਕਲਕੱਤੇ ਚਲੇ ਜਾਓ, ਤੁਸੀਂ ਮੇਰੀ ਵਨ ਮੈਨ ਬਾਊਂਡਰੀ ਫੋਰਸ ਹੋ।’’
ਮਾਊਂਟਬੈਟਨ ਨੇ ਸਾਂਭਿਆ ਹੋਇਆ ਸੀ ਸਦੀ ਦਾ ਇਤਿਹਾਸ
ਬਰਤਾਨਵੀ ਸਾਮਰਾਜ ਦੇ ਅੰਤ ਅਤੇ ਭਾਰਤ ਦੇ ਆਜ਼ਾਦ ਹੋਣ ਉਪਰੰਤ ਆਖ਼ਰੀ ਵਾਇਸਰਾਏ ਲਾਰਡ ਲੁਈਸ ਮਾਊਂਟਬੈਟਨ ਵਾਪਸ ਇੰਗਲੈਂਡ ਚਲਾ ਗਿਆ। ਇੰਗਲੈਂਡ ਦੇ ਦੱਖਣੀ ਹਿੱਸੇ ਦੇ ਪਿੰਡ ਰੋਮਸੇ ਨੇੜੇ ਬਰਾਡਲੈਂਡਜ਼ ਐਸਟੇਟ ’ਚ ਓਕ ਦੇ ਕਰੀਬ ਸੌ ਸਾਲ ਪੁਰਾਣੇ ਦਰੱਖਤਾਂ ’ਚ ਘਿਰੀ ਉਨ੍ਹਾਂ ਦੀ ਸ਼ਾਨਦਾਰ ਰਿਹਾਇਸ਼ ਸੀ। ਆਪਣੀ ਰਿਟਾਇਰਮੈਂਟ ਦੇ ਦਿਨ ਮਾਊਂਟਬੈਟਨ ਨੇ ਇੱਥੇ ਹੀ ਬਿਤਾਏ। ਇੱਥੇ ਉਸ ਦੇ ਮੇਜ਼ ’ਤੇ ਖ਼ਤਾਂ ਦਾ ਢੇਰ ਸੀ ਜੋ ਜ਼ਿਆਦਾਤਰ ਭਾਰਤ ਤੇ ਪਾਕਿਸਤਾਨ ਤੋਂ ਆਏ ਸਨ। ਇਨ੍ਹਾਂ ’ਚੋਂ ਕਈ ਖ਼ਤ ਅਜਨਬੀਆਂ ਨੇ ਲਿਖੇ ਸਨ ਅਤੇ ਕਈ ਉਸ ਦੇ ਦੋਸਤਾਂ ਦੇ ਸਨ ਜੋ ਹਾਲੇ ਤੱਕ ਉਸ ਨਾਲ ਜੁੜੇ ਹੋਏ ਸਨ। ਕੁਝ ਹੋਰ ਉਨ੍ਹਾਂ ਸਾਬਕਾ ਮੁਲਾਜ਼ਮਾਂ ਦੇ ਸਨ ਜਿਨ੍ਹਾਂ ਨੂੰ ਉਹ ਕਰੀਬ 25 ਸਾਲ ਤੋਂ ਨਿਯਮਤ ਤੌਰ ’ਤੇ ਕੁਝ ਪੈਸੇ ਭੇਜਦਾ ਆ ਰਿਹਾ ਸੀ। ਵਿਕਟੋਰੀਆ ਯੁੱਗ ਦੇ ਫਰਨੀਚਰ, ਭਾਰੇ ਪਰਦਿਆਂ ਅਤੇ ਮਖ਼ਮਲੀ ਗਲੀਚਿਆਂ ਵਾਲੇ ਉਸ ਕਮਰੇ ’ਚ ‘ਡੂਨਾ’ ਉਸ ਦਾ ਕਾਲੇ ਰੰਗ ਦਾ ਲੈਬਰਾਡੋਰ ਅਤੇ ‘ਮਿਸਤੋ’ (ਉਸ ਦੀ ਬਿੱਲੀ) ਹੀ ਉਸ ਦੇ ਸਾਥੀ ਸਨ। ਉੱਥੇ ਚਾਂਦੀ ਰੰਗੇ ਫਰੇਮਾਂ ’ਚ ਅਣਗਿਣਤ ਤਸਵੀਰਾਂ (ਫੋਟੋਗ੍ਰਾਫ) ਲੱਗੀਆਂ ਹੋਈਆਂ ਸਨ। ਇਨ੍ਹਾਂ ’ਚ ਉਸ ਦੇ ਪਰਿਵਾਰ ਦੇ ਮੈਂਬਰਾਂ ਅਤੇ ਵਿਸ਼ਵ ਭਰ ਦੇ ਆਗੂਆਂ ਦੇ ਪੋਰਟਰੇਟ, ਜੰਗ ਦੀਆਂ ਤਸਵੀਰਾਂ, ਉਸ ਦੇ ਸਫ਼ਰ ਅਤੇ ਮੁਹਿੰਮਾਂ ਦੇ ਚਿੱਤਰ ਇਹ ਯਾਦ ਕਰਵਾਉਂਦੇ ਸਨ ਕਿ ਉਸ ਨੇ ਕਿਸ ਤਰ੍ਹਾਂ ਦੀ ਸ਼ਾਹਾਨਾ ਜ਼ਿੰਦਗੀ ਬਿਤਾਈ ਹੈ। ਇਨ੍ਹਾਂ ’ਚੋਂ ਇੱਕ ਤਸਵੀਰ ਮਹਾਤਮਾ ਗਾਂਧੀ ਦੀ ਸੀ ਜਿਸ ’ਚ ਉਨ੍ਹਾਂ ਨੇ ਧੋਤੀ ਪਾਈ ਹੋਈ ਸੀ ਤੇ ਉਹ ਲਾਰਡ ਲੁਈਸ ਤੇ ਉਸ ਦੀ ਪਤਨੀ ਐਡਵਿਨਾ ਦੇ ਦਰਮਿਆਨ ਖੜ੍ਹੇ ਸਨ। ਉਦੋਂ ਮਾਊਂਟਬੈਟਨ ਭਾਰਤ ਦਾ ਵਾਇਸਰਾਏ ਸੀ। ਇੱਕ ਹੋਰ ਤਸਵੀਰ ਨਵੇਂ ਵਿਆਹੇ ਮਾਊਂਟਬੈਟਨ ਜੋੜੇ ਦੀ ਸੀ ਜਦੋਂ ਉਹ ਆਪਣੇ ਹਨੀਮੂਨ ’ਤੇ ਹੌਲੀਵੁੱਡ ਗਏ ਸਨ। ਤਸਵੀਰ ’ਚ ਉਨ੍ਹਾਂ ਦੇ ਦੋਸਤ ਚਾਰਲੀ ਚੈਪਲਿਨ, ਮੈਰੀ ਪਿਕਫੋਰਡ, ਡਗਲਸ ਫੇਅਰਬੈਂਕਸ ਵੀ ਖੜ੍ਹੇ ਸਨ। ਇਸ ਘਰ ਦੀ ਸਭ ਤੋਂ ਖ਼ਾਸ ਜਗ੍ਹਾ ਇਸ ਦੀ ਬੇਸਮੈਂਟ ਸੀ। ਇਹ ਦਰਅਸਲ ਸਦੀ ਦੇ ਇਤਿਹਾਸ ਦਾ ਅਣਮੋਲ ਖ਼ਜ਼ਾਨਾ ਸੀ। ਇੱਥੇ ਬਸਤੀਵਾਦੀ ਯੁੱਗ ਅਤੇ ਇਸ ਦੇ ਅੰਤ ਨਾਲ ਜੁੜੇ ਦਸਤਾਵੇਜ਼ਾਂ ਅਤੇ ਇਤਿਹਾਸਕ ਚਿੱਠੀਆਂ-ਪੱਤਰਾਂ ਦੇ ਭੰਡਾਰ ਭਰੇ ਹੋਏ ਸਨ। ਮਾਊਂਟਬੈਟਨ ਨੇ ਇੱਕ ਦਰਾਜ ਖੋਲ੍ਹਿਆ ਤਾਂ ਇਸ ’ਚੋਂ ਨਿਕੋਲਸ ਦੂਜੇ ਵੱਲੋਂ ਲਿਖੇ ਖ਼ਤਾਂ ਦਾ ਬੰਡਲ ਨਿਕਲਿਆ।
ਇੱਕ ਹੋਰ ਦਰਾਜ ’ਚੋਂ ਮਾਊਂਟਬੈਟਨ ਨੇ ਖ਼ਤਾਂ ਦੇ ਪੁਰਾਣੇ ਲਿਫ਼ਾਫਿਆਂ ਵਾਲਾ ਪੈਕੇਟ ਕੱਢਿਆ ਜਿਨ੍ਹਾਂ ’ਤੇ ਪੈਨਸਿਲ ਨਾਲ ਬਾਰੀਕ ਲਿਖਾਈ ਲਿਖੀ ਹੋਈ ਸੀ। ‘‘ਅੰਦਾਜ਼ਾ ਲਾਓ ਇਹ ਕਿਸ ਨੇ ਲਿਖੇ ਹਨ?’’ ਉਸਨੇ ਖੁੱਲ੍ਹ ਕੇ ਹੱਸਦਿਆਂ ਪੁੱਛਿਆ। ‘‘ਇਹ ਖ਼ਤ ਗਾਂਧੀ ਦੇ ਲਿਖੇ ਹੋਏ ਹਨ। ਉਹ ਹਫ਼ਤੇ ’ਚ ਇੱਕ ਦਿਨ ਹਰ ਸੋਮਵਾਰ ਮੌਨ ਵਰਤ ਰੱਖਦੇ ਸਨ। ਉਹ ਡਾਕ ’ਚ ਮਿਲਣ ਵਾਲੇ ਲਿਫ਼ਾਫ਼ੇ ਸੰਭਾਲ ਕੇ ਰੱਖਦੇ ਸਨ ਅਤੇ ਉਸ ਦਿਨ ਉਨ੍ਹਾਂ ਲਿਫ਼ਾਫ਼ਿਆਂ ਦੇ ਪੁੱਠੇ ਪਾਸੇ ਪੈਨਸਿਲ ਨਾਲ ਖ਼ਤ ਲਿਖਦੇ ਸਨ ਅਤੇ ਆਪਣੀ ਗੱਲ ਮੇਰੇ ਤਕ ਪਹੁੰਚਾਉਂਦੇ ਸਨ। ਘੱਟੋ-ਘੱਟ ਉਹ ਇੱਕ ਦਿਨ ਮੇਰੇ ਲਈ ਰਾਹਤ ਵਾਲਾ ਹੁੰਦਾ ਸੀ ਕਿਉਂਕਿ ਮੈਨੂੰ ਮਹਾਤਮਾ ਵੱਲੋਂ ਅਚਨਚੇਤੀ ਕਿਸੇ ਵੀ ਤਰ੍ਹਾਂ ਦਾ ਕੋਈ ਐਲਾਨ ਕੀਤੇ ਜਾਣ ਦਾ ਫ਼ਿਕਰ ਨਹੀਂ ਹੁੰਦਾ ਸੀ।’’ ਇਹ ਅਤੇ ਅਜਿਹੇ ਹੋਰ ਵੇਰਵੇ ਡੌਮੀਨਿਕ ਲੈਪੀਅਰ ਅਤੇ ਲੈਰੀ ਕੌਲਿਨਜ਼ ਨੇ ਉਦੋਂ ਇਕੱਤਰ ਕੀਤੇ ਜਦੋਂ 1970ਵਿਆਂ ’ਚ ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਸਬੰਧੀ ਵੇਰਵੇ ਇਕੱਤਰ ਕਰਨ ਅਤੇ ਇਸ ਇਤਿਹਾਸ ਨੂੰ ਪੁਨਰ ਸਿਰਜਣ ਦਾ ਕੰਮ ਸ਼ੁਰੂ ਕੀਤਾ। ਇਸ ਮੰਤਵ ਲਈ ਉਹ ਮਾਊਂਟਬੈਟਨ, ਜਿਸ ਨੂੰ ਪਿਆਰ ਨਾਲ ਲਾਰਡ ਲੁਈਸ ਕਿਹਾ ਜਾਂਦਾ ਸੀ, ਨੂੰ ਮਿਲੇ ਅਤੇ ਉਸ ਦੀ ਰਿਹਾਇਸ਼ ਤੋਂ ਅਤੇ ਫਿਰ ਹੋਰ ਕਈ ਸਰੋਤਾਂ ਤੋਂ ਵੇਰਵੇ ਇਕੱਤਰ ਕੀਤੇ। ਕਿਤਾਬ ‘ਫਰੀਡਮ ਐਟ ਮਿਡਨਾਈਟ’ ਲਿਖਣ ਦਾ ਕੰਮ ਉਨ੍ਹਾਂ ਨੇ ਜੂਨ 1974 ’ਚ ਆਰੰਭਿਆ ਅਤੇ ਉਦੋਂ ਉਨ੍ਹਾਂ ਕੋਲ ਤਕਰੀਬਨ ਅੱਠ ਕੁਇੰਟਲ ਦਸਤਾਵੇਜ਼ ਅਤੇ ਕਰੀਬ ਨੌਂ ਸੌ ਵਿਅਕਤੀਆਂ ਨਾਲ ਕੀਤੇ ਇੰਟਰਵਿਊਜ਼ ਸਨ। ਸੋ ਇਨ੍ਹਾਂ ਸਾਰਿਆਂ ਦੇ ਆਧਾਰ ’ਤੇ ਫਿਰ ਇਤਿਹਾਸ ਦੀ ਪੁਨਰ ਸਿਰਜਣਾ ਆਰੰਭੀ। ਲੇਖਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਹ ਕਿਤਾਬ ਕਿਸੇ ਬਰਤਾਨਵੀ ਜਾਂ ਭਾਰਤੀ ਜਾਂ ਪਾਕਿਸਤਾਨੀ ਵਾਸਤੇ ਨਹੀਂ ਲਿਖੀ ਸਗੋਂ ਬਰਤਾਨਵੀ ਸਾਮਰਾਜ ਦੇ ਅੰਤ ਅਤੇ 15 ਅਗਸਤ 1947 ਨੂੰ ਸੱਤਾ ਭਾਰਤ ਤੇ ਪਾਕਿਸਤਾਨ ਨੂੰ ਸੌਂਪੇ ਜਾਣ ਸਬੰਧੀ ਦੁਨੀਆ ਭਰ ਨੂੰ ਜਾਣਕਾਰੀ ਦੇਣ ਲਈ ਲਿਖੀ ਹੈ। ਇਹ ਅਤੇ ਅਜਿਹੇ ਕਈ ਹੋਰ ਦਿਲਚਸਪ ਵੇਰਵੇ ਪੁਸਤਕ ’ਚ ਦਰਜ ਹਨ।
ਜੇ ਖੁੱਲ੍ਹ ਜਾਂਦਾ ਜਿਨਾਹ ਦਾ ਭੇਤ…
ਮਹਾਤਮਾ ਗਾਂਧੀ, ਜਵਾਹਰਲਾਲ ਨਹਿਰੂ ਜਾਂ ਲੁਈਸ ਮਾਊਂਟਬੈਟਨ ਤੱਕ ਜੇ ਅਪਰੈਲ 1947 ਤੱਕ ਉਹ ਖ਼ਾਸ ਜਾਣਕਾਰੀ ਪੁੱਜ ਗਈ ਹੁੰਦੀ ਤਾਂ ਦੇਸ਼ ਵੰਡ ਦੇ ਦੁਖਾਂਤ ਤੋਂ ਸ਼ਾਇਦ ਬਚਿਆ ਜਾ ਸਕਦਾ ਸੀ। ਇਹ ਭੇਤ ਉਸ ਸਲੇਟੀ ਤਸਵੀਰ ’ਚ ਛੁਪਿਆ ਹੋਇਆ ਸੀ ਜੋ ਭਾਰਤੀ ਸਿਆਸਤ ਦੇ ਸਮੀਕਰਨ ਬਦਲ ਸਕਦੀ ਸੀ ਅਤੇ ਫਿਰ ਏਸ਼ੀਆ ਦਾ ਇਤਿਹਾਸ ਵੀ ਯਕੀਨੀ ਤੌਰ ’ਤੇ ਕੁਝ ਹੋਰ ਹੋਣਾ ਸੀ। ਦੁਨੀਆ ’ਚ ਬਿਹਤਰੀਨ ਮੰਨੀਆਂ ਜਾਣ ਵਾਲੀਆਂ ਜਾਂਚ ਏਜੰਸੀਆਂ ਵਿੱਚ ਸ਼ੁਮਾਰ ਬਰਤਾਨਵੀ ‘ਸੀਆਈਡੀ’ ਵੀ ਇਸ ਦੀ ਥਾਹ ਨਹੀਂ ਪਾ ਸਕੀ ਅਤੇ ਇਸ ਖ਼ਾਸ ਜਾਣਕਾਰੀ ਤੋਂ ਅਣਜਾਣ ਰਹੀ।
ਉਸ ‘ਤਸਵੀਰ’ ਦੇ ਵਿਚਕਾਰ ਦੋ ਕਾਲੇ ਘੇਰੇ ਸਨ ਜੋ ਟੇਬਲ ਟੈਨਿਸ ਬਾਲ ਤੋਂ ਵੱਡੇ ਨਹੀਂ ਸਨ। ਹਰ ਘੇਰੇ ਦੇ ਦੁਆਲੇ ਸਫੇਦ ਦਾਇਰਾ ਜਿਹਾ ਸੀ ਜਿਸ ਤਰ੍ਹਾਂ ਸੂਰਜ ਨੂੰ ਗ੍ਰਹਿਣ ਲੱਗਣ ਵੇਲੇ ਨਜ਼ਰ ਆਉਂਦਾ ਹੈ। ਉਸ ਤੋਂ ਉੱਪਰਲੇ ਪਾਸੇ ਤਸਵੀਰ ’ਚ ਆਕਾਸ਼ਗੰਗਾ ਵਰਗੇ ਛੋਟੇ ਛੋਟੇ ਸਫ਼ੇਦ ਨਿਸ਼ਾਨ ਸਨ। ਉਹ ਤਸਵੀਰ ਹੋਰ ਕੁਝ ਨਹੀਂ ‘ਐਕਸਰੇਅ’ ਸੀ ਜਿਸ ’ਚ ਮਨੁੱਖ ਦੇ ਦੋਵੇਂ ਫੇਫੜੇ ਦਿਖਾਈ ਦੇ ਰਹੇ ਸਨ। ਇਨ੍ਹਾਂ ’ਚ ਕਾਲੇ ਦਾਇਰੇ ਅਤੇ ਛੋਟੇ ਨਿਸ਼ਾਨ ਇਸ ਗੱਲ ਦੀ ਪੁਸ਼ਟੀ ਕਰਦੇ ਸਨ ਕਿ ਇਸ ਮਰੀਜ਼ ਦੇ ਫੇਫੜੇ ਤਪਦਿਕ (ਟੀਬੀ) ਕਾਰਨ ਖ਼ਰਾਬ ਹੋ ਚੁੱਕੇ ਹਨ। ਨੁਕਸਾਨ ਏਨਾ ਕੁ ਜ਼ਿਆਦਾ ਹੋ ਚੁੱਕਾ ਸੀ ਕਿ ਇਹ ਮਰੀਜ਼ ਹੁਣ ਮੁਸ਼ਕਿਲ ਨਾਲ ਦੋ ਜਾਂ ਤਿੰਨ ਸਾਲ ਹੀ ਜਿਊਂਦਾ ਰਹਿ ਸਕੇਗਾ। ਐਕਸਰੇਅ ਵਾਲੇ ਇਸ ਸੀਲਬੰਦ ਲਿਫ਼ਾਫ਼ੇ ’ਤੇ ਕਿਸੇ ਦਾ ਨਾਂ ਨਹੀਂ ਸੀ ਅਤੇ ਇਹ ਬੰਬਈ ਦੇ ਇੱਕ ਡਾਕਟਰ ਜੇ.ਏ.ਐਲ. ਪਟੇਲ ਦੇ ਦਫਤਰ ਦੇ ਲਾਕਰ ’ਚ ਬੰਦ ਪਿਆ ਸੀ। ਇਹ ਫੇਫੜੇ ਉਸ ਜ਼ਿੱਦੀ ਅਤੇ ਅੜੀਅਲ ਵਿਅਕਤੀ ਦੇ ਸਨ ਜਿਸ ਨੇ ਭਾਰਤ ਦੀ ਇੱਕਜੁੱਟਤਾ ਕਾਇਮ ਰੱਖਣ ਦੇ ਮਾਊਂਟਬੈਟਨ ਦੇ ਯਤਨਾਂ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ ਸੀ। ਇਹ ਵਿਅਕਤੀ ਮੁਹੰਮਦ ਅਲੀ ਜਿਨਾਹ ਸੀ, ਜੋ ਵਾਇਰਸਾਏ ਅਤੇ ਭਾਰਤੀ ਇਕਜੁੱਟਤਾ ਦੇ ਰਾਹ ’ਚੋਂ ਹਟਾਇਆ ਨਾ ਜਾ ਸਕਣ ਵਾਲਾ ਅੜਿੱਕਾ ਬਣਿਆ ਹੋਇਆ ਸੀ ਅਤੇ ਮੌਤ ਦੇ ਸਾਏ ਹੇਠ ਜਿਊਂ ਰਿਹਾ ਸੀ।
ਮਾਊਂਟਬੈਟਨ ਦੇ ਭਾਰਤ ਆਉਣ ਤੋਂ ਨੌਂ ਮਹੀਨੇ ਪਹਿਲਾਂ ਜੂਨ 1946 ’ਚ ਡਾ. ਪਟੇਲ ਨੇ ਇਸ ‘ਐਕਸਰੇਅ’ ਦੀ ਜਾਂਚ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਕਿਸ ਤਰ੍ਹਾਂ ਇਹ ਭਿਆਨਕ ਬਿਮਾਰੀ ਜਿਨਾਹ ਦੇ ਜੀਵਨ ਦਾ ਅੰਤ ਕਰ ਦੇਵੇਗੀ। ਤਪਦਿਕ ਉਨ੍ਹਾਂ ਵੇਲਿਆਂ ’ਚ ਹਰ ਸਾਲ ਲੱਖਾਂ ਭਾਰਤੀਆਂ ਦੀ ਮੌਤ ਦਾ ਕਾਰਨ ਬਣਦੀ ਸੀ ਅਤੇ ਇਸ ਨੇ ਪਾਕਿਸਤਾਨ ਦੇ ਬਾਬਾ-ਏ-ਕੌਮ ਦੇ ਫੇਫੜਿਆਂ ’ਤੇ ਵੀ ਹਮਲਾ ਕਰ ਦਿੱਤਾ ਸੀ ਤੇ ਉਦੋਂ ਉਸ ਦੀ ਉਮਰ 70 ਸਾਲ ਹੋ ਚੁੱਕੀ ਸੀ। ਆਪਣੀ ਕਮਜ਼ੋਰ ਸਾਹ ਪ੍ਰਣਾਲੀ ਕਾਰਨ ਜਿਨਾਹ ਪੂਰੀ ਜ਼ਿੰਦਗੀ ਸਿਹਤ ਸਬੰਧੀ ਸਮੱਸਿਆਵਾਂ ਨਾਲ ਘੁਲਦਾ ਰਿਹਾ। ਉਸ ਨੇ ਬਰਲਿਨ ਵਿੱਚੋਂ ਵੀ ਇਲਾਜ ਕਰਵਾਇਆ ਸੀ, ਪਰ ਇਸ ਤੋਂ ਬਾਅਦ ਵੀ ਉਸ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਰਹੀ ਤੇ ਉਸ ਦੇ ਫੇਫੜੇ ਕਮਜ਼ੋਰ ਹੁੰਦੇ ਗਏ। ਉਸ ਨੂੰ ਸਾਹ ਪ੍ਰਣਾਲੀ ਨਾਲ ਸਬੰਧਿਤ ਕੋਈ ਨਾ ਕੋਈ ਸਮੱਸਿਆ ਘੇਰੀ ਰੱਖਦੀ ਸੀ। ਇੱਕ ਸਮਾਂ ਅਜਿਹਾ ਵੀ ਸੀ ਕਿ ਜੇ ਉਹ ਲੰਮਾ ਸਮਾਂ ਭਾਸ਼ਨ ਦੇਣ ਦਾ ਯਤਨ ਕਰਦਾ ਤਾਂ ਫਿਰ ਕਈ ਘੰਟੇ ਤਕ ਹਫ਼ਦਾ ਰਹਿੰਦਾ ਤੇ ਉਸ ਨੂੰ ਸਾਹ ਲੈਣ ’ਚ ਦਿੱਕਤ ਹੁੰਦੀ।
ਮਈ 1946 ’ਚ ਇਹ ਮੁਸਲਿਮ ਲੀਗ ਆਗੂ ਜਦੋਂ ਸ਼ਿਮਲਾ ’ਚ ਸੀ ਤਾਂ ਉਸ ਦੀ ਹਾਲਤ ਫਿਰ ਖ਼ਰਾਬ ਹੋ ਗਈ। ਜਿਨਾਹ ਦੀ ਭੈਣ ਫਾਤਿਮਾ ਉਸ ਨੂੰ ਰੇਲ ਗੱਡੀ ਰਾਹੀਂ ਬੰਬਈ ਲੈ ਗਈ ਪਰ ਇਸ ਲੰਮੇ ਸਫ਼ਰ ਦੌਰਾਨ ਉਸ ਦੀ ਹਾਲਤ ਏਨੀ ਵਿਗੜ ਗਈ ਕਿ ਫਾਤਿਮਾ ਨੇ ਡਾ. ਪਟੇਲ ਨੂੰ ਫੋਨ ਰਾਹੀਂ ਇਸ ਦੀ ਸੂਚਨਾ ਦਿੱਤੀ। ਡਾ. ਪਟੇਲ ਬੰਬਈ ਦੇ ਬਾਹਰਵਾਰੋਂ ਰੇਲ ਗੱਡੀ ’ਚ ਸਵਾਰ ਹੋਇਆ ਤੇ ਉਸ ਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਉਸ ਦੇ ਖ਼ਾਸ ਮਰੀਜ਼ ਦੀ ਹਾਲਤ ਬਹੁਤ ਨਾਜ਼ੁਕ ਹੈ। ਉਸ ਨੇ ਜਿਨਾਹ ਨੂੰ ਚਿਤਾਵਨੀ ਦਿੱਤੀ ਕਿ ਜੇ ਉਹ ਬੰਬਈ ਦੇ ਗਰੈਂਡ ਰੇਲ ਰੋਡ ਸਟੇਸ਼ਨ ’ਤੇ ਆਪਣੇ ਸਵਾਗਤ ਲਈ ਖੜ੍ਹੇ ਵੱਡੀ ਗਿਣਤੀ ਲੋਕਾਂ ਨੂੰ ਮਿਲਣ ਲੱਗ ਪਿਆ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ। ਇਸ ਤਰ੍ਹਾਂ ਡਾ. ਪਟੇਲ ਨੇ ਉਸ ਨੂੰ ਪਹਿਲਾਂ ਹੀ ਕਿਸੇ ਹੋਰ ਸਟੇਸ਼ਨ ’ਤੇ ਉਤਾਰ ਲਿਆ ਅਤੇ ਹਸਪਤਾਲ ਲੈ ਗਿਆ। ਹਸਪਤਾਲ ’ਚ ਇਲਾਜ ਕਰਵਾਉਂਦਿਆਂ ਜਿਨਾਹ ਦੀ ਹਾਲਤ ’ਚ ਹੌਲੀ ਹੌਲੀ ਸੁਧਾਰ ਹੋ ਗਿਆ ਪਰ ਡਾ. ਪਟੇਲ ਨੇ ਉਹ ਭੇਤ ਜਾਣ ਲਿਆ ਸੀ ਜੋ ਉਸ ਵੇਲੇ ਭਾਰਤ ’ਚ ਸੱਤ ਪਰਦਿਆਂ ਹੇਠ ਛੁਪਾ ਕੇ ਰੱਖਿਆ ਜਾਣ ਵਾਲਾ ਸੀ।
ਜੇ ਜਿਨਾਹ ਤਪਦਿਕ ਦਾ ਆਮ ਮਰੀਜ਼ ਹੁੰਦਾ ਤਾਂ ਉਸ ਨੂੰ ਬਾਕੀ ਦੀ ਜ਼ਿੰਦਗੀ ਵਾਸਤੇ ਕਿਸੇ ਸੈਨੇਟੋਰੀਅਮ ’ਚ ਭਰਤੀ ਕਰਵਾ ਦਿੱਤਾ ਗਿਆ ਹੁੰਦਾ। ਜਦੋਂ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਡਾ. ਪਟੇਲ ਉਸ ਨੂੰ ਆਪਣੇ ਦਫਤਰ ਲੈ ਗਿਆ। ਉਸ ਨੇ ਆਪਣੇ ਦੋਸਤ ਅਤੇ ਮਰੀਜ਼ ਨੂੰ ਬਿਮਾਰੀ ਦੀ ਗੰਭੀਰਤਾ ਬਾਰੇ ਉਹ ਮਨਹੂਸ ਜਾਣਕਾਰੀ ਦਿੱਤੀ ਜੋ ਮੌਤ ਬਣ ਕੇ ਉਸ ਦਾ ਪਿੱਛਾ ਕਰ ਰਹੀ ਸੀ। ਉਸ ਨੇ ਜਿਨਾਹ ਨੂੰ ਦੱਸਿਆ ਕਿ ਉਹ ਆਪਣੇ ਆਪ ਨੂੰ ਬਹੁਤਾ ਨਾ ਥਕਾਵੇ, ਜ਼ਿਆਦਾਤਰ ਆਰਾਮ ਕਰੇ ਅਤੇ ਸ਼ਰਾਬ ਤੇ ਸਿਗਰਟ ਛੱਡ ਦੇਵੇ ਕਿਉਂਕਿ ਉਸ ਕੋਲ ਜ਼ਿੰਦਗੀ ਦੇ ਇੱਕ ਜਾਂ ਵੱਧ ਤੋਂ ਵੱਧ ਦੋ ਸਾਲ ਹੀ ਬਚੇ ਸਨ।
ਜਿਨਾਹ ਨੇ ਸਾਰੀ ਗੱਲ ਸਹਿਜ ਨਾਲ ਸੁਣੀ। ਉਸ ਦੇ ਜ਼ਰਦ ਚਿਹਰੇ ’ਤੇ ਕੋਈ ਮਾਮੂਲੀ ਹਾਵ-ਭਾਵ ਵੀ ਨਹੀਂ ਆਇਆ। ਉਸ ਨੇ ਡਾ. ਪਟੇਲ ਨੂੰ ਕਿਹਾ ਕਿ ਉਹ ਆਪਣੀ ਜ਼ਿੰਦਗੀ ਦਾ ਮਕਸਦ ਕਿਸੇ ਹਸਪਤਾਲ ਜਾਂ ਸੈਨੇਟੋਰੀਅਮ ’ਚ ਭਰਤੀ ਹੋਣ ਖਾਤਰ ਨਹੀਂ ਛੱਡ ਸਕਦਾ। ਜਦੋਂ ਤੱਕ ਉਹ ਕਬਰ ’ਚ ਨਹੀਂ ਚਲਾ ਜਾਂਦਾ ਉਦੋਂ ਤੱਕ ਉਹ ਆਪਣੇ ਮਕਸਦ ਤੋਂ ਪਿੱਛੇ ਨਹੀਂ ਹਟੇਗਾ। ਇਤਿਹਾਸ ਦੇ ਇਸ ਅਹਿਮ ਮੋੜ ’ਤੇ ਉਸ ਨੇ ਭਾਰਤੀ ਮੁਸਲਮਾਨਾਂ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੋਈ ਹੈ ਜਿਸ ਨੂੰ ਉਹ ਹਰ ਹਾਲ ਨਿਭਾਏਗਾ। ਉਹ ਇਸ ਮਹਾਨ ਕਾਰਜ ਦੀ ਪੂਰਤੀ ਲਈ ਡਾਕਟਰ ਦੀ ਸਲਾਹ ਮੰਨਦਿਆਂ ਜਿੱਥੋਂ ਤੱਕ ਹੋ ਸਕਿਆ ਕੰਮ ਦਾ ਬੋਝ ਜ਼ਰੂਰ ਘਟਾ ਲਵੇਗਾ। ਜਿਨਾਹ ਜਾਣਦਾ ਸੀ ਕਿ ਜੇ ਉਸ ਦੇ ਵਿਰੋਧੀ ਹਿੰਦੂ ਆਗੂਆਂ ਨੂੰ ਉਸ ਦੇ ਬਿਮਾਰੀ ਨਾਲ ਛੇਤੀ ਮਰ ਜਾਣ ਬਾਰੇ ਪਤਾ ਲੱਗ ਗਿਆ ਤਾਂ ਉਹ ਸਮੁੱਚੀ ਸਿਆਸੀ ਸਥਿਤੀ ਬਦਲ ਦੇਣਗੇ ਤੇ ਉਸ ਦੇ ਵੱਖਰੇ ਦੇਸ਼ ਵਾਲੇ ਸੁਫਨੇ ਸਮੇਤ ਉਸ ਦੇ ਕਬਰ ’ਚ ਜਾਣ ਦੀ ਉਡੀਕ ਕਰਨ ਲੱਗ ਪੈਣਗੇ।
ਫਿਰ ਵੰਡ ਹੋਣੀ ਹੀ ਨਹੀਂ ਸੀ…
ਕਿਤਾਬ ਲਿਖਣ ਲਈ ਮੁਲਾਕਾਤਾਂ ਦੇ ਸਿਲਸਿਲੇ ਅਤੇ ਦਸਤਾਵੇਜ਼ਾਂ ਦੀ ਨਿਰਖ-ਪਰਖ ਦੌਰਾਨ ਇੱਕ ਦਿਨ ਅਸੀਂ (ਲੇਖਕਾਂ ਨੇ) ਲਾਰਡ ਮਾਊਂਟਬੈਟਨ ਨੂੰ ਉਸ ਭਾਰਤੀ ਡਾਕਟਰ ਨਾਲ ਆਪਣੀ ਮੀਟਿੰਗ ਦੀ ਰਿਪੋਰਟ ਦਿਖਾਈ ਜਿਸ ਨੇ 1947 ’ਚ ਮੁਹੰਮਦ ਅਲੀ ਜਿਨਾਹ ਦਾ ਇਲਾਜ ਕੀਤਾ ਸੀ। ਇਸ ਨੂੰ ਪੜ੍ਹਦਿਆਂ ਅਚਾਨਕ ਉਸ ਦੇ ਚਿਹਰੇ ਦਾ ਰੰਗ ਫੱਕ ਹੋ ਗਿਆ। ਉਸ ਨੇ ਡੂੰਘਾ ਸਾਹ ਲਿਆ ਅਤੇ ਕਿਹਾ, ‘‘ਓ ਮੇਰਿਆ ਰੱਬਾ! ਮੈਂ ਇਸ ’ਤੇ ਯਕੀਨ ਨਹੀਂ ਕਰ ਸਕਦਾ।’’ ਫਿਰ ਉਸ ਨੇ ਦੁਬਾਰਾ ਉਹ ਰਿਪੋਰਟ ਦੇਖੀ ਤਾਂ ਉਸ ਦੀਆਂ ਨੀਲੀਆਂ ਅੱਖਾਂ, ਜੋ ਆਮ ਤੌਰ ’ਤੇ ਸ਼ਾਂਤ ਨਜ਼ਰ ਆਉਂਦੀਆਂ ਸਨ, ਜਜ਼ਬਾਤੀ ਰੌਂਅ ’ਚ ਚਮਕ ਰਹੀਆਂ ਸਨ। ਉਸ ਨੇ ਰਿਪੋਰਟ ਵਾਲੇ ਕਾਗਜ਼ਾਂ ਨਾਲ ਕਈ ਵਾਰ ਹਵਾ ਦੀ ਝੱਲ ਮਾਰੀ ਅਤੇ ਕਿਹਾ, ‘‘ਜੇ ਇਹ ਸਭ ਮੈਨੂੰ ਉਸ ਵੇਲੇ ਪਤਾ ਲੱਗ ਜਾਂਦਾ ਤਾਂ ਇਤਿਹਾਸ ਦਾ ਵਹਿਣ ਕੁਝ ਹੋਰ ਹੀ ਹੋਣਾ ਸੀ। ਮੈਂ ਆਜ਼ਾਦੀ ਦੇਣ ਦਾ ਅਮਲ ਕਈ ਮਹੀਨੇ ਅੱਗੇ ਪਾ ਦੇਣਾ ਸੀ। ਫਿਰ ਵੰਡ ਹੋਣੀ ਹੀ ਨਹੀਂ ਸੀ। ਪਾਕਿਸਤਾਨ ਦੀ ਹੋਂਦ ਹੀ ਨਹੀਂ ਸੀ ਹੋਣੀ ਅਤੇ ਭਾਰਤ ਇਕਜੁੱਟ ਰਹਿਣਾ ਸੀ। ਤਿੰਨ ਜੰਗਾਂ ਤੋਂ ਬਚਿਆ ਜਾ ਸਕਦਾ ਸੀ…।’’ ਲਾਰਡ ਲੁਈਸ ਬੇਹੱਦ ਹੈਰਾਨ ਸੀ।
ਜਵਾਹਰ ਲਾਲ ਨਹਿਰੂ ਦਾ ਦੁੱਖ
ਇੱਕ ਸ਼ਾਮ ਫੋਨ ਦੀ ਘੰਟੀ ਵੱਜੀ ਅਤੇ ਲੇਖਕ ਨੂੰ ਦੱਸਿਆ ਗਿਆ ਕਿ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਲਾਡਲੀ ਤੇ ਇਕਲੌਤੀ ਧੀ 1947 ਦੀਆਂ ਗਰਮੀਆਂ ਦੇ ਤ੍ਰਾਸਦਿਕ ਪਰ ਅਹਿਮ ਪਲਾਂ ਨੂੰ ਸਾਂਝੇ ਕਰਨ ਲਈ ਸਹਿਮਤ ਹੋ ਗਈ ਹੈ। ਆਜ਼ਾਦ ਭਾਰਤ ਦੀ ਕਮਾਨ ਸੰਭਾਲਣ ਵਾਲੇ ਆਪਣੇ ਪਿਤਾ ਤੋਂ 25 ਸਾਲ ਬਾਅਦ ਤਕਦੀਰ ਨੇ ਇਹ ਬੋਝ ਇੰਦਰਾ ਗਾਂਧੀ ਦੇ ਮੋਢਿਆਂ ’ਤੇ ਪਾ ਦਿੱਤਾ ਸੀ। ਇੰਦਰਾ 21 ਸਾਲ ਦੀ ਉਮਰ ’ਚ ਕਾਂਗਰਸ ਪਾਰਟੀ ’ਚ ਸ਼ਾਮਿਲ ਹੋਈ ਸੀ ਜੋ ਆਜ਼ਾਦ ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਪਾਰਟੀ ਸੀ। 15 ਅਗਸਤ 1947 ਨੂੰ ਜਦੋਂ ਭਾਰਤ ਨੇ ਗ਼ੁਲਾਮੀ ਦੀਆਂ ਜੰਜ਼ੀਰਾਂ ਤੋੜੀਆਂ ਤਾਂ ਨਹਿਰੂ ਦੀ ਉਮਰ 57 ਸਾਲ ਅਤੇ ਇੰਦਰਾ 30 ਸਾਲ ਦੀ ਸੀ। ਪਿਓ ਧੀ ਵਾਸਤੇ ਇਹ ਜਸ਼ਨ ਦਾ ਦਿਨ ਸੀ ਕਿਉਂਕਿ ਉਨ੍ਹਾਂ ਨੇ ਭਾਰਤ ’ਚ ਸਵਰਾਜ ਦੀ ਸਥਾਪਨਾ ਲਈ ਸਾਂਝੀ ਜੰਗ ਲੜੀ ਸੀ।
ਇੰਦਰਾ ਨੇ ਦੱਸਿਆ, ‘‘14 ਅਗਸਤ ਦੀ ਸ਼ਾਮ ਮੈਂ ਅਤੇ ਮੇਰੇ ਪਿਤਾ ਰਾਤ ਦੇ ਖਾਣੇ ਵਾਸਤੇ ਮੇਜ਼ ਦੁਆਲੇ ਬੈਠੇ ਹੀ ਸੀ ਕਿ ਨਾਲ ਦੇ ਕਮਰੇ ’ਚ ਫੋਨ ਦੀ ਘੰਟੀ ਵੱਜੀ। ਇਹ ਉਹ ਸਮਾਂ ਸੀ ਜਿਸ ਤੋਂ ਕੁਝ ਘੰਟੇ ਬਾਅਦ ਹੀ ਮੇਰੇ ਪਿਤਾ ਨੇ ਰੇਡੀਓ ’ਤੇ ਦੇਸ਼ ਦੇ ਆਜ਼ਾਦ ਹੋਣ ਦਾ ਐਲਾਨ ਕਰਨਾ ਸੀ। ਆਵਾਜ਼ ਸ਼ਾਇਦ ਸਾਫ਼ ਨਹੀਂ ਆ ਰਹੀ ਸੀ ਤੇ ਮੇਰੇ ਪਿਤਾ ਫੋਨ ਕਰਨ ਵਾਲੇ ਨੂੰ ਲਗਭਗ ਚੀਕਦਿਆਂ ਕਹਿ ਰਹੇ ਸਨ ਕਿ ਉਹ ਦੁਬਾਰਾ ਆਪਣੀ ਗੱਲ ਦੱਸੇ। ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਦੇ ਚਿਹਰੇ ਤੋਂ ਨਿਰਾਸ਼ਾ ਝਲਕ ਰਹੀ ਸੀ। ਕੁਝ ਪਲ ਉਹ ਕੁਝ ਵੀ ਬੋਲ ਨਾ ਸਕੇ। ਉਨ੍ਹਾਂ ਆਪਣਾ ਚਿਹਰਾ ਹੱਥਾਂ ਨਾਲ ਢਕ ਲਿਆ ਤੇ ਫਿਰ ਕਾਫ਼ੀ ਸਮਾਂ ਸਿਰ ਸੁੱਟ ਕੇ ਬੈਠੇ ਰਹੇ। ਜਦੋਂ ਉਨ੍ਹਾਂ ਸਿਰ ਚੁੱਕਿਆ ਤਾਂ ਉਨ੍ਹਾਂ ਦੀਆਂ ਅੱਖਾਂ ’ਚ ਅੱਥਰੂ ਸਨ। ਉਨ੍ਹਾਂ ਦੱਸਿਆ ਕਿ ਇਹ ਫੋਨ ਲਾਹੌਰ, ਜੋ ਵੰਡ ਪਿੱਛੋਂ ਪਾਕਿਸਤਾਨ ’ਚ ਚਲਾ ਗਿਆ ਸੀ, ਤੋਂ ਆਇਆ ਸੀ। ਨਵੇਂ ਪ੍ਰਸ਼ਾਸਕਾਂ ਨੇ ਹਿੰਦੂ ਅਤੇ ਸਿੱਖਾਂ ਦੀ ਵਸੋਂ ਵਾਲੇ ਖੇਤਰਾਂ ਦੀ ਜਲ ਸਪਲਾਈ ਬੰਦ ਕਰ ਦਿੱਤੀ ਸੀ। ਲੋਕੀਂ ਪਿਆਸੇ ਮਰ ਰਹੇ ਸਨ। ਜਿਹੜੀਆਂ ਔਰਤਾਂ ਜਾਂ ਬੱਚੇ ਪਾਣੀ ਦਾ ਘੁੱਟ ਲੈਣ ਲਈ ਬਾਹਰ ਗਏ ਉਨ੍ਹਾਂ ਨੂੰ ਮੁਸਲਿਮ ਫਸਾਦੀਆਂ ਨੇ ਤੁਰੰਤ ਮੌਤ ਦੇ ਘਾਟ ਉਤਾਰ ਦਿੱਤਾ। ਪਹਿਲਾਂ ਹੀ ਸਾਰੇ ਗਲੀਆਂ ਮੁਹੱਲੇ ਅੱਗਜ਼ਨੀ ਨਾਲ ਤਬਾਹ ਹੋ ਚੁੱਕੇ ਸਨ। ਮੇਰੇ ਪਿਤਾ ਸਦਮੇ ’ਚ ਸਨ। ਉਹ ਮੈਨੂੰ ਬੁਝੇ ਦਿਲ ਨਾਲ ਕੁਝ ਪੁੱਛ ਰਹੇ ਸਨ ਪਰ ਉਨ੍ਹਾਂ ਦੀ ਆਵਾਜ਼ ਮੁਸ਼ਕਿਲ ਨਾਲ ਹੀ ਸੁਣ ਰਹੀ ਸੀ। ਉਨ੍ਹਾਂ ਕਿਹਾ, ‘‘ਮੈਂ ਅੱਜ ਦੀ ਰਾਤ ਆਪਣੇ ਦੇਸ਼ ਵਾਸੀਆਂ ਨੂੰ ਕਿਵੇਂ ਸੰਬੋਧਨ ਕਰਾਂਗਾ? ਮੈਂ ਉਨ੍ਹਾਂ ਅੱਗੇ ਇਹ ਝੂਠਾ ਦਿਖਾਵਾ ਕਿਵੇਂ ਕਰ ਸਕਦਾ ਹਾਂ ਕਿ ਆਜ਼ਾਦੀ ਮਿਲਣ ’ਤੇ ਮੇਰਾ ਦਿਲ ਖ਼ੁਸ਼ੀ ਨਾਲ ਭਰਿਆ ਪਿਆ ਹੈ ਜਦੋਂਕਿ ਮੈਂ ਜਾਣਦਾ ਹਾਂ ਕਿ ਲਾਹੌਰ, ਸਾਡਾ ਖ਼ੂਬਸੂਰਤ ਲਾਹੌਰ ਸੜ ਰਿਹਾ ਹੈ।’’
ਇੰਦਰਾ ਨੇ ਦੱਸਿਆ ਕਿ ਕਿਵੇਂ ਉਸ ਨੇ ਆਪਣੇ ਪਿਤਾ ਨੂੰ ਧਰਵਾਸਾ ਦੇਣ ਦਾ ਯਤਨ ਕੀਤਾ। ਉਸ ਨੇ ਆਜ਼ਾਦੀ ਦਾ ਭਾਸ਼ਣ ਤਿਆਰ ਕਰਨ ਵਿੱਚ ਉਨ੍ਹਾਂ ਦੀ ਮਦਦ ਕੀਤੀ। ਉਹ ਜਾਣਦੀ ਸੀ ਕਿ ਉਹ ਆਪਣੇ ਦਿਲ ਤੋਂ ਸੰਬੋਧਨ ਕਰਨਗੇ, ਪਰ ਉਸ ਫੋਨ ਕਾਲ ਨੇ ਉਨ੍ਹਾਂ ਦੀ ਖ਼ੁਸ਼ੀ ਖੋਹ ਲਈ ਸੀ।