ਬਜ਼ੁਰਗ ਤੇ ਗੱਲਾਂ
ਬਜ਼ੁਰਗ ਜਦੋਂ ਵਧੇਰੇ ਗੱਲਾਂ ਕਰਦੇ ਹਨ ਤਾਂ ਉਨ੍ਹਾਂ ’ਤੇ ਸਠਿਆਏ ਜਾਣ ਦਾ ਦੋਸ਼ ਲੱਗਦਾ ਹੈ, ਪਰ ਡਾਕਟਰ ਇਸ ਆਦਤ ਨੂੰ ਵਰਦਾਨ ਦੱਸਦੇ ਹਨ। ਡਾਕਟਰ ਸਿਫ਼ਾਰਿਸ਼ ਕਰਦੇ ਹਨ ਕਿ ਸੱਠ ਸਾਲ ਜਾਂ ਸੇਵਾਮੁਕਤੀ ਉਪਰੰਤ ਤੰਦਰੁਸਤ ਰਹਿਣ ਲਈ ਵਧੇਰੇ ਗੱਲਾਂ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਇਹ ਆਦਤ ਦਿਮਾਗ਼ ਦੀ ਕਸਰਤ ਸਿੱਧ ਹੁੰਦੀ ਹੈ ਅਤੇ ਭੁੱਲਣ ਰੋਗ ਤੋਂ ਬਚਾਉਂਦੀ ਹੈ। ਅਜੋਕੇ ਸਮਿਆਂ ਵਿੱਚ ਭੁੱਲਣ ਰੋਗ ਆਮ ਹੈ ਅਤੇ ਇਸ ਰੋਗ ਦਾ ਕੋਈ ਇਲਾਜ ਨਹੀਂ, ਜਦੋਂਕਿ ਇਹ ਬੋਲਦੇ ਰਹਿਣ ਵਾਲਿਆਂ ਨੂੰ ਹੁੰਦਾ ਹੀ ਨਹੀਂ। ਵਧੇਰੇ ਬੋਲਣ ਵਾਲੇ ਪੁਰਸ਼ਾਂ ਅਤੇ ਇਸਤਰੀਆਂ ਨੂੰ ਤਿੰਨ ਲਾਭ ਹੁੰਦੇ ਹਨ। ਪਹਿਲਾ ਲਾਭ ਇਹ ਹੈ ਕਿ ਇਸ ਨਾਲ ਦਿਮਾਗ਼ ਜਾਗਦਾ ਰਹਿੰਦਾ ਹੈ। ਭਾਸ਼ਾ ਅਤੇ ਵਿਚਾਰਾਂ ਦਾ ਤਾਲਮੇਲ ਬਣਿਆ ਰਹਿੰਦਾ ਹੈ। ਬਹੁਤਾ ਬੋਲਣ ਵਾਲਿਆਂ ਦੀ ਯਾਦ ਸ਼ਕਤੀ ਤੰਦਰੁਸਤ ਰਹਿੰਦੀ ਹੈ। ਚੁੱਪ-ਗੜੁੱਪ ਰਹਿਣ ਵਾਲਿਆਂ ਦੀ ਯਾਦ ਸ਼ਕਤੀ ਹੀ ਕਮਜ਼ੋਰ ਨਹੀਂ ਹੁੰਦੀ, ਉਨ੍ਹਾਂ ਦੀ ਸ਼ਕਲ ਵੀ ਡੌਰ-ਭੌਰ ਹੋ ਜਾਂਦੀ ਹੈ।
ਬਹੁਤਾ ਬੋਲਣ ਦਾ ਦੂਜਾ ਲਾਭ ਇਹ ਹੁੰਦਾ ਹੈ ਕਿ ਬੋਲਣ ਵਾਲੇ ਦਾ ਤਣਾਅ ਘਟਦਾ ਹੈ। ਜਿਹੜੇ ਨਹੀਂ ਬੋਲਦੇ, ਉਹ ਕੱਸੇ ਹੋਏ ਹੋਣ ਕਰਕੇ ਕੌੜੇ ਅਤੇ ਅਸਹਿਜ ਹੋ ਜਾਂਦੇ ਹਨ। ਇਸਤਰੀਆਂ ਵਧੇਰੇ ਬੋਲ ਕੇ ਆਪਣਾ ਤਣਾਅ-ਦਬਾਅ ਦੂਰ ਕਰਦੀਆਂ ਹਨ। ਜੇ ਤਣਾਅ-ਦਬਾਅ ਵਧੇਰੇ ਹੋਵੇ ਤਾਂ ਇਸਤਰੀਆਂ ਰੋਣ ਦੀ ਵਿਧੀ ਨਾਲ ਨਵਿਰਤ ਹੋ ਜਾਂਦੀਆਂ ਹਨ।
ਤੀਜਾ ਲਾਭ ਇਹ ਹੁੰਦਾ ਹੈ ਕਿ ਬੋਲਣ ਨਾਲ ਚਿਹਰੇ ਦੀਆਂ ਮਾਸਪੇਸ਼ੀਆਂ ਕਸਰਤ ਕਰਦੀਆਂ ਹਨ। ਬੋਲਣ ਰਾਹੀਂ ਸਾਡਾ ਚਿਹਰਾ ਯੋਗਾ ਕਰਦਾ ਹੈ, ਗਲ਼ਾ ਸਾਫ਼ ਰਹਿੰਦਾ ਹੈ ਅਤੇ ਫੇਫੜਿਆਂ ਦੀ ਸਮਰੱਥਾ ਵਧਦੀ ਹੈ। ਬੋਲਣ ਰਾਹੀਂ ਅੱਖਾਂ ਅਤੇ ਕੰਨਾਂ ਦੀ ਵੀ ਕਸਰਤ ਹੁੰਦੀ ਹੈ। ਬੋਲਣਾ ਚੱਕਰ ਆਉਣ ਅਤੇ ਘੁਮਾਟੜੀਆਂ ਤੋਂ ਵੀ ਬਚਾਉਂਦਾ ਹੈ।
ਧੀਆਂ-ਪੁੱਤਰਾਂ ਦਾ ਫ਼ਰਜ਼ ਹੈ ਕਿ ਉਹ ਬਜ਼ੁਰਗਾਂ ਨਾਲ ਆਪ ਗੱਲਾਂ ਕਰਨ ਅਤੇ ਉਨ੍ਹਾਂ ਨੂੰ ਕਿਸੇ ਖੁੱਲ੍ਹੀ ਥਾਂ ’ਤੇ ਹੋਰ ਬਜ਼ੁਰਗਾਂ ਨਾਲ ਖੁੱਲ੍ਹ ਕੇ ਬੋਲਣ ਦੇ ਅਵਸਰ ਪ੍ਰਦਾਨ ਕਰਨ। ਇਉਂ ਬਜ਼ੁਰਗ ਪ੍ਰਸੰਨ ਅਤੇ ਤੰਦਰੁਸਤ ਰਹਿਣਗੇ ਅਤੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਗੇ।
* * *
ਸ਼ਾਂਤਮਈ ਯੁੱਧ
ਕਈ ਯੁੱਧ ਸ਼ਾਂਤਮਈ ਵੀ ਹੁੰਦੇ ਹਨ। ਡੈਨਮਾਰਕ ਅਤੇ ਕੈਨੇਡਾ ਵਿਚਕਾਰ ਇੱਕ ਟਾਪੂ ਹੈ ਜਿਸ ਉੱਤੇ ਦੋਵੇਂ ਦੇਸ਼ ਆਪਣਾ ਅਧਿਕਾਰ ਜਤਾਉਂਦੇ ਹਨ। ਇੱਕ ਨਿਸ਼ਚਿਤ ਦਿਨ, ਇੱਕ ਸਾਲ ਡੈਨਮਾਰਕ ਅਤੇ ਇੱਕ ਸਾਲ ਕੈਨੇਡਾ ਆਪਣਾ ਝੰਡਾ ਲਹਿਰਾਉਂਦਾ ਹੈ। ਡੈਨਮਾਰਕ ਵਾਲੇ ਹਰ ਵਾਰੀ ਡੈਨਮਾਰਕ ਵਿੱਚ ਬਣੀ ਵਾਈਨ ਦੀ ਬੋਤਲ ਛੱਡ ਕੇ ਜਾਂਦੇ ਹਨ ਅਤੇ ਕੈਨੇਡਾ ਵਾਲੇ ਆਪਣੀ ਵਿਸਕੀ ਦੀ ਬੋਤਲ ਛੱਡ ਕੇ ਜਾਂਦੇ ਹਨ। ਕੀ ਇਹ ਦੇਸ਼ ਯੁੱਧ ਕਰ ਰਹੇ ਹਨ ਕਿ ਸ਼ਾਂਤੀ ਉਸਾਰ ਰਹੇ ਹਨ? ਇਹ ਤੰਗ ਹਾਲਾਤ ਵਿੱਚੋਂ ਸੌਖੇ ਹੋਣ ਦਾ ਹੁਨਰ ਹੈ।
ਇਹੋ ਜਿਹੀ ਸਥਿਤੀ ਵਾਲੇ ਮੇਰੇ ਘਰ ਦੇ ਸਾਹਮਣੇ ਦੋ ਗੁਆਂਢੀ ਸਨ। ਉਨ੍ਹਾਂ ਵਿਚਕਾਰ ਕੰਧ ਦਾ ਝਗੜਾ ਸੀ। ਦੋਵੇਂ ਪੇਸ਼ੀ ’ਤੇ ਰਲ ਕੇ ਜਾਂਦੇ ਸਨ, ਆਪੋ-ਆਪਣਾ ਪੱਖ ਪੇਸ਼ ਕਰਦੇ ਸਨ ਤੇ ਸ਼ਾਮ ਨੂੰ ਰਲ ਕੇ ਦਾਰੂ ਪੀਂਦੇ ਸਨ। ਇਹ ਸ਼ਾਂਤਮਈ ਝਗੜਾ ਕਰਦੇ ਸਨ।
* * *
ਸੋਚ ਦਾ ਫ਼ਰਕ
ਇੱਕ ਵਾਰੀ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਬੰਗਾਲ ਵਿੱਚ ਇੱਕ ਡੈਮ ਦਾ ਉਦਘਾਟਨ ਕਰਨ ਗਏ। ਜਿਨ੍ਹਾਂ ਆਦਿਵਾਸੀਆਂ ਦੀ ਡੈਮ ਵਾਸਤੇ ਜ਼ਮੀਨ ਲਈ ਗਈ ਸੀ, ਨਹਿਰੂ ਨੇ ਉਨ੍ਹਾਂ ਦੀ ਇੱਕ ਇਸਤਰੀ ਨੂੰ ਡੈਮ ਦਾ ਉਦਘਾਟਨ ਕਰਨ ਲਈ ਕਿਹਾ ਅਤੇ ਉਸ ਦੇ ਸਨਮਾਨ ਵਜੋਂ ਉਸ ਦੇ ਗਲ਼ ਵਿੱਚ ਹਾਰ ਪਾਇਆ। ਉਂਜ ਤਾਂ ਉਸ ਇਸਤਰੀ ਦੇ ਕਬੀਲੇ ਲਈ ਬੜੇ ਮਾਣ ਵਾਲੀ ਗੱਲ ਸੀ, ਪਰ ਕਬੀਲੇ ਵਾਲਿਆਂ ਨੇ ਉਸ ਇਸਤਰੀ ਨੂੰ ਆਪਣੇ ਕਬੀਲੇ ਵਿੱਚੋਂ ਇਸ ਲਈ ਛੇਕ ਦਿੱਤਾ ਕਿ ਉਸ ਦੇ ਗਲ਼ ਵਿੱਚ ਕਿਸੇ ਮਰਦ ਨੇ ਹਾਰ ਪਾਇਆ ਸੀ। ਹੁਣ ਹਾਰ ਪੈ ਜਾਣ ਕਰ ਕੇ ਕਬੀਲੇ ਵਿੱਚ ਉਸ ਇਸਤਰੀ ਦਾ ਵਿਆਹ ਨਹੀਂ ਸੀ ਹੋ ਸਕਦਾ ਅਤੇ ਉਹ ਕਬੀਲੇ ਵਿੱਚ ਰਹਿ ਵੀ ਨਹੀਂ ਸੀ ਸਕਦੀ। ਪਛੜਿਆਪਣ, ਵਸੀਲਿਆਂ ਦੀ ਘਾਟ ਵਿੱਚ ਹੀ ਨਹੀਂ ਹੁੰਦਾ, ਸੋਚ ਦੇ ਪੱਛੜੇਪਣ ਵਿੱਚ ਵੀ ਹੁੰਦਾ ਹੈ।
* * *
ਸਿਲਾਈ ਮਸ਼ੀਨ
ਅਮਰੀਕਾ ਵਿੱਚ ਸਿਲਾਈ ਮਸ਼ੀਨ ਦੀ ਕਾਢ ਕੱਢਣ ਵਾਲੇ ਏਲੀਅਸ ਦਾ ਮੁੱਢ ਵਿੱਚ ਇਹ ਕਹਿ ਕੇ ਮਖ਼ੌਲ ਉਡਾਇਆ ਗਿਆ ਕਿ ਜਿਹੜਾ ਕੰਮ ਔਰਤਾਂ ਕਰ ਸਕਦੀਆਂ ਹਨ, ਉਹ ਕੰਮ ਮਸ਼ੀਨ ਕਿਵੇਂ ਕਰ ਸਕਦੀ ਹੈ? ਆਪਣੀ ਮਸ਼ੀਨ ਦੇ ਪ੍ਰਚਾਰ ਲਈ ਏਲੀਅਸ ਨੇ ਬੋਸਟਨ ਵਿੱਚ ਰਹਿੰਦੀਆਂ ਸਿਲਾਈ ਦਾ ਕੰਮ ਕਰਨ ਵਾਲੀਆਂ ਪੰਜ ਮਹਿਲਾਵਾਂ ਨੂੰ ਇੱਕ ਪ੍ਰਦਰਸ਼ਨ ਲਈ ਬੁਲਾਇਆ, ਉਨ੍ਹਾਂ ਨੂੰ ਇੱਕ-ਇੱਕ ਕੱਪੜਾ ਦਿੱਤਾ ਅਤੇ ਆਪ ਪੰਜ ਕੱਪੜੇ ਲਏ। ਇਨ੍ਹਾਂ ਕੱਪੜਿਆਂ ਨੂੰ ਹੱਥ ਨਾਲ ਅਤੇ ਮਸ਼ੀਨ ਨਾਲ ਸਿਉਣ ਮਾਰਨੀ ਸੀ। ਮਹਿਲਾਵਾਂ ਆਪੋ-ਆਪਣੇ ਕੱਪੜੇ ਦਾ ਚੌਥਾ ਹਿੱਸਾ ਵੀ ਨਾ ਸਿਉਂ ਸਕੀਆਂ ਜਦੋਂਕਿ ਮਸ਼ੀਨ ਨਾਲ ਏਲੀਅਸ ਨੇ ਪੰਜੇ ਕੱਪੜੇ ਸਿਉਂ ਦਿੱਤੇ। ਏਲੀਅਸ ਦੀ ਅਜਿਹੀ ਕਾਰਗੁਜ਼ਾਰੀ ਅਤੇ ਮਸ਼ੀਨ ਦੀ ਪ੍ਰਸ਼ੰਸਾ ਹੋਣ ਦੀ ਥਾਂ, ਉੱਥੋਂ ਦੇ ਦਰਜ਼ੀ ਉਸ ਦੇ ਦੁਸ਼ਮਣ ਬਣ ਗਏ। ਉਨ੍ਹਾਂ ਦਾ ਮੱਤ ਸੀ ਕਿ ਇਹ ਮਸ਼ੀਨ ਉਨ੍ਹਾਂ ਦੇ ਪੇਸ਼ੇ ਨੂੰ ਬਰਬਾਦ ਕਰ ਦੇਵੇਗੀ। ਇਨ੍ਹਾਂ ਦਰਜ਼ੀਆਂ ਨੇ ਏਲੀਅਸ ਨੂੰ ਮਾਰਨ ਦਾ ਵੀ ਯਤਨ ਕੀਤਾ। ਦਰਜ਼ੀਆਂ ਦੇ ਵਿਰੋਧ ਤੋਂ ਬਚਣ ਲਈ ਏਲੀਅਸ, ਅਮਰੀਕਾ ਛੱਡ ਕੇ ਇੰਗਲੈਂਡ ਚਲਾ ਗਿਆ ਅਤੇ ਉੱਥੋਂ ਦੇ ਲੋਕਾਂ ਨੂੰ ਦੱਸਿਆ ਕਿ ਉਸ ਨੇ ਸਿਲਾਈ ਮਸ਼ੀਨ ਦੀ ਕਾਢ ਕੱਢੀ ਸੀ।
* * *
ਹੰਝੂ ਤੇ ਮੋਤੀ
ਸਵੀਡਨ ਦੀ ਇੱਕ ਰਾਜਕੁਮਾਰੀ ਨੂੰ ਵਿਆਹ ਵਿੱਚ ਹੀਰੇ-ਮੋਤੀ ਅਤੇ ਗਹਿਣੇ ਮਿਲੇ। ਉਸ ਨੇ ਆਪਣਿਆਂ ਦੇ ਮਨ੍ਹਾਂ ਕਰਨ ਦੇ ਬਾਵਜੂਦ ਉਹ ਸਾਰੇ ਗਹਿਣੇ ਆਦਿ ਇੱਕ ਹਸਪਤਾਲ ਬਣਾਉਣ ਲਈ ਲਾ ਦਿੱਤੇ। ਉਸ ਦੇ ਹਸਪਤਾਲ ਦਾ ਨਾਂ ਰੱਖਿਆ ਗਿਆ, ਪਰ ਉਹ ਹਸਪਤਾਲ ਪ੍ਰਸਿੱਧ ‘ਰਾਜਕੁਮਾਰੀ ਦੇ ਹਸਪਤਾਲ’ ਵਜੋਂ ਹੋਇਆ। ਇੱਕ ਵਾਰੀ ਉਹ ਰਾਜਕੁਮਾਰੀ ਆਪਣੀਆਂ ਸਹੇਲੀਆਂ ਨਾਲ ਉਸ ਹਸਪਤਾਲ ਗਈ ਜਿੱਥੇ ਉਸ ਨੇ ਮਰੀਜ਼ਾਂ ਦੀਆਂ ਅੱਖਾਂ ਵਿੱਚ ਧੰਨਵਾਦ, ਸ਼ੁਕਰਾਨੇ ਅਤੇ ਖ਼ੁਸ਼ੀ ਦੇ ਅੱਥਰੂ ਵਹਿੰਦੇ ਵੇਖੇ। ਰਾਜਕੁਮਾਰੀ ਨੇ ਇਹ ਵੇਖ ਕੇ ਆਪਣੀਆਂ ਸਹੇਲੀਆਂ ਨੂੰ ਕਿਹਾ, ‘‘ਇਹ ਲੋਕ ਆਪਣੀਆਂ ਅੱਖਾਂ ਨਾਲ ਮੇਰੇ ਦਿੱਤੇ ਹੀਰੇ-ਮੋਤੀ ਮੋੜ ਰਹੇ ਹਨ। ਮੈਨੂੰ ਆਪਣੇ ਗਹਿਣਿਆਂ ਨਾਲ ਇਹ ਹਸਪਤਾਲ ਬਣਾਉਣ ਦਾ ਸਦਾ ਮਾਣ ਰਹੇਗਾ।’’
ਸੰਪਰਕ: 98158-80434